ਕੈਪਟਨ ਅਤੇ ਸਿੱਧੂ ਹੋਏ ਮੁੜ ਆਹਮੋ-ਸਾਹਮਣੇ

Amarinder Singh and Navjot Singh Sidhu

 

  • ਸਿੱਧੂ ਨੇ ਨਸ਼ਾ ਤਸਕਰੀ ਅਤੇ ਬਿਜਲੀ ਸਮਝੌਤਿਆਂ ਦੇ ਮੁੱਦੇ ਚੁੱਕੇਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਚੁੱਕੀ ਉਂਗਲ

ਚੰਡੀਗੜ੍ਹ  (ਸਮਾਜ ਵੀਕਲੀ):  ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਚੰਡੀਗੜ੍ਹ ਦੌਰੇ ਤੋਂ ਐਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਮੁੜ ਆਹਮੋ-ਸਾਹਮਣੇ ਹੋ ਗਏ ਹਨ। ਨਸ਼ਾ ਤਸਕਰੀ ਅਤੇ ਬਿਜਲੀ ਖਰੀਦ ਸਮਝੌਤਿਆਂ ਦੇ ਮੁੱਦਿਆਂ ਨੂੰ ਨਵਜੋਤ ਸਿੱਧੂ ਨੇ ਮੁੜ ਚੁੱਕਿਆ ਹੈ ਅਤੇ ਪੰਜਾਬ ਸਰਕਾਰ ’ਤੇ ਸਿੱਧੀ ਉਂਗਲ ਧਰੀ ਹੈ। ਅੱਜ ਸਿੱਧੂ ਨੇ ਡਰੱਗ ਮਾਫੀਆ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਨਸ਼ਾ ਤਸਕਰੀ ਦੇ ਅਹਿਮ ਕੇਸ ’ਚ 13 ਨਸ਼ਾ ਤਸਕਰਾਂ ਦੀ ਹਵਾਲਗੀ ਲਈ ਕੁਝ ਨਹੀਂ ਕੀਤਾ ਹੈ। ਉਨ੍ਹਾਂ ਨਸ਼ਾ ਪੀੜਤਾਂ ਦੇ ਪਰਿਵਾਰਾਂ ਦਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਟਾਸਕ ਫੋਰਸ ਦੀ ਰਿਪੋਰਟ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਜੋ ਛੇ ਹਜ਼ਾਰ ਕਰੋੜ ਦੇ ਭੋਲਾ ਡਰੱਗ ਰੈਕੇਟ ਮਾਮਲੇ ਨਾਲ ਸਬੰਧਤ ਹੈ।

ਉਨ੍ਹਾਂ ਕਿਹਾ ਕਿ ਪਹਿਲੀ ਸਤੰਬਰ ਨੂੰ ਹਾਈ ਕੋਰਟ ਵਿੱਚ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਖੁੱਲ੍ਹਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਪੰਜਾਬ ਦੀ ਅਹਿਮ ਸਿਆਸੀ ਹਸਤੀ ਨੇ ਸਰਕਾਰੀ ਸੁਰੱਖਿਆ ਮੁਹੱਈਆ ਕਰਾਈ ਸੀ। ਸਿੱਧੂ ਨੇ ਕਿਹਾ ਕਿ ਪੰਜ ਵਰ੍ਹਿਆਂ ਵਿੱਚ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਿਉਂ ਨਹੀਂ ਛੂਹਿਆ ਗਿਆ। ਲੰਘੇ ਕੱਲ੍ਹ ਨਵਜੋਤ ਸਿੱਧੂ ਨੇ ਵਿਧਾਨ ਸਭਾ ਦਾ ਸੈਸ਼ਨ ਵਧਾਏ ਜਾਣ ਦੀ ਗੱਲ ਕਰਦਿਆਂ ਬਿਜਲੀ ਸਮਝੌਤਿਆਂ ਨੂੰ ਰੱਦ ਕਰਕੇ ਨਵਾਂ ਕਾਨੂੰਨ ਲਿਆਉਣ ਦੀ ਗੱਲ ਕੀਤੀ ਸੀ। ਦੂਸਰੀ ਤਰਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵਜੋਤ ਸਿੱਧੂ ਵੱਲੋਂ ਉਠਾਏ ਸੁਆਲਾਂ ਦੇ ਪ੍ਰੈੱਸ ਕਾਨਫਰੰਸ ਦੌਰਾਨ ਜੁਆਬ ਦਿੱਤੇ। ਮੁੱਖ ਮੰਤਰੀ ਨੇ ਨਸ਼ਾ ਤਸਕਰੀ ਦੇ ਮਾਮਲੇ ’ਤੇ ਕਿਹਾ ਕਿ ਅੱਜ ਹੀ ਹੈਰੋਇਨ ਦੀ ਵੱਡੀ ਖੇਪ ਫੜੀ ਗਈ ਹੈ ਅਤੇ ਨਸ਼ਾ ਸ੍ਰੀਨਗਰ ਅਤੇ ਨੇਪਾਲ ਦੇ ਰਸਤੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਨੂੰ ਵੀ ਫੜ ਸਕਦੇ ਸੀ, ਫੜ ਰਹੇ ਹਨ। ਉਨ੍ਹਾਂ ਕਿਹਾ ਕਿ 46 ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਰਹੱਦ ਪਾਰ ਤੋਂ ਟਿਫਿਨ ਬੰਬ ਅਤੇ ਡਰੋਨ ਆ ਰਹੇ ਹਨ। ਕੁਝ ਵੱਡੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਹਾਲ ਹੀ ਵਿੱਚ ਹਥਿਆਰ ਫੜੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਗੁਰਪਤਵੰਤ ਪੰਨੂ ਉਨ੍ਹਾਂ ਨੂੰ ਮਾਰਨ ਦੀ ਗੱਲ ਆਖਦਾ ਹੈ ਤੇ ਉਹ ਇੱਥੇ ਆ ਕੇ ਤਾਂ ਦੇਖੇ। ਮੁੱਖ ਮੰਤਰੀ ਨੇ ਅੱਜ ਮੁੜ ਕਿਹਾ ਕਿ ਹਰਿਆਣਾ ਵਿੱਚ ਕਿਸਾਨਾਂ ’ਤੇ ਲਾਠੀ ਵਰ੍ਹਾਈ ਜਾ ਰਹੀ ਹੈ ਜੋ ਨਿੰਦਣਯੋਗ ਹੈ।

‘ਸਾਰੇ ਬਿਜਲੀ ਸਮਝੌਤੇ ਰੱਦ ਨਹੀਂ ਹੋ ਸਕਦੇ’

ਮੁੱਖ ਮੰਤਰੀ ਨੇ ਬਿਜਲੀ ਸਮਝੌਤਿਆਂ ਦੇ ਮਾਮਲੇ ’ਤੇ ਸਾਫ਼ ਆਖ ਦਿੱਤਾ ਹੈ ਕਿ ਸਾਰੇ ਬਿਜਲੀ ਸਮਝੌਤੇ ਰੱਦ ਨਹੀਂ ਹੋ ਸਕਦੇ ਹਨ ਕਿਉਂਕਿ ਪੰਜਾਬ ਨੂੰ 14 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਹੈ। ਕੌਮੀ ਗਰਿੱਡ ਤੋਂ 7 ਹਜ਼ਾਰ ਮੈਗਾਵਾਟ ਹੀ ਬਿਜਲੀ ਖਰੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 122 ਸਮਝੌਤੇ ਹਨ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿਹੜੇ ਕਿਹੜੇ ਸਮਝੌਤੇ ਰੱਦ ਹੋ ਸਕਦੇ ਹਨ। ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਸੈਸ਼ਨ ਬਾਰੇ ਸਪੱਸ਼ਟ ਕੀਤਾ ਹੈ ਕਿ 3 ਸਤੰਬਰ ਨੂੰ ਵਿਸ਼ੇਸ਼ ਸੈਸ਼ਨ ਹੈ ਅਤੇ ਉਸ ਮਗਰੋਂ ਰੈਗੂਲਰ ਸੈਸ਼ਨ ਵੀ ਹੋਵੇਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਟਨ ਨੇ ਕਿਸਾਨਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੱਤਾ
Next articleChina rushes to fill in the vacuum in Afghanistan created by US withdrawal