ਅਮਰਿੰਦਰ ‘ਮੌਕਾਪ੍ਰਸਤ’, ਪੰਜਾਬ ਨਾਲ ਧੋਖਾ ਕੀਤਾ: ਰੰਧਾਵਾ

Jails Minister Sukhjinder Singh Randhawa

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ‘ਮੌਕਾਪ੍ਰਸਤ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਨਾਲ ਧ੍ਰੋਹ ਕਮਾ ਰਹੇ ਸਨ। ਅਮਰਿੰਦਰ ਨੇ ਲੰਘੇ ਦਿਨ ਇਕ ਟਵੀਟ ’ਚ ਜਲਦੀ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ। ਅਮਰਿੰਦਰ ਨੇ ਸੰਕੇਤ ਦਿੱਤਾ ਸੀ ਕਿ ਉਹ ਭਾਜਪਾ ਤੇ ਅਕਾਲੀ ਦਲ ਨਾਲੋਂ ਵੱਖ ਹੋਏ ਢੀਂਡਸਾ ਤੇ ਬ੍ਰਹਮਪੁਰਾ ਧੜਿਆਂ ਨਾਲ ਹੱਥ ਮਿਲਾ ਸਕਦੇ ਹਨ।

ਦੋ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਅਮਰਿੰਦਰ ਨੇ ਐਲਾਨ ਕੀਤਾ ਸੀ ਕਿ ਉਹ ‘ਆਪਣੇ ਲੋਕਾਂ ਤੇ ਆਪਣੇ ਸੂਬੇ’ ਦਾ ਭਵਿੱਖ ਸੁਰੱਖਿਅਤ ਬਣਾਉਣ ਤੱਕ ਟਿਕ ਕੇ ਨਹੀਂ ਬੈਠਣਗੇ। ਉਪ ਮੁੱਖ ਮੰਤਰੀ ਰੰਧਾਵਾ ਨੇ ਅਮਰਿੰਦਰ ਵੱਲੋਂ ਕੀਤੇ ਐਲਾਨ ਦੇ ਪ੍ਰਤੀਕਰਮ ਵਿੱਚ ਕਿਹਾ, ‘‘ਕੈਪਟਨ ਅਮਰਿੰਦਰ ਸਿੰਘ ਮੌਕਾਪ੍ਰਸਤ ਆਗੂ ਹਨ, ਜੋ ਸਿਰਫ਼ ਖ਼ੁਦ, ਆਪਣੇ ਪਰਿਵਾਰ ਤੇ ਆਪਣੇ ਦੋਸਤਾਂ ਬਾਰੇ ਹੀ ਸੋਚਦੇ ਹਨ।’’ ਅਮਰਿੰਦਰ ਵੱਲੋਂ ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੀਟਿੰਗ ਦੇ ਹਵਾਲੇ ਨਾਲ ਰੰਧਾਵਾ ਨੇ ਕਿਹਾ ਕਿ ਕੈਪਟਨ ਨੇ ਕਿਸਾਨ ਅੰਦੋਲਨ ਨੂੰ ਹੱਲ ਕਰਨ ਬਾਰੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਬੀਐੱਸਐੱਫ ਦਾ ਦਾਇਰਾ ਵਧਾਉਣ ਪਿੱਛੇ ਅਮਰਿੰਦਰ ਸਿੰਘ ਦਾ ਹੱਥ ਸੀ।

ਰੰਧਾਵਾ ਨੇ ਕਿਹਾ, ‘‘ਅਮਰਿੰਦਰ ਕਹਿੰਦੇ ਹਨ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ। ਮੈਂ ਕੈਪਟਨ ਸਾਹਿਬ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਜੇਕਰ ਇਹ ਸਰਹੱਦੀ ਸੂਬਾ ਸੀ ਤਾਂ ਫਿਰ ਟਿਫ਼ਨ ਬੰਬ ਤੇ ਡਰੋਨ ਕਿਉਂ ਆ ਰਹੇ ਸਨ। ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਨੂੰ ਕਿਉਂ ਨਹੀਂ ਰੋਕਿਆ ਗਿਆ।’’ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਨੂੰ ਪੰਜਾਬ ਨਾਲ ਦਗ਼ਾ ਕਮਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਅੱਜ ਉਨ੍ਹਾਂ ਨਾਲ ਲੋਕਾਂ ਨਾਲ ਖੜ੍ਹੇ ਹਨ ਜਿਨ੍ਹਾਂ ਕਦੇ ਵੀ ਪੰਜਾਬ ਦੀ ਭਲਾਈ ਬਾਰੇ ਨਹੀਂ ਸੋਚਿਆ।

ਉਨ੍ਹਾਂ ਕਿਹਾ, ‘‘ਪੰਜਾਬ ਪਾਕਿਸਤਾਨ ਜਾਂ ਚੀਨ ਤੋਂ ਨਹੀਂ ਡਰਦਾ। ਜੇਕਰ ਪੰਜਾਬ ਨੂੰ ਅੱਜ ਕੋਈ ਖ਼ਤਰਾ ਹੈ ਤਾਂ ਇਹ ਕੈਪਟਨ ਅਮਰਿੰਦਰ ਸਿੰਘ ਤੋਂ ਹੈ।’’ ਰੰਧਾਵਾ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਤਾਕਤ ਨਹੀਂ ਮਿਲੀ ਤਾਂ ਉਹ ਕਾਂਗਰਸ ਨਾਲ ਵਿਗੜ ਗਏ। ਅਮਰਿੰਦਰ ਸਿੰਘ ਨੇ ਨਵਜੋਤ    ਸਿੰਘ ਨਾਲ ਚਲਦੇ ਕਾਟੋ-ਕਲੇਸ਼ ਤੇ ਪਾਰਟੀ ’ਚ ਰਹੀ ਖਿੱਚੋਤਾਣ ਕਰਕੇ ਪਿਛਲੇ     ਮਹੀਨੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਪਾਰਟੀ ਹਾਈ ਕਮਾਨ ਨੇ ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਲਾਇਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਭਗਤ ਅਮਰਿੰਦਰ ਲਈ ਭਾਜਪਾ ਨੇ ਦਰ ਖੋਲ੍ਹੇ
Next articleਤਿੰਨ ਖੇਤੀ ਕਾਨੂੰਨ ਲਿਆਉਣ ਪਿੱਛੇ ਕਿਤੇ ਕੈਪਟਨ ਤੇ ਭਾਜਪਾ ਦੀ ਮਿਲੀਭੁਗਤ ਤਾਂ ਨਹੀਂ ਸੀ: ਕਾਂਗਰਸ