ਚੰਡੀਗੜ੍ਹ (ਸਮਾਜ ਵੀਕਲੀ): ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਖ਼ਿਲਾਫ਼ ਪਾਇਆ ਜਾ ਰਿਹਾ ਰੌਲਾ ਦਰਸਾਉਂਦਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਮਾੜੇ ਕਹਿਣ ਤੋਂ ਵਰਜਣ ’ਤੇ ਕੈਪਟਨ ਕਿਸ ਤਰ੍ਹਾਂ ਬੌਖਲਾ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਾਜਪਾ ਦੇ ਇਸ਼ਾਰਿਆਂ ’ਤੇ ਨੱਚ ਰਹੇ ਹਨ ਕਿਉਂਕਿ ਭਾਜਪਾ ਨੇ ਹੀ ਉਨ੍ਹਾਂ ਖ਼ਿਲਾਫ਼ ਬਗ਼ਾਵਤਾਂ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਨੂੰ ਕੇਂਦਰੀ ਏਜੰਸੀਆਂ ਦੀ ਧਮਕੀ ਦੇ ਕੇ ਅੰਦਰੂਨੀ ਸੰਕਟ ਤੋਂ ਬਚਾਇਆ ਹੈ।
ਅਕਾਲੀ ਆਗੂ ਅਨੁਸਾਰ ਸਾਰੀ ਦੁਨੀਆਂ ਜਾਣਦੀ ਹੈ ਕਿ ਕੈਪਟਨ ਕਾਂਗਰਸ ਵਿੱਚ ਭਾਜਪਾ ਦੇ ‘ਸੁਤੰਤਰ ਫ਼ੌਜੀ’ ਹਨ ਅਤੇ ਉਹ ਆਪਣੇ ‘ਅਸਲੀ ਬੌਸ’ ਨੂੰ ਖੁਸ਼ ਰੱਖਣ ਲਈ ਸਾਰਾ ਕੁੱਝ ਕਰਦੇ ਹਨ। ਹਰਸਿਮਰਤ ਨੇ ਕਿਹਾ ਕਿ ਹੁਣ ਕਿਸੇ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਕਿਸ ਪਾਰਟੀ ਤੋਂ ਉਮੀਦਵਾਰ ਹੋਣਗੇ। ਅਜਿਹੀਆਂ ਰਿਪੋਰਟਾਂ ਹਨ ਕਿ ਜੇ ਉਨ੍ਹਾਂ ਦਾ ਮੁੱਖ ਮੰਤਰੀ ਦਾ ਅਹੁਦਾ ਖ਼ਤਰੇ ਵਿੱਚ ਪਿਆ ਤਾਂ ਉਹ ਆਪਣੀ ਪਾਰਟੀ ਵੀ ਬਣਾ ਸਕਦੇ ਹਨ। ਪੰਜਾਬ ਦੇ ਆਰਥਿਕ ਨੁਕਸਾਨ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾ ਕੇ ਉਹ ਭਾਜਪਾ ਦਾ ਅਹਿਸਾਨ ਮੋੜ ਰਹੇ ਹਨ ਜਦੋਂਕਿ ਉਨ੍ਹਾਂ ਖ਼ੁਦ ਸੂਬੇ ਨੂੰ ਆਰਥਿਕ ਸੰਕਟ ਵੱਲ ਧੱਕਿਆ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਆਪਣੀ ਉਮਰ ਦੇ ਲਿਹਾਜ਼ ਨਾਲ ਖ਼ਾਸ ਤੌਰ ’ਤੇ ਇਕ ਮਹਿਲਾ, ਜੋ ਉਨ੍ਹਾਂ ਦੀਆਂ ਧੀਆਂ ਦੀ ਉਮਰ ਦੀ ਹੈ, ਨੂੰ ਜਵਾਬ ਦੇਣ ਲਈ ਮਾਣ ਅਤੇ ਸਤਿਕਾਰ ਨਾਲ ਗੱਲ ਕਰਨਾ ਵੀ ਭੁੱਲ ਗਏ ਹਨ। ਜਿਸ ਵਿਅਕਤੀ ਨੇ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਕੋਲੋਂ ਖ਼ਤਰੇ ਵਿੱਚ ਪਈ ਕੁਰਸੀ ਬਚਾਉਣ ਲਈ ਝੂਠ ਬੋਲਿਆ ਤੇ ਆਪਣੇ ਲੋਕਾਂ ਖ਼ਾਸ ਤੌਰ ’ਤੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਦਾ ਫੜਿਆ ਗਿਆ ਹੋਵੇ, ਉਹ ਕਿਸ ਤਰ੍ਹਾਂ ਨਮੋਸ਼ੀ ਤੇ ਸ਼ਰਮਿੰਦਗੀ ਮਹਿਸੂਸ ਕਰ ਸਕਦਾ ਹੈ। ਕੈਪਟਨ ਜਾਣਦੇ ਹਨ ਕਿ ਜੇ ਭਾਜਪਾ ਨਾ ਹੁੰਦੀ ਤਾਂ ਅੱਜ ਉਹ ਮੁੱਖ ਮੰਤਰੀ ਦੀ ਕੁਰਸੀ ’ਤੇ ਨਾ ਹੁੰਦੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly