ਦੋ ਪੁਸਤਕਾਂ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਗਿਆ।
ਬਰਨਾਲਾ (ਸਮਾਜ ਵੀਕਲੀ) – ਬੀਤੇ ਦਿਨੀਂ ਸਥਾਨਕ ਸ਼ਹੀਦ ਬਿੱਕਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਆਫ ਐਮਿਨਨਸ ਵਿਖੇ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਪ੍ਰਸਿੱਧ ਕਹਾਣੀਕਾਰ ਅਤੇ ਲੋਕ ਰੰਗ ਸਾਹਿਤ ਸਭਾ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ ਦੀ ਪ੍ਰਧਾਨਗੀ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ 2025 ਲਈ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਜੋ ਆਪ ਵੀ ਸਾਹਿਤਕਾਰ ਅਤੇ ਆਲੋਚਕ ਹਨ ਅਤੇ ਉਹਨਾਂ ਦੇ ਪਰਿਵਾਰ ਵਲੋਂ ਹਰਦੀਪ ਕੌਰ ਚੰਡਿਹੋਕ ਯਾਦਕਾਰੀ ਤੀਜਾ ਪਾਠਕ ਸਨਮਾਨ ਸੁਖਵਿੰਦਰ ਸਿੰਘ ਭਦੌੜ ਨੂੰ ਦਿੱਤਾ ਗਿਆ ਜਿਸ ਵਿਚ ਸਨਮਾਨ ਚਿੰਨ, ਲੋਈ, ਨਗਦ ਰਾਸ਼ੀ ਅਤੇ ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ। ਯਾਦ ਰਹੇ ਸਭਾ ਵਲੋ ਪਹਿਲਾਂ ਜੁਗਰਾਜ ਚੰਦ ਰਾਏਸਰ, ਬੀਰਪਾਲ ਕੌਰ ਹੰਡਿਆਇਆ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਚੰਡਿਹੋਕ ਨੇ ਸੰਸਥਾ ਦੇ ਪ੍ਰਿੰਸੀਪਲ ਹਰੀਸ਼ ਬਾਂਸਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਸਾਹਿਤਕ ਸਮਾਗਮ ਲਈ ਸਹਿਯੋਗ ਦਿੰਦੇ ਹਨ। ਪਾਠਕ ਸੁਖਵਿੰਦਰ ਸਿੰਘ ਬਾਰੇ ਮੈਡਮ ਮਨਦੀਪ ਕੌਰ ਭਦੌੜ ਨੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਸੁਖਵਿੰਦਰ ਸਿੰਘ ਨੇ ਆਪਣੇ ਵਲੋ ਪੜ੍ਹੇ ਸਾਹਿਤ ਬਾਰੇ ਦੱਸਿਆ। ਸਮਾਗਮ ਦੌਰਾਨ ਡਾਕਟਰ ਬਿਕਰਮਜੀਤ ਪੁਰਬਾ ਦੀ ਪੁਸਤਕ ਹਮੇਸ਼ਾ ਵੱਡਾ ਸੋਚੋ ਅਤੇ ਇੰਦਰਜੀਤ ਕੌਰ ਰੰਧਾਵਾ ਤਪਾ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਜਿਹਨਾਂ ਬਾਰੇ ਕਰਮਵਾਰ ਮਾਲਵਿੰਦਰ ਸ਼ਾਇਰ ਅਤੇ ਤੇਜਾ ਸਿੰਘ ਤਿਲਕ ਨੇ ਜਾਣਕਾਰੀ ਦਿੱਤੀ। ਉਪਰੰਤ ਲੇਖਕਾਂ ਨੇ ਆਪਣੀ ਸਿਰਜਣਾ ਬਾਰੇ ਦੱਸਿਆ। ਉਪਰੰਤ ਲੇਖਕਾਂ ਦਾ ਵੀ ਲੋਈ,ਸਨਮਾਨ ਚਿੰਨ ਅਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨ ਕੀਤਾ ਗਿਆ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਭਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਰੀਆਂ ਸਭਾਵਾਂ ਲੇਖਕਾਂ ਦਾ ਸਨਮਾਨ ਹੀ ਕਰਦਿਆਂ ਹਨ ਪਰ ਇਹ ਸਭਾ ਪਾਠਕ ਦਾ ਸਨਮਾਨ ਕਰਕੇ ਵਧੀਆ ਉੱਦਮ ਕਰ ਰਹੀ ਹੈ। ਆਏ ਸਾਹਿਤਕਾਰਾਂ ਪਾਠਕਾਂ ਦਾ ਧੰਨਵਾਦ ਨਾਵਲਕਾਰ ਦਰਸ਼ਨ ਸਿੰਘ ਗੁਰੂ ਨੇ ਕੀਤਾ ਅਤੇ ਮੰਚ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਬਾ- ਖੂਬੀ ਕੀਤਾ। ਕਵੀ ਦਰਬਾਰ ਵਿਚ ਪਾਲ ਸਿੰਘ ਲਹਿਰੀ, ਮਨਦੀਪ ਕੁਮਾਰ, ਉਜਾਗਰ ਸਿੰਘ ਮਾਨ, ਰਾਮ ਸਰੂਪ ਸ਼ਰਮਾ, ਰਾਜਿੰਦਰ ਸ਼ੌਂਕੀ, ਪਰਗਟ ਸਿੰਘ ਕਾਲੇਕੇ, ਕਰਮਿੰਦਰ ਸਿੰਘ, ਰਘਬੀਰ ਸਿੰਘ ਗਿੱਲ ਕੱਟੂ, ਸੁਰਿੰਦਰਪਾਲ ਸਿੰਘ ਬਿੰਦਰਾ ਜਗਰਾਓਂ, ਰਾਮ ਸਿੰਘ ਬੀਹਲਾ, ਚਰਨ ਸਿੰਘ, ਕੁਲਰੋਨਕ ਸਿੰਘ ਚੰਡਿਹੋਕ ਅਤੇ ਹਾਕਮ ਸਿੰਘ ਰੂੜੇਕੇ ਨੇ ਆਪਣੇ ਕਲਾਮ ਪੇਸ਼ ਕੀਤੇ। ਇਹਨਾਂ ਤੋ ਇਲਾਵਾ ਸਮਾਗਮ ਵਿੱਚ ਕੰਵਰਜੀਤ ਭੱਠਲ, ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ, ਜਗਰਾਜ ਚੰਦ ਰਾਏਸਰ, ਬ੍ਰਿਜ ਲਾਲ ਗੋਇਲ ਧਨੌਲਾ, ਮੇਜਰ ਸਿੰਘ ਗਿੱਲ, ਜੁਪਿੰਦਰ ਸਿੰਘ, ਜੈਸਮੀਨ ਕੌਰ, ਜਸਨੀਤ ਕੌਰ, ਪ੍ਰੀਤਮ ਸਿੰਘ, ਕਰਨਜੀਤ ਸਿੰਘ, ਮਨਦੀਪ ਸਿੰਘ, ਰਾਜਵੰਤ ਕੌਰ, ਚਮਕੌਰ ਸਿੰਘ, ਤਰਸੇਮ ਅਤੇ ਅੰਜਨਾ ਮੈਨਨ ਨੇ ਸ਼ਿਰਕਤ ਕੀਤੀ।



