ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਧਰਮਿੰਦਰ ਮਲਿਕ ਤੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨੇ ਖੇਤੀ ਬਜਟ ਨੂੰ ਨਕਾਰ ਦਿੱਤਾ ਤੇ ਕਿਸਾਨੀ ਦੇ ਖ਼ਿਲਾਫ਼ ਕਰਾਰ ਦਿੱਤਾ। ਬੀਕੇਯੂ (ਟਿਕੈਤ) ਦੇ ਧਰਮਿੰਦਰ ਮਲਿਕ ਨੇ ਕਿਹਾ ਕਿ ਅੱਜ ਦੇ ਬਜਟ ਭਾਸ਼ਣ ਤੋਂ ਸਪੱਸ਼ਟ ਹੈ ਕਿ ਇਹ ਬਜਟ ਖੇਤੀ ਲਈ ਨਕਾਰਾਤਮਕ ਹੈ, ਖੇਤੀ ਵਿੱਚ ਵਿੱਤੀ ਵੰਡ ਘਟਾ ਦਿੱਤੀ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਕੁੱਲ ਬਜਟ ਵਿੱਚੋਂ ਖੇਤੀ ਲਈ ਅਲਾਟਮੈਂਟ ਵੀ ਘਟਾ ਦਿੱਤੀ ਗਈ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਉਲਟ ਕਿਸਾਨ ਸਨਮਾਨ ਨਿਧੀ ਦੀ ਅਲਾਟਮੈਂਟ ਨਾ ਵਧਾਉਣਾ, ਫ਼ਸਲ ਬੀਮਾ ਯੋਜਨਾ ਲਈ ਅਲਾਟਮੈਂਟ ਘਟਾਉਣਾ, ਫ਼ਸਲਾਂ ਦੀ ਖ਼ਰੀਦ ਲਈ ਪ੍ਰਧਾਨ ਮੰਤਰੀ ਆਸ਼ਾ ਯੋਜਨਾ ਵਿੱਚ ਅਲਾਟਮੈਂਟ ਘਟਾਉਣਾ, ਪਰਾਲੀ ਨਾ ਸਾੜਨ ਲਈ ਅਲਾਟਮੈਂਟ ਖ਼ਤਮ ਕਰਨਾ, ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਘਟਾਉਣਾ ਆਦਿ ਇਸ ਦੇ ਸਿੱਧੇ ਸੰਕੇਤ ਹਨ। ਖੇਤੀਬਾੜੀ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਜਿਵੇਂ ਕਿ ਬੀਜ, ਕੀਟਨਾਸ਼ਕ, ਨਦੀਨਨਾਸ਼ਕ, ਟਰੈਕਟਰ, ਪਸ਼ੂ ਤੇ ਪੋਲਟਰੀ ਫੀਡ ਆਦਿ ਵਿੱਚ ਜੀਐੱਸਟੀ ਦੀਆਂ ਦਰਾਂ ਵਿੱਚ ਰਾਹਤ ਨਾ ਦੇਣ ਤੋਂ ਸਪੱਸ਼ਟ ਹੈ ਕਿ ਅਜਿਹਾ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਬਜਟ ਨਾਲ ਕਿਸਾਨਾਂ ਦੀ ਭਲਾਈ ਸੰਭਵ ਨਹੀਂ ਹੈ। ਸਰਕਾਰ ਕਿਸਾਨਾਂ ਪ੍ਰਤੀ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ।
ਮਲਿਕ ਨੇ ਕਿਹਾ, ‘ਸਰਕਾਰ ਤੇਲ ਬੀਜਾਂ ਦਾ ਉਤਪਾਦਨ ਵਧਾਉਣਾ ਚਾਹੁੰਦੀ ਹੈ ਕਿਉਂਕਿ ਉਹ ਪਾਮ ਦੀ ਕਾਸ਼ਤ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਹਨ। ਇਹ ਖੇਤੀ ਧਰਤੀ ਹੇਠਲੇ ਪਾਣੀ ਤੇ ਵਾਤਾਵਰਨ ਦੇ ਦ੍ਰਿਸ਼ਟੀਕੋਣ ਤੋਂ ਠੀਕ ਨਹੀਂ ਹੈ।’ ਉਨ੍ਹਾਂ ਕਿਹਾ ਕਿ ਬਜਟ ਵਿੱਚ ਅੰਮ੍ਰਿਤ ਮਹੋਤਸਵ, ਗਤੀਸ਼ਕਤੀ, ਈ-ਵਿਧਾ ਆਦਿ ਸ਼ਬਦਾਂ ਦਾ ਜਾਲ ਹੀ ਹੈ। ਖੇਤੀਬਾੜੀ ਵਿੱਚ ਪੂੰਜੀ ਨਿਵੇਸ਼ ਦੇ ਮਾਹੌਲ ਲਈ ਕੋਈ ਯੋਜਨਾ ਨਹੀਂ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਦੀ ਕਿਸਾਨ ਵਿਰੋਧੀ ਸੋਚ ਪ੍ਰਗਟ ਕਰ ਰਹੇ ਇਸ ਬਜਟ ਨੂੰ ਉਹ ਜ਼ੀਰੋ ਨੰਬਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬਜਟ ਵਿਚ ਖੇਤੀਬਾੜੀ ਲਈ ਜੋ ਵੀ ਵੰਡ ਹੋਵੇਗੀ, ਉਸ ਦਾ ਵੱਡਾ ਹਿੱਸਾ ਤਨਖਾਹਾਂ, ਕਿਸਾਨ ਸਨਮਾਨ ਨਿਧੀ ਅਤੇ ਵਿਆਜ ਦੀ ਸਬਸਿਡੀ ’ਤੇ ਖਰਚ ਕੀਤਾ ਜਾਵੇਗਾ। ਇਸ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਪਰ ਜੋ ਮਿਲਦਾ ਸੀ ਉਹ ਵੀ ਘਟਾ ਦਿੱਤਾ ਗਿਆ ਹੈ।
ਕੇਂਦਰ ਸਰਕਾਰ ਅੰਕੜਿਆਂ ਵਿੱਚ ਕਿਸਾਨਾਂ ਨੂੰ ਉਲਝਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਜ਼ਿਕਰ ਕੀਤਾ ਹੈ ਕਿ ਕਿਸਾਨਾਂ ਤੋਂ 1208 ਲੱਖ ਮੀਟ੍ਰਿਕ ਟਨ ਕਣਕ ਤੇ ਝੋਨਾ ਖ਼ਰੀਦਿਆ ਗਿਆ ਹੈ ਜਦਕਿ ਪਿਛਲੇ ਸਾਲ ਸਰਕਾਰੀ ਅੰਕੜਿਆਂ ਅਨੁਸਾਰ 433 ਲੱਖ ਮੀਟ੍ਰਿਕ ਟਨ ਕਣਕ ਤੇ 873 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਜੋ ਕਿ 1306 ਲੱਖ ਮੀਟ੍ਰਿਕ ਟਨ ਬਣਦਾ ਹੈ। ਸਰਕਾਰ ਅੰਕੜਿਆਂ ਦਾ ਜਾਦੂ ਕਰਕੇ ਕਿਸਾਨਾਂ ਦੀਆਂ ਅੱਖਾਂ ਵਿੱਚ ਧੂੜ ਪਾ ਰਹੀ ਹੈ ਅਤੇ ਇਸ ਵਾਰ ਵੀ ਕੇਂਦਰੀ ਬਜਟ ਤੋਂ ਕਿਸਾਨ ਨਿਰਾਸ਼ ਹਨ। ਨਵੀਂ ਏਪੀਐਮਸੀ ਮੰਡੀ ਬਣਾਉਣ ਲਈ ਵੀ ਸਰਕਾਰ ਵੱਲੋਂ ਬਜਟ ਵਿਚ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly