ਨਵਜੋਤ ਸਿੱਧੂ ਦੇ ਹਲਕੇ ’ਚ ਕੈਪਟਨ ਧੜੇ ਦੇ ਆਗੂ ਸਰਗਰਮ ਹੋਏ

ਅੰਮ੍ਰਿਤਸਰ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਧਾਨ ਸਭਾ ਹਲਕਾ ਪੂਰਬੀ ਉਸ ਦੀ ਗੈਰਹਾਜ਼ਰੀ ਕਾਰਨ ਕੈਪਟਨ ਧੜੇ ਦੇ ਆਗੂਆਂ ਨੇ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਸਿੱਧੂ ਇਥੋਂ ਵਿਧਾਇਕ ਹਨ ਅਤੇ ਉਨ੍ਹਾਂ ਪਟਿਆਲੇ ਡੇਰੇ ਲਾਏ ਹੋਏ ਹਨ। ਇਸ ਵਾਰ ਸਿੱਧੂ ਦੇ ਪਟਿਆਲਾ ਵਿੱਚ ਵਧੇਰੇ ਰੁਝੇਵੇਂ ਹੋਣ ਕਾਰਨ ਕਾਂਗਰਸ ਵਿੱਚ ਚਰਚਾ ਚੱਲ ਰਹੀ ਹੈ ਕਿ ਉਹ ਹੁਣ ਅੰਮ੍ਰਿਤਸਰ ਦੀ ਥਾਂ ਪਟਿਆਲਾ ਤੋਂ ਚੋਣ ਲੜ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਕਾਰਨ ਵੀ ਉਨ੍ਹਾਂ ਦਾ ਇਹ ਹਲਕਾ ਅਣਡਿੱਠਾ ਰਿਹਾ। ਅਜਿਹੀ ਸਥਿਤੀ ਵਿਚ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਆਦਿ ਇਸ ਹਲਕੇ ਤੋਂ ਆਪਣਾ ਦਾਅਵਾ ਜਤਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਦੇ ਸਮਰਥਕ ਇਹ ਦੋਵੇਂ ਆਗੂ ਇਸ ਹਲਕੇ ਦੇ ਲੋਕਾਂ ਨੂੰ ਮਿਲ ਰਹੇ ਹਨ। ਅੱਜ ਵੀ ਮੇਅਰ ਰਿੰਟੂ ਨੇ ਇਸ ਹਲਕੇ ਵਿਚ ਕਈ ਥਾਵਾਂ ਦਾ ਦੌਰਾ ਕੀਤਾ।

ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਉੱਤਰੀ ਵੀ ਚਰਚਾ ਹੈ ਕਿਉਂਕਿ ਇਥੇ ਭਾਜਪਾ ਦੇ ਅਨਿਲ ਜੋਸ਼ੀ ਵਿਧਾਇਕ ਰਹੇ ਹਨ ਤੇ ਹੁਣ ਉਹ ਭਾਜਪਾ ਛੱਡ ਚੁੱਕੇ ਹਨ ਪਰ ਉਹ ਇਥੋਂ ਚੋਣ ਲੜਨ ਦਾ ਦਾਅਵਾ ਕਰ ਚੁੱਕੇ ਹਨ। ਦੂਜੇ ਪਾਸੇ ਇਥੇ ‘ਆਪ’ ਵੱਲੋਂ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਉਮੀਦਵਾਰ ਹੋਣਗੇ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਫੈਸਲਾ ਕਾਂਗਰਸ ਹਾਈ ਕਮਾਂਡ ’ਤੇ ਛੱਡਿਆ ਹੈ ਪਰ ਉਹ ਪੂਰਬੀ ਵਿਧਾਨ ਸਭਾ ਹਲਕੇ ਤੋਂ ਹੀ ਚੋਣ ਲੜਣ ਦੀ ਇੱਛਾ ਰੱਖਦੇ ਹਨ। ਮੇਅਰ ਰਿੰਟੂ ਨੇ ਦੱਸਿਆ ਕਿ ਉਹ ਇਸ ਹਲਕੇ ਦੇ ਵਿਕਾਸ ਕਾਰਜ ਨਿਰੰਤਰ ਕਰਵਾ ਰਹੇ ਹਨ। ਇਹ ਹਲਕਾ ਅਣਡਿੱਠਾ ਸੀ ਅਤੇ ਵਿਕਾਸ ਪਖੋਂ ਵੀ ਪੱਛੜ ਰਿਹਾ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮਨਪ੍ਰੀਤ ਨਾਲ ਠੇਕਾ ਮੁਲਾਜ਼ਮਾਂ ਦੀ ਮੀਟਿੰਗ ਬੇਸਿੱਟਾ ਰਹੀ
Next articleਕਰਤਾਰਪੁਰ ਲਾਂਘਾ ਮੁੜ ਖੋਲ੍ਹਿਆ ਜਾਵੇ: ਕੈਪਟਨ