ਜ਼ਿਮਨੀ ਚੋਣਾਂ: ਉੱਤਰ ਤੋਂ ਦੱਖਣ ਤੱਕ ਭਾਜਪਾ ਨੂੰ ਝਟਕੇ

ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ ’ਚ ਤਿੰਨ ਸੰਸਦੀ ਸੀਟਾਂ ਤੇ 29 ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ਲਈ 30 ਅਕਤੂਬਰ ਨੂੰ ਪਈਆਂ ਵੋਟਾਂ ਦੀ ਅੱਜ ਗਿਣਤੀ ਹੋਣ ਮਗਰੋਂ ਸਾਹਮਣੇ ਆਏ ਨਤੀਜਿਆਂ ’ਚ ਉੱਤਰੀ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੱਡਾ ਝਟਕਾ ਦਿੰਦਿਆਂ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ’ਚ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਸ਼ਿਵ ਸੈਨਾ ਨੇ ਮਹਾਰਾਸ਼ਟਰ ਤੋਂ ਬਾਹਰ ਪੈਰ ਪਸਾਰਦਿਆਂ ਦਾਦਰਾ ਤੇ ਨਗਰ ਹਵੇਲੀ ਦੀ ਲੋਕ ਸਭਾ ਸੀਟ ਜਿੱਤ ਲਈ ਹੈ।

ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ’ਚ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਵਿਰੋਧੀ ਧਿਰ ਕਾਂਗਰਸ ਨੇ ਵਿਧਾਨ ਸਭਾ ਸੀਟਾਂ ਫਤਹਿਪੁਰ, ਅਰਕੀ ਤੇ ਜੁੱਬਲ-ਕੋਟਖਾਈ ਅਤੇ ਲੋਕ ਸਭਾ ਸੀਟ ਮੰਡੀ ’ਤੇ ਜਿੱਤ ਹਾਸਲ ਕਰ ਲਈ ਹੈ। ਚੋਣ ਕਮਿਸ਼ਨ ਵੱਲੋਂ ਅੱਜ ਜਾਰੀ ਕੀਤੇ ਚੋਣ ਨਤੀਜਿਆਂ ਅਨੁਸਾਰ ਕਾਂਗਰਸ ਨੇ ਆਪਣੀਆਂ ਫਤਹਿਪੁਰ ਤੇ ਅਰਕੀ ਸੀਟਾਂ ਕਾਇਮ ਰੱਖੀਆਂ ਹਨ ਜਦਕਿ ਜੁੱਬਲ-ਕੋਟਖਾਈ ਸੀਟ ਭਾਜਪਾ ਤੋਂ ਖੋਹ ਲਈ ਹੈ। ਮੰਡੀ ਲੋਕ ਸਭਾ ਸੀਟ ਤੋਂ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੀ ਪਤਨੀ ਤੇ ਕਾਂਗਰਸ ਉਮੀਦਵਾਰ ਪ੍ਰਤਿਭਾ ਸਿੰਘ ਨੇ ਆਪਣੇ ਨੇੜਲੇ ਵਿਰੋਧੀ ਤੇ ਕਾਰਗਿਲ ਜੰਗ ਦੇ ਨਾਇਕ ਤੇ ਭਾਜਪਾ ਉਮੀਦਵਾਰ ਕੌਸ਼ਲ ਠਾਕੁਰ ਨੂੰ ਹਰਾਇਆ।

ਜ਼ਿਕਰਯੋਗ ਹੈ ਕਿ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਰਾਮ ਸਵਰੂਪ ਸ਼ਰਮਾ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ 4,05,000 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਫਤਹਿਪੁਰ ਤੋਂ ਭਵਾਨੀ ਸਿੰਘ ਪਠਾਨੀਆ, ਅਰਕੀ ਤੋਂ ਸੰਜੈ ਤੇ ਜੁੱਬਲ-ਕੋਟਖਾਈ ਤੋਂ ਰੋਹਿਤ ਕੁਮਾਰ ਨੇ ਜਿੱਤ ਦਰਜ ਕੀਤੀ ਹੈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੁਲਦੀਪ ਸਿੰਘ ਰਾਠੌੜ ਨੇ ਭਾਜਪਾ ਦੀ ਹਾਰ ਮਗਰੋਂ ਮੁੱਖ ਮੰਤਰੀ ਜੈਰਾਮ ਠਾਕੁਰ ਤੋਂ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਮੰਗਿਆ ਹੈ। ਇਸੇ ਤਰ੍ਹਾਂ ਰਾਜਸਥਾਨ ’ਚ ਹਾਕਮ ਧਿਰ ਕਾਂਗਰਸ ਨੇ ਵਿਧਾਨ ਸਭਾ ਦੀਆਂ ਦੋਵੇਂ ਧਾਰੀਆਵਾੜ ਤੇ ਵੱਲਭਨਗਰ ਸੀਟਾਂ ਜਿੱਤ ਲਈਆਂ ਹਨ। ਕਾਂਗਰਸ ਨੇ ਜ਼ਿਮਨੀ ਚੋਣ ’ਚ ਇੱਕ ਸੀਟ ’ਤੇ ਆਪਣਾ ਕਬਜ਼ਾ ਕਾਇਮ ਰੱਖਿਆ ਹੈ ਜਦਕਿ ਇਕ ਸੀਟ ਉਸ ਨੇ ਭਾਜਪਾ ਤੋਂ ਖੋਹੀ ਹੈ।

ਅਗਲੇ ਮਹੀਨੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਜਾ ਰਹੀ ਅਸ਼ੋਕ ਗਹਿਲੋਤ ਸਰਕਾਰ ਲਈ ਇਸ ਨੂੰ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਚੋਣ ਕਮਿਸ਼ਨ ਅਨੁਸਾਰ ਵੱਲਭਨਗਰ ਤੋਂ ਕਾਂਗਰਸ ਦੀ ਪ੍ਰੀਤੀ ਸ਼ਕਤਾਵਤ ਤੇ ਧਾਰੀਆਵਾੜ ਤੋਂ ਨਾਗਰਾਜ ਮੀਣਾ ਜੇਤੂ ਰਹੇ। ਇਸ ਚੋਣ ’ਚ ਮੁੱਖ ਵਿਰੋਧੀ ਧਿਰ ਭਾਜਪਾ ਦੇ ਉਮੀਦਵਾਰ ਨਾ ਸਿਰਫ਼ ਹਾਰੇ ਬਲਕਿ ਉਹ ਤੀਜੇ ਤੇ ਚੌਥੇ ਸਥਾਨ ’ਤੇ ਰਹੇ। ਦਾਦਰਾ ਤੇ ਨਗਰ ਹਵੇਲੀ ਲੋਕ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ’ਚ ਸ਼ਿਵ ਸੈਨਾ ਉਮੀਦਵਾਰ ਕਲਾਬੇਨ ਡੇਲਕਰ ਨੇ 51269 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਦੇ ਨੇੜਲੇ ਵਿਰੋਧੀ ਤੇ ਭਾਜਪਾ ਉਮੀਦਵਾਰ ਮਹੇਸ਼ ਗਾਵਿਤ ਨੂੰ 66766 ਵੋਟਾਂ ਹਾਸਲ ਹੋਈਆਂ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿਚਲੀ ਦੇਗਲੁਰ ਵਿਧਾਨ ਸਭਾ ਸੀਟ ’ਤੇ ਕਾਂਗਰਸ ਉਮੀਦਵਾਰ ਜਿਤੇਸ਼ ਰਾਓਸਾਹਿਬ ਅੰਤਾਪੁਰਕਰ ਨੇ ਭਾਜਪਾ ਉਮੀਦਵਾਰ ਸੁਭਾਸ਼ ਪੀਰਾਜੀਰਾਓ ਸਾਬਨੇ ਨੂੰ 41,917 ਵੋਟਾਂ ਦੇ ਫਰਕ ਨਾਲ ਹਰਾਇਆ।

ਆਂਧਰਾ ਪ੍ਰਦੇਸ਼ ਦੇ ਕਡੱਪਾ ਜ਼ਿਲ੍ਹੇ ਵਿਚਲੀ ਬਦਵੇਲ ਵਿਧਾਨ ਸਭਾ ਸੀਟ ’ਤੇ ਵਾਈਐੱਸਆਰ ਕਾਂਗਰਸ ਦੇ ਉਮੀਦਵਾਰ ਦਸਾਰੀ ਸੁਧਾ ਨੇ 90533 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਇੱਥੋਂ ਭਾਜਪਾ ਦੇ ਪਨਾਥਲਾ ਸੁਰੇਸ਼ ਨੂੰ ਇੱਕ ਪਾਸੜ ਮੁਕਾਬਲੇ ’ਚ ਮਾਤ ਦਿੱਤੀ ਹੈ। ਕਰਨਾਟਕ ’ਚ ਸਿੰਦਗੀ ਵਿਧਾਨ ਸਭਾ ਸੀਟ ਭਾਜਪਾ ਉਮੀਦਵਾਰ ਰਮੇਸ਼ ਭੁਨਾਸੁਰ ਜਦਕਿ ਹੰਗਲ ਸੀਟ ’ਤੇ ਕਾਂਗਰਸ ਦੇ ਸ੍ਰੀਨਿਵਾਸ ਮਾਨੇ ਨੇ ਜਿੱਤ ਦਰਜ ਕੀਤੀ ਹੈ। ਉੱਧਰ ਬਿਹਾਰ ’ਚ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਜਨਤਾ ਦਲ (ਯੂ) ਨੇ ਲਾਲੂ ਪ੍ਰਸਾਦ ਯਾਦਵ ਦੀ ਆਰਜੇਡੀ ਨਾਲ ਸਖ਼ਤ ਮੁਕਾਬਲੇ ਮਗਰੋਂ ਦੋਵਾਂ ਕੁਸ਼ੇਸ਼ਵਰ ਅਸਥਾਨ ਤੇ ਤਾਰਪੁਰ ਸੀਟ ’ਤੇ ਜਿੱਤ ਦਰਜ ਕੀਤੀ ਹੈ। ਇਸੇ ਦੌਰਾਨ ਮੱਧ ਪ੍ਰਦੇਸ਼ ਦੀ ਜੋਬਾਟ ਤੇ ਪ੍ਰਿਥਵੀਪੁਰ ਵਿਧਾਨ ਸਭਾ ਸੀਟਾਂ ਭਾਜਪਾ ਨੇ ਕਾਂਗਰਸ ਤੋਂ ਖੋਹ ਲਈਆਂ ਹਨ।

ਜੋਬਾਟ ਦੀ ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਸੁਲੋਚਨਾ ਰਾਵਤ ਨੇ ਆਪਣੇ ਨੇੜਲੇ ਵਿਰੋਧੀ ਮਹੇਸ਼ ਰਾਵਤ ਨੂੰ, ਪ੍ਰਿਥਵੀਪੁਰ ਤੋਂ ਭਾਜਪਾ ਉਮੀਦਵਾਰ ਸ਼ਿਸ਼ੂਪਾਲ ਯਾਦਵ ਨੇ ਕਾਂਗਰਸ ਉਮੀਦਵਾਰ ਨਿਤੇਂਦਰ ਸਿੰਘ ਰਾਠੌੜ ਨੂੰ ਹਰਾਇਆ ਜਦਕਿ ਰਾਏਗਾਓਂ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਵਾਰ ਕਲਪਨਾ ਸ਼ਰਮਾ ਨੇ ਭਾਜਪਾ ਦੀ ਪ੍ਰਤਿਮਾ ਬਾਗੜੀ ਨੂੰ ਹਰਾਇਆ। ਉੱਧਰ ਮੱਧ ਪ੍ਰਦੇਸ਼ ਦੀ ਖੰਡਵਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਗਿਆਨੇਸ਼ਵਰ ਪਾਟਿਲ ਨੇ ਕਾਂਗਰਸ ਉਮੀਦਵਾਰ ਰਾਜ ਨਾਰਾਇਣ ਸਿੰਘ ਨੂੰ 80 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸ਼ਿਆਂ ਘਬਰਾਇਆ ਨਾ ਕਰ
Next articleਹੁਣ ਹੰਕਾਰ ਛੱਡ, ਖੇਤੀ ਕਾਨੂੰਨ ਵਾਪਸ ਲੈਣ ਮੋਦੀ: ਕਾਂਗਰਸ