“ਭਾਅ ਜੀ ਗੁਰਸ਼ਰਨ ਸਿੰਘ ਨੇ ਨਾਟਕ ਦੇ ਮਾਧਿਅਮ ਰਾਹੀਂ ਸਮਾਜਿਕ ਤਬਦੀਲੀ ਦੀ ਗੱਲ ਲੋਕਾਂ ਦੀ ਭਾਸ਼ਾ ‘ਚ ਕੀਤੀ” – ਪ੍ਰੋ. ਜਗਰੂਪ ਸਿੰਘ ਸੇਖੋਂ
ਕਰਨਲ ਬਲਦੇਵ ਸਿੰਘ ਸੰਘਾ ਨੇ ‘ਫ਼ੌਜੀ ਜੀਵਨ ‘ਤੇ ਇਕ ਝਾਤ’ ਵਿਸ਼ੇ ‘ਤੇ ਸੰਬੋਧਨ ਕੀਤਾ, ਕਵੀ-ਦਰਬਾਰ ਵੀ ਹੋਇਆ
ਰਮਿੰਦਰ ਵਾਲੀਆ
ਬਰੈਂਪਟਨ,(ਸਮਾਜ ਵੀਕਲੀ) (ਡਾ. ਝੰਡ) – ‘ਰੰਗਮੰਚ ਦੇ ਸ਼ਾਹਕਾਰ’ ਭਾਅ ਜੀ ਗੁਰਸ਼ਰਨ ਸਿੰਘ ਨੂੰ ਉਨ੍ਹਾਂ ਦੇ ਜਨਮ-ਦਿਨ ‘ਤੇ ਯਾਦ ਕਰਦਿਆਂ ਸਮਾਜਿਕ ਤਬਦੀਲੀ ਲਈ ਉਨ੍ਹਾਂ ਦੀ ਪੰਜਾਬੀ ਰੰਗਮੰਚ ਨੂੰ ਦੇਣ ਸਬੰਧੀ ਲੰਘੇ ਐਤਵਾਰ 15 ਸਤੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਸ਼ਾਨਦਾਰ ਸਮਾਗ਼ਮ ਦਾ ਆਯੋਜਨ ਕੀਤਾ ਗਿਆ। ਸਮਾਗ਼ਮ ਦੇ ਮੁੱਖ-ਬੁਲਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੋਲਿਟੀਕਲ ਸਾਇੰਸ ਦੇ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਡਾ. ਜਗਰੂਪ ਸਿੰਘ ਸੇਖੋਂ ਸਨ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਉਨ੍ਹਾਂ ਦੇ ਨਾਲ ਕਰਨਲ ਬਲਦੇਵ ਸਿੰਘ ਸੰਘਾ, ਕਿਰਪਾਲ ਸਿੰਘ ਪੰਨੂੰ ਤੇ ਕਰਨ ਅਜਾਇਬ ਸਿੰਘ ਸੰਘਾ ਸ਼ੁਸ਼ੋਭਿਤ ਸਨ। 28 ਸਤੰਬਰ ਨੂੰ ਆ ਰਹੇ ਸ਼ਹੀਦ ਭਗਤ ਸਿੰਘ ਦੇ 117’ਵੇਂ ਜਨਮ-ਦਿਨ ਨੂੰ ਸਮੱਰਪਿਤ ਇਸ ਸਮਾਗ਼ਮ ਦੇ ਸੰਚਾਲਕ ਮਲੂਕ ਸਿੰਘ ਕਾਹਲੋਂ ਵੱਲੋਂ ਸਮਾਗ਼ਮ ਦੀ ਰੂਪ-ਰੇਖਾ ਦੱਸਣ ਤੋਂ ਬਾਅਦ ਉਨ੍ਹਾਂ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੂੰ ਆਏ ਮਹਿਮਾਨਾਂ ਤੇ ਸਾਹਿਤ-ਪ੍ਰੇਮੀਆਂ ਦਾ ਧੰਨਵਾਦ ਕਰਨ ਲਈ ਬੇਨਤੀ ਕੀਤੀ ਜਿਨ੍ਹਾਂ ਨੇ ਰਸਮੀ ਧੰਨਵਾਦ ਕਰਨ ਦੇ ਨਾਲ ਨਾਲ ਸਮਾਗ਼ਮ ਦੇ ਦੋਹਾਂ ਬੁਲਾਰਿਆਂ ਬਾਰੇ ਸੰਖੇਪ ਜਾਣ-ਪਛਾਣ ਵੀ ਕਰਵਾਈ।
ਉਪਰੰਤ, ਸਮਾਗ਼ਮ ਦੇ ਪਹਿਲੇ ਬੁਲਾਰੇ ਡਾ. ਜਗਰੂਪ ਸਿੰਘ ਸੇਖੋਂ ਨੇ ਆਪਣੀ ਗੱਲ ਸ਼ਹੀਦ ਭਗਤ ਸਿੰਘ ਤੋਂ ਆਰੰਭ ਕਰਦਿਆਂ ਕਿਹਾ ਕਿ ਭਗਤ ਸਿੰਘ ਦਾ ‘ਭਗਤ ਸਿੰਘ’ ਬਣਨਾ ‘ਖ਼ਲਾਅ’ (ਵੈਕਿਊਮ) ‘ਚ ਆਰੰਭ ਨਹੀਂ ਹੋਇਆ, ਸਗੋਂ ਇਹ ਤਾਂ ‘ਸਮਾਜਿਕ ਤਾਣੇ-ਬਾਣੇ’ ਦੀ ਉਪਜ ਸੀ। ਉਨ੍ਹਾਂ ਆਖਿਆ ਕਿ ਪਰਿਵਾਰ ਮਨੁੱਖ ਦੀ ਸੱਭ ਤੋਂ ਪਹਿਲੀ ਤੇ ਵੱਡੀ ‘ਸਿਖਲਾਈ ਏਜੰਸੀ’ ਹੈ ਅਤੇ ਭਗਤ ਸਿੰਘ ਦੇ ਵਿਚਾਰਾਂ ਵਿਚ ਉਸ ਦੇ ਪਰਿਵਾਰ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਇਨ੍ਹਾਂ ਵਿਚਾਰਾਂ ਵਿੱਚੋਂ ਹੀ ਗੁਰਸ਼ਰਨ ਸਿੰਘ ਦੀ ਵਿਚਾਰਧਾਰਾ ਨੇ ਜਨਮ ਲਿਆ ਅਤੇ ਉਨ੍ਹਾਂ ‘ਕੈਮੀਕਲ ਇੰਜੀਨੀਅਰ’ ਦੇ ਉੱਚ-ਅਹੁਦੇ ਨੂੰ ਠੋਕਰ ਮਾਰ ਕੇ ਨਾਟਕਾਂ ਦੇ ਮਾਧਿਅਮ ਰਾਹੀਂ ਸਮਾਜਿਕ ਬਰਾਬਰੀ (ਸੋਸ਼ਲਿਜ਼ਮ) ਦਾ ਹੋਕਾ ਘਰ-ਘਰ ਪਹੁੰਚਾਉਣ ਲਈ ‘ਅੰਮ੍ਰਿਤਸਰ ਨਾਟਕ ਕਲਾ ਕੇਂਦਰ’ ਦੀ ਸਥਾਪਨਾ ਕੀਤੀ ਜਿਸ ਨੇ ਦੂਰ-ਦੁਰਾਢੇ ਪਿੰਡਾਂ ਵਿਚ ਜਾ ਕੇ ਬੈਲ-ਗੱਡੀਆਂ ਦੀਆਂ ਪਿੱਠਾਂ ਜੋੜ ਕੇ ਬਣਾਈਆਂ ਗਈਆਂ ਸਧਾਰਨ ਸਟੇਜਾਂ ਉੱਪਰ ਨਾਟਕ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਭਾਅ ਜੀ ਨੇ ਆਪਣੇ ਨਾਟਕਾਂ ਵਿਚ ਸਮਾਜਿਕ ਤੇ ਸੱਭਿਆਚਾਰਕ ਤਬਦੀਲੀ ਦੀ ਗੱਲ ਲੋਕਾਂ ਦੀ ਭਾਸ਼ਾ ਵਿਚ ਕੀਤੀ। ਉਨ੍ਹਾਂ ਦਾ ਮਕਸਦ ਲੋਕਾਂ ਦੀ ਵਿਚਾਰਧਾਰਕ ਪ੍ਰਪੱਕਤਾ, ਸਮਾਜਿਕ ਬਰਾਬਰੀ ਅਤੇ ਸੱਤਾ ਦੀ ਸਾਂਝ ਸੀ। ਉਹ ਪੇਂਡੂ-ਧੁਰੇ ਨੂੰ ਆਧੁਨਿਕਤਾ ਦਾ ਕੇਂਦਰ ਬਨਾਉਣਾ ਚਾਹੁੰਦੇ ਸੀ। ਏਸੇ ਲਈ ਉਨ੍ਹਾਂ ਨੇ ਆਪਣੇ ਬਹੁਤ ਨਾਟਕ ਪਿੰਡਾਂ ਵਿਚ ਖੇਡੇ। ਨਾਟਕਾਂ ਰਾਹੀਂ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਨੌਜੁਆਨਾਂ ਨੂੰ ਨਵੀਂ ਸੇਧ ਦਿੱਤੀ ਅਤੇ ਉਨ੍ਹਾਂ ਨੂੰ ਇੱਕ-ਮੁੱਠ ਕੀਤਾ।
ਡਾ. ਸੇਖੋਂ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਾਂਗ ਭਾਅ ਜੀ ਗੁਰਸ਼ਰਨ ਸਿੰਘ ਸਮਾਜ ਵਿਚ ਤਬਦੀਲੀ ਲਿਆਉਣ ਵਾਲੇ ਇਨਕਲਾਬੀ ਵਿਚਾਰਾਂ ਦੇ ਧਾਰਨੀ ਸਨ ਅਤੇ ਉਨ੍ਹਾਂ ਨੇ ਇਹ ਸੁਨੇਹਾ ਆਪਣੇ ਨਾਟਕਾਂ ਰਾਹੀਂ ਆਮ ਲੋਕਾਂ ਤੀਕ ਬਾਖ਼ੂਬੀ ਪਹੁੰਚਾਇਆ। ਇਸ ਦੇ ਨਾਲ ਹੀ ਉਨ੍ਹਾਂ 1975 ਵਿਚ ਭਾਅ ਜੀ ਦੇ ਨਾਟਕ ‘ਜੱਗ ਚਾਨਣ ਹੋਆ’, ‘ਇਹ ਲਹੂ ਕਿਸਦਾ ਹੈ?’ ਤੇ ‘ਤੂਤਾਂ ਵਾਲਾ ਖੂਹ’ ਆਪਣੇ ਪਿੰਡ ਚੌਹਾਨ (ਜ਼ਿਲਾ ਅੰਰਿਤਸਰ) ਵਿਖੇ ਕਰਵਾਉਣ ਦਾ ਵੀ ਜ਼ਿਕਰ ਕੀਤਾ। ਪ੍ਰੋ. ਜਗੀਰ ਸਿੰਘ ਕਾਹਲੋਂ ਕਿਹਾ ਕਿ ਗੁਰਸ਼ਰਨ ਸਿੰਘ ਹੁਰਾਂ ਦੇ ਵਿਚਾਰਾਂ ਦੀ ਲਗਾਤਾਰਤਾ ਉਨ੍ਹਾਂ ਦੇ ਨਾਟਕਾਂ ਵਿਚ ਬਰਕਰਾਰ ਰਹੀ। ਕਿਰਪਾਲ ਸਿੰਘ ਪੰਨੂੰ ਨੇ ਭਾਅ ਜੀ ਦੇ ਨਾਟਕਾਂ ਦੇ ਲੋਕਾਂ ‘ਤੇ ਪਏ ਹਾਂ-ਪੱਖੀ ਪ੍ਰਭਾਵ ਦੀ ਗੱਲ ਕੀਤੀ।
ਸਮਾਗ਼ਮ ਦੇ ਦੂਸਰੇ ਬੁਲਾਰੇ ਕਰਨਲ ਬਲਦੇਵ ਸਿੰਘ ਨੇ ਫ਼ੌਜੀ ਜੀਵਨ ਦੀਆਂ ਝਲਕੀਆਂ ਪੇਸ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਪਣੇ ਪਿਤਾ ਜੀ ਦੇ ਅਨੁਸ਼ਾਸਿਤ ਫ਼ੌਜੀ ਜੀਵਨ ਤੋਂ ਪ੍ਰਭਾਵਿਤ ਹੋ ਕੇ ਫ਼ੌਜ ਵਿਚ ਜਾਣ ਦਾ ਫ਼ੈਸਲਾ ਕੀਤਾ ਜੋ ਐਜੂਕੇਸ਼ਨ ਕੋਰ ਵਿਚ ਉੱਚ-ਅਫ਼ਸਰ ਸਨ। ਉਨ੍ਹਾਂ ਕਿਹਾ ਕਿ ਇਨਸਾਨ ਆਪਣੀ ਦਸਤਾਰ, ਰਫ਼ਤਾਰ ਤੇ ਗੁਫ਼ਤਾਰ ਤੋਂ ਪਛਾਣਿਆਂ ਜਾਂਦਾ ਹੈ। ਫ਼ੌਜ ਜਵਾਨ ਨੂੰ ’ਯੰਗਮੈਨ’ ਤੋਂ ‘ਜੈਂਟਲਮੈਨ’ ਬਣਾਉਂਦੀ ਹੈ ਅਤੇ ਫਿਰ ਉਹ ਸਾਰੀ ਉਮਰ ‘ਜੈਂਟਲਮੈਨ’ ਬਣਿਆ ਰਹਿੰਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਫ਼ੌਜ ਵਿਚ ਔਰਤ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਹੈ। ਵੱਡੇ ਤੋਂ ਵੱਡਾ ਅਫ਼ਸਰ, ਇੱਥੋਂ ਤੱਕ ਕਿ ਜਨਰਲ ਵੀ ਛੋਟੇ ਅਫ਼ਸਰਾਂ ਤੇ ਜਵਾਨਾਂ ਦੀਆਂ ਪਤਨੀਆਂ ਨੂੰ ਪੂਰਾ ਇੱਜ਼ਤ-ਮਾਣ ਦਿੰਦੇ ਹਨ। ਆਜ਼ਾਦੀ ਦੇ ਪਰਵਾਨਿਆਂ ਦੀ ਗੱਲ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਅੰਮ੍ਰਿਤ ਢਿੱਲੋਂ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ।
ਸੈਸ਼ਨ ਨੂੰ ਸੰਕੋਚਦਿਆਂ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਨੇ ਕਿਹਾ ਕਿ ਗੁਰਸ਼ਰਨ ਸਿੰਘ ਹੁਰਾਂ ਦੇ ਨਾਂ ਨਾਲ ਲੱਗਾ ਲਕਬ ‘ਭਾਅ ਜੀ’ ਉਨ੍ਹਾਂ ਦੀ ਵੱਖਰੀ ਪਹਿਚਾਣ ਬਣ ਗਿਆ। ਉਨ੍ਹਾਂ ਨਾਲੋਂ ਅੱਧੀ ਉਮਰ ਦੇ ਨੌਜੁਆਨ ਵੀ ਉਨ੍ਹਾਂ ਨੂੰ ‘ਭਾਅ ਜੀ’ ਕਹਿ ਕੇ ਹੀ ਸੰਬੋਧਨ ਕਰਦੇ ਸਨ। ਸਮਾਜਿਕ ਤਬਦੀਲੀ ਦੇ ਮਾਰਗ ਵਿਚ ਭਾਅ ਜੀ ਨੇ ਨਾਟਕਾਂ ਦਾ ਮਹਾਨ ਯੋਗਦਾਨ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕਰਨਲ ਬਲਦੇਵ ਸਿੰਘ ਹੁਰਾਂ ਨੇ ਫ਼ੌਜੀ ਜੀਵਨ ਉੱਪਰ ਬਹੁਤ ਵਧੀਆ ਪੰਛੀ-ਝਾਤ ਪਵਾਈ ਹੈ ਅਤੇ ਫ਼ੌਜੀ ਜੀਵਨ ਨਾਲ ਸਬੰਧਿਤ ਬਹੁ-ਮੁੱਲੀਆਂ ਧਾਰਨਾਵਾਂ ਤੋਂ ਜਾਣੂੰ ਕਰਵਾਇਆ ਹੈ।
ਸਮਾਗ਼ਮ ਦੇ ਦੂਸਰੇ ਸੈਸ਼ਨ ਵਿਚ ਕਵੀ-ਦਰਬਾਰ ਹੋਇਆ ਜਿਸ ਦਾ ਸੰਚਾਲਨ ਸਭਾ ਦੇ ਕੋਆਰਡੀਨੇਟਰ ਪ੍ਰੋ. ਤਲਵਿੰਦਰ ਮੰਡ ਵੱਲੋਂ ਕੀਤਾ ਗਿਆ। ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿਚ ਪ੍ਰੋੜ੍ਹ-ਕਵੀ ਗੁਰਦੇਵ ਚੌਹਾਨ, ਪ੍ਰੋ. ਜਗੀਰ ਸਿੰਘ ਕਾਹਲੋਂ, ਸ਼ਾਇਰ ਮਲਵਿੰਦਰ ਅਤੇ ਡਾ. ਸੁਰਿੰਦਰਜੀਤ ਕੌਰ ਸਨ। ਮੰਚ- ਸੰਚਾਲਕ ਵੱਲੋਂ ਸੱਭ ਤੋਂ ਪਹਿਲਾਂ ਪ੍ਰੀਤਮ ਧੰਜਲ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਦੀ ਲਾਸਾਨੀ ਕੁਰਬਾਨੀ ਸਬੰਧੀ ਆਪਣੀ ਉਰਦੂ ਨਜ਼ਮ ‘ਹਮ ਕੱਲ੍ਹ ਨਾ ਯਹਾਂ ਹੋਂਗੇ, ਨਾ ਜਾਨੇ ਕਹਾਂ ਹੋਂਗੇ’ ਸੁਣਾਈ। ਉਪਰੰਤ, ਵਾਰੋ-ਵਾਰੀ ਰਿੰਕੂ ਭਾਟੀਆ, ਇਕਬਾਲ ਬਰਾੜ, ਰੂਬੀ ਕਰਤਾਰਪੁਰੀ, ਮਕਸੂਦ ਚੌਧਰੀ, ਹਰਪਾਲ ਸਿੰਘ ਭਾਟੀਆ, ਜਗਮੋਹਨ ਸਿੰਘ ਸੰਘਾ, ਕਰਨੈਲ ਸਿੰਘ ਮਰਵਾਹਾ, ਕਰਨ ਅਜਾਇਬ ਸੰਘਾ, ਹਰਦਿਆਲ ਝੀਤਾ, ਹਰਮੇਸ਼ ਜੀਂਦੋਵਾਲ, ਸੁਖਦੇਵ ਝੰਡ, ਹਰਪਾਲ ਸਿੰਘ ਰਾਮਦਿਵਾਲੀ, ਰਮਿੰਦਰ ਰੰਮੀ ਅਤੇ ਪ੍ਰਧਾਨਗੀ-ਮੰਡਲ ਵਿਚ ਸ਼ਾਮਲ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਦਲਬੀਰ ਸਿੰਘ ਕਥੂਰੀਆ ਵੱਲੋਂ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਬਰੈਂਪਟਨ ਵਿਚ ਕਰਵਾਈ ਗਈ ‘ਦੂਸਰੀ ਵਿਸ਼ਵ ਪੰਜਾਬੀ ਕਾਨਫ਼ਰੰਸ’ ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਯੋਗਦਾਨ ਪਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਮਲੂਕ ਸਿੰਘ ਕਾਹਲੋਂ ਵੱਲੋਂ ਸਮਾਗ਼ਮ ਦੇ ਸਮੂਹ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਰੋਤਿਆਂ ਵਿਚ ‘ਪੰਜਾਬੀ ਦੁਨੀਆਂ ਟੀ.ਵੀ. ਦੇ ਸੰਚਾਲਕ ਹਰਜੀਤ ਸਿੰਘ ਗਿੱਲ, ਪ੍ਰਿੰਸੀਪਲ ਸਰਵਣ ਸਿੰਘ, ਪ੍ਰੋ. ਇੰਦਰਦੀਪ ਸਿੰਘ, ਪ੍ਰੋ. ਸੰਤੋਖ ਸਿੰਘ ਔਜਲਾ, ਡਾ. ਸੋਹਣ ਸਿੰਘ ਪਰਮਾਰ, ਅਜੀਤ ਸਿੰਘ ਲਾਇਲ, ਹਰਜੀਤ ਸਿੰਘ ਬਾਜਵਾ (ਬਟਾਲਾ), ਪਰਸ਼ੋਤਮ ਸਿੰਘ, ਮਹਿੰਦਰ ਸਿੰਘ ਪੱਡਾ, ਪ੍ਰਭਜੋਤ ਸਿੰਘ, ਸ਼ਿੰਦਰਪਾਲ ਸਿੰਘ, ਹਰਮਨਜੀਤ ਮਾਹਲ, ਅਮਰਜੀਤ ਸਿੰਘ ਬਾਈ, ਗੁਰਪ੍ਰੀਤ ਸਿੰਘ ਬਾਠ, ਸੁਖਜਿੰਦਰ ਸਿੰਘ ਮੱਲ੍ਹੀ, ਅਮਰਦੀਪ ਮੰਡੇਰ, ਸਰਬਜੀਤ ਕੌਰ ਕਾਹਲੋਂ, ਗੁਰਬਿੰਦਰ ਕੌਰ ਬਾਠ, ਮਿਸਿਜ਼ ਅਮਰਜੀਤ ਬਾਈ, ਮਨਜੀਤ ਕੌਰ ਤੇ ਕਈ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ। ਇਹ ਖ਼ਬਰ ਡਾ . ਸੁਖਦੇਵ ਸਿੰਘ ਝੰਡ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।ਸਰਬਜੀਤ ਕੌਰ ਕਾਹਲੋਂ, ਗੁਰਬਿੰਦਰ ਕੌਰ ਬਾਠ, ਮਿਸਿਜ਼ ਅਮਰਜੀਤ ਬਾਈ, ਮਨਜੀਤ ਕੌਰ ਤੇ ਕਈ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ। ਇਹ ਖ਼ਬਰ ਡਾ . ਸੁਖਦੇਵ ਸਿੰਘ ਝੰਡ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly