ਨਜ਼ਰਾਂ ਬਦਲਣੀਆਂ!
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਇਹ ਸੱਚ ਹੈ ਕਿ ਅਸੀਂ ਆਪਣੇ ਮਨ ਦੀ ਨਹੀਂ ਮੰਨਦੇ ਸਗੋਂ ਲੋਕਾਂ ਦੀਆਂ ਕਹੀਆਂ ਗੱਲਾਂ ਬਾਤਾਂ ਉਤੇ ਵਿਸ਼ਵਾਸ ਕਰਦੇ ਹਾਂ। ਸਾਡੇ ਪੜ੍ਹੇ ਲਿਖੇ ਹੋਣ ਦਾ ਕੋਈ ਲਾਭ ਨਹੀਂ, ਜਦੋਂ ਅਸੀਂ ਪ੍ਰਚੱਲਿਤ ਧਾਰਨਾਵਾਂ ਉਪਰ ਹੀ ਤੁਰਦੇ ਰਹਿਣਾ ਹੈ। ਅਸੀਂ ਮਨੁੱਖ ਦੀ ਜ਼ਿੰਦਗੀ ਵਿਚ ਵੀ ਕੁੱਝ ਅਜਿਹੀਆਂ ਗੱਲਾਂ ਕਰਦੇ ਹਾਂ ਕਿ ਸਾਨੂੰ ਉਹਨਾਂ ਦੇ ਅਰਥ ਪਤਾ ਹੋਣ ਤੇ ਵੀ ਉਹ ਕਰਦੇ ਹਾਂ। ਪਖੰਡ ਇਸਨੂੰ ਹੀ ਕਹਿੰਦੇ ਹਨ। ਜਦੋਂ ਪਤਾ ਹੈ ਕਿ ਪੱਥਰ ਬੋਲ ਨਹੀਂ ਸਕਦਾ। ਫੇਰ ਉਸ ਦੇ ਸਾਹਮਣੇ ਨੱਕ ਰਗੜਦੇ ਹਾਂ। ਨਜ਼ਰ ਲੱਗਣੀ, ਆਮ ਗੱਲ ਹੈ, ਕਿਸੇ ਬੱਚੇ ਨੂੰ, ਔਰਤ ਜਾਂ ਮਰਦ ਨੂੰ ਵੀ ਲੱਗ ਜਾਂਦੀ ਹੈ। ਨਜ਼ਰ ਕੋਈ ਚੁੰਬਕ ਨਹੀਂ, ਮਨੁੱਖ ਲੋਹਾ ਨਹੀਂ ਕਿ ਉਹ ਇੱਕ ਦੂਜੇ ਨਾਲ ਚਿੰਬੜ ਜਾਣਗੇ। ਜਦੋਂ ਤੱਕ ਤੁਸੀਂ ਕਿਸੇ ਨੂੰ ਗੱਲਵੱਕੜੀ ਨੀ ਪਾਉਣੀ ਉਸ ਨਾਲ ਚਿੰਬੜ ਕਿਵੇਂ ਜਾਓਗੇ ? ਮਕਾਨ, ਦੁਕਾਨ ਜਾਂ ਹੋਰ ਕਿਸੇ ਸਮਾਨ ਨੂੰ ਨਜ਼ਰ ਕਿਵੇਂ ਲੱਗ ਜਾਵੇਗੀ ? ਕਹਿੰਦੇ ਮਨੁੱਖ ਪੜ੍ਹ ਲਿਖ ਕੇ ਗਿਆਨਵਾਨ ਹੋ ਜਾਂਦਾ ਹੈ। ਹੁੰਦਾ ਉਲਟ ਹੈ, ਹੁਣ ਪੜ੍ਹੇ ਲਿਖੇ ਲੋਕ ਵਧੇਰੇ ਮਾਨਸਿਕ ਤੌਰ ਬੀਮਾਰ ਹਨ। ਉਹ ਇਸ ਦਾ ਕਾਰਨ ਲੱਭਣ ਦੀ ਵਜਾਏ ਉਸਦਾ ਇਲਾਜ ਲੱਭਦੇ ਹਨ। ਕਿਸੇ ਖਰਾਬੀ ਦਾ ਕਾਰਨ ਲੱਭਿਆ ਜਾਂਦਾ ਹੈ। ਪੜ੍ਹ ਲਿਖ ਕੇ ਅਸੀਂ ਕਿਸੇ ਮਨੋਵਿਗਿਆਨੀ ਡਾਕਟਰ ਕੋਲ ਜਾਣ ਦੀ ਵਜਾਏ ਕਿਸੇ ਧਾਰਮਿਕ ਅਸਥਾਨ ਜਾਂ ਸਾਧ ਦੇ ਡੇਰੇ ਵੱਲ ਜਾਂਦੇ ਹਾਂ। ਕੇਹੀ ਤਰੱਕੀ ਕੀਤੀ ਹੈ ਆਧੁਨਿਕ ਸਮਾਜ ਨੇ ਕਿ ਉਹ ਮੂਰਖਾਂ ਦਾ ਨੇਤਾ ਬਣ ਗਿਆ ਹੈ। ਨਜ਼ਰ ਲੱਗਣੀ, ਛਿੱਕ ਆਉਂਣੀ ਇਹ ਆਮ ਸਮਾਜ ਦਾ ਹਿੱਸਾ ਬਣ ਗਿਆ ਹੈ। ਤੁਰਨ ਲੱਗਿਆ ਜਦੋਂ ਛਿੱਕ ਆ ਜਾਵੇ। ਇਸਨੂੰ ਮਾੜਾ ਮੰਨਿਆ ਜਾਂਦਾ ਹੈ। ਛਿੱਕ ਮਾਰਨ ਵਾਲੇ ਨੂੰ ਭਾਵੇਂ ਨਜ਼ਲਾ ਤੇ ਜ਼ੁਕਾਮ ਹੋਵੇ। ਪਰ ਸਾਡੇ ਲਈ ਉਹ ਬਦਸ਼ਗਨੀ ਮੰਨਿਆ ਜਾਂਦਾ ਹੈ। ਹੈ ਨਾ ਪੜ੍ਹਿਆ ਲਿਖਿਆ ਮੂਰਖ਼। ਗੁਰਬਾਣੀ ਵਿੱਚ ਇਹੋ ਜਿਹੇ ਵਹਿਮ ਤੇ ਭਰਮਾਂ ਨੂੰ ਮੁੱਢੋਂ ਹੀ ਨਕਾਰਿਆ ਗਿਆ ਹੈ। ਗੁਰਬਾਣੀ ਅਸੀਂ ਪੜ੍ਹਦੇ ਸੁਣਦੇ ਨਹੀਂ, ਅਮਲ ਕੀ ਕਰਨਾ ਹੈ। ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦਾ ਪ੍ਰਪੰਚ ਜ਼ਰੂਰ ਕਰਦੇ ਹਾਂ। ਅੱਜ ਕੱਲ੍ਹ ਬਹੁਤੇ ਪ੍ਰਚਾਰਕ ਕੋਚਰ ਸੌ ਪਾਠ ਕਰਨ ਲਈ ਕਹਿੰਦੇ ਹਨ। ਉਹਨਾਂ ਨੂੰ ਖੁਦ ਗਿਆਨ ਨਹੀਂ। ਉਹ ਡਰ ਤੇ ਵਹਿਮ ਭਰਮ ਦੇ ਮਰੀਜ਼ ਹਨ। ਇਸੇ ਕਰਕੇ ਤੁਸੀਂ ਵੀ ਨਜ਼ਰ ਫ਼ਜ਼ਰ ਤੋਂ ਬਚਣ ਲਈ ਕੋਈ ਕਾਲੇ ਟਿੱਕੇ ਦੀ ਵਰਤੋਂ ਕਰੋ। ਦਰਾਂ ਮੂਹਰੇ ਜੁੱਤੀ ਟੰਗੋਂ, ਤਾਂ ਕਿ ਨਜ਼ਰ ਨਾ ਲੱਗ ਜਾਵੇ। ਓਸ਼ੋ ਨੇ ਨਜ਼ਰ ਵਾਰੇ ਕਥਾ ਕਹੀ ਹੈ। ਤੁਸੀਂ ਵੀ ਪੜ੍ਹ ਕੇ ਆਪਣੇ ਆਪ ਦਾ ਮੰਥਨ ਕਰੋ। ਸਿਆਣੇ ਆਖਦੇ ਹਨ ਕਿ ਦੋਸਤ ਪਰਖ ਕੇ ਬਣਾਓ। ਕਿਉਂਕਿ ਦੋਸਤਾਂ ਨੇ ਹੀ ਦੁਸ ਹੈ ਬਣ ਕੇ ਪਿੱਠ ਪਿੱਛੇ ਛੁਰਾ ਮਾਰਨਾ ਹੁੰਦਾ ਹੈ। ਕਿਸੇ ਦੀ ਕਦੋਂ ਨਜ਼ਰ ਬਦਲ ਜਾਵੇ, ਪਤਾ ਨਹੀਂ ਲੱਗਦਾ। ਜਿਵੇਂ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆਓ, ਉਸਨੇ ਡੰਗ ਮਾਰਨਾ ਹੁੰਦਾ ਹੈ। ਕੁੱਝ ਬੰਦਿਆਂ ਵਿੱਚ ਵੀ ਸੱਪ ਦੀ ਰੂਹ ਹੁੰਦੀ ਹੈ। ਉਹ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ। ਇਹਨਾਂ ਬਚਣਾ ਮੁਸ਼ਕਿਲ ਹੈ। ਇੱਕ ਲੋਕ ਬੋਲੀ ਐ, ਜੀਹਨੇ ਅੱਖ ਦੀ ਰਮਜ਼ ਨਾ ਜਾਣੀਂ, ਗੋਲੀ ਮਾਰੀ ਆਸ਼ਕ ਦੇ। ਹੁਣ ਕੀਹਦੇ ਕੀਹਦੇ ਬੰਦਾ ਗੋਲੀ ਮਾਰੇ ? ਗੋਲ਼ੀ ਨਾਲੋਂ ਬੋਲੇ ਤੇ ਲਿਖੇ ਬੋਲ ਖਤਰਨਾਕ ਹੁੰਦੇ ਹਨ। ਲੱਗਿਆ ਫੱਟ ਮਿੱਟੀ ਸਕਦਾ, ਬੋਲੇ ਬੋਲ ਰੜਕਦੇ ਰਹਿੰਦੇ ਹਨ। ਜੇ ਬੰਦੇ ਵਿੱਚ ਬੰਦਾ ਹੋਵੇ ਤਾਂ, ਨਹੀਂ ਤਾਂ…। ਨਜ਼ਰਾਂ ਤੋਂ ਡਿੱਗ ਗਈ, ਨਜ਼ਰਾਂ ਬਦਲਣੀਆਂ, ਨਜ਼ਰਾਂ ਫੇਰਨੀਆਂ ਹੁਣ ਆਮ ਗੱਲ ਹੋ ਗਈ ਹੈ। ਤੁਸੀਂ ਆਪਣੇ ਆਪ ਨੂੰ ਸੰਭਾਲ ਲਵੋ, ਕਿਸੇ ਦੀ ਫਿਕਰ ਕਰਨ ਦੀ ਲੋੜ ਨਹੀਂ।
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly