
ਡੇਰਾਬੱਸੀ, (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ :- ਡੇਰਾਬੱਸੀ ਦੀ ਸੈਣੀ ਬਰਾਦਰੀ ਵੱਲੋਂ ਆਮ ਲੋਕਾਂ ਲਈ ਸਮਾਜਿਕ, ਧਾਰਮਿਕ ਅਤੇ ਸਮਾਗਮਾਂ ਲਈ ਬਣਾਏ ਗਏ ਸੈਣੀ ਭਵਨ ਵਿੱਚ ਪਿਛਲੇ ਲਗਭਗ ਪੰਜ ਸਾਲਾਂ ਤੋਂ ਨਗਰ ਕੌਂਸਲ ਦਫ਼ਤਰ ਚੱਲਣ ਕਾਰਨ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਥਿਤੀ ਕਰਕੇ ਸ਼ਹਿਰ ਦੇ ਆਮ ਪਰਿਵਾਰਾਂ ਨੂੰ ਵਿਆਹ-ਸ਼ਾਦੀਆਂ, ਭੋਗਾਂ ਅਤੇ ਹੋਰ ਸਮਾਗਮਾਂ ਲਈ ਮਹਿੰਗੇ ਪੈਲਸਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸੈਣੀ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਸਿੰਘ ਲਾਲੀ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਹਲਕਾ ਡੇਰਾਬੱਸੀ ਦੇ ਵਿਧਾਇਕ ਨੂੰ ਮੰਗ ਪੱਤਰ ਸੌਂਪ ਕੇ ਸੈਣੀ ਭਵਨ ਨੂੰ ਜਲਦ ਤੋਂ ਜਲਦ ਖਾਲੀ ਕਰਨ ਦੀ ਮੰਗ ਕੀਤੀ। ਨਰਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਨਗਰ ਕੌਂਸਲ ਦਫ਼ਤਰ ਦੀ ਮੌਜੂਦਾ ਜਗ੍ਹਾ ’ਤੇ ਬੱਸ ਸਟੈਂਡ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਉਸ ਸਮੇਂ ਨਗਰ ਕੌਂਸਲ ਦਫ਼ਤਰ ਨੂੰ ਅਸਥਾਈ ਤੌਰ ’ਤੇ ਸੈਣੀ ਭਵਨ ਵਿੱਚ ਸ਼ਿਫ਼ਟ ਕੀਤਾ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਦੋ ਸਾਲਾਂ ਅੰਦਰ ਬੱਸ ਸਟੈਂਡ ਤਿਆਰ ਕਰਕੇ ਭਵਨ ਖਾਲੀ ਕਰ ਦਿੱਤਾ ਜਾਵੇਗਾ। ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਬੱਸ ਸਟੈਂਡ ਬਣਿਆ ਅਤੇ ਨਾ ਹੀ ਦਫ਼ਤਰ ਹਟਾਇਆ ਗਿਆ। ਇਸ ਤੋਂ ਬਾਅਦ ਨਵੀਂ ਬਣੀ ਸਰਕਾਰ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਇਸ ਨੂੰ ਜਲਦ ਤੋਂ ਜਲਦ ਖਾਲੀ ਕਰਕੇ ਲੋਕਾਂ ਦੇ ਵਿਆਹ ਸਮਾਗਮਾਂ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ। ਨਰਿੰਦਰ ਲਾਲੀ ਨੇ ਕਿਹਾ ਕਿ ਸੈਣੀ ਭਵਨ ਦਾ ਮੂਲ ਉਦੇਸ਼ ਸਮਾਜਿਕ ਅਤੇ ਸਾਂਝੇ ਸਮਾਗਮਾਂ ਲਈ ਸੀ, ਪਰ ਹੁਣ ਇਹ ਸਰਕਾਰੀ ਦਫ਼ਤਰ ਬਣ ਕੇ ਰਹਿ ਗਿਆ ਹੈ, ਜਿਸ ਨਾਲ ਭਾਈਚਾਰੇ ਦੀਆਂ ਸਰਗਰਮੀਆਂ ਪ੍ਰਭਾਵਿਤ ਹੋ ਰਹੀਆਂ ਹਨ। ਮੰਗ ਪੱਤਰ ਵਿੱਚ ਸਪੱਸ਼ਟ ਤੌਰ ’ਤੇ ਮੰਗ ਕੀਤੀ ਗਈ ਕਿ ਜਾਂ ਤਾਂ ਤੁਰੰਤ ਨਵਾਂ ਨਗਰ ਕੌਂਸਲ ਦਫਤਰ ਦੀ ਉਸਾਰੀ ਸ਼ੁਰੂ ਕੀਤੀ ਜਾਵੇ ਜਾਂ ਨਗਰ ਕੌਂਸਲ ਦਫ਼ਤਰ ਨੂੰ ਕਿਸੇ ਹੋਰ ਉਚਿਤ ਸਥਾਨ ’ਤੇ ਤਬਦੀਲ ਕੀਤਾ ਜਾਵੇ। ਸੈਣੀ ਭਾਈਚਾਰੇ ਦੇ ਆਗੂਆਂ ਨੇ ਆਖਿਆ ਕਿ ਜੇਕਰ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਮਜਬੂਰ ਹੋਣਗੇ। ਇਸ ’ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਫ਼ਦ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਸੰਬੰਧਤ ਵਿਭਾਗਾਂ ਨਾਲ ਗੱਲਬਾਤ ਕਰਕੇ ਜਲਦ ਹੱਲ ਕੱਢਿਆ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

