ਕੈਬਨਿਟ ਮੰਤਰੀ ਨੇ ਵਣ ਵਿਭਾਗ ਅਤੇ ਉਨਤੀ ਵੈਲਫੇਅਰ ਸੋਸਾਇਟੀ ਦੇ ਵਾਤਾਵਰਨ ਸੰਭਾਲ ਦੇ ਇਸ ਉਪਰਾਲੇ ਦੀ ਕੀਤੀ ਸ਼ਲਾਘਾ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਹੁਸ਼ਿਆਰਪੁਰ ਦੇ ਪਿੰਡ ਡਾਡਾ ਦੇ ਜੰਗਲਾਂ ਵਿਚ ਵਾਤਾਵਰਨ ਸੁਰੱਖਿਆ ਦੀ ਦਿਸ਼ਾ ਵਿਚ ਇਕ ਨਵੀਂ ਅਤੇ ਨਿਵੇਕਲੀ ਪਹਿਲ ਕੀਤੀ ਗਈ ਹੈ। ਇਸ ਪਹਿਲ ਤਹਿਤ ਵਣ ਵਿਭਾਗ ਅਤੇ ਉਨਤੀ ਵੈਲਫੇਅਰ ਸੋਸਾਇਟੀ ਨੇ ਮਿਲ ਕੇ ਡਰੋਨ ਰਾਹੀਂ ਸੀਡ ਬਾਲਸ (ਬੀਜ ਗੋਲੇ) ਦੀ ਵੰਡ ਕੀਤੀ। ਇਸ ਮੁਹਿੰਮ ਦੀ ਸ਼ੁਰੂਆਤ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਖ਼ੁਦ ਮੌਕੇ ’ਤੇ ਜਾ ਕੇ ਕੀਤੀ। ਉਨ੍ਹਾਂ ਇਸ ਕਾਰਜ ਨੂੰ ਵਾਤਾਵਰਨ ਸੰਭਾਲ ਲਈ ਇਕ ਮਹੱਤਵਪੂਰਨ ਕਦਮ ਦੱਸਦੇ ਹੋਏ ਵਣ ਵਿਭਾਗ ਅਤੇ ਉਨਤੀ ਵੈਲਫੇਅਰ ਸੋਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਵਣਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ. ਸੰਜੀਵ ਕੁਮਾਰ ਤਿਵਾੜੀ, ਡੀ.ਐਫ.ਓ ਨਲਿਨ ਯਾਦਵ ਵੀ ਮੌਜੂਦ ਸਨ।
ਡਰੋਨ ਰਾਹੀਂ ਸੀਡ ਬਾਲਸ ਦੀ ਵੰਡ ਇਕ ਨਵੀਂ ਤਕਨੀਕ ਹੈ, ਜੋ ਕਿ ਵਿਸ਼ੇਸ਼ ਕਰਕੇ ਉਨ੍ਹਾਂ ਹਲਕਿਆਂ ਵਿਚ ਹਰਿਆਲੀ ਵਧਾਉਣ ਲਈ ਅਨੁਕੂਲ ਹੈ, ਜਿਥੇ ਰਵਾਇਤੀ ਢੰਗ ਨਾਲ ਪੌਦੇ ਲਗਾਉਣਾ ਮੁਸ਼ਕਿਲ ਹੁੰਦਾ ਹੈ। ਇਸ ਤਕਨੀਕ ਦਾ ਉਦੇਸ਼ ਵੱਧ ਤੋਂ ਵੱਧ ਹਲਕੇ ਵਿਚ ਹਰਿਆਲੀ ਲਿਆਉਣਾ ਅਤੇ ਵਾਤਾਵਰਨ ਸੰਤੁਲਨ ਬਣਾਏ ਰੱਖਣਾ ਹੈ। ਸੀਡ ਬਾਲਸ, ਜੋ ਮਿੱਟੀ ਵਿਚ ਲਿਪਟੇ ਹੋਏ ਬੀਜ ਹੁੰਦੇ ਹਨ, ਉਨ੍ਹਾਂ ਨੂੰ ਡਰੋਨ ਦੀ ਸਹਾਇਤਾ ਨਾਲ ਦੂਰ-ਦੁਰਾਡੇ ਅਤੇ ਪਹੁੰਚ ਤੋਂ ਬਾਹਰ ਇਲਾਕਿਆਂ ਵਿਚ ਫੈਲਾਈਆਂ ਜਾਂਦੀਆਂ ਹਨ। ਇਹ ਬੀਜ ਹੌਲੀ-ਹੌਲੀ ਪੁੰਗਰਦੇ ਹਨ ਅਤੇ ਪੌਦੇ ਬਣ ਕੇ ਜੰਗਲਾਂ ਵਿਚ ਹਰਿਆਲੀ ਵਧਾਉਣ ਵਿਚ ਮਦਦ ਕਰਦੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਵਾਤਾਵਰਨ ਸੰਭਾਲ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਅਤੇ ਇਸ ਦਿਸ਼ਾ ਵਿਚ ਡਰੋਨ ਤਕਨੀਕ ਦਾ ਉਪਯੋਗ ਇਕ ਅਤਿ-ਆਧੁਨਿਕ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਨਾਲ ਨਾ ਕੇਵਲ ਪੌਦੇ ਲਗਾਉਣ ਦੀ ਗਤੀ ਵਧੇਗੀ, ਬਲਕਿ ਦੂਰ-ਦੁਰਾਡੇ ਅਤੇ ਪਹੁੰਚ ਤੋਂ ਬਾਹਰ ਇਲਾਕਿਆਂ ਵਿਚ ਵੀ ਹਰਿਆਲੀ ਲਿਆਂਦੀ ਜਾ ਸਕੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਪ੍ਰਕਾਰ ਦੇ ਅਭਿਆਨਾਂ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਯਤਨ ਕਰਦੀ ਹੈ।
ਉਨਤੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਪਹਿਲ ਨਾਲ ਨਾ ਕੇਵਲ ਵਣ ਹਲਕੇ ਵਿਚ ਹਰਿਆਲੀ ਵਧੇਗੀ, ਬਲਕਿ ਇਸ ਨਾਲ ਵਾਤਾਵਰਨ ਪ੍ਰਤੀ ਜਾਗਰੂਕਤਾ ਵੀ ਵਧੇਗੀ। ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਬੀਜਾਂ ਦੀ ਵੰਡ ਭਵਿੱਖ ਵਿਚ ਹੋਰ ਵੀ ਵੱਧ ਪ੍ਰਭਾਵੀ ਨਤੀਜੇ ਦੇਵੇਗੀ ਅਤੇ ਇਹ ਤਕਨੀਕ ਵਾਤਾਵਰਨ ਸੰਭਾਲ ਲਈ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ।
ਵਣ ਵਿਭਾਗ ਦੇ ਅਧਿਕਾਰੀਆਂ ਨੇ ਵੀ ਇਸ ਅਭਿਆਨ ਨੂੰ ਸਰਾਹਿਆ ਅਤੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਹਜ਼ਾਰਾਂ ਸੀਡ ਬਾਲਸ ਜੰਗਲਾਂ ਵਿਚ ਫੈਲਾਏ ਗਏ ਹਨ, ਜਿਸ ਤੋਂ ਨਿਕਲੇ ਪੌਦੇ ਆਉਣ ਵਾਲੇ ਸਮੇਂ ਵਿਚ ਪੂਰੇ ਹਲਕੇ ਨੂੰ ਹਰਿਆ-ਭਰਿਆ ਬਣਾ ਦੇਣਗੇ। ਉਨ੍ਹਾਂ ਇਸ ਤਰ੍ਹਾਂ ਦੇ ਹੋਰ ਵੀ ਅਭਿਆਨਾਂ ਨੂੰ ਆਯੋਜਿਤ ਕਰਨ ਦਾ ਵਿਸ਼ਵਾਸ ਦਿਆਇਆ, ਤਾਂ ਜੋ ਹਲਕੇ ਵਿਚ ਹਰਿਆਲੀ ਨੂੰ ਵੱਧ ਤੋਂ ਵੱਧ ਵਧਾਇਆ ਜਾ ਸਕੇ।
ਇਸ ਮੌਕੇ ਸਥਾਨਕ ਨਿਵਾਸੀਆਂ ਅਤੇ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ ਅਤੇ ਇਸ ਅਨੋਖੀ ਪਹਿਲ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਭਿਆਨਾਂ ਨਾਲ ਨਾ ਕੇਵਲ ਵਾਤਾਵਰਨ ਸੰਭਾਲ ਵਿਚ ਮਦਦ ਮਿਲੇਗੀ, ਬਲਕਿ ਸਮਾਜ ਵਿਚ ਇਕ ਸਕਾਰਾਤਮਕ ਸੰਦੇਸ਼ ਵੀ ਜਾਵੇਗਾ।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਹਾਜ਼ਰ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੀ ਵਾਤਾਵਰਨ ਸੰਭਾਲ ਦੇ ਇਸ ਅਭਿਆਨ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਹਰਿਇ-ਭਰਿਆ ਭਵਿੱਖ ਯਕੀਨੀ ਬਣਾਉਣ।
ਇਸ ਮੌਕੇ ਜਤਿੰਦਰ ਰਾਣਾ, ਬਲਵੰਤ ਕੁਮਾਰ ਬਲਾਕ ਅਧਿਕਾਰੀ, ਜਤਿੰਦਰ ਸਿੰਘ, ਉਨਤੀ ਵੈਲਫੇਅਰ ਸੁਸਾਇਟੀ ਤੋਂ ਚਮਨ ਲਾਲ, ਸੁਖਦੇਵ ਸਿੰਘ, ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਅਵਤਾਰ ਤਾਰੀ, ਸੰਜੂ ਠਾਕੁਰ, ਸੁਮਨ ਬਹਿਲ, ਕਮਲਜੀਤ ਬਹਿਲ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly