ਫਿਲੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਵੋਟਿੰਗ ਸਵੇਰੇ 8 ਵਜੇ ਤੋਂ ਸੁਰੂ ਹੋਈ। ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਮਤਦਾਨ ਸਾਂਤੀਪੂਰਵਕ ਚੱਲਿਆ। ਕੁਝ ਛੋਟੀਆਂ ਘਟਨਾਵਾਂ ਨੂੰ ਛੱਡ ਕੇ ਕਿਧਰੋਂ ਵੀ ਕੋਈ ਵੱਡੀ ਅਣਸੁਖਾਵੀਂ ਖਬਰ ਨਹੀਂ ਮਿਲੀ। ਕਈ ਥਾਵਾਂ ’ਤੇ ਸਵੇਰ ਤੋਂ ਹੀ ਪੋਲਿੰਗ ਸਟੇਸਨਾਂ ’ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ, ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਵੋਟ ਪਾਉਣ ਪਹੁੰਚੇ ਹਨ। ਕੁਝ ਪਰਿਵਾਰਕ ਮੈਂਬਰਾਂ ਨਾਲ ਪੋਲਿੰਗ ਸਟੇਸਨ ’ਤੇ ਪਹੁੰਚੇ ਅਤੇ ਕੁਝ ਨੇ ਇਕੱਲਿਆਂ ਹੀ ਆਪਣੀ ਵੋਟ ਪਾਈ। ਹਲਕਾ ਫਿਲੌਰ ਤੋਂ ਚੋਣ ਲੜ ਰਹੇ ਬਲਦੇਵ ਸਿੰਘ ਖੈਹਰਾ ਨੇ ਪਰਿਵਾਰ ਸਮੇਤ ਪਿੰਡ ਖੈਹਰਾ ਦੇ ਬੂਥ ਨੰਬਰ 186 ਵਿਖੇ ਵੋਟ ਪਾਈ।
ਬਲਦੇਵ ਸਿੰਘ ਖੈਹਰਾ ਸਮੇਤ ਪਰਿਵਾਰ ਨੇ ਵੋਟ ਪਾਉਣ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਲੋਕਤੰਤਰ ਦੇ ਤਿਉਹਾਰ ਦਾ ਦਿਨ ਹੈ ਤੇ ਲੋਕਾਂ ਵਿਚ ਨਵੀਂ ਸਰਕਾਰ ਚੁਣਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਲੋਕ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਮਜਬੂਤ ਸਰਕਾਰ ਚੁਣਨਗੇ। ਉਨਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਜਾਂ ਦੇਸ਼ ਨੂੰ ਟੁਕੜੇ ਟੁਕੜੇ ਕਰ ਕੇ ਸੱਤਾ ਹਾਸਲ ਕਰਨ ਦੀ ਲਾਲਸਾ ਰੱਖ ਰਹੇ ਹਨ, ਉਨਾਂ ਲੋਕਾਂ ਨੂੰ ਪੰਜਾਬੀ ਮੂੰਹ ਤੋੜ ਜਵਾਬ ਦੇਣਗੇ। ਬਲਦੇਵ ਸਿੰਘ ਖੈਹਰਾ ਨੇ ਕਿਹਾ ਕਿ ਨੌਜਵਾਨ ਵਰਗ ਨੇ ਆਪਣੇ ਸੁਨਹਿਰੇ ਭਵਿੱਖ ਲਈ ਅੱਜ ਵੋਟ ਪਾਈ, ਲੋਕਾਂ ਨੂੰ ਭਲੀਭਾਂਤ ਪਤਾ ਹੈ ਕਿ ਅੱਜ ਅਸੀਂ ਪੰਜਾਬ ਦੀ ਬਿਹਤਰੀ ਲਈ ਵੋਟ ਪਾਉਣ ਜਾਣਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly