ਬੁੱਧ ਵਿਵੇਕ

ਅੱਖੀਆਂ ਤਾਂ ਚੰਨਾ ਉਹੀਂ ਤੇਰੀਆਂ ਪਰ ਝਾਕਣੀ ਚ ਪੈ ਗਿਆ ਫ਼ਰਕ ਵੇ !

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)  ਇਹ ਸੱਚ ਹੈ ਕਿ ਅਸੀਂ ਆਪਣੇ ਮਨ ਦੀ ਨਹੀਂ ਮੰਨਦੇ ਸਗੋਂ ਲੋਕਾਂ ਦੀਆਂ ਕਹੀਆਂ ਗੱਲਾਂ ਬਾਤਾਂ ਉਤੇ ਵਿਸ਼ਵਾਸ ਕਰਦੇ ਹਾਂ। ਸਾਡੇ ਪੜ੍ਹੇ ਲਿਖੇ ਹੋਣ ਦਾ ਕੋਈ ਲਾਭ ਨਹੀਂ, ਜਦੋਂ ਅਸੀਂ ਪ੍ਰਚੱਲਿਤ ਧਾਰਨਾਵਾਂ ਉਪਰ ਹੀ ਤੁਰਦੇ ਰਹਿਣਾ ਹੈ। ਅਸੀਂ ਜ਼ਿੰਦਗੀ ਵਿਚ ਵੀ ਕੁੱਝ ਅਜਿਹੀਆਂ ਗੱਲਾਂ ਕਰਦੇ ਹਾਂ ਕਿ ਜਿਹਨਾਂ ਦੇ ਅਰਥ ਪਤਾ ਹੁੰਦਾ ਹੈ ਕਿ ਪਖੰਡ ਹੈ। ਪਰ ਅਸੀਂ ਉਹ ਸਭ ਕਰਦੇ ਹਾਂ। ਇਸਨੂੰ ਹੀ ਵਹਿਮ ਭਰਮ ਵੀ ਕਹਿੰਦੇ ਹਨ। ਜਦੋਂ ਪਤਾ ਹੈ ਕਿ ਪੱਥਰ ਬੋਲ ਨਹੀਂ ਸਕਦਾ। ਫੇਰ ਵੀ ਉਸ ਦੇ ਸਾਹਮਣੇ ਨੱਕ ਰਗੜਦੇ ਹਾਂ। ਗਿਆਨ ਵਿਗਿਆਨ ਪੜ੍ਹਨ ਲਿਖਣ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਅਸੀਂ ਯੂਨੀਵਰਸਲ ਗਿਆਨ ਨੂੰ ਰੁਮਾਲਿਆਂ ਵਿੱਚ ਵਲੇਟ ਕੇ ਰੱਖ ਦਿੱਤਾ ਹੈ। ਅਸੀਂ ਉਸ ਦੀ ਪੂਜਾ ਕਰਦੇ ਹਾਂ ਪਰ ਉਸਦੇ ਵਿਚਲੇ ਗਿਆਨ ਤੇ ਵਿਚਾਰਾਂ ਨੂੰ ਪੜ੍ਹ ਦੇ ਨਹੀਂ। ਇਸੇ ਕਰਕੇ ਅਸੀਂ ਗਿਆਨ ਵਿਹੂਣੇ ਬਣ ਗਏ ਹਾਂ। ਜਿਹੜਿਆਂ ਵਹਿਮਾਂ ਭਰਮਾਂ ਤੋਂ ਮੁਕਤੀ ਦਿਵਾਉਣ ਲਈ ਗੁਰੂ ਨਾਨਕ ਜੀ ਨੇ ਚਾਰ ਉਦਾਸੀਆਂ ਕੀਤੀਆਂ। ਅਸੀਂ ਉਹਨਾਂ ਤੋਂ ਉਲਟ ਚੱਲ ਪਏ ਹਾਂ।
ਨਜ਼ਰ ਲੱਗਣੀ, ਆਮ ਗੱਲ ਹੈ, ਕਿਸੇ ਬੱਚੇ ਨੂੰ, ਔਰਤ ਜਾਂ ਮਰਦ ਨੂੰ ਵੀ ਲੱਗ ਜਾਂਦੀ ਹੈ। ਨਜ਼ਰ ਕੋਈ ਚੁੰਬਕ ਨਹੀਂ, ਮਨੁੱਖ ਲੋਹਾ ਨਹੀਂ ਕਿ ਉਹ ਇੱਕ ਦੂਜੇ ਨਾਲ ਚਿੰਬੜ ਜਾਣਗੇ। ਜਦੋਂ ਤੱਕ ਤੁਸੀਂ ਕਿਸੇ ਨੂੰ ਗੱਲਵੱਕੜੀ ਨੀ ਪਾਉਣੀ ਉਸ ਨਾਲ ਚਿੰਬੜ ਕਿਵੇਂ ਜਾਓਗੇ ? ਮਕਾਨ, ਦੁਕਾਨ ਜਾਂ ਹੋਰ ਕਿਸੇ ਸਮਾਨ ਨੂੰ ਨਜ਼ਰ ਕਿਵੇਂ ਲੱਗ ਜਾਵੇਗੀ ? ਕਹਿੰਦੇ ਮਨੁੱਖ ਪੜ੍ਹ ਲਿਖ ਕੇ ਗਿਆਨਵਾਨ ਹੋ ਜਾਂਦਾ ਹੈ। ਹੁੰਦਾ ਇਸ ਦੇ ਉਲਟ ਹੈ, ਹੁਣ ਪੜ੍ਹੇ ਲਿਖੇ ਲੋਕ ਵਧੇਰੇ ਮਾਨਸਿਕ ਤੌਰ ਬੀਮਾਰ ਹਨ। ਉਹ ਇਸ ਦਾ ਕਾਰਨ ਲੱਭਣ ਦੀ ਵਜਾਏ, ਉਸਦਾ ਇਲਾਜ ਲੱਭਦੇ ਹਨ। ਕਿਸੇ ਖਰਾਬੀ ਦਾ ਕਾਰਨ ਲੱਭਿਆ ਜਾਂਦਾ ਹੈ। ਨਾ ਕਿ ਇਲਾਜ। ਇਲਾਜ ਬਾਅਦ ਦੀਆਂ ਗੱਲਾਂ ਹਨ।ਪੜ੍ਹ ਲਿਖ ਕੇ ਅਸੀਂ ਕਿਸੇ ਮਨੋਵਿਗਿਆਨੀ ਡਾਕਟਰ ਕੋਲ ਜਾਣ ਦੀ ਵਜਾਏ ਕਿਸੇ ਧਾਰਮਿਕ ਅਸਥਾਨ ਜਾਂ ਸਾਧ ਦੇ ਡੇਰੇ ਵੱਲ ਜਾਂਦੇ ਹਾਂ। ਕੇਹੀ ਤਰੱਕੀ ਕੀਤੀ ਹੈ ਆਧੁਨਿਕ ਸਮਾਜ ਨੇ, ਉਹ ਮੂਰਖਾਂ ਦਾ ਨੇਤਾ ਬਣ ਗਿਆ ਹੈ। ਨਜ਼ਰ ਲੱਗਣੀ, ਛਿੱਕ ਆਉਂਣੀ ਇਹ ਵਹਿਮ ਭਰਮ ਬਣ ਗਿਆ ਹੈ। ਤੁਰਨ ਲੱਗਿਆ ਜਦੋਂ ਛਿੱਕ ਆ ਜਾਵੇ। ਇਸਨੂੰ ਮਾੜਾ ਮੰਨਿਆ ਜਾਂਦਾ ਹੈ। ਛਿੱਕ ਮਾਰਨ ਵਾਲੇ ਨੂੰ ਭਾਵੇਂ ਨਜ਼ਲਾ ਤੇ ਜ਼ੁਕਾਮ ਹੋਵੇ, ਉਸ ਨੂੰ ਬਦਸ਼ਗਨੀ ਮੰਨਿਆ ਜਾਂਦਾ ਹੈ। ਹੈ ਨਾ ਪੜ੍ਹਿਆ ਲਿਖਿਆ ਮੂਰਖ਼। ਗੁਰਬਾਣੀ ਵਿੱਚ ਇਹੋ ਜਿਹੇ ਵਹਿਮ ਤੇ ਭਰਮਾਂ ਨੂੰ ਮੁੱਢੋਂ ਹੀ ਨਕਾਰਿਆ ਗਿਆ ਹੈ। ਗੁਰਬਾਣੀ ਅਸੀਂ ਪੜ੍ਹਦੇ ਸੁਣਦੇ ਨਹੀਂ, ਅਮਲ ਤਾਂ ਅਸੀਂ ਕੀ ਕਰਨਾ ਹੈ। ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦਾ ਪ੍ਰਪੰਚ ਜ਼ਰੂਰ ਕਰਦੇ ਹਾਂ। ਅੱਜ ਕੱਲ੍ਹ ਬਹੁਤੇ ਪ੍ਰਚਾਰਕ ਕੋਤਰ ਸੌ ਪਾਠ ਕਰਨ ਲਈ ਕਹਿੰਦੇ ਹਨ। ਜਦਕਿ ਉਹਨਾਂ ਨੂੰ ਖੁਦ ਗਿਆਨ ਨਹੀਂ। ਉਹਨਾਂ ਦੀਆਂ ਇਹ ਦੁਕਾਨਾਂ ਹਨ। ਉਹ ਪਾਠ ਵੇਚਦੇ ਹਨ ਤੇ ਆਪਣੇ ਘਰ ਭਰਦੇ ਹਨ। ਲੋਕ ਡਰ ਤੇ ਵਹਿਮ ਭਰਮ ਦੇ ਮਰੀਜ਼ ਹਨ। ਇਸੇ ਕਰਕੇ ਉਹ ਸਲਾਹ ਦੇਂਦੇ ਹਨ ਕਿ ਤੁਸੀਂ ਵੀ ਨਜ਼ਰ ਫ਼ਜ਼ਰ ਤੋਂ ਬਚਣ ਲਈ ਕੋਈ ਕਾਲੇ ਟਿੱਕੇ ਦੀ ਵਰਤੋਂ ਕਰੋ। ਦਰਾਂ ਮੂਹਰੇ ਜੁੱਤੀ ਟੰਗੋਂ, ਤਾਂ ਕਿ ਨਜ਼ਰ ਨਾ ਲੱਗ ਜਾਵੇ। ਓਸ਼ੋ ਨੇ ਨਜ਼ਰ ਵਾਰੇ ਕਥਾ ਕਹੀ ਹੈ। ਤੁਸੀਂ ਵੀ ਪੜ੍ਹ ਕੇ ਆਪਣੇ ਆਪ ਦਾ ਮੰਥਨ ਕਰੋ। ਸਿਆਣੇ ਆਖਦੇ ਹਨ ਕਿ ਦੋਸਤ ਪਰਖ ਕੇ ਬਣਾਓ। ਕਿਉਂਕਿ ਦੋਸਤਾਂ ਨੇ ਹੀ ਦੁਸ਼ਮਣ ਬਣ ਕੇ ਪਿੱਠ ਪਿੱਛੇ ਛੁਰਾ ਮਾਰਨਾ ਹੁੰਦਾ ਹੈ। ਕਿਸੇ ਦੀ ਕਦੋਂ ਨਜ਼ਰ ਬਦਲ ਜਾਵੇ, ਪਤਾ ਨਹੀਂ ਲੱਗਦਾ। ਜਿਵੇਂ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆਓ, ਉਸਨੇ ਡੰਗ ਮਾਰਨਾ ਹੁੰਦਾ ਹੈ। ਕੁੱਝ ਬੰਦਿਆਂ ਵਿੱਚ ਵੀ ਸੱਪ ਦੀ ਰੂਹ ਹੁੰਦੀ ਹੈ। ਉਹ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ, ਇਹਨਾਂ ਤੋਂ ਬਚਣਾ ਮੁਸ਼ਕਿਲ ਹੈ। ਇੱਕ ਲੋਕ ਬੋਲੀ ਐ, ਜੀਹਨੇ ਅੱਖ ਦੀ ਰਮਜ਼ ਨਾ ਜਾਣੀਂ, ਗੋਲੀ ਮਾਰੀ ਆਸ਼ਕ ਦੇ। ਹੁਣ ਕੀਹਦੇ ਕੀਹਦੇ ਬੰਦਾ ਗੋਲੀ ਮਾਰੇ ? ਗੋਲ਼ੀ ਨਾਲੋਂ ਬੋਲੇ ਤੇ ਲਿਖੇ ਬੋਲ ਖਤਰਨਾਕ ਹੁੰਦੇ ਹਨ। ਲੱਗਿਆ ਫੱਟ ਮਿੱਟ ਸਕਦਾ, ਬੋਲੇ ਬੋਲ ਰੜਕਦੇ ਰਹਿੰਦੇ ਹਨ। ਜੇ ਬੰਦੇ ਵਿੱਚ ਬੰਦਾ ਹੋਵੇ ਤਾਂ, ਨਹੀਂ ਤਾਂ…। ਨਜ਼ਰਾਂ ਤੋਂ ਡਿੱਗ ਗਈ, ਨਜ਼ਰਾਂ ਵਿੱਚ ਵਸਣਾ, ਨਜ਼ਰਾਂ ਬਦਲਣੀਆਂ, ਨਜ਼ਰਾਂ ਫੇਰਨੀਆਂ ਹੁਣ ਆਮ ਗੱਲ ਹੋ ਗਈ ਹੈ। ਤੁਸੀਂ ਆਪਣੇ ਆਪ ਨੂੰ ਸੰਭਾਲ ਲਵੋ, ਕਿਸੇ ਦੀ ਫਿਕਰ ਕਰਨ ਦੀ ਲੋੜ ਨਹੀਂ। ਕਿਉਂਕਿ ਹੁਣ ਹਰ ਕੋਈ ਆਪਣੇ ਫ਼ਿਕਰ ਵਿੱਚ ਗ੍ਰਸਤ ਹੈ। ਉਸਨੂੰ ਕੀ ਕੀ ਫ਼ਿਕਰ ਹਨ ? ਤੁਸੀਂ ਵੀ ਜਾਣਦੇ ਹੋ। ਲਾਭ ਹੀਰੇ ਦਾ ਗਾਇਆ ਗੀਤ ਚੇਤੇ ਕਰਦਿਆਂ ਬਹੁਤ ਨੂੰ ਖੁਸ਼ ਕਰੇਗਾ ਤੇ ਤੜਫਾਏਗਾ।
ਅੱਖੀਆਂ ਚੰਨਾ ਓਹੀ ਤੇਰੀਆਂ
ਪਰ ਝਾਕਣੀ ਵਿੱਚ ਪੈ ਗਿਆ ਫ਼ਰਕ ਵੇ।
ਹੁਣ ਕੀ ਕਰੀਏ ਸਮਾਜ ਵਿੱਚ ਸਰਕਾਰ ਤੇ ਉਹਨਾਂ ਦੇ ਅਹਿਲਕਾਰਾਂ ਨੇ ਕਿਵੇਂ ਨਜ਼ਰਾਂ ਬਦਲੀਆਂ ਹਨ, ਤੁਸੀਂ ਸਭ ਜਾਣਦੇ ਹੋ। ਹੁਣ ਅਮਰ ਸਿੰਘ ਚਮਕੀਲਾ ਵੀ ਗਾਉਂਦਾ ਹੈ, ਨੀਂ ਥਾਵੇਂ ਖੜ੍ਹੀ ਮੁਕਰ ਗਈ, ਘਰ ਸੱਦ ਕੇ ਯਾਰ ਨੂੰ ਮੋੜੇਂ।
***
ਬੁੱਧ ਸਿੰਘ ਨੀਲੋਂ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleWinter School in Buddhist Textual Scholarship
Next articleਬੁੱਧ ਚਿੰਤਨ