ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਵੱਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਮੀਟਿੰਗ ਉਪਰੰਤ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਲਿਖਤੀ ਬਿਆਨ ਜ਼ਰੀਏ ਜ਼ਿਲ੍ਹਾ ਕਪੂਰਥਲਾ ਦੇ ਪੈ੍ਸ ਸਕੱਤਰ ਵਿੱਕੀ ਜੈਨਪੁਰੀ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸੁਖਬੀਰ ਬਾਦਲ ਜੋ ਰੈਲੀਆਂ ਕਰਕੇ ਪੰਜਾਬ ਦਾ ਮਹੋਲ ਖਰਾਬ ਕਰ ਰਿਹਾ ਹੈ ਇਸਤੋਂ ਬਾਜ ਆ ਜਾਵੇ ਜੇਕਰ ਕਪੂਰਥਲੇ ਜ਼ਿਲ੍ਹੇ ਵਿੱਚ ਕਿਤੇ ਵੀ ਸੁਖਬੀਰ ਬਾਦਲ ਸਿਆਸੀ ਰੈਲੀ ਕਰਨ ਆਉਂਦਾ ਹੈ ਤਾਂ ਉਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ।
ਇਸ ਸਮੇਂ ਜ਼ਿਲ੍ਹਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਨੇ ਕਿਹਾ ਕਿ ਬੀਤੇ ਦਿਨੀਂ ਮੋਗੇ ਵਿਖੇ ਜੋ ਸ਼ਾਂਤਮਈ ਤਰੀਕੇ ਨਾਲ ਕਿਸਾਨਾਂ ਮਜ਼ਦੂਰਾਂ ਵੱਲੋਂ ਸੁਖਬੀਰ ਬਾਦਲ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਪੰਜਾਬ ਪੁਲਿਸ ਵੱਲੋਂ ਜੋ ਲਾਠੀਚਾਰਜ ਕੀਤਾ ਗਿਆ ਅੱਤ ਦਰਜੇ ਦੀ ਨਿੰਦਣਯੋਗ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਘਟੀਆ ਕਾਰਵਾਈ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਦਾ ਹੱਥ ਠੋਕਾ ਬਣਿਆ ਹੋਇਆ ਹੈ।ਇਸ ਸਮੇਂ ਜ਼ਿਲ੍ਹਾ ਸਕੱਤਰ ਸੁੱਖਪ੍ਰੀਤ ਸਿੰਘ ਪੱਸਣ ਕਦੀਮ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਵਿੱਚੋਂ ਹੀ ਆਉਂਦੇ ਹਨ ਪਰ ਪਤਾ ਨਹੀਂ ਕਿਉਂ ਵਰਦੀ ਪਾਉਣ ਉਪਰੰਤ ਇਹ ਮੁਲਾਜ਼ਮ ਆਪਣੇ ਹੀ ਲੋਕਾਂ ਤੇ ਸਿਆਸੀ ਪਾਰਟੀਆਂ ਦੇ ਕਹਿਣ ‘ਤੇ ਤਸ਼ੱਸਦ ਕਰਦੇ ਹਨ।
ਇਸ ਸਮੇਂ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਜਿੰਨੇ ਵੀ ਮੁਲਾਜ਼ਮ ਦੋਸ਼ੀ ਹਨ ਉਨ੍ਹਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸੁਖਬੀਰ ਬਾਦਲ ਦੀਆਂ ਰੈਲੀਆਂ ਨੂੰ ਜਾਣਬੁਝ ਕੇ ਇਜ਼ਾਜ਼ਤ ਦੇਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਦਿੱਲੀ ਅੰਦੋਲਨ ਚੱਲ ਰਿਹਾ ਹੈ ਕਿਸੇ ਵੀ ਸਿਆਸੀ ਪਾਰਟੀ ਨੂੰ ਆਪਣੀਆਂ ਹਰ ਪ੍ਰਕਾਰ ਦੀਆਂ ਸਿਆਸੀ ਸਰਗਰਮੀਆ ਬੰਦ ਕਰ ਦੇਣੀਆਂ ਚਾਹੀਦੀਆਂ ਹਨ।
ਕਿਉਕਿ ਮੋਰਚਾ ਦਿੱਲੀ ਦੇ ਬਾਡਰਾਂ ‘ਤੇ ਲੱਗਿਆ ਹੋਇਆ ਹੈ।ਇਸ ਕਰਕੇ ਪੰਜਾਬ ਵਿੱਚ ਸਿਆਸੀ ਪ੍ਰੋਗਰਾਮ ਕਰਕੇ ਲੋਕਾਂ ਨੂੰ ਦੋਫਾੜ ਨਾ ਕੀਤਾ ਜਾਵੇ ਜਿਸ ਨਾਲ ਮੋਰਚੇ ਨੂੰ ਢਾਹ ਲੱਗ ਰਹੀ ਹੈ।ਇਸ ਸਮੇਂ ਜ਼ਿਲਾ ਮੀਤ ਪ੍ਰਧਾਨ ਪਰਮਜੀਤ ਸਿੰਘ ਸਿੰਘ ਪੱਕਾ ਕੋਠਾ, ਜ਼ਿਲ੍ਹਾ ਖਜ਼ਾਨਚੀ ਹਾਕਮ ਸਿੰਘਸ਼ਾਹਜਹਾਂਪੁਰ, ਜੋਨ ਪ੍ਰਧਾਨ ਹਰਵਿੰਦਰ ਸਿੰਘ ਉੱਚਾ, ਅਵਤਾਰ ਸਿੰਘ ਉਚਾ, ਜ਼ਿਲਾ ਉਪ ਸਕੱਤਰ ਦਿਲਪ੍ਰੀਤ ਸਿੰਘ ਟੋਡਰਵਾਲ, ਜੋਨ ਪ੍ਰੈਸ ਮਨਜੀਤ ਸਿੰਘ ਖੀਰਾਂਵਾਲ ,ਬਲਜਿੰਦਰ ਸ਼ੇਰਪੁਰ, ਮਲਕੀਤ ਸਿੰਘ ਸ਼ੇਰਪੁਰ ,ਅਮਰਜੀਤ ਸਿੰਘ ਸ਼ੇਰਪੁਰ,ਹਰਜੀਤ ਸਿੰਘ ਸ਼ੇਰਪੁਰ ,ਜੋਨ ਉਪ ਸਕੱਤਰ ਪੁਸ਼ਪਿਦਰ ਸਿੰਘ ਸੋਡੀ ਆਦਿ ਆਗੂ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly