ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਨੇ ਸੰਸਦ ਦੇ ਆਉਂਦੇ ਬਜਟ ਇਜਲਾਸ ਦੌਰਾਨ ਹਮਖ਼ਿਆਲ ਪਾਰਟੀਆਂ ਨਾਲ ਰਲ ਕੇ ਕੰਮ ਕਰਨ ਦਾ ਫ਼ੈਸਲਾ ਲਿਆ ਹੈ। ਇਜਲਾਸ ਦੌਰਾਨ ਕਿਸਾਨੀ, ਕੋਵਿਡ ਪੀੜਤਾਂ ਲਈ ਰਾਹਤ ਪੈਕੇਜ ਅਤੇ ਚੀਨ ਨਾਲ ਸਰਹੱਦੀ ਵਿਵਾਦ ਸਮੇਤ ਜਨਤਕ ਮਹੱਤਤਾ ਵਾਲੇ ਕਈ ਮੁੱਦੇ ਸਾਂਝੇ ਤੌਰ ’ਤੇ ਉਠਾਏ ਜਾਣਗੇ। ਕਾਂਗਰਸ ਸੰਸਦੀ ਰਣਨੀਤਕ ਗਰੁੱਪ ਦੀ ਵਰਚੁਅਲੀ ਹੋਈ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕੀਤੀ।
ਕਾਂਗਰਸ ਵੱਲੋਂ ਕੋਵਿਡ ਪੀੜਤਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਐਲਾਨੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸ ਨੇ ਏਅਰ ਇੰਡੀਆ ਦੀ ਟਾਟਾ ਗਰੁੱਪ ਨੂੰ ਵਿਕਰੀ ਦਾ ਮੁੱਦਾ ਵੀ ਉਠਾਉਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਭਾਰਤੀ ਅਰਥਚਾਰੇ ’ਚ ਨਿਘਾਰ ਅਤੇ ਜ਼ਰੂਰੀ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਦੇ ਮੁੱਦੇ ਵੀ ਉਠਾਏ ਜਾਣਗੇ। ਮੀਟਿੰਗ ਦੌਰਾਨ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ, ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ, ਸੀਨੀਅਰ ਪਾਰਟੀ ਆਗੂ ਏ ਕੇ ਐਂਟਨੀ, ਕੇ ਸੀ ਵੇਣੂਗੋਪਾਲ, ਆਨੰਦ ਸ਼ਰਮਾ, ਗੌਰਵ ਗੋਗੋਈ, ਕੇ ਸੁਰੇਸ਼, ਜੈਰਾਮ ਰਮੇਸ਼, ਮਨੀਕਮ ਟੈਗੋਰ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਹਾਜ਼ਰੀ ਭਰੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਇਸ ਗਰੁੱਪ ਦੇ ਮੈਂਬਰ ਹਨ ਪਰ ਉਹ ਮੀਟਿੰਗ ’ਚ ਹਾਜ਼ਰ ਨਹੀਂ ਸਨ। ਸੰਸਦ ਦਾ ਬਜਟ ਇਜਲਾਸ 31 ਜਨਵਰੀ ਨੂੰ ਰਾਸ਼ਟਰਪਤੀ ਵੱਲੋਂ ਦੋਵੇਂ ਸਦਨ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤੇ ਜਾਣ ਨਾਲ ਸ਼ੁਰੂ ਹੋਵੇਗਾ। ਆਮ ਬਜਟ ਪਹਿਲੀ ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly