ਦਲਿਤ ਕੁੜੀ ਨਾਲ ਜਬਰ-ਜਨਾਹ ਕਰ ਕੇ ਮੌਤ ਦੇ ਘਾਟ ਉਤਾਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ

 ਪੇਂਡੂ ਮਜ਼ਦੂਰ ਯੂਨੀਅਨ ਪਟਿਆਲਾ ਵਿਖੇ ਤਿੰਨ ਰੋਜ਼ਾ ਮੋਰਚੇ ਵਿੱਚ ਪੂਰੀ ਤਾਕਤ ਨਾਲ ਸ਼ਮੂਲੀਅਤ ਕਰੇਗੀ: ਪੀਟਰ

ਜਲੰਧਰ, (ਸਮਾਜ ਵੀਕਲੀ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਸੂਬਾ ਕਮੇਟੀ ਦੀ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮਜ਼ਦੂਰ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਦੇ ਰਿਹਾਇਸ਼ੀ ਸ਼ਹਿਰ ਪਟਿਆਲਾ ਵਿਖੇ 9,10,11 ਅਗਸਤ ਨੂੰ ਤਿੰਨ ਰੋਜ਼ਾ ਲਗਾਏ ਜਾ ਰਹੇ ਮੋਰਚੇ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਨੂੰ ਮਾਰਚ ਵਿੱਚ ਪੂਰੀ ਤਾਕਤ ਨਾਲ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ।ਇਸ ਸੰਬੰਧੀ ਪੰਜਾਬ ਭਰ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਯੂਨੀਅਨ ਵਲੋਂ ਦਿੱਲੀ ਕੈਂਟ ਦੇ ਪਿੰਡ ਪੁਰਾਣਾ ਨੰਗਲ ਦੀ 9 ਸਾਲਾਂ ਦੀ ਦਲਿਤ ਲੜਕੀ ਨਾਲ ਜਬਰ-ਜਨਾਹ ਕਰਕੇ ਉਸ ਨੂੰ ਕਤਲ ਕਰਨ ਦੀ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਾਤਲਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ ਗਈ।

ਸਰੂਪ ਨਗਰ, ਪਿੰਡ ਰਾਊਵਾਲੀ ਸਥਿਤ ਪੰਜਾਬੀ ਲਹਿਰ ਖਬਰ ਏਜੰਸੀ ਨਾਲ ਗੱਲਬਾਤ ਦੌਰਾਨ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਸੂਬਾ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਸਾਬਿਤ ਹੋਈ ਹੈ।ਇਸ ਸਰਕਾਰ ਨੇ ਵੀ ਚੋਣਾਂ ਵਿੱਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਬੇਜ਼ਮੀਨੇ ਲੋਕਾਂ ਦੇ ਕਰਜ਼ੇ ਮੁਆਫ਼ੀ ਦਾ ਸਰਕਾਰ ਢੰਡੋਰਾ ਪਿੱਟ ਰਹੀ ਹੈ,ਜੋ ਕੇ ਊਠ ਤੋਂ ਛਾਣਨੀ ਲਾਹੁਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕੌ-ਅਪ ਸੁਸਾਇਟੀਆਂ ਦੇ ਕਰਜ਼ ਮੁਆਫ਼ੀ ਚੋਂ ਖ਼ੁਦ ਮੁਖਤਿਆਰ ਸੁਸਾਇਟੀਆਂ ਨੂੰ ਕਰਜ਼ ਮੁਆਫ਼ੀ ਦੇ ਘੇਰੇ ਵਿੱਚ ਬਾਹਰ ਰੱਖਿਆ ਗਿਆ,ਇਸ ਤੋਂ ਬਿਨ੍ਹਾਂ ਸੁਸਾਇਟੀਆਂ ਦੇ ਕੁੱਲ ਕਰਜ਼ਾ ਮੁਆਫ਼ੀ ਦੇ ਨਾਲ ਨਾਲ ਹੋਰ ਸਰਕਾਰੀ ਤੇ ਗੈਰਸਰਕਾਰੀ ਕਰਜ਼ਾ ਮੁਆਫ਼ੀ ਤੋਂ ਸਰਕਾਰ ਨੇ ਅੱਖਾਂ ਫੇਰ ਕੇ ਸਾਬਿਤ ਕਰ ਦਿੱਤਾ ਕਿ ਕਾਂਗਰਸ ਸਰਕਾਰ ਵੀ ਮਜ਼ਦੂਰ ਵਿਰੋਧੀ ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਬੇਰੁਜ਼ਗਾਰੀ,ਅਰਧ ਬੇਰੁਜ਼ਗਾਰੀ ਦੇ ਚਲਦਿਆਂ ਆਪਣੇ ਘਰਾਂ ਦਾ ਚੁੱਲਾ ਤੱਪਦਾ ਰੱਖਣਾ ਵੀ ਮਜ਼ਦੂਰਾਂ ਲਈ ਔਖਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਘਰ ਘਰ ਸਰਕਾਰੀ ਨੌਕਰੀਆਂ ਦਾ ਲਾਰਾ ਲਾਉਣ ਵਾਲੀ ਸਰਕਾਰ ਮਗਨਰੇਗਾ ਤਹਿਤ ਰੁਜ਼ਗਾਰ, ਰਿਹਾਇਸ਼ੀ ਪਲਾਟ,ਘਰੇਲੂ ਬਿਜਲੀ ਮੁਆਫ਼ੀ ਆਦਿ ਦੀ ਸਹੂਲਤ ਦੇਣ ਵਿੱਚ ਅਸਫ਼ਲ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਸੰਬੰਧੀ ਕਾਂਗਰਸ ਸਰਕਾਰ ਵਿਧਾਨ ਸਭਾ ਵਿੱਚ ਮਤਾ ਨਾ ਲਿਆ ਕਿ ਮਜ਼ਦੂਰਾਂ ਨਾਲ ਵਿਤਕਰੇਬਾਜ਼ੀ ਦਾ ਕਲੰਕ ਵੀ ਖੱਟ ਚੁੱਕੀ ਹੈ।

ਯੂਨੀਅਨ ਵਲੋਂ ਪੇਂਡੂ ਮਜ਼ਦੂਰਾਂ ਨੂੰ 9,10,11 ਅਗਸਤ ਨੂੰ ਪਟਿਆਲਾ ਵਿਖੇ ਲਗਾਏ ਜਾ ਰਹੇ ਤਿੰਨ ਰੋਜ਼ਾ ਮੋਰਚੇ ਨੂੰ ਪੂਰਾ ਤਾਣ ਲਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਯੂਨੀਅਨ ਦੇ ਸੂਬਾ ਆਗੂਆਂ ਹੰਸ ਰਾਜ ਪੱਬਵਾਂ, ਮਹਿੰਦਰ ਸਿੰਘ ਖੈਰੜ, ਕਮਲਜੀਤ ਸਨਾਵਾ,ਰਾਜ ਕੁਮਾਰ ਪੰਡੋਰੀ,ਨਿਰਮਲ ਸਿੰਘ ਸ਼ੇਰਪੁਰ ਸੱਧਾ, ਮੰਗਾਂ ਸਿੰਘ ਵੈਰੋਕੇ ਆਦਿ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।

Previous articleजेल के भीतर जेल में कैद औरतों की कहानी
Next articleWatch out for Kumar, Punia, men’s hockey team in medal rounds