(ਸਮਾਜ ਵੀਕਲੀ)
ਦੱਸਦਾਂ ਕਹਾਣੀ ਸਾਰੀ ਇੰਨ ਬਿੰਨ ਜੀ !
ਲੰਘਦੇ ਕਨੇਡਾ ਵਿੱਚ ਕਿਵੇਂ ਦਿਨ ਜੀ !
ਛੱਡਿਆ ਪੰਜਾਬ, ਪੈਲੀ ਵੇਚ ਵੱਟ ਕੇ।
ਆ ਗਿਆ ਕਨੇਡਾ, ਜਰ੍ਹਾ ਵੀ ਨਾ ਅਟਕੇ।
ਦੋ ਕੁ ਦਿਨਾਂ ‘ਚ ਲਹਿ ਗਿਆ ਥਕੇਵਾਂ ਸੀ।
ਫਿਰ ਸ਼ੁਰੂ ਹੋਇਆ ਜ਼ਿੰਦਗੀ ‘ਚ ਅਕੇਵਾਂ ਜੀ।
ਵਾਹਵਾ ਭੱਜ ਦੌੜ ਕਰ ਕੰਮ ਲੱਭਿਆ।
ਸਮੇਂ ਸਿਰ ਪਹੁੰਚਾ, ਕਰੀ ਨਾ ਅਵੱਗਿਆ।
ਗੁਰੂ ਘਰ ਕੀਤੀ ਅਰਦਾਸ ਹੱਥ ਜੋੜ ਕੇ।
ਵਾਹਵਾ ਸਾਰੀ ਆਵਾਂ ਅੱਜ ਬਲਿਊ ਬੇਰੀ ਤੋੜ ਕੇ।
ਪਹੁੰਚਾ ਜਦ ਫਾਰਮ ‘ਚ, ਆਸੇ-ਪਾਸੇ ਤੱਕਿਆ।
ਛੇਤੀ ਕੀਤੇ ਹੋਰਾਂ ਨੂੰ ਪਛਾਣ ਵੀ ਨਾ ਸਕਿਆ।
ਹੌਲੀ-ਹੌਲੀ ਸਭਨਾਂ ਨਾ ਹੋਈ ਮੁਲਾਕਾਤ।
ਕੌਣ ਕਿਥੋਂ ਪਤਾ ਲੱਗਾ ਕਿਹੜੀ ਜ਼ਾਤ-ਪਾਤ।
ਪੁੱਤ ਸਰਦਾਰਾਂ ਦੇ ਤੇ ਅਫ਼ਸਰ ਸਰਕਾਰੀ ਜੀ।
ਕਰਦੇ ਦਿਹਾੜੀ ਥਾਣੇਦਾਰ ਪਟਵਾਰੀ ਜੀ।
ਮੈਂਬਰ ਸਰਪੰਚ ਭਰੀ ਜਾਂਦੇ ਨੇ ਕਰੇਟ।
ਡਿਪਟੀ ਵੀ ਸਮੇਂ ਤੋਂ ਨਾ ਹੋਵੇ ਭੋਰਾ ਲੇਟ।
ਇੱਕ ਦੂਜੇ ਨਾਲ ਜ਼ਿਦ-ਜ਼ਿਦ ਬੇਰੀ ਤੋੜਦੇ।
ਨਾਲੋਂ ਨਾਲ ਗੱਲ਼ਾਂ ਦੇ ਪਹਾੜ ਜਾਣ ਰੋੜ੍ਹਦੇ।
ਹਫ਼ਤੇ ‘ਚ ਸੱਤੇ ਦਿਨ ਕੰਮ ਉੱਤੇ ਜਾਂਦੇ ਸਾਂ।
ਰੋਟੀ ਪਾਣੀ ਬੱਸ ਬਹਿ ਕੇ ਵੱਟਾਂ ਉੱਤੇ ਖਾਂਦੇ ਸਾਂ।
ਬਾਰਾਂ ਮਹੀਨੇ ਤੀਹ ਦਿਨ ਏਹੋ ਹਾਲ ਰਹਿੰਦਾ ਸੀ।
ਫ਼ਾਰਮ ਦਾ ਮਾਲਕ ਸਾਡੀ ਜਾਨ ਕੱਢ ਲੈਂਦਾ ਸੀ।
ਥੱਕੇ ਟੁੱਟੇ ਹੋਏ ਘਰ ਮੁੜਦੇ ਸਾਂ ਸ਼ਾਮ ਨੂੰ।
ਯਾਦ ਕਰ ਝੁਰਦੇ ਸਾਂ ਪਿੱਛਲੇ ਗਰਾਮ ਨੂੰ।
ਚੰਗੇ ਭਲੇ ਵੱਸਦੇ, ਨਜ਼ਾਰਾ ਬੜਾ ਲੈਂਦੇ ਸਾਂ।
ਮਰਜ਼ੀ ਨਾ ਉੱਠਦੇ ਤੇ ਮਰਜ਼ੀ ਨਾ ਪੈਂਦੇ ਸਾਂ।
ਪਰ ਏਥੇ ਸਮੇਂ ਸਿਰ ਉਠਣਾ ਤੇ ਜਾਣਾ ਪੈਂਦਾ।
ਬੇਹਾ ਤਰਬੇਹਾ ਦੋ ਦਿਨਾਂ ਦਾ ਵੀ ਖਾਣਾ ਪੈਂਦਾ।
ਪਾਣੀ, ਗੈਸ, ਬਿਜਲੀ, ਗਰੌਸਰੀ ਦੇ ਬਿੱਲਾਂ ਨੇ।
ਰਹਿੰਦੀ ਖੂੰਹਦੀ ਕੱਢ ‘ਤੀ ਕਸਰ ਆਰਾ ਮਿੱਲਾਂ ਨੇ।
ਕਾਰ, ਬੀਮਾ, ਘਰ ਦੀ ਕਿਸ਼ਤ, ਖਰਚ ਬਾਲਾਂ ਦਾ।
ਪਲਾਂ ਵਿੱਚ ਬੀਤ ਗਿਆ ਸਫ਼ਰ ਕਈ ਸਾਲਾਂ ਦਾ।
ਬੱਚੇ ਪੜ੍ਹ ਲਿਖ ਕੇ ਉਡਾਰੀ ਗਏ ਮਾਰ ਨੇ।
ਰੀਝਾਂ ਨਾ ਬਣਾਏ ਘਰ, ਬਣ ਗਏ ਉਜਾੜ ਨੇ।
‘ਕੱਲਾ ਬਹਿ ਕੇ ਸੋਚਾਂ, ਕੀ ਖੱਟਿਆ ਗਵਾਇਆ ਏ ?
ਖੱਟਿਆ ਨ੍ਹੀਂ ਕੁਝ, ਬੱਸ ਗਵਾਇਆ ਈ ਗਵਾਇਆ ਏ।
ਸੋਚ-ਸੋਚ ਝੁਰਾਂ, ਨਿੱਤ ਨਵੀਂ ਮੌਤ ਮਰਦਾ।
ਵਾਪਸ ਮੁੜਨ ਨੂੰ ਹਾਏ ! ਜੀਅ ਬੜਾ ਕਰਦਾ।
‘ਭੁੱਲੜਾ’ ਕਨੇਡਾ ਅਤੇ ਡਾਲਰਾਂ ਨੇ ਮੋਹ ਲਿਆ।
ਮੈਥੋਂ ਮੇਰਾ ਏਸ ਨੇ ਪੰਜਾਬ ਸੋਹਣਾ ਖੋਹ ਲਿਆ।
ਸੁਖਦੇਵ ਸਿੰਘ ਭੁੱਲੜ
ਸੁਰਜੀਤ ਪੁਰਾ ਬਠਿੰਡਾ
9417046117