ਓਟਵਾ (ਸਮਾਜ ਵੀਕਲੀ): ਓਟਵਾ ਤੋਂ ਸ਼ੁਰੂ ਹੋਏ ‘ਆਜ਼ਾਦੀ ਅੰਦੋਲਨ’ ਦੇ ਮੁੱਖ ਪ੍ਰਬੰਧਕਾਂ ਵਿੱਚ ਸ਼ਾਮਲ ਮੰਨੀ ਜਾਂਦੀ ਟਮਾਰਾ ਲਿਚ (49) ਨੂੰ ਜੱਜ ਨੇ ਜ਼ਮਾਨਤ ’ਤੇ ਰਿਹਾਅ ਕਰਨ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਹ ਬਾਹਰ ਜਾ ਕੇ ਲੋਕਾਂ ਨੂੰ ਫਿਰ ਭੜਕਾਏਗੀ। ਉਸ ਦੀ ਅਗਲੀ ਪੇਸ਼ੀ 2 ਮਾਰਚ ਨੂੰ ਹੈ। ਫੜੇ ਗਏ ਦੂਜੇ ਆਗੂ ਪੈਟ ਕਿੰਗ (44) ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅੱਗੇ ਪਾ ਦਿੱਤੀ ਗਈ। ਓਟਵਾ ਦੀ ਜੱਜ ਮਿਸ ਜੂਲੀ ਬੌਰਗੀਅਸ ਨੇ ਖਦਸ਼ਾ ਪ੍ਰਗਟਾਇਆ ਕਿ ਟਮਾਰਾ ਲਿਚ ਰਿਹਾਅ ਹੋ ਕੇ ਫਿਰ ਤੋਂ ਉਹੀ ਕਰੇਗੀ, ਜਿਸ ਦੋਸ਼ ਹੇਠ ਉਹ ਹਿਰਾਸਤ ਵਿੱਚ ਹੈ। ਉਸ ਵਿਰੁੱਧ ਲੋਕਾਂ ਨੂੰ ਭੜਕਾ ਕੇ ਕਾਨੂੰਨ ਨਾਲ ਖਿਲਵਾੜ ਕਰਨ ਦੇ ਦੋਸ਼ ਹਨ। ਉਸ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਹੋਈ। ਜੱਜ ਨੇ ਟਿੱਪਣੀ ਕੀਤੀ ਕਿ ਉਸ ਦੇ ਜ਼ਮਾਨਤੀ ਬਾਂਡ ਭਰਨ ਦੇ ਸਰੋਤ ਸ਼ੱਕੀ ਹਨ। ਹਿਰਾਸਤ ਦੌਰਾਨ ਉਸ ’ਤੇ ਹੋਰ ਆਗੂਆਂ ਨਾਲ ਸੰਪਰਕ ਕਰਨ ’ਤੇ ਪਾਬੰਦੀ ਰਹੇਗੀ।
ਗ੍ਰਿਫ਼ਤਾਰ ਦੂਜੇ ਆਗੂ ਪੈਟ ਕਿੰਗ ਦੀ ਜ਼ਮਾਨਤ ਅਰਜ਼ੀ ਉਤੇ ਸੁਣਵਾਈ ਮੌਕੇ ਇਸਤਗਾਸਾ ਵਕੀਲ ਨੇ ਅਦਾਲਤ ਵਿੱਚ ਉਹ ਵੀਡੀਓ ਚਲਾ ਕੇ ਵਿਖਾਈਆਂ, ਜਿਸ ਵਿੱਚ ਉਹ ਭਾਈਚਾਰਕ ਨਫ਼ਰਤ ਤੇ ਵਿਤਕਰੇ ਪਾਉਣ ਵਾਲੀ ਨਾਅਰੇਬਾਜ਼ੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਪੈਟ ਕਿੰਗ ਵੱਲੋਂ ਦੋ ਵਾਰ ਅਦਾਲਤੀ ਕਾਰਵਾਈ ਵਿੱਚ ਵਿਘਨ ਪਾਉਣ ਕਾਰਨ ਉਸ ਦੇ ਵਕੀਲ ਨੇ ਉਸ ਨੂੰ ਚੁੱਪ ਰਹਿਣ ਲਈ ਆਖਿਆ। ਟਮਾਰਾ ਲਿਚ ਦੀ ਪਿਛਲੀ ਪੇਸ਼ੀ ’ਤੇ ਉਸ ਦੇ ਓਟਵਾ ਛੱਡ ਜਾਣ ਅਤੇ ਘਰ ਜਾ ਕੇ ਪਰਿਵਾਰ ਨਾਲ ਰਹਿਣ ਦੀ ਗੱਲ ’ਤੇ ਜੱਜ ਨੇ ਇਤਬਾਰ ਨਹੀਂ ਕੀਤਾ ਸੀ। ਉਹ ਅਤੇ ਪੈਟ ਕਿੰਗ ਦੋਵੇਂ ਅਲਬਰਟਾ ਵਾਸੀ ਹਨ। ਦੂਜੇ ਪਾਸੇ ਓਟਵਾ ਵਿੱਚ ਹੁਣ ਸ਼ਾਂਤੀ ਹੋਣ ਤੋਂ ਬਾਅਦ ਵੀ ਉੱਥੇ ਪੁਲੀਸ ਮੁਸਤੈਦ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly