ਸਮਾਜ ਵੀਕਲੀ ਯੂ ਕੇ-
ਜਲੰਧਰ , 11 ਜਨਵਰੀ (ਪਰਮਜੀਤ ਜੱਸਲ)- ਪੰਜਾਬ ਦੇ ਬੁੱਧਿਸ਼ਟਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸ੍ਰੀ ਹੁਸਨ ਲਾਲ ਬੌਧ ਦੀ ਪ੍ਰਧਾਨਗੀ ਹੇਠ ਬੁੱਧ ਵਿਹਾਰ ਸਿਧਾਰਥ ਨਗਰ, ਬੂਟਾ ਮੰਡੀ ਜਲੰਧਰ ਵਿਖੇ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਬੁੱਧਿਸਟਾਂ ਵਲੋਂ ਸ਼੍ਰੀ ਆਕਾਸ਼ ਲਾਮਾ ਜਨਰਲ ਸਕੱਤਰ ਆਲ ਇੰਡੀਆ ਬੁੱਧਿਸਟ ਫੋਰਮ ਦਾ ਪੰਜਾਬ ਫੇਰੀ ਦੌਰਾਨ ਜਲੰਧਰ ਪਹੁੰਚਣ ‘ਤੇ ਤਨ, ਮਨ, ਅਤੇ ਧੰਨ ਨਾਲ ਨਿੱਘਾ ਸਵਾਗਤ ਕੀਤਾ ਜਾਵੇਗਾ ।ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਜੱਸਲ ਅਤੇ ਹੁਸਨ ਲਾਲ ਬੌਧ ਨੇ ਦੱਸਿਆ ਕਿ ਬੁੱਧ ਗਯਾ ਮੁਕਤੀ ਅੰਦੋਲਨ ਦੇ ਬਾਰੇ’ ਚ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ੍ਰੀ ਆਕਾਸ਼ ਲਾਮਾ ਜੀ 27 ਜਨਵਰੀ ਤੋਂ 29 ਜਨਵਰੀ 2025 ਤੱਕ ਜਲੰਧਰ, ਫਗਵਾੜਾ , ਲੁਧਿਆਣਾ ਅਤੇ ਗੁਰਦਾਸਪੁਰ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਨਗੇ ।ਇਹਨਾਂ ਆਗੂਆਂ ਨੇ ਮੂਲ ਨਿਵਾਸੀ ਅਤੇ ਮਾਨਵਵਾਦੀ ਲੋਕਾਂ ਨੂੰ ਅਪੀਲ ਕੀਤੀ ਕਿ 27 ਜਨਵਰੀ 2025 ਨੂੰ ਅੰਬੇਡਕਰ ਭਵਨ ਜਲੰਧਰ ਵਿਖੇ ਪਹੁੰਚੋ, ਜਿੱਥੇ ਸ੍ਰੀ ਆਕਾਸ਼ ਲਾਮਾ ਜੀ ਸੈਮੀਨਾਰ ਨੂੰ ਦੁਪਹਿਰ ਤੋਂ ਬਾਅਦ 3 ਵਜੇ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਸ੍ਰੀ ਆਕਾਸ਼ ਲਾਮਾ ਜੀ ਬੁੱਧ ਵਿਹਾਰ ਸਿਧਾਰਥ ਨਗਰ ਬੂਟਾਂ ਮੰਡੀ,ਜਲੰਧਰ ਵਿਖੇ ਪਹੁੰਚ ਕੇ ਤਥਾਗਤ ਬੁੱਧ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ। ਇਹਨਾਂ ਆਗੂਆਂ ਇਹ ਵੀ ਕਿਹਾ ਕਿ ਮਤਾ ਪਾਸ ਕਰਕੇ ਬਿਹਾਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੁੱਧ ਗਯਾ ਮਹਾਂਬੁੱਧ ਵਿਹਾਰ ਦਾ ਕਾਨੂੰਨ 1949 ਨੂੰ ਰੱਦ ਕੀਤਾ ਜਾਵੇ ਅਤੇ ਬੁੱਧ ਗਯਾ ਮਹਾਂ ਬੁੱਧ ਵਿਹਾਰ ਨੂੰ ਗੈਰ ਬੋਧੀਆਂ ਤੋਂ ਆਜ਼ਾਦ ਕਰਵਾ ਕੇ ਇਸ ਦਾ ਕੰਟਰੋਲ ਨਿਰੋਲ ਬੁੱਧਿਸ਼ਟਾਂ ਨੂੰ ਸੌਂਪਿਆ ਜਾਵੇ।
ਇਸ ਮੀਟਿੰਗ ਵਿੱਚ ਭਿਖਸ਼ੂ ਰੇਵਤ ਜੀ, ਅਜੇ ਕੁਮਾਰ ਬੌਧ, ਵਾਸਦੇਵ ਬੌਧ, ਮੁੰਨਾ ਲਾਲ ਬੌਧ, ਰਾਜੇਸ਼ ਵਿਰਦੀ, ਜਗਦੀਸ਼ ਦੀਸ਼ਾ ਬਸਪਾ ਆਗੂ, ਸ਼ਾਮ ਲਾਲ ਜੱਸਲ (ਨਿਊਜ਼ੀਲੈਂਡ), ਨਰਿੰਦਰ ਕਲੇਰ, ਐਡਵੋਕੇਟ ਦੀਪਕ, ਚਮਨ ਦਾਸ ਸਾਂਪਲਾ, ਪ੍ਰਿੰਸੀਪਲ ਪਰਮਜੀਤ ਜੱਸਲ, ਚੰਚਲ ਬੋਧ ਅਤੇ ਹੋਰ ਬਹੁਤ ਸਾਰੇ ਉਪਾਸਕ ਹਾਜ਼ਰ ਸਨ। ਸ੍ਰੀ ਚਰਨ ਦਾਸ ਸੰਧੂ ਪ੍ਰਧਾਨ ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ) ਪੰਜਾਬ ਨੇ ਫੋਨ ਰਾਹੀਂ ਇਸ ਮੀਟਿੰਗ ਵਿੱਚ ਹਾਜ਼ਰ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।