(ਸਮਾਜ ਵੀਕਲੀ)- ਸਾਡੇ ਘਰ ਚੋਰੀ ਹੋ ਗਈ ਸੀ। ਪੁਲਸ ਵਾਲੇ ਸਾਨੂੰ ਸਲਾਹ ਦੇ ਗਏ ਕਿ ਤੁਸੀ ਕੁੱਤਾ ਰੱਖੋ। ਕਹਿੰਦੇ ਬਈ ਸਿਪਾਹੀ ਥੋੜੇ ਆ ਤੇ ਹਰ ਥਾਂ ਨਹੀਂ ਰਹਿ ਸਕਦੇ ਸੋ ਕੁੱਤਾ ਰੱਖੋ। ਮੈਂ ਪਿੰਡ ਦੇ ਸਕੂਲ ਵਿੱਚ ਪੜ੍ਹਾਉਂਦੀ ਸੀ। ਸਕੂਲ ਵਿੱਚ ਨਾਲ ਦੇ ਅਧਿਆਪਕ ਨੂੰ ਇਹ ਗੱਲ ਦੱਸੀ। ਬੱਚਿਆਂ ਨੇ ਦੂਜੇ ਦਿਨ ਸਵੇਰੇ ਦੋ ਨਿੱਕੇ ਨਿੱਕੇ ਕਤੂਰੇ ਲਿਆਂਦੇ ਹੋਏ ਸਨ। ਹੁਣ ਧਰਮ ਸੰਕਟ ਵਾਲੀ ਹਾਲਤ ਹੋ ਗਈ। ਦੋਨੋਂ ਬੜੇ ਪਿਆਰੇ ਸੀ।ਮੈਂ ਪਤੀ ਨੂੰ ਫੋਨ ਕੀਤਾ ਕਿ ਮੈਨੂੰ ਲੈਣ ਆ ਜਾਣ। ਛੁੱਟੀ ਵੇਲੇ ਦੋਵੇਂ ਕਤੂਰੇ ਨਾਲ ਘਰ ਲੈ ਆਏ। ਪਿਤਾ ਜੀ ਬੜੇ ਖੁਸ਼ ਕਹਿੰਦੇ ਭਾਈ ਪ੍ਰਾਹੁਣੇ ਆਏ ਨਿੱਕੇ ਜਿਹੇ। ਇੱਕ ਦਾ ਨਾਂ ਰੱਖਿਆ ਸੀਜ਼ਰ ਤੇ ਦੂਜੇ ਦਾ ਟਾਈਗਰ। ਦੋਨਾਂ ਦਾ ਨਵਾਂ ਸਮਾਂ ਲਿਆਂਦਾ। ਮੰਮੀ ਕਹਿਣ ਲੱਗੇ ਮੇਰੇ ਲਈ ਦੋਹਾਂ ਨੂੰ ਸੰਭਾਲਣਾ ਔਖਾ ਇੱਕ ਰੱਖ ਲਓ। ਫਿਰ ਧਰਮ ਸੰਕਟ ਹੁਣ ਕਿਸਨੂੰ ਰੱਖੀਏ ਤੇ ਕਿਸਨੂੰ ਛੱਡੀਏ। ਪਿਤਾ ਜੀ ਕਹਿੰਦੇ ਦੋਹਾਂ ਨੂੰ ਹੀ ਰੱਖੋ।ਅਖੀਰ ਮੈਂ ਸੋਚਿਆ ਦੋਹਾਂ ਨੂੰ ਵਾਪਿਸ ਛੱਡ ਆਉਂਦੇ। ਫੇਰ ਪਤੀ ਨੂੰ ਕਿਹਾ ਕਿ ਮੈਨੂੰ ਸਕੂਲ ਛੱਡ ਕੇ ਆਓ। ਦੋਹਾਂ ਨੂੰ ਦੋ ਬੱਚਿਆਂ ਨੇ ਲੈ ਲਿਆ।ਮੈਂ ਬੱਚਿਆਂ ਨੂੰ ਕੁਝ ਪੈਸੇ ਦਿੱਤੇ ਕਿ ਇਹਨਾਂ ਨੂੰ ਖਾਵਾ ਪਿਆ ਦਿਓ।ਮਨ ਬੜਾ ਪਰੇਸ਼ਾਨ ਸੀ।ਰਾਤ ਨੂੰ ਬਹੁਤ ਰੋਈ।ਸਾਰੇ ਹੀ ਉਦਾਸ ਸਨ। ਅਗਲੇ ਦਿਨ ਛੁੱਟੀ ਸੀ। ਇੱਕ ਬੱਚੇ ਦਾ ਫੋਨ ਆਇਆ ਜਿਸਨੇ ਸੀਜ਼ਰ ਨੂੰ ਰੱਖਿਆ ਸੀ। ਓਹ ਕਹਿੰਦਾ ਕਿ ਸੀਜ਼ਰ ਨੂੰ ਤੇਜ਼ ਬੁਖਾਰ ਹੈ ਤੇ ਉਸਨੇ ਕੁਝ ਖਾਧਾ ਵੀ ਨਹੀਂ। ਮੈਂ ਪਤੀ ਦੇਵ ਨੂੰ ਕਿਹਾ ਚਲੋ ਮੇਰੇ ਨਾਲ। ਅਸੀਂ ਉਸ ਬੱਚੇ ਦੇ ਘਰ ਪਹੁੰਚ ਗਏ। ਸੀਜ਼ਰ ਭੱਜ ਕੇ ਆਇਆ ਤੇ ਮੇਰੀਆਂ ਲੱਤਾ ਪਿੱਛੇ ਲੁਕ ਗਿਆ। ਮੈਂ ਉਸਨੂੰ ਚੁੱਕ ਕੇ ਘੁੱਟ ਕੇ ਨਾਲ ਲਾ ਲਿਆ।ਅਸੀਂ ਵਾਪਿਸ ਘਰ ਆ ਗਏ ਤੇ ਸੀਜ਼ਰ ਵੀ।ਸਾਰੇ ਖੁਸ਼ ਹੋ ਗਏ। ਆਉਂਦੇ ਹੋਏ ਅਸੀਂ ਟਾਈਗਰ ਨੂੰ ਵੀ ਦੇਖ ਕੇ ਆਏ। ਉਹ ਨਵੇਂ ਪਰਿਵਾਰ ਵਿੱਚ ਰਚ ਮਿਚ ਗਿਆ ਸੀ।ਇਹ ਜਾਣ ਕੇ ਕਿ ਸੀਜ਼ਰ ਦਾ ਦੂਜੀ ਥਾਂ ਜੀ ਨਹੀਂ ਲੱਗਾ ਉਹ ਹੋਰ ਵੀ ਲਾਡਲਾ ਹੀ ਗਿਆ।
ਪਤੀ ਲੰਬੀ ਛੁੱਟੀ ਤੇ ਆਏ ਹੋਏ ਸੀ। ਉਹਨਾਂ ਦਾ ਸਾਰਾ ਦਿਨ ਸੀਜ਼ਰ ਨਾਲ ਹੀ ਬੀਤਦਾ।ਪਿਤਾ ਜੀ ਅਧਰੰਗ ਕਰਕੇ ਤੁਰਦੇ ਫਿਰਦੇ ਨਹੀਂ ਸੀ। ਪਰ ਸੀਜ਼ਰ ਕੋਈ ਵੀ ਸ਼ਰਾਰਤ ਕਰ ਉਹਨਾਂ ਕੋਲ ਹੀ ਜਾ ਕੇ ਲੁਕਦਾ ਸੀ। ਮੰਮੀ ਦਾ ਤਾਂ ਉਹ ਪਿਆਰਾ ਬੱਚਾ ਸੀ।ਸਭ ਉਸਨੂੰ ਬਹੁਤ ਪਿਆਰ ਕਰਦੇ ਪਰ ਜਿਵੇਂ ਹੀ ਮੈਂ ਸਕੂਲ ਤੋਂ ਵਾਪਿਸ ਆਉਂਦੀ ਸੀਜ਼ਰ ਸਭ ਨੂੰ ਛੱਡ ਮੇਰੇ ਨਾਲ ਨਾਲ ਰਹਿੰਦਾ। ਸਰਦੀਆਂ ਦੇ ਦਿਨ ਸੀ। ਮੈਂ ਉਸਨੂੰ ਮਾਈਕ੍ਰੋਵੇਵ ਵਿੱਚ ਦੁੱਧ ਕੋਸਾ ਕਰਕੇ ਦਿੰਦੀ ਸੀ। ਜਦੋਂ ਵੀ ਮਾਈਕ੍ਰੋਵੇਵ ਦੀ ਆਵਾਜ਼ ਹੁੰਦੀ ਉਹ ਦੌੜ ਕੇ ਰਸੋਈ ਵਿਚ ਆ ਜਾਂਦਾ। ਉਸਨੂੰ ਸਰਦੀ ਤੋਂ ਬਚਾਉਣ ਲਈ ਕਿਸੇ ਨਾ ਕਿਸੇ ਦੀ ਰਜ਼ਾਈ ਵਿਚ ਪਾ ਦਿੰਦੇ। ਉਹ ਮੇਰੇ ਪਿਤਾ ਜੀ ਦੇ ਪੁਆਂਦੀ ਰਜ਼ਾਈ ਦੇ ਉੱਤੇ ਸੌਣਾ ਪਸੰਦ ਕਰਦਾ।
ਸੀਜ਼ਰ ਤਿੰਨ ਮਹੀਨਿਆਂ ਦਾ ਸੀ। ਇੱਕ ਦਿਨ ਉਸ ਨੂੰ ਉਲਟੀਆਂ ਲੱਗੀਆਂ। ਮੈਂ ਡਾਕਟਰ ਨੂੰ ਘਰ ਹੀ ਬੁਲਾ ਲਿਆ। ਉਹਨਾ ਦੇਖਦਿਆਂ ਹੀ ਇਕ ਟੀਕਾ ਲਾਇਆ ਤੇ ਕਿਹਾ ਕਿ 12 ਘੰਟੇ ਇਸਨੂੰ ਪਾਣੀ ਦੀ ਇਕ ਬੂੰਦ ਵੀ ਨਹੀਂ ਦੇਣੀ। ORS ਦੀ ਇਕ ਬੂੰਦ 45 ਮਿੰਟ ਬਾਦ ਦੇਣੀ ਹੈ। ਮੈਂ ਉਸਨੂੰ ਆਪਣੇ ਨਾਲ ਰਜ਼ਾਈ ਵਿੱਚ ਪਾ ਲਿਆ। ਉਹ ਲੋਕ ਕੇ ਸੌਂ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਉਹ ਠੀਕ 45 ਮਿੰਟ ਬਾਦ ਮੇਰੇ ਕੋਲ ਆ ਜਾਂਦਾ। ਮੈਂ ਉਸਨੂੰ ਇੱਕ ਬੂੰਦ ORS ਦੀ ਦੇ ਦਿੰਦੀ। ਸਵੇਰ ਤੱਕ ਉਹ ਠੀਕ ਹੋ ਗਿਆ। ਉਸਦੀ ਸਮਝ ਸ਼ਕਤੀ ਨੇ ਹਮੇਸ਼ਾ ਹੀ ਮੈਨੂੰ ਹੈਰਾਨ ਕੀਤਾ। ਸ਼ਰਾਰਤ ਜ਼ਰੂਰ ਕਰਦਾ ਪਰ ਇੱਕ ਵਾਰ ਟੋਕ ਦੇਣ ਤੇ ਦੁਬਾਰਾ ਉਹ ਗਲਤੀ ਨਹੀਂ ਸੀ ਦੁਹਰਾਉਂਦਾ। ਇੱਕ ਆਦਤ ਸੀ ਉਸਨੂੰ ਗੇਟ ਖੁਲਦੇ ਹੀ ਘਰੋਂ ਬਾਹਰ ਭੱਜ ਜਾਣ ਦੀ। ਘਰੋਂ ਬਾਹਰ ਨਿਕਲ ਕੇ ਇੰਝ ਵਿਹਾਰ ਕਰਦਾ ਜਿਵੇਂ ਮੈਨੂੰ ਜਾਣਦਾ ਹੀ ਨਾ ਹੋਵੇ।ਕਈ ਵਾਰ ਲੋਕ ਸਮਝਦੇ ਕਿ ਕਿਸੇ ਦਾ ਕੁੱਤਾ ਫੜਨ ਦੀ ਕੋਸ਼ਿਸ਼ ਕਰ ਰਹੀ ਹਾਂ।ਗੁੱਸਾ ਵੀ ਆਉਂਦਾ ਤੇ ਹਾਸਾ ਵੀ। ਇੱਕ ਹੋਰ ਕਮਾਲ ਦੀ ਆਦਤ ਸੀ ਕਿ ਜਦੋਂ ਲਾਈਟ ਬੰਦ ਹੁੰਦਾ ਉਸੇ ਵੇਲੇ ਸੌਂ ਜਾਂਦਾ।ਕਈ ਵਾਰ ਖੇਡ ਰਿਹਾ ਹੁੰਦਾ ਤਾਂ ਮੈਂ ਲਟ ਬੰਦ ਕਰ ਦਿੰਦੀ, ਉਥੇ ਹੀ ਸੌਂ ਜਾਂਦਾ।ਉਸਦੀ ਨਸਲ ਬਾਰੇ ਮੈਨੂੰ ਕੁਝ ਪਤਾ ਨਹੀਂ ਸੀ ਪਰ ਉਹ ਚਿੱਟੇ ਰੰਗ ਦਾ ਬੜਾ ਹੀ ਪਿਆਰਾ ਸੀ।ਜੇਕਰ ਮੇਰੇ ਕੰਮ ਤੇ ਜਾਣ ਪਿੱਛੋਂ ਕਦੇ ਘਰੋਂ ਬਾਹਰ ਜਾਂਦਾ ਤਾਂ ਮੇਰੇ ਮੁੜਨ ਤੇ ਮੂੰਹ ਬੈਡ ਥੱਲੇ ਲੁਕਾ ਲੈਂਦਾ। ਮੈਨੂੰ ਜਿਸ ਦਿਨ ਵਾਪਿਸ ਆਈ ਨੂੰ ਮਿਲਣ ਨਾ ਆਉਂਦਾ ਮੈਂ ਸਮਝ ਜਾਂਦੀ ਕਿ ਅੱਜ ਜਨਾਬ ਤਫ਼ਰੀਹ ਕਰਕੇ ਆਏ ਨੇ।ਕਈ ਵਾਰ ਮੰਮੀ ਗੁੱਸੇ ਵਿੱਚ ਗੇਟ ਬੰਦ ਕਰ ਦਿੰਦੇ ਕਿ ਹੁਣ ਤੂੰ ਬਾਹਰ ਹੀ ਰਹਿ ਤਾਂ ਗਲੀ ਵਿੱਚ ਆਏ ਸਬਜ਼ੀ ਵਾਲੇ ਨੂੰ ਖਿੱਚ ਲਿਆਉਂਦਾ ਦਰਵਾਜ਼ਾ ਖੋਲਣ ਲਈ। ਕਾਲੋਨੀ ਵਿੱਚ ਸਭ ਦਾ ਲਾਡਲਾ ਸੀ।ਕਦੇ ਵੀ ਕਿਸੇ ਦੇ ਦਿੱਤੀ ਚੀਜ਼ ਨਾ ਖਾਂਦਾ । ਜਲੇਬੀਆਂ ਉਸਨੂੰ ਬਹੁਤ ਪਸੰਦ ਸੀ। ਮੈਂ ਅਕਸਰ ਸਮੋਸੇ ਤੇ ਜਲੇਬੀ ਲੈ ਕੇ ਆਉਂਦੀ। ਜੇਕਰ ਕਿਤੇ ਸਿਰਫ ਸਮੋਸੇ ਹੁੰਦੇ ਤਾਂ ਰੌਲਾ ਪਾ ਦਿੰਦਾ ਕਿ ਮੈਨੂੰ ਜਲੇਬੀ ਲਿਆ ਕੇ ਦਿਓ। ਜਿੰਨੀ ਦੇਰ ਫਰਿੱਜ ਵਿੱਚ ਜਲੇਬੀਆਂ ਹੁੰਦਿਆਂ ਰੋਟੀ ਨੂੰ ਮੂੰਹ ਨਾ ਲਾਉਂਦਾ। ਸੀਜ਼ਰ ਦੇ ਚਲੇ ਜਾਣ ਬਾਦ ਕਦੇ ਵੀ ਜਲੇਬੀ ਨਹੀਂ ਲਿਆਂਦੀ। ਮਨ ਹੀ ਨਹੀਂ ਕੀਤਾ।
ਸੀਜ਼ਰ ਬੜਾ ਹੀ ਸੰਵੇਦਨਸ਼ੀਲ ਸੀ। ਇੱਕ ਵਾਰ ਘਰ ਦੇ ਬਗ਼ੀਚੇ ਵਿੱਚ ਖੇਡੱਦੀਆ ਚਿੜੀਆ ਨਾਲ ਖੇਡਦਿਆਂ ਉਸਦਾ ਪੰਜਾ ਚਿੜੀ ਦੇ ਵੱਜਿਆ ਤੇ ਚਿੜੀ ਮਰ ਗਈ। ਸੀਜ਼ਰ ਚੁੱਪਚਾਪ ਉਸਦੇ ਕੋਲ ਬੈਠਾ ਤੇ ਅੱਖਾਂ ਵਿਚੋਂ ਹੰਝੂ ਵਹਿਣ।ਸੰਤ ਰੂਪ ਬੱਚਾ ਸੀ ਉਹ। ਕਦੇ ਕਿਸੇ ਨੂੰ ਵੱਢਦਾ ਸੀ। ਉਸਦੀ ਸਾਰੀ ਜ਼ਿੰਦਗੀ ਵਿੱਚ ਉਸ ਨੇ ਕਿਸੇ ਨੂੰ ਦੰਦ ਵੀ ਨਹੀਂ ਮਰਿਆ।ਅਕਸਰ ਬਿਮਾਰ ਹੋ ਜਾਂਦਾ। ਡਾਕਟਰ ਜਦੋਂ ਵੀ ਆਉਂਦਾ ਤਾਂ ਦੇਖਦਿਆਂ ਹੀ ਲੰਮਾ ਪੈ ਜਾਂਦਾ।ਚੁੱਪਚਾਪ ਲੱਤ ਅੱਗੇ ਕਰਕੇ ਇੰਜੈਕਸ਼ਨ ਲਗਵਾ ਲੈਂਦਾ।ਡਾਕਟਰ ਵੀ ਹਮੇਸ਼ਾ ਕਹਿੰਦਾ ਕੀ ਅਜਿਹਾ ਬੱਚਾ ਕਦੇ ਨਹੀਂ ਦੇਖਿਆ। ਇੱਕ ਵਾਰ ਗੇਟ ਖੁੱਲਾ ਰਹਿ ਗਿਆ ਤਾਂ ਬਾਹਰ ਭੱਜ ਗਿਆ।ਜਦੋਂ ਲੈਣ ਗਈ ਤਾਂ ਗਲੀ ਵਿੱਚ ਕਿਸੇ ਘਰ ਵਿਚ ਮਰਗਤ ਹੋਈ ਸੀ। ਉਥੇ ਔਰਤਾਂ ਨਾਲ ਬੈਠਾ ਸੀ। ਮੰਮੀ ਕਹਿੰਦੇ ਕਿ ਸਿਆਣਾ ਹੈ ਪਤਾ ਹੈ ਮਾਂ ਨਹੀਂ ਜਾ ਸਕਦੀ ਸੀ ਅਫ਼ਸੋਸ ਕਰਨ ਗਿਆ ਹੈ।ਮੇਰੇ ਪਿਤਾ ਜੀ ਦੇ ਨਾਲ ਨਾਲ ਰਹਿੰਦਾ। ਉਹ ਦੀ ਵ੍ਹੀਲ ਚੇਅਰ ਜਿੱਥੇ ਜਾਂਦੀ ਉਥੇ ਹੀ ਨਾਲ ਚਲਾ ਜਾਂਦਾ।ਪਿਤਾ ਜੀ ਉਸਨੂੰ ਭਗਤ ਜੀ ਕਹਿ ਕੇ ਬੁਲਾਉਂਦੇ ਸਨ। ਜਦੋਂ ਸੀ 8 ਸਾਲ ਦਾ ਸੀ ਤਾਂ ਅਸੀਂ ਪਲੂਟੋ ਨੂੰ ਵੀ ਲੈ ਆਏ। ਦੋਹਾਂ ਦੀ ਬੜੀ ਦੋਸਤੀ ਹੋ ਗਈ। ਸੀਜ਼ਰ ਵੱਡੇ ਭਰਾ ਵਾਂਗ ਪਲੂਟੋ ਦਾ ਖਿਆਲ ਰੱਖਦਾ। ਜੇਕਰ ਮੈਂ ਕੁਝ ਦਿਨਾਂ ਲਈ ਬਾਹਰ ਚਲੀ ਜਾਂਦੀ ਤਾਂ ਸੀਜ਼ਰ ਸਾਰੀ ਰਾਤ ਵਿਹੜੇ ਵਿੱਚ ਹੀ ਬੈਠਾ ਰਹਿੰਦਾ।ਇਸ ਗੱਲ ਤੋਂ ਸਾਰੇ ਪ੍ਰੇਸ਼ਾਨ ਹੋ ਜਾਂਦੇ।ਉਸਦੀ ਇਕ ਖਾਸ ਆਦਤ ਇਹ ਦੀ ਕਿ ਜਦੋਂ ਬਹੁਤ ਖੁਸ਼ ਹੁੰਦਾ ਤਾਂ ਸੁਸੂ ਤੇ ਕੰਟਰੋਲ ਨਾ ਹੁੰਦਾ। ਗੋਲ ਗੋਲ ਘੁੰਮਦਾ ਤੇ ਸੁਸੂ ਕਰੀ ਜਾਂਦਾ। ਇਹ ਆਦਤ ਮੈਂ ਕਿਸੇ ਹੋਰ ਕੁੱਤੇ ਵਿੱਚ ਨਹੀਂ ਦੇਖੀ। ਹਾਂ ਪਾਓਲੋ ਕੋਹੇਲੋ ਦੇ ਇਕ ਲੇਖ ਵਿੱਚ ਅਜਿਹੇ ਕੁੱਤੇ ਬਾਰੇ ਪੜ੍ਹਿਆ ਜੀ ਉਸਨੂੰ ਦੇਖ ਕੇ ਇਸੇ ਤਰ੍ਹਾਂ ਕਰਦਾ ਸੀ।ਸੀਜ਼ਰ ਨੂੰ ਮੰਮੀ ਬੁਰਕੀਆਂ ਦੇ ਕਿ ਰੋਟੀ ਖਵਾਉਂਦੇ। ਬੂੰਦੀ ਵਾਲਾ ਦਹੀਂ ਉਸਨੂੰ ਬਹੁਤ ਪਸੰਦ ਸੀ।ਸ਼ਾਮ ਨੂੰ ਉਹ ਬਾਹਰ ਝੂਲੇ ਵਿੱਚ ਬੈਠ ਜਾਂਦਾ ਤੇ ਮੰਮੀ ਦੇ ਬਾਹਰ ਨਾ ਆਉਣ ਤੱਕ ਬੋਲਦਾ ਰਹਿੰਦਾ।ਵੱਡਾ ਹੋਣ ਤੇ ਉਸਨੇ ਬੈਡ ਤੇ ਚੜ੍ਹਨਾ ਬੰਦ ਕਰ ਦਿੱਤਾ। ਉਸ ਨੂੰ ਛੋਟੀ ਮੰਜੀ ਲਿਆ ਕੇ ਦਿੱਤੀ ਪਰ ਉਹ ਉਸ ਤੇ ਨਹੀਂ ਬੈਠਦਾ ਸੀ।ਉਸ ਨੂੰ ਤੇ ਪਲੂਟੋ ਨੂੰ ਆਪਣੀ ਆਪਣੀ ਤਲਾਈ ਤੇ ਸੌਣਾ ਸਿਖਾਇਆ ਸੀ। ਪਰ ਰਾਤ ਨੂੰ ਜੇਕਰ ਸੀਜ਼ਰ ਉੱਠਦਾ ਤਾਂ ਪਲੂਟੋ ਉਸਦੀ ਤਲਾਈ ਤੇ ਜਾ ਕੇ ਸੌਂ ਜਾਂਦਾ।ਸੀਜ਼ਰ ਭੁੰਜੇ ਹੀ ਸੌਂ ਜਾਂਦਾ।ਉਸ ਜਿੰਨਾ ਸਾਊ ਬੱਚਾ ਨਾ ਕੋਈ ਹੋਇਆ ਤੇ ਨਾ ਹੀ ਹੋਣਾ।
ਸੀਜ਼ਰ ਤੋਂ ਪਹਿਲਾਂ ਵੀ ਸਾਡੇ ਘਰ ਵਿਚ ਚਾਰ ਲੱਤਾ ਵਾਲੇ ਪਿਆਰੇ ਬੱਚੇ ਹਮੇਸ਼ਾ ਰਹੇ ਪਰ ਕੋਈ ਵੀ ਸੀਜ਼ਰ ਜਿਹਾ ਨਹੀਂ ਸੀ।ਇਸਦਾ ਕਦੀ ਕੋਈ ਉਲਾਹਮਾ ਨਹੀਂ ਆਇਆ ਸੀ।ਬੀਬਾ ਰੱਜ ਕੇ ਸੀ। ਗੱਲ ਬਹੁਤ ਸਮਝਦਾ ਤੇ ਮੰਨਦਾ ਵੀ ਸੀ। ਇੱਕ ਵਾਰ ਜੇਕਰ ਮੈਂ ਕਿ ਦੇਣਾ ਕਿ ਦੀਦੀ ਨੇ ਜਾਣਾ ਹੈ ਤਾਂ ਝੱਟ ਆਪਣੀ ਚੇਨ ਕੋਲ ਜਾ ਕੇ ਬਹਿ ਜਾਂਦਾ ਕਿ ਮੈਨੂੰ ਬੰਨ ਦਿਓ।ਮੇਰੀ ਸਹੇਲੀ ਮਮਤਾ ਨਾਲ ਬਹੁਤ ਪਿਆਰ ਕਰਦਾ ਸੀ।ਮਮਤਾ ਨੇ ਵੀ ਓਹਦੇ ਲਈ ਪਰਾਂਠਾ ਬਣਾ ਕੇ ਲਿਆਉਣਾ ਤੇ ਜਲੇਬੀਆਂ ਵੀ।ਇਕ ਵਾਰ ਮਮਤਾ ਸੜਕ ਤੋਂ ਲੰਘ ਗਈ ਤੇ ਸੀਜ਼ਰ ਰੌਲਾ ਪਾਈ ਜਾਵੇ। ਕੁਛ ਸਮਝ ਨਾ ਆਵੇ ਕਿ ਹੋਇਆ ਕੀ। ਮੁੜਵੇ ਫੇਰੇ ਮਮਤਾ ਨੇ ਦਸਿਆ ਕਿ ਇਥੋਂ ਲੰਘ ਕੇ ਗਈ ਤਾਂ ਪਤਾ ਲੱਗਾ।ਇੱਕ ਵਾਰ ਮੈਂ ਬਰੈੱਡ ਆਮਲੇਟ ਬਣਾਇਆ। ਸਰਦੀਆਂ ਦੇ ਦਿਨ ਸੀ। ਚਾਰ ਵਜੇ ਦੀ ਗੱਲ ਹੈ। ਮੈਂ ਸੀਜ਼ਰ ਲਈ ਵੀ ਬਣਾ ਦਿੱਤਾ। ਉਸਨੇ ਖਾ ਲਿਆ ਤੇ ਪਾਣੀ ਪੀ ਕੇ ਕਮਰੇ ਚੋਂ ਬਾਹਰ ਚਲਾ ਗਿਆ। ਸ਼ਾਮ ਨੂੰ ਜਦੋਂ ਬਾਹਰ ਦੀ ਲਾਈਟ ਜਗਾਉਣ ਗਈ ਤਾਂ ਦੇਖਿਆ ਕਿ ਸੀਜ਼ਰ ਕਿਤੇ ਵੀ ਨਜ਼ਰ ਨਹੀਂ ਆਇਆ। ਜਦੋਂ ਦੇਖਿਆ ਤਾਂ ਆਪਣੇ ਬਿਸਤਰ ਵਿੱਚ ਸੁੱਤਾ ਪਿਆ। ਉਸਨੇ ਸੋਚਿਆ ਕਿ ਖਾਣਾ ਖਾ ਲਿਆ ਹੁਣ ਸੌਣਾ ਹੈ।ਸੀਜ਼ਰ ਦੁੱਖ ਤਕਲੀਫ਼ ਨੂੰ ਸਮਝ ਲੈਂਦਾ ਸੀ। ਜੋ ਵੀ ਪ੍ਰੇਸ਼ਾਨ ਹੁੰਦਾ ਉਸ ਦੇ ਨਾਲ ਨਾਲ ਰਹਿੰਦਾ।ਜਦੋਂ ਉਸ ਦਾ ਆਖਿਰੀ ਸਮਾਂ ਸੀ ਤਾਂ ਉਹ ਕਈ ਦਿਨ ਚੁੱਪਚਾਪ ਰਿਹਾ। ਅਖੀਰਲੇ ਦਿਨ ਉਹ ਹਰ ਉਸ ਥਾਂ ਤੇ ਬੈਠਾ ਜੋ ਉਸਨੂੰ ਪਸੰਦ ਸੀ।ਹਰ ਕਮਰੇ ਵਿੱਚ, ਝੂਲੇ ਵਿੱਚ, ਨਿੰਬੂ ਥੱਲੇ ਤੇ ਅਖੀਰ ਜਾ ਕੇ ਅੰਬ ਥੱਲੇ ਪੈ ਗਿਆ। ਉਸਦੇ ਸਾਹ ਬਹੁਤ ਤੇਜ਼ ਚੱਲ ਰਹੇ ਸੀ। ਮੰਮੀ ਨੇ ਕਿਹਾ ਸੀਜ਼ਰ ਹੌਲੀ ਬੱਚੇ ਸਾਹ ਮੁੱਕ ਜਾਣਗੇ। ਉਸਨੇ ਬੀਜੀ ਵੱਲ ਦੇਖਿਆ ਤੇ ਆਖਰੀ ਸਾਹ ਲਿਆ। ਅਸੀ ਸੀਜ਼ਰ ਨੂੰ ਘਰ ਦੇ ਬਗੀਚੇ ਵਿੱਚ ਦਬਾ ਦਿੱਤਾ। ਸੀਜ਼ਰ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਹੈ ਜਿਸਨੂੰ ਮਰਦੇ ਦਮ ਤੱਕ ਅਸੀਂ ਭੁੱਲ ਨਹੀਂ ਸਕਦੇ।ਰਿਸ਼ਤੇ ਸਿਰਫ ਪਿਆਰ ਤੇ ਵਫਾਦਾਰੀ ਦੇ ਹੁੰਦੇ। ਜੇਕਰ ਹੰਝੂਆ ਦੀ ਪੌੜੀ ਬਣਦੀ ਤਾਂ ਮੈਂ ਸੀਜ਼ਰ ਨੂੰ ਵਾਪਿਸ ਲੈ ਆਉਂਦੀ।ਉਸਦੇ ਬਿਨਾ ਜ਼ਿੰਦਗੀ ਅਧੂਰੀ ਰਹੇਗੀ।
ਹਰਪ੍ਰੀਤ ਕੌਰ ਸੰਧੂ