ਕੈਪਟਨ ਅਮਰਿੰਦਰ ਅੱਠਵੀਂ ਵਾਰ ਲੜਨਗੇ ਵਿਧਾਨ ਸਭਾ ਦੀ ਚੋਣ

Punjab Chief Minister Amarinder Singh

ਪਟਿਆਲਾ, (ਸਮਾਜ ਵੀਕਲੀ):  ਪੰਜਾਬ ਲੋਕ ਕਾਂਗਰਸ ਦੇ ਅੱਜ ਐਲਾਨੇ ਗਏ 22 ਉਮੀਦਵਾਰਾਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਹੈ। ਐਤਕੀਂ ਮੁੜ ਉਹ ਪੁਰਾਣੇ ਪਟਿਆਲਾ ਸ਼ਹਿਰੀ ਹਲਕੇ ਤੋਂ ਹੀ ਚੋਣ ਪਿੜ ਵਿੱਚ ਉੱਤਰਨਗੇ। ਇਸ ਹਲਕੇ ਤੋਂ ਉਹ ਲਗਾਤਾਰ ਚਾਰ ਵਾਰ ਵਿਧਾਇਕ ਬਣ ਕੇ ਦੋ ਵਾਰ ਮੁੱਖ ਮੰਤਰੀ ਵੀ ਬਣ ਚੁੱਕੇ ਹਨ। ਉਂਜ ਐਤਕੀਂ ਉਹ ਅੱਠਵੀਂ ਵਾਰ ਵਿਧਾਨ ਸਭਾ ਦੀ ਚੋਣ ਲੜਨਗੇ। ਹੁਣ ਤੱਕ ਵਿਧਾਨ ਸਭਾ ਦੀਆਂ ਸੱਤ ਚੋਣਾਂ ਲੜ ਚੁੱਕੇ ਹਨ, ਜਿਸ ਦੌਰਾਨ ਲੜੀ ਪਹਿਲੀ ਹੀ ਚੋਣ ਦੌਰਾਨ ਉਨ੍ਹਾਂ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ ਸੀ, ਜਦਕਿ ਬਾਕੀ ਛੇ ਚੋਣਾਂ ਵਿੱਚ ਜੇਤੂ ਰਹੇ।

ਸਿਆਸਤ ਦੀ ਗੁੜਤੀ ਉਨ੍ਹਾਂ ਨੂੰ ਵਿਰਸੇ ਵਿੱਚੋਂ ਹੀ ਮਿਲੀ ਕਿਉਂਕਿ ਉਨ੍ਹਾਂ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਵਿਧਾਇਕ ਅਤੇ ਮਾਤਾ ਮਹਿੰਦਰ ਕੌਰ ਸੰਸਦ ਮੈਂਬਰ ਰਹੇ ਹਨ। ਸਾਲ 1967 ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਡਕਾਲਾ ਤੋਂ ਵਿਧਾਇਕ ਸਨ, ਜਿਸ ਤਹਿਤ ਹੀ ਅਗਲੀ ਵਾਰ 1969 ਵਿੱਚ ਅਮਰਿੰਦਰ ਸਿੰਘ ਨੇ ਵੀ ਰਾਜਨੀਤੀ ’ਚ ਪੈਰ ਧਰਦਿਆਂ, ਡਕਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਤੀਜੇ ਨੰਬਰ ’ਤੇ ਰਹੇ। ਕੁਝ ਸਾਲਾਂ ਮਗਰੋਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ 1977 ਵਿੱਚ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਲੜੀ ਪਰ ਅਕਾਲੀ ਉਮੀਦਵਾਰ ਗੁਰਚਰਨ ਸਿੰਘ ਟੌਹੜਾ ਤੋਂ ਇੱਕ ਲੱਖ ਵੋਟਾਂ ਨਾਲ ਹਾਰ ਗਏ। ਉਂਝ 1980 ਵਿੱਚ ਹੋਈ ਅਗਲੀ ਚੋਣ ਦੌਰਾਨ ਹਰਚੰਦ ਸਿੰਘ ਸਰਹਿੰਦੀ ਨੂੰ ਇਕ ਲੱਖ ਵੋਟਾਂ ਨਾਲ ਹਰਾ ਕੇ ਸੰਸਦ ਮੈਂਬਰ ਚੁਣੇ ਗਏ ਪਰ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ 1984 ਵਿੱਚ ਸੰਸਦ ਮੈਂਬਰ ਅਤੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। 1985 ਵਿੱਚ ਉਹ ਤਲਵੰਡੀ ਸਾਬੋ ਤੋਂ ਅਕਾਲੀ ਵਿਧਾਇਕ ਬਣ ਕੇ ਬਰਨਾਲਾ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਵੀ ਬਣੇ। 1987 ’ਚ ਸਰਕਾਰ ਟੁੱਟ ਗਈ ਤੇ ਕੁਝ ਸਾਲਾਂ ਮਗਰੋਂ ਲੜੀਆਂ ਚੋਣਾਂ ਦੌਰਾਨ ਸਮਾਣਾ ਤੋਂ ਅਮਰਿੰਦਰ ਸਿੰਘ ਨਿਰਵਿਰੋਧ ਵਿਧਾਇਕ ਬਣੇ।

ਇਸ ਮਗਰੋਂ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਪਰ 1997 ’ਚ ਟਿਕਟ ਨਾ ਮਿਲੀ ਤਾਂ 1998 ਵਿੱਚ ਮੁੜ ਕਾਂਗਰਸ ਵਿੱਚ ਪਰਤ ਗਏ। ਕਾਂਗਰਸ ਨੇ ਉਨ੍ਹਾਂ ਨੂੰ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜਾਈ ਪਰ ਉਹ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਕੋਲੋਂ ਕਰੀਬ 35 ਹਜ਼ਾਰ ਵੋਟਾਂ ਨਾਲ ਹਾਰ ਗਏ। ਫਿਰ 2002 ਵਿੱਚ ਉਨ੍ਹਾਂ ਅਜਿਹਾ ਪਟਿਆਲਾ ਸ਼ਹਿਰ ਮੱਲਿਆ ਕਿ ਚਾਰ ਵਾਰ 2002, 2007, 2012 ਅਤੇ 2017 ਲਗਾਤਾਰ ਚਾਰ ਵਾਰ ਵਿਧਾਇਕ ਅਤੇ ਦੋ ਵਾਰ ਮੁੱਖ ਮੰਤਰੀ ਬਣੇ। 2014 ਵਿੱਚ ਅੰਮ੍ਰਿਤਸਰ ਜਾ ਕੇ ਲੋਕ ਸਭਾ ਦੀ ਚੋਣ ਲੜਦਿਆਂ ਉਨ੍ਹਾਂ ਭਾਜਪਾ ਨੇਤਾ ਅਰੁਣ ਜੇਤਲੀ ਨੂੰ ਵੀ ਵੱਡੇ ਫ਼ਰਕ ਨਾਲ ਹਰਾਇਆ, ਜਿਸ ਦੌਰਾਨ ਪਟਿਆਲਾ ਦੇ ਵਿਧਾਇਕ ਵਜੋਂ ਅਸਤੀਫ਼ਾ ਦੇਣ ਕਰਕੇ ਹੋਈ ਜ਼ਿਮਨੀ ਚੋਣ ਦੌਰਾਨ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਵੀ ਇੱਥੋਂ ਵਿਧਾਇਕ ਬਣੇ। ਕਾਂਗਰਸ ਵਿੱਚ ਛਿੜੇ ਵਿਵਾਦ ਕਾਰਨ ਸਾਢੇ ਚਾਰ ਸਾਲਾਂ ਮਗਰੋਂ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸ ਮਗਰੋਂ ਉਨ੍ਹਾਂ ਇੱਕ ਵੱਖਰੀ ਪਾਰਟੀ ਬਣਾਈ। ਇਸੇ ਤਰ੍ਹਾਂ 52 ਸਾਲਾਂ ਦੇ ਰਾਜਸੀ ਜੀਵਨ ਦੌਰਾਨ ਉਹ ਦੋ ਵਾਰ ਸੰਸਦ ਮੈਂਬਰ, ਛੇ ਵਾਰ ਵਿਧਾਇਕ ਅਤੇ ਦੋ ਵਾਰ ਮੁੱਖ ਮੰਤਰੀ ਬਣੇ ਹਨ। ਇੱਕ ਵਾਰ ਵਿਧਾਨ ਸਭਾ ਅਤੇ ਦੋ ਵਾਰ ਲੋਕ ਸਭਾ ਦੀ ਚੋਣ ਹਾਰੇ ਵੀ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਦੇ ਬੱਚੇ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦਾ ਸਾਹਿਤ ਪੜ੍ਹਨ: ਮੋਦੀ
Next articleक्या चन्नी बेईमान और केजरीवाल ईमानदार आदमी है!