
ਮਾਮਲਾ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਦਬਾਓ ਨਾਲ ਮੌਜੂਦਾ ਸਰਕਾਰ ਦੇ ਲੀਡਰ ਪਾਉਣ ਦਾ 19 ਨੂੰ ਹੋਵੇਗਾ ਜਿਲ੍ਹਾ ਪ੍ਰਬੰਧਕੀ ਕੰਪੈਲਕਸ ਦਾ ਘਿਰਾਓ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਾਂਝਾ ਅਧਿਆਪਕ ਮੋਰਚਾ ਵੱਲੋਂ ਸਿੱਖਿਆ ਵਿਭਾਗ ਦੁਆਰਾ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਮੌਜੂਦਾ ਸਰਕਾਰ ਦੀ ਸ਼ਹਿ ਤੇ ਅਫਸਰਸ਼ਾਹੀ ਵੱਲੋਂ ਸਿਆਸੀ ਦਖਲਅੰਦਾਜ਼ੀ ਨੂੰ ਲੈ ਕੇ ਬਲਾਕ ਸਿੱਖਿਆ ਅਧਿਕਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਨਾਮ ਮੰਗ ਪੱਤਰ ਦੇਣ ਦੀ ਲੜੀ ਦੇ ਤਹਿਤ ਸਿੱਖਿਆ ਬਲਾਕ ਸੁਲਤਾਨਪੁਰ ਲੋਧੀ ਵਿਖੇ ਸਮੂਹ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕਰ ਬਲਾਕ ਸਿੱਖਿਆ ਅਧਿਕਾਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਂਝਾ ਅਧਿਆਪਕ ਮੋਰਚੇ ਤੋਂ ਜੀ ਟੀ ਯੂ ਦੇ ਸੂਬਾਈ ਆਗੂ ਰਛਪਾਲ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਮਾਸਟਰ ਕੇਡਰ ਯੂਨੀਅਨ ਦੇ ਨਰੇਸ਼ ਕੋਹਲੀ, ਅਧਿਆਪਕ ਦਲ ਦੇ ਮਨਜਿੰਦਰ ਸਿੰਘ ਧੰਜੂ,ਡੀ ਟੀ ਐੱਫ ਦੇ ਹਰਵਿੰਦਰ ਸਿੰਘ ਵਿਰਦੀ ਆਦਿ ਆਗੂਆਂ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਸਰਕਾਰ ਦੀ ਸ਼ਹਿ ਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਿਨਾਂ ਦਸਤਖਤਾਂ ਦੇ ਮੌਜੂਦਾ ਸਰਕਾਰ ਦੇ ਸਿਆਸੀ ਲੀਡਰਾਂ ਦੀ ਇੱਕ ਸੂਚੀ ਭੇਜੀ ਗਈ ਹੈ । ਜਿਸ ਵਿੱਚੋਂ ਉਹਨਾਂ ਸਿਆਸੀ ਲੀਡਰਾਂ ਦੇ ਨਾਂ ਲਈ ਅਧਿਆਪਕਾਂ ਤੇ ਮੈਨੇਜਮੈਂਟ ਕਮੇਟੀ ਵਿੱਚ ਪਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਜਿਸ ਨੂੰ ਸਮੂਹ ਅਧਿਆਪਕ ਵਰਗ ਵੱਲੋਂ ਸਿਰੇ ਤੋਂ ਨਕਾਰਿਆ ਗਿਆ ਹੈ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਬਣਤਰ ਨੂੰ ਪਹਿਲੇ ਅਨੁਸਾਰ ਹੀ ਬੱਚਿਆਂ ਦੇ ਮਾਪਿਆਂ ਅਤੇ ਲੋਕਾਂ ਦੇ ਚੁਣੇ ਨੁਮਾਇੰਦੇ,ਪਿੰਡ ਦੇ ਸਿੱਖਿਆ ਮਾਹਿਰ ਤਹਿਤ ਕਮੇਟੀ ਨੂੰ ਬਣਾ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮਨਜ਼ੂਰੀ ਲਈ ਭੇਜਿਆ ਗਿਆ ਸੀ। ਪ੍ਰੰਤੂ ਇਹਨਾਂ ਕਮੇਟੀਆਂ ਤੇ ਇਹ ਇਤਰਾਜ਼ ਲਗਾਇਆ ਗਿਆ ਕਿ ਇਸ ਕਮੇਟੀ ਨੂੰ ਬਣਾਉਣ ਲਈ ਬਲਾਕ ਸਿੱਖਿਆ ਅਧਿਕਾਰੀ ਨਾਲ ਸੰਪਰਕ ਕੀਤਾ ਜਾਵੇ। ਜਦੋਂ ਅਧਿਆਪਕਾਂ ਨੇ ਇਸ ਸਬੰਧੀ ਬਲਾਕ ਸਿੱਖਿਆ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਸਬੰਧੀ ਕੋਈ ਵੀ ਲਿਖਤੀ ਆਦੇਸ਼ ਜਾਰੀ ਨਹੀਂ ਹੋਏ ਹਨ। ਜਿਸ ਦੇ ਸਮੂਹ ਅਧਿਆਪਕਾਂ ਨੇ ਬਲਾਕ ਸਿੱਖਿਆ ਅਧਿਕਾਰੀ ਦਫਤਰਾਂ ਦਾ ਘੇਰਾਓ ਕਰ ਨਾਅਰੇਬਾਜ਼ੀ ਕਰ ਰੋਸ ਪ੍ਰਦਰਸ਼ਨ ਕੀਤਾ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਨਾਂ ਸਿਆਸੀ ਦਖਲ ਅੰਦਾਜੀ ਨੂੰ ਰੋਕਣ ਲਈ ਬਲਾਕ ਸਿੱਖਿਆ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਗਏ। ਆਗੂਆਂ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਦੁਆਰਾ ਅਧਿਆਪਕਾਂ ਦੁਆਰਾ ਭੇਜੀਆਂ ਕਮੇਟੀਆਂ ਬਿਨਾਂ ਇਤਰਾਜ਼ ਲਗਾਏ ਮੰਨਜ਼ੂਰ ਕੀਤੀਆਂ ਜਾ ਰਹੀਆਂ ਹਨ । ਜਦਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਦੁਆਰਾ ਮੌਜੂਦਾ ਸਰਕਾਰ ਦੀ ਸ਼ਹਿ ਤੇ ਅਧਿਆਪਕਾਂ ਨੂੰ ਕਮੇਟੀਆਂ ਵਿੱਚ ਸਿਆਸੀ ਦਖਲਅੰਦਾਜ਼ੀ ਵਧਾਉਣ ਲਈ ਬੇਲੋੜੇ ਇਤਰਾਜ਼ ਲਗਾਏ ਜਾ ਰਹੇ ਹਨ।ਜਿਸ ਨੂੰ ਕਿਸੇ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਧਿਆਪਕਾਂ ਨੇ ਐਲਾਨ ਕੀਤਾ ਕਿ 19 ਅਗਸਤ ਨੂੰ ਇਸ ਸਿਆਸੀ ਦਖਲ ਅੰਦਾਜੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਮੌਕੇ ਅਜੈ ਸ਼ਰਮਾ, ਗੁਰਪ੍ਰੀਤ ਸਿੰਘ,ਰੇਸ਼ਮ ਸਿੰਘ, ਯਾਦਵਿੰਦਰ ਸਿੰਘ, ਕੰਵਰਦੀਪ ਸਿੰਘ, ਜਗਮੋਹਨ ਸਿੰਘ,ਅਜੈ ਗੁਪਤਾ, ਲਖਵਿੰਦਰ ਸਿੰਘ ਟਿੱਬਾ, ਅਵਤਾਰ ਸਿੰਘ ਹੈਬਤਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਅਮਨਦੀਪ ਸਿੰਘ ਖਿੰਡਾ,ਰਾਜ ਕੁਮਾਰ, ਰਾਮ ਸਿੰਘ, ਯੋਗੇਸ਼ ਸੌਰੀ, ਜਸਵੀਰ ਸਿੰਘ ਚੀਮਾ, ਅੰਮ੍ਰਿਤਪਾਲ ਸਿੰਘ,ਤੇਜਿੰਦਰ ਸਿੰਘ, ਚੰਦਨ ਮਨਚੰਦਾ, ਆਦਿ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


