ਸ਼ਹੀਦਾਂ ਦੇ ਦਰਸਾਏ ਰਾਹ ਉੱਤੇ ਅੱਗੇ ਵਧਣ ਦਾ ਦਿੱਤਾ ਸੱਦਾ
ਨਵਾਂਂਸਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਭਾਰਤੀ ਕਮਿਊਨਿਸਟ ਪਾਰਟੀ(ਮਾਰਕਸਵਾਦੀ ਲੈਨਿਨਵਾਦੀ)ਨਿਊਡੈਮੋਕਰੇਸੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਪਿੰਡ ਚੱਕ ਮਾਈਦਾਸ ਵਿਖੇ ਬਾਬਾ ਬੂਝਾ ਸਿੰਘ ਦੀ 54ਵੀਂ ਬਰਸੀ ਮੌਕੇ ਸਿਆਸੀ ਕਾਨਫਰੰਸ ਕੀਤੀ ਗਈ। ਸ਼ਹੀਦੀ ਯਾਦਗਾਰ ਉੱਤੇ ਝੰਡਾ ਲਹਿਰਾਉਣ ਦੀ ਰਸਮ ਪਾਰਟੀ ਦੇ ਜਿਲ੍ਹਾ ਆਗੂ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਨੇ ਨਿਭਾਈ। ਬਾਅਦ ਵਿਚ ਕੀਤੀ ਗਈ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਬਾਬਾ ਬੂਝਾ ਸਿੰਘ ਉਮਰ ਭਰ ਦੇ ਸੰਘਰਸ਼ਾਂ ਦਾ ਨਾਂਅ ਹੈ। ਜਿਹਨਾਂ ਨੇ ਗਦਰ ਪਾਰਟੀ, ਕਿਰਤੀ ਪਾਰਟੀ, ਲਾਲ ਪਾਰਟੀ, ਸੀ.ਪੀ.ਆਈ, ਸੀ.ਪੀ.ਆਈ(ਐਮ.) ਅਤੇ ਨਕਸਲਬਾੜੀ ਲਹਿਰ ਵਿਚ ਆਗੂ ਭੂਮਿਕਾਵਾਂ ਨਿਭਾਈਆਂ। ਦੇਸ਼ ਵਿਚੋਂ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਪੁੱਟਣ ਲਈ ਅਹਿਮ ਯੋਗਦਾਨ ਪਾਇਆ। ਪੈਪਸੂ ਦੀ ਮੁਜਾਰਾ ਲਹਿਰ ਵਿਚ ਅਮਿੱਟ ਪੈੜਾਂ ਪਾਈਆਂ ਅਤੇ ਪੰਜਾਬ ਵਿਚ ਨਕਸਲਬਾੜੀ ਦਾ ਸੂਹਾ ਪਰਚਮ ਬੁਲੰਦ ਕੀਤਾ। ਪਿੰਡ ਪਿੰਡ ਨਕਸਲਬਾੜੀ ਦੀ ਲੋਅ ਵੰਡਣ ਵਾਲੇ 80 ਸਾਲਾ ਬਾਬਾ ਬੂਝਾ ਨੂੰ 1970 ਵਿਚ 27-28 ਜੁਲਾਈ ਦੀ ਦਰਮਿਆਨੀ ਰਾਤ ਨੂੰ ਜਾਬਰ ਪੰਜਾਬ ਦੀ ਪੁਲਸ ਨੇ ਪਿੰਡ ਨਗਰ ਤੋਂ ਗ੍ਰਿਫਤਾਰ ਕਰਕੇ ਪਿੰਡ ਨਾਈਮਜਾਰਾ -ਸਨਾਵਾ (ਨਵਾਂਸ਼ਹਿਰ) ਨਹਿਰ ਦੇ ਪੁਲ ਤੇ ਝੂਠਾ ਪੁਲਸ ਮੁਕਾਬਲਾ ਬਣਾਕੇ ਸ਼ਹੀਦ ਕਰ ਦਿੱਤਾ ਸੀ।
ਉਹਨਾਂ ਕਿਹਾ ਕਿ ਸ਼ਹੀਦਾਂ ਨੇ ਜਿਸ ਤਰ੍ਹਾਂ ਦਾ ਸਮਾਜ ਸਿਰਜਣ ਦਾ ਸੁਪਨਾ ਲਿਆ ਸੀ, ਉਹ ਸੁਪਨਾ ਪੂਰਾ ਨਹੀਂ ਹੋਇਆ। ਉਹਨਾਂ ਕਿਹਾ ਕਿ ਦੇਸ਼ ਵਿਚ ਅਮੀਰੀ ਅਤੇ ਗਰੀਬੀ ਦਾ ਪਾੜਾ ਆਏ ਦਿਨ ਵਧਦਾ ਜਾ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ, ਔਰਤਾਂ, ਬੁੱਧੀਜੀਵੀਆਂ, ਲੇਖਕਾਂ ਅਤੇ ਕਾਰਕੁਨਾਂ ਉੱਤੇ ਫਾਸ਼ੀਵਾਦੀ ਹੱਲੇ ਬੋਲ ਰਹੀ ਹੈ। ਆਪਣੀ ਤਾਕਤ ਦਾ ਦੁਰਉਪਯੋਗ ਕਰਕੇ ਆਰ .ਐਸ .ਐਸ ਦਾ ਏਜੰਡਾ ਲਾਗੂ ਕਰ ਰਹੀ ਹੈ। ਬਚਦੀ ਖੁਚਦੀ ਜਮਹੂਰੀਅਤ ਦਾ ਵੀ ਗਲਾ ਘੁੱਟ ਰਹੀ ਹੈ। ਉਹਨਾਂ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ ਦੇ ਬੋਝ ਹੇਠ ਕਰਾਹ ਰਹੀ ਦੇਸ਼ ਦੀ ਜਨਤਾ ਉੱਤੇ ਆਏ ਦਿਨ ਟੈਕਸਾਂ ਦਾ ਬੋਝ ਲੱਦਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਪੱਖੀ ਸਰਕਾਰ ਹੈ ਅਤੇ ਇਸ ਸਰਕਾਰ ਨੇ ਤਾਜਾ ਬੱਜਟ ਰਾਹੀਂ ਦੇਸੀ ਅਤੇ ਬਦੇਸ਼ੀ ਕਾਰਪੋਰੇਟਾਂ ਨੂੰ ਵੱਡੇ ਗੱਫੇ ਦਿੱਤੇ ਹਨ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਪਹਿਲੀ ਜੁਲਾਈ ਤੋਂ ਤਿੰਨ ਘਾਤਕ ਫੌਜਦਾਰੀ ਕਾਨੂੰਨ ਲਾਗੂ ਕੀਤੇ ਹਨ। ਜੋ ਪੁਲਸ ਨੂੰ ਅਥਾਹ ਸ਼ਕਤੀਆਂ ਦਿੰਦੇ ਹਨ ਅਤੇ ਨਾਗਰਿਕਾਂ ਦੇ ਅਧਿਕਾਰ ਘਟਾਉਂਦੇ ਹਨ।ਇਫਟੂ ਦੇ ਸੂਬਾ ਡਿਪਟੀ ਸਕੱਤਰ ਅਵਤਾਰ ਸਿੰਘ ਤਾਰੀ, ਬੀਬੀ ਗੁਰਬਖਸ਼ ਕੌਰ ਸੰਘਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਸਿਰੇ ਦੀ ਨਿਕੰਮੀ ਸਾਬਤ ਹੋਈ ਹੈ। ਹੱਕ ਮੰਗਦੇ ਲੋਕਾਂ ਉੱਤੇ ਕੀਤੇ ਜਾ ਰਹੇ ਜਬਰ ਨੇ ਮਾਨ ਸਰਕਾਰ ਦੇ ਜਮਹੂਰੀ ਹੋਣ ਦੇ ਭਰਮ ਤੋੜ ਦਿੱਤੇ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਤਿੰਨ ਕਿਰਤ ਕੋਡ ਬਣਾਕੇ ਮਜਦੂਰਾਂ ਦੇ ਅਧਿਕਾਰਾਂ ਉੱਤੇ ਵੱਡਾ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਸਾਰੀਆਂ ਪੀੜ੍ਹਤ ਧਿਰਾਂ ਨੂੰ ਹਾਕਮਾਂ ਦੇ ਹਮਲਿਆਂ ਦਾ ਜਵਾਬ ਇਕ ਮੰਚ ਤੇ ਇਕੱਠੇ ਹੋਕੇ ਦੇਣਾਂ ਪਵੇਗਾ। ਉਹਨਾਂ ਆਖਿਆ ਕਿ ਬਾਬਾ ਬੂਝਾ ਸਿੰਘ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਬਰਾਬਰਤਾ ਦਾ ਸਮਾਜ ਸਿਰਜਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰੀਏ। ਇਸ ਮੌਕੇ ਆਜਾਦ ਕਲਾ ਮੰਚ ਫਗਵਾੜਾ ਵਲੋਂ ਬੀਬਾ ਕੁਲਵੰਤ ਦੀ ਨਿਰਦੇਸ਼ਨਾ ਹੇਠ ਕੋਰੀਓਗ੍ਰਾਫੀਆਂ ਪੇਸ਼ ਕਰਕੇ ਲੋਕਾਂ ਨੂੰ ਸੰਘਰਸ਼ਾਂ ਦੇ ਪਿੜ ਵਿਚ ਕੁੱਦਣ ਦਾ ਸੱਦਾ ਦਿੱਤਾ ਗਿਆ। ਬਲਵੀਰ ਕੁਮਾਰ ਨਵਾਂਂਸਹਿਰ, ਮਾਸਟਰ ਪ੍ਰੀਤਮ ਸਿੰਘ ਲੱਲੀਆਂ ਅਤੇ ਅਲੀਸ਼ਾ ਕਾਠਗੜ੍ਹ ਨੇ ਇਨਕਲਾਬੀ ਕਵਿਤਾਵਾਂ ਅਤੇ ਗੀਤਾਂ ਨਾਲ ਰੰਗ ਬੰਨ੍ਹਿਆ। ਮੰਚ ਸੰਚਾਲਨ ਹਰੀ ਰਾਮ ਰਸੂਲਪੁਰੀ ਨੇ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly