ਚੰਡੀਗੜ੍ਹ (ਸਮਾਜ ਵੀਕਲੀ): ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਸਮੀ ਤੌਰ ’ਤੇ ਅਸਤੀਫ਼ਾ ਦੇ ਕੇ ਕਾਂਗਰਸ ਪਾਰਟੀ ਤੋਂ ਵੱਖ ਹੋ ਗਏ। ਕੈਪਟਨ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੱਤ ਸਫ਼ਿਆਂ ਦਾ ਅਸਤੀਫ਼ਾ ਭੇਜਣ ਦੇ ਨਾਲ ਹੀ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦੇ ਨਾਮ ਦਾ ਵੀ ਖੁਲਾਸਾ ਕੀਤਾ ਹੈ। ਅਮਰਿੰਦਰ ਨੇ 18 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਤੇ ਉਦੋਂ ਤੋਂ ਹੀ ਉਹ ਕਾਂਗਰਸ ਤੋਂ ਖ਼ਫ਼ਾ ਚਲੇ ਆ ਰਹੇ ਸਨ। ਸਾਬਕਾ ਮੁੱਖ ਮੰਤਰੀ ਨੇ 28 ਅਕਤੂਬਰ ਨੂੰ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ।
ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋਣ ਤੇ ਭਾਜਪਾ ਲੀਡਰਸ਼ਿਪ ਨਾਲ ਕੀਤੀਆਂ ਸਿਆਸੀ ਮਿਲਣੀਆਂ ਪਿੱਛੋਂ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਦਾ ਇਸ਼ਾਰਾ ਕੀਤਾ ਸੀ। ਅਮਰਿੰਦਰ ਸਿੰਘ ਨੇ ਅੱਜ ਟਵਿੱਟਰ ਖਾਤੇ ’ਤੇ ਆਪਣਾ ਅਸਤੀਫ਼ਾ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਅਸਤੀਫ਼ੇ ਵਿਚ ਪਾਰਟੀ ਛੱਡਣ ਦੇ ਕਾਰਨ ਵੀ ਦੱਸੇ ਹਨ। ਅਮਰਿੰਦਰ ਇਸ ਵੇਲੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਧਿਰਾਂ ਵਿਚ ਵਿਚੋਲਗੀ ਕਰਕੇ ਇਸ ਦਾ ਸਿਆਸੀ ਲਾਹਾ ਲੈਣ ਦੇ ਰੌਂਅ ਵਿਚ ਹਨ।
ਅਮਰਿੰਦਰ ਨੇ ਅਸਤੀਫ਼ੇ ਵਿਚ ਆਪਣੇ ਸਿਆਸੀ ਜੀਵਨ, ਮੌਜੂਦਾ ਸਿਆਸੀ ਹਾਲਾਤ ਅਤੇ ਪ੍ਰਾਪਤੀਆਂ ਦਾ ਜ਼ਿਕਰ ਕਰਨ ਦੇ ਨਾਲ ਨਵਜੋਤ ਸਿੱਧੂ, ਹਰੀਸ਼ ਰਾਵਤ ਤੋਂ ਇਲਾਵਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ’ਤੇ ਨਿਸ਼ਾਨੇ ਸਾਧੇ ਹਨ। ਕੈਪਟਨ ਨੇ ਦੁਹਰਾਇਆ ਕਿ ਪਾਰਟੀ ਨੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਸਭ ਕੁੱਝ ਹੁੰਦਾ ਦੇਖਦੇ ਰਹੇ। ਉਨ੍ਹਾਂ ਅਸਤੀਫ਼ੇ ਵਿਚ ਲਿਖਿਆ ਕਿ ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਸੌਂਪੀ ਗਈ ਅਤੇ ਸਿੱਧੂ ਨੇ ਕਦੇ ਉਨ੍ਹਾਂ ਦੀ ਉਮਰ ਦਾ ਲਿਹਾਜ਼ ਨਹੀਂ ਕੀਤਾ। ਅਮਰਿੰਦਰ ਸਿੰਘ ਨੇ ਲਿਖਿਆ ਕਿ ਉਹ ਦੇਸ਼ ਅਤੇ ਪੰਜਾਬ ਹਿੱਤ ਵਿਚ ਪਾਰਟੀ ਤੋਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਲਿਖਿਆ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਸਾਜ਼ਿਸ਼ੀ ਤਰੀਕੇ ਨਾਲ ਹੱਥੋ-ਹੱਥ ਸੀਐੱਲਪੀ ਦੀ ਮੀਟਿੰਗ ਸੱਦੀ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਇਸ ਕਾਰਵਾਈ ਨੇ ਉਨ੍ਹਾਂ ਨੂੰ ਐਮਰਜੈਂਸੀ ਚੇਤੇ ਕਰਵਾ ਦਿੱਤੀ।
ਅਮਰਿੰਦਰ ਸਿੰਘ ਨੇ ਮੁੜ ਨਵਜੋਤ ਸਿੱਧੂ ਅਤੇ ਜਨਰਲ ਬਾਜਵਾ ਦੀ ਜੱਫੀ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਲਿਖਿਆ ਕਿ ਨਵਜੋਤ ਸਿੱਧੂ ਨੇ ਸਰਕਾਰ ’ਤੇ ਲਗਾਤਾਰ ਹੱਲੇ ਬੋਲੇ, ਜਿਸ ਨੂੰ ਰਾਹੁਲ ਤੇ ਪ੍ਰਿਯੰਕਾ ਨੇ ਸਰਪ੍ਰਸਤੀ ਦਿੱਤੀ। ਆਪਣੀ ਪ੍ਰਾਪਤੀਆਂ ਵਿਚ ਉਨ੍ਹਾਂ ਕੋਵਿਡ ਮਹਾਮਾਰੀ ਅਤੇ ਨਸ਼ਾ ਤਸਕਰੀ ਖ਼ਿਲਾਫ਼ ਚੁੱਕੇ ਕਦਮਾਂ ਦੀ ਚਰਚਾ ਕਰਦੇ ਹੋਏ 92 ਫ਼ੀਸਦੀ ਚੋਣ ਵਾਅਦੇ ਪੂਰੇ ਕਰਨ ਦੀ ਗੱਲ ਵੀ ਲਿਖੀ ਹੈ। ਉਨ੍ਹਾਂ ਰੇਤ ਮਾਫ਼ੀਏ ਨਾਲ ਕਾਂਗਰਸ ਦੇ ਕਈ ਵਿਧਾਇਕਾਂ ਅਤੇ ਵਜ਼ੀਰਾਂ ਦੇ ਨਾਮ ਜੁੜਦੇ ਹੋਣ ਦੀ ਗੱਲ ਵੀ ਰੱਖੀ।
ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਨਾਲ ਆਪਣੇ ਰਿਸ਼ਤਿਆਂ ਦੇ ਹਵਾਲੇ ਨਾਲ ਬੱਚਿਆਂ (ਰਾਹੁਲ ਤੇ ਪ੍ਰਿਯੰਕਾ) ਵੱਲੋਂ ਦਿਖਾਏ ਤੇਵਰਾਂ ’ਤੇ ਗਿਲਾ ਜ਼ਾਹਰ ਕੀਤਾ। ਅਮਰਿੰਦਰ ਨੇ ਅਸਤੀਫ਼ੇ ਵਿਚ ਕੰਦੂਖੇੜਾ ਵਿਚ 1985 ਵਿਚ ਦਿੱਤੇ ਪਹਿਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਬੋਹਰ ਫ਼ਾਜ਼ਿਲਕਾ ਦੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਵਿਚ ਜਾਣ ਤੋਂ ਰੋਕਣ ਵਿਚ ਵੱਡੀ ਭੂਮਿਕਾ ਅਦਾ ਕੀਤੀ। ਉਨ੍ਹਾਂ ਪਾਣੀਆਂ ਦੇ ਸਮਝੌਤੇ ਰੱਦ ਕਰਨ ਨੂੰ ਆਪਣੀ ਪ੍ਰਾਪਤੀ ਦੱਸਿਆ।
ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਦੇ ਨਾਂ ਦਾ ਐਲਾਨ ਕੀਤੇ ਜਾਣ ਮਗਰੋਂ ਹੁਣ ਇਹ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਕਿਹੜੇ ਆਗੂ ਹੁਣ ਉਨ੍ਹਾਂ ਦੇ ਪਾਲੇ ਵਿਚ ਖੜ੍ਹਦੇ ਹਨ। ਆਉਂਦੇ ਦਿਨਾਂ ’ਚ ਭਾਜਪਾ ਨਾਲ ਉਨ੍ਹਾਂ ਦਾ ਰਿਸ਼ਤਾ ਅਤੇ ਪੰਜਾਬ ਦੇ ਲੋਕ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨੂੰ ਕਿੰਨਾ ਕੁ ਹੁੰਗਾਰਾ ਦੇਣਗੇ, ਇਹ ਸਭ ਕੁਝ ਅਮਰਿੰਦਰ ਦਾ ਸਿਆਸੀ ਭਵਿੱਖ ਤੈਅ ਕਰਨਗੇ। ਕਾਂਗਰਸ ਹਾਈਕਮਾਨ ਨੇ ਅਮਰਿੰਦਰ ਸਿੰਘ ਦੇ ਨੇੜਲਿਆਂ ਨਾਲ ਪਹਿਲਾਂ ਹੀ ਮੀਟਿੰਗਾਂ ਕਰਕੇ ਰਾਹ ਰੋਕੇ ਹਨ। ਸੰਸਦ ਮੈਂਬਰ ਪਰਨੀਤ ਕੌਰ, ਕੀ ਕਾਂਗਰਸ ਛੱਡ ਕੇ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦਾ ਹਿੱਸਾ ਬਣਨਗੇ, ਇਹ ਵੀ ਵੱਡਾ ਸੁਆਲ ਹੈ।
ਸਿਆਸੀ ਅਕਸ: ਉਭਾਰ ਤੇ ਨਿਘਾਰ
ਅਮਰਿੰਦਰ ਸਿੰਘ ਦੀ ਸਿਆਸੀ ਦਿੱਖ ਨੂੰ ਉਦੋਂ ਸੱਟ ਵੱਜੀ ਜਦੋਂ ਉਨ੍ਹਾਂ ’ਤੇ ਬਾਦਲਾਂ ਨਾਲ ਮਿਲੀਭੁਗਤ ਦੇ ਦੋਸ਼ ਲੱਗੇ। ਉਹ ਸਾਢੇ ਚਾਰ ਸਾਲ ਪੰਜਾਬ ਦੇ ਲੋਕਾਂ ਵਿਚੋਂ ਗ਼ਾਇਬ ਰਹੇ। ਸ੍ਰੀ ਗੁਟਕਾ ਸਾਹਿਬ ਦੀ ਸਹੁੰ ’ਤੇ ਪੂਰਾ ਨਾ ਉੱਤਰਨ ਕਰਕੇ ਵੀ ਉਨ੍ਹਾਂ ਦੇ ਸਿਆਸੀ ਗਰਾਫ਼ ’ਚ ਨਿਘਾਰ ਆਇਆ। ਹੁਣ ਜਦੋਂ ਅਮਰਿੰਦਰ ਨੇ ਭਾਜਪਾ ਨਾਲ ਨੇੜਤਾ ਵਿਖਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਸਿਆਸੀ ਕੱਦ ਨੂੰ ਵੱਡਾ ਝਟਕਾ ਲੱਗਿਆ। ਪਾਣੀਆਂ ਦੇ ਸਮਝੌਤੇ ਰੱਦ ਕਰਨ ਮਗਰੋਂ ਉਨ੍ਹਾਂ ਨੂੰ ਲੋਕਾਂ ਨੇ ‘ਪਾਣੀਆਂ ਦਾ ਰਾਖਾ’ ਹੋਣ ਦਾ ਖ਼ਿਤਾਬ ਦਿੱਤਾ ਸੀ। ਅਰੁਣ ਜੇਤਲੀ ਨੂੰ ਹਰਾਉਣ ਪਿੱਛੋਂ ਵੀ ਉਨ੍ਹਾਂ ਦਾ ਸਿਆਸੀ ਕੱਦ ਉੱਚਾ ਹੋਇਆ ਸੀ। ਉਮਰ ਦੇ ਆਖ਼ਰੀ ਪੜਾਅ ’ਚ ਉਨ੍ਹਾਂ ਦੀ ਛਵੀ ਪਲੀਤ ਹੋਈ ਹੈ।
ਅਮਰਿੰਦਰ ਸਿੰਘ ਦਾ ਚੌਥਾ ਅਸਤੀਫ਼ਾ
ਅਮਰਿੰਦਰ ਸਿੰਘ ਦਾ ਆਪਣੇ ਸਿਆਸੀ ਜੀਵਨ ’ਚ ਇਹ ਚੌਥਾ ਅਸਤੀਫ਼ਾ ਹੈ। ਸਭ ਤੋਂ ਪਹਿਲਾਂ ਉਨ੍ਹਾਂ ਅਪਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ 1984 ’ਚ ਲੋਕ ਸਭਾ ਦੀ ਮੈਂਬਰੀ ਅਤੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ। ਦੂਜੀ ਦਫ਼ਾ 1988 ਵਿਚ ਬਰਨਾਲਾ ਵਜ਼ਾਰਤ ’ਚੋਂ ‘ਬਲੈਕ ਥੰਡਰ’ ਦੇ ਵਿਰੋਧ ਵਿਚ ਬਤੌਰ ਖੇਤੀ ਤੇ ਪੇਂਡੂ ਵਿਕਾਸ ਮੰਤਰੀ ਅਸਤੀਫ਼ਾ ਦਿੱਤਾ। ਤੀਜਾ ਅਸਤੀਫ਼ਾ 23 ਨਵੰਬਰ 2016 ਨੂੰ ਲੋਕ ਸਭਾ ਦੀ ਮੈਂਬਰੀ ਤੋਂ ਦਿੱਤਾ।
ਚੋਣ ਕਮਿਸ਼ਨ ਨੇ ਤਿੰਨ ਚੋਣ ਨਿਸ਼ਾਨ ਸੁਝਾਏ
ਅਮਰਿੰਦਰ ਸਿੰਘ ਨੇ ਕਿਹਾ ਕਿ ਨਵੀਂ ਪਾਰਟੀ ਨੂੰ ਲੈ ਕੇ ਕਾਨੂੰਨੀ ਮਾਹਿਰਾਂ ਦੀ ਟੀਮ ਜੁਟੀ ਹੋਈ ਹੈ ਅਤੇ ਪਾਰਟੀ ਦੀ ਰਜਿਸਟਰੇਸ਼ਨ ਲਈ ਚੋਣ ਕਮਿਸ਼ਨ ਨੂੰ ਦਰਖਾਸਤ ਦੇ ਦਿੱਤੀ ਹੈ। ਚੋਣ ਕਮਿਸ਼ਨ ਨੂੰ ਤਜਵੀਜ਼ਤ ਨਾਮ ’ਤੇ ਕੋਈ ਉਜ਼ਰ ਨਹੀਂ ਹੈ। ਚੋਣ ਕਮਿਸ਼ਨ ਨੂੰ ਤਿੰਨ ਚੋਣ ਨਿਸ਼ਾਨ ਸੁਝਾਏ ਗਏ ਹਨ ਤੇ ਚੋਣ ਕਮਿਸ਼ਨ ਨੇ ਵੀ ਤਿੰਨ ਚੋਣ ਨਿਸ਼ਾਨ ਦਿੱਤੇ ਹਨ। ਇਸ ਸਮੂਹ ’ਚੋਂ ਨਵਾਂ ਚੋਣ ਨਿਸ਼ਾਨ ਅਲਾਟ ਹੋਵੇਗਾ। ਅਮਰਿੰਦਰ ਨੇ ਕਿਹਾ ਕਿ ਰਸਮੀ ਤੌਰ ’ਤੇ ਪਾਰਟੀ ਬਣਨ ਮਗਰੋਂ ਹੀ ਇਸ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਖ਼ੁਲਾਸਾ ਕੀਤਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly