ਬੁੱਧ ਚਿੰਤਨ

ਬੜਾ ਕੁੱਝ ਦੱਸਦੀਆਂ ਸਮੁੰਦਰ ਦੀਆਂ ਲਹਿਰਾਂ !

ਬੁੱਧ ਸਿੰਘ ਨੀਲੋਂ


ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)  ਇਹ ਸੱਚ ਹੈ ਕਿ ਜੋ ਸਾਡੇ ਤਨ ਵਿੱਚ ਹੈ, ਓਹੀ ਬ੍ਰਹਿਮੰਡ ਵਿੱਚ ਹੋ ਰਿਹਾ ਹੈ। ਅਸੀਂ ਜੋ ਸਚਦੇ ਹਾਂ ਜਾਂ ਕਰਨ ਵੱਲ ਤੁਰਦੇ ਹਾਂ, ਸਮਾਂ ਤੇ ਲੋਕ ਵੀ ਉਸੇ ਹੀ ਤਰ੍ਹਾਂ ਦੇ ਮਿਲਦੇ ਹਨ। ਸਮਾਜ ਦੇ ਅੰਦਰ ਵੀ ਇਕ ਸਮੁੰਦਰ ਵਗਦਾ ਹੈ..ਜਿਹੜਾ ਹਰ ਵੇਲੇ ਗਤੀਸ਼ੀਲ ਰਹਿੰਦਾ ਹੈ ਪਰ ਸਭ ਕੁੱਝ ਹੁੰਦਾ ਹੈ, ਚੰਗਾ ਵੀ ਤੇ ਘਟੀਆ ਵੀ ਪਰ ਜੋ ਦਿਖਾਈ ਦੇਦਾ ਹੈ। ਅਸੀਂ ਉਸ ਦਾ ਨਿਰਣਾ ਕਰਦੇ ਹਾਂ ਪਰ ਜੋ ਦਿਖਾਈ ਨਹੀਂ ਦੇੰਦਾ ਉਸ ਬਾਰੇ ਚੁੱਪ ਰਹਿੰਦੇ ਹਾਂ, ਸਮਾਜ ਤੇ ਸਮੁੰਦਰ ਨੂੰ ਸਮਝਣਾ ਮੁਸ਼ਕਿਲ ਹੈ ।
ਉਝ ਸਮਾਜ ਤੇ ਸਮੁੰਦਰ ਵਿੱਚ ਕੋਈ ਅੰਤਰ ਨਹੀਂ ਹੁੰਦਾ। ਇਨ੍ਹਾਂ ਦਾ ਸੁਭਾਅ, ਤੋਰ, ਵਹਿਣ ਇਕੋ ਜਿਹਾ ਹੁੰਦਾ ਹੈ। ਸਮੁੰਦਰ ਦੀਆਂ ਲਹਿਰਾਂ ਕਦੇ ਹੜ੍ਹ ਬਣਦੀਆਂ ਹਨ, ਕਦੇ ਆਪਣੇ ਹੀ ਕੰਢਿਆਂ ਨਾਲ ਟਕਰਾ ਕੇ ਖ਼ਤਮ ਹੋ ਜਾਂਦੀਆਂ ਹਨ।
ਇਹ ਲਹਿਰਾਂ ਕਦੇ ਉੱਚੀਆਂ, ਕਦੇ ਨੀਵੀਆਂ ਤੇ ਕਦੇ ਸਮਾਂਤਰ ਆਉਂਦੀਆਂ ਹਨ। ਇਨ੍ਹਾਂ ਲਹਿਰਾਂ ਵਿੱਚੋਂ ਹੀ ਕੋਈ ਅਜਿਹੀ ਇੱਕ ਲਹਿਰ ਹੀ ਹੁੰਦੀ ਹੈ, ਜਿਹੜੀ ਉਸ ਦਾ ਵਹਿਣ ਮੋੜਦੀ ਹੈ। ਉਸ ਨੂੰ ਸਹੀ ਮੰਜ਼ਿਲ ਵੱਲ ਲੈ ਕੇ ਵਧਦੀ ਹੈ। ਕੁਝ ਲਹਿਰਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਹੜੀਆਂ ਉਸ ਨੂੰ ਝੀਲ ਵੱਲ ਵੀ ਲੈ ਤੁਰਦੀਆਂ ਹਨ। ਇਨ੍ਹਾਂ ਲਹਿਰਾਂ ਦੇ ਪਿੱਛੇ ਲਗ ਕੇ ਪਾਣੀ ਤਾਕਤਹੀਣ ਹੋ ਜਾਂਦਾ ਹੈ।
ਇਹਨਾਂ ਲਹਿਰਾਂ ਨੂੰ ਦਰਸਾਉਂਦਾ ਸਤੀਸ਼ ਗੁਲਾਟੀ ਦਾ ਇੱਕ ਸ਼ੇਅਰ ਸਮੁੰਦਰ ਦੇ ਦਰਦ ਨੂੰ ਬਿਆਨ ਕਰਦਾ ਹੈ।
” ਕਦੀ ਮਛਲੀ, ਕਦੀ ਕਿਸ਼ਤੀ, ਕਦੀ ਲਾਸ਼ਾਂ, ਕਦੀ ਵਰਖਾ,
ਤੜਪਦੀ ਲਹਿਰ ਨੂੰ ਸਾਗਰ ‘ਚ ਕੀ-ਕੀ ਦੇਖਣਾ ਪੈਣੈ। ”
ਸਮਾਜ ਵੀ ਸਮੁੰਦਰ ਦੀਆਂ ਲਹਿਰਾਂ ਵਾਂਗ ਹੀ ਵਿਚਰਦਾ ਹੈ। ਸਮਾਜ ਵਿੱਚ ਉੱਠਦੀਆਂ ਲਹਿਰਾਂ ਉਸ ਦੀ ਦਿਸ਼ਾ ਬਦਲਦੀਆਂ ਹਨ। ਕੁੱਝ ਲਹਿਰਾਂ ਧਰਤੀ ਨਾਲ ਜੁੜੀਆਂ ਹੁੰਦੀਆਂ ਹਨ। ਕੁੱਝ ਲਹਿਰਾਂ ਭਾਵੁਕ ਤੌਰ ‘ਤੇ ਉਠਦੀਆਂ ਹਨ। ਧਰਤੀ ਨਾਲ ਜੁੜੀਆਂ ਹੋਈਆਂ ਲਹਿਰਾਂ ਸਮਾਜ ਨੂੰ ਨਰੋਈ ਸੇਧ ਦਿੰਦੀਆਂ ਹਨ। ਉਹ ਬਹੁਤ ਕੁੱਝ ਨਵਾਂ ਸਿਰਜਦੀਆਂ ਹਨ। ਉਹ ਇਤਿਹਾਸ ਦਾ ਹਿੱਸਾ ਬਣ ਆਉਣ ਵਾਲੀਆਂ ਨਸਲਾਂ ਲਈ ਮਾਰਗ ਦਰਸ਼ਕ ਬਣਦੀਆਂ ਹਨ।
ਕੁੱਝ ਲਹਿਰਾਂ ਅਜਿਹੀਆਂ ਹੁੰਦੀਆਂ ਹਨ, ਜਿਹੜੀਆਂ ਸਮਾਜ ਨੂੰ ਨਿਘਾਰ ਵੱਲ ਲਿਜਾਂਦੀਆਂ ਹਨ। ਇਨ੍ਹਾਂ ਲਹਿਰਾਂ ਦੀ ਮਾਰ ਹੇਠ ਆਇਆ ਸਮਾਜ ਫੇਰ ਕਿੰਨੇ ਹੀ ਵਰੇ ਮੁੜਕੇ ਉਭਰਦਾ ਨਹੀਂ। ਲਹਿਰਾਂ ਸਮਾਜ ਦੀ ਸੋਚ, ਤੋਰ ਤੇ ਸੁਭਾਅ ਦਾ ਵੀ ਨਿਰਣਾਂ ਕਰਦੀਆਂ ਹਨ। ਭਾਵੇਂ ਸਮਾਜ ਦੀ ਸੋਚ, ਤੋਰ ਤੇ ਸੁਭਾਅ ਨੂੰ ਬਦਲਣਾ ਔਖਾ ਹੈ ਪਰ ਕਈ ਲਹਿਰਾਂ ਅਜਿਹੀਆਂ ਹੁੰਦੀਆਂ ਹਨ, ਜਿਹੜੀਆਂ ਸਮਾਜ ਦੀ ਦਸ਼ਾ ਹੀ ਬਦਲ ਕੇ ਰੱਖ ਦਿੰਦੀਆਂ ਹਨ।
ਸਮਾਜ ਵਿੱਚ ਚੰਗੀਆਂ ਕਦਰਾਂ-ਕੀਮਤਾਂ ਵਾਲੀਆਂ ਅਤੇ ਘਟੀਆ ਕਦਰਾਂ-ਕੀਮਤਾਂ ਵਾਲੀਆਂ ਲਹਿਰਾਂ ਨਾਲ-ਨਾਲ ਤੁਰਦੀਆਂ ਹਨ। ਇਹ ਲਹਿਰਾਂ ਇੱਕ ਦੂਜੀ ਨੂੰ ਖ਼ਤਮ ਕਰਨ ਜਾਂ ਆਪਣੇ ਵਿੱਚ ਸਮਾਉਣ ਲਈ ਸੰਘਰਸ਼ ਕਰਦੀਆਂ ਰਹਿੰਦੀਆਂ ਹਨ।
ਸਮਾਜ ‘ਚ ਸਭ ਕੁੱਝ ਲਹਿਰਾਂ ਵਾਂਗ ਹੀ ਆਉਂਦਾ ਹੈ। ਫੇਰ ਚੁਫੇਰੇ ਚਰਚਾ ਹੁੰਦੀ ਹੈ। ਕਈ ਵਾਰ ਤਾਂ ਹੜ ਵਰਗੀ ਹਾਲਤ ਹੋ ਜਾਂਦੀ ਹੈ। ਸਮਾਜ ‘ਚ ਬਹੁਤੀਆਂ ਲਹਿਰਾਂ ਅਜਿਹੀਆਂ ਚਲਦੀਆਂ ਹਨ ਜਿਹੜੀਆਂ ਸਮਾਜ ਨੂੰ ਪਿਛਲ ਪੈਰੀਂ ਤੋਰਦੀਆਂ ਹਨ।
ਇਨਾਂ ਲਹਿਰਾਂ ਦਾ ਮੁੱਖ ਕਾਰਜ ਸਮਾਜ ਨੂੰ ਦਿਸ਼ਾਹੀਣ ਕਰਨਾ ਹੁੰਦਾ ਹੈ। ਉਹ ਲਹਿਰ ਭਾਵੇਂ ਕੋਈ ਹੋਵੇ। ਇਹਨਾਂ ਦੇ ਨਾਂ ਅਤੇ ਆਗੂ ਬਦਲਦੇ ਰਹਿੰਦੇ ਹਨ। ਇਨ੍ਹਾਂ ਦਾ ਮੁੱਖ ਮੰਤਵ ਹੀ ਸਮਾਜ ਨੂੰ ਪੁੱਠੇ ਪੈਰੀਂ ਤੋਰਨਾ ਹੁੰਦਾ ਹੈ। ਉਹ ਨਹੀਂ ਚਾਹੁੰਦੇ ਸਮਾਜ ‘ਚ ਕੋਈ ਅਜਿਹੀ ਲਹਿਰ ਉੱਭਰੇ ਜਿਹੜੀ ਸਮਾਜ ਨੂੰ ਉਸਦੀ ਤਾਕਤ ਦਾ ਅਹਿਸਾਸ ਕਰਵਾਏ। ਅਸਲੀ ਦੁਸ਼ਮਣ ਦੀ ਪਹਿਚਾਣ ਦੱਸੇ।
ਉਹ ਤਾਂ ਮੌਕੇ-ਬੇ-ਮੌਕੇ ਅਜਿਹੀ ਲਹਿਰ ਪੈਦਾ ਕਰਦੇ ਹਨ ਤਾਂ ਕਿ ਸਮਾਜ ਉਸ ਲਹਿਰ ਵਿੱਚ ਰੁੜ ਜਾਵੇ। ਰੁੜੇ ਜਾ ਰਹੇ ਸਮਾਜ ਨੂੰ ਬਚਾਉਣਾ ਔਖਾ ਹੁੰਦਾ ਹੈ ਪਰ ਇਹ ਔਖਾ ਕਾਰਜ ਵੀ ਕੋਈ ਲੋਕ ਕਰ ਜਾਂਦੇ ਹਨ। ਅਜਿਹੇ ਲੋਕ ਫਿਰ ਸਮਾਜ-ਨਾਇਕ ਬਣ ਜਾਂਦੇ ਹਨ। ਅੱਜ ਅਜਿਹੇ ਨਾਇਕਾਂ ਦੀ ਸਮਾਜ ਨੂੰ ਬੇਹੱਦ ਲੋੜ ਹੈ, ਜਿਹੜੇ ਰੁੜ ਰਹੇ ਸਮਾਜ ਨੂੰ ਬਚਾ ਸਕਣ।
ਅੱਜ ਸਮਾਜ ਵਿੱਚ ਲਹਿਰਾਂ ਦਾ ਹੜ੍ਹ ਆਇਆ ਪਿਆ ਹੈ। ਸਮਾਜ ਦੀ ਹਾਲਤ ਝਾਲ ਤੋਂ ਪਾਰ ਦੇ ਪਾਣੀ ਵਰਗੀ ਹੈ। ਜਿਹੜਾ ਇੱਕੋ ਥਾਂ ਉਪਰ ਘੁੰਮੀ ਜਾਂਦਾ ਹੈ। ਇਸ ਘੁੰਮਣਘੇਰੀ ਵਿੱਚ ਤਾਕਤ ਤਾਂ ਬਹੁਤ ਹੁੰਦੀ ਹੈ, ਪਰ ਉਹ ਤਾਕਤ ਘੁੰਮਣਘੇਰੀ ਵਿੱਚ ਹੀ ਖਾਰਜ ਹੁੰਦੀ ਹੈ।
ਇਸ ਘੁੰਮਣਘੇਰੀ ਵਿੱਚ ਫਸੀ ਲਹਿਰ ਨੂੰ ਨਿਕਲਣਾ ਸੌਖਾ ਨਹੀਂ ਹੁੰਦਾ। ਅੱਜ ਵੀ ਸਾਡੀਆਂ ਬਹੁਤੀਆਂ ਲਹਿਰਾਂ ਦੀ ਹਾਲਤ ਉਸ ਪਾਣੀ ਵਰਗੀ ਹੀ ਹੈ ਜਿਹੜੀਆਂ ਕਿਸੇ ਦੂਜੇ ਨੂੰ ਠਿੱਬੀ ਲਾਉਣ ਵਿੱਚ ਆਪਣੀ ਤਾਕਤ ਗਵਾ ਰਹੀਆਂ ਹਨ।
ਜਿਨ੍ਹਾਂ ਲਹਿਰਾਂ ਦੀਆਂ ਜੜ੍ਹਾਂ ਧਰਤੀ ਨਾਲ ਜੁੜੀਆਂ ਹਨ, ਉਹ ਲਹਿਰਾਂ ਸਮਾਜ ਨੂੰ ਕਦੇ ਵੀ ਦਿਸ਼ਾਹੀਣ ਨਹੀਂ ਹੋਣ ਦਿੰਦੀਆਂ। ਇਨ੍ਹਾਂ ਲਹਿਰਾਂ ਦੀ ਆਪਣੀ ਹੀ ਤੋਰ ਹੁੰਦੀ ਹੈ। ਇਨ੍ਹਾਂ ਦਾ ਇੱਕੋ-ਇੱਕ ਉਦੇਸ਼ ਹੁੰਦਾ ਹੈ, ਲੋਕਾਂ ਦੇ ਦਰਦ ਨੂੰ ਸਮਝਣਾ, ਉਸਦਾ ਹੱਲ ਕਰਨਾ। ਉਸਨੂੰ ਨਵੀਂ ਦਿਸ਼ਾ ਦੇਣੀ।
ਅੱਜ-ਕੱਲ ਰੈਡੀਮੇਡ ਦਾ ਦੌਰ ਹੈ। ਹਰ ਚੀਜ਼ ਸੇਲ ‘ਤੇ ਹੈ। ਤੁਸੀਂ ਕੁੱਝ ਵੀ ਖ਼ਰੀਦ ਸਕਦੇ ਹੋ। ਤੁਹਾਡੇ ਵਿੱਚ ਖਰੀਦਣ ਦੀ ਤਾਕਤ ਹੋਣੀ ਚਾਹੀਦੀ ਹੈ। ਅੱਜਕੱਲ੍ਹ ਵਸਤੂਆਂ ਤੋਂ ਵੀ ਅੱਗੇ ਰਿਸ਼ਤਿਆਂ ਦੀ ਖਰੀਦਾਰੀ ਹੋ ਰਹੀ ਹੈ। ਤੁਸੀਂ ਮਨੁੱਖ, ਸੋਚ, ਰਿਸ਼ਤਾ ਅਤੇ ਲਹਿਰ ਕੁੱਝ ਵੀ ਖਰੀਦ ਸਕਦੇ ਹੋ। ਲਹਿਰਾਂ, ਪਾਰਟੀਆਂ, ਲੀਡਰ ਖਰੀਦਣ ਦੀ ਤਾਂ ਗੱਲ ਬਹੁਤ ਹੀ ਪਿੱਛੇ ਰਹਿ ਗਈ ਹੈ।
ਰਿਸ਼ਤਿਆਂ ਦੀ ਖਰੀਦਾਰੀ ਵਿੱਚ ਵਿਦੇਸ਼ ਵਸਦੇ ਲੋਕਾਂ ਨੇ ਇਸ ਖੇਤਰ ‘ਚ ਚੰਗਾ ਯੋਗਦਾਨ ਪਾਇਆ ਹੈ। ਇਨਾਂ ਵਿਦੇਸ਼ੀਆਂ ਨੇ ਸਮਾਜ ਵਿੱਚ ਜਿਹੜਾ ਗ਼ਦਰ ਪਾਇਆ ਹੈ, ਉਸ ਬਾਰੇ ਸੁਣ ਕੇ, ਪੜ੍ਹ ਕੇ ਪ੍ਰੇਸ਼ਾਨੀ ਵਧੇਰੇ ਹੁੰਦੀ ਹੈ। ਵਿਦੇਸ਼ ਜਾਣ ਦੀ ਲਲਕ ਨੇ ਸਾਡੇ ਰਿਸ਼ਤਿਆਂ ਨੂੰ ਖੰਡਿਤ ਕਰ ਦਿੱਤਾ। ਭੈਣ-ਭਰਾ ਆਪਸ ਵਿੱਚ ਵਿਆਹ ਕਰਵਾ ਕੇ ਅੰਬੈਸੀਆਂ ਵਿੱਚ ਪੇਸ਼ ਹੋ ਰਹੇ ਹਨ। ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾਣ ਲਈ ਕੋਈ ਵੀ ਜੁਗਾੜ ਨਹੀਂ ਛੱਡਿਆ ਤੇ ਕਈ ਸਮੁੰਦਰਾਂ ਦੇ ਵਿੱਚ ਕਈ ਜੰਗਲਾਂ ਵਿੱਚ ਗੁਆਚ ਗਏ ਪਰ ਪੰਜਾਬੀਆਂ ਨੇ ਪੰਜਾਬ ਨੂੰ ਅਲਵਿਦਾ ਆਖ ਦਿੱਤੀ ਹੈ ।
ਅਸੀਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ, ਅਸੀਂ ਗਿਆਨਹੀਣ-ਅਗਿਆਨੀ ਹਾਂ। ਸਾਡੀ ਹਾਲਤ ਛੱਤ ‘ਤੇ ਲੱਗੇ ਮੁਰਗੇ ਵਰਗੀ ਹੈ। ਅਸੀਂ ਆਪਣੀ ਸੋਚ, ਸੁਭਾਅ, ਪਹਿਰਾਵਾ ਸਭ ਕੁੱਝ ਗਵਾ ਲਿਆ ਹੈ। ਅਸੀਂ ਵੈਸਾਖੀਆਂ ਦੇ ਆਸਰੇ ਹੋ ਗਏ ਹਾਂ।
ਤਾਕਤਵਰ ਸ਼ਕਤੀਆਂ ਨੇ ਸਾਨੂੰ ਕਿਸ਼ਤਾਂ ਦੇ ਚੱਕਰ ਵਿੱਚ ਫਸਾ ਦਿੱਤਾ ਹੈ। ਅਸੀਂ ਘਰ, ਮੁਹੱਲਿਆਂ, ਪਿੰਡਾਂ ਤੇ ਸ਼ਹਿਰਾਂ ਵਿੱਚ ਵੰਡੇ ਗਏ ਹਾਂ। ਇਹ ਵੰਡ ਸਾਡੇ ਘਰਾਂ ਤੀਕ ਪੁੱਜ ਗਈ ਹੈ। ਅਸੀਂ ਇੱਕ ਛੱਤ ਹੇਠ ਰਹਿੰਦੇ ਹੋਏ ਵੀ ਕਮਰਿਆਂ ਵਿੱਚ ਵੰਡੇ ਗਏ ਹਾਂ। ਅਸੀਂ ਇੱਕ ਥਾਂ ‘ਤੇ ਰਹਿੰਦੇ ਵੀ ਇਕੱਲੇ-ਇਕੱਲੇ ਵਿਚਰਦੇ ਹਾਂ। ਤਾਕਤਵਰ ਸ਼ਕਤੀਆਂ ਨੇ ਸਾਨੂੰ ਸਹੂਲਤਾਂ ਹੀ ਏਨੀਆਂ ਮੁਹੱਈਆਂ ਕਰਵਾ ਦਿੱਤੀਆਂ ਹਨ ਕਿ ਸਾਡੀ ਆਪਣੀ ਤਾਕਤ ਵੀ ਵੰਡੀ ਗਈ ਹੈ।
ਅਸੀਂ ਤਾਕਤਹੀਣ ਹੋ ਗਏ ਹਾਂ। ਇਸੇ ਕਰਕੇ ਅਸੀਂ ਹਰ ਤਰ੍ਹਾਂ ਦਾ ਸਿਤਮ ਜਰਨ ਦੇ ਆਦੀ ਹੋ ਗਏ ਹਾਂ।
ਸਾਡੇ ਅੰਦਰ ਜ਼ੁਲਮ ਜਰਨ ਦਾ ਕੀੜਾ ਪੈਦਾ ਕਰ ਦਿੱਤਾ ਹੈ। ਅਸੀਂ ਸੁਣ ਸਕਦੇ ਹਾਂ, ਦੇਖ ਸਕਦੇ ਹਾਂ, ਜ਼ੁਲਮ ਸਹਿ ਸਕਦੇ ਹਾਂ, ਪਰ ਬੋਲ ਨਹੀਂ ਸਕਦੇ। ਕੁੱਝ ਕਰ ਨਹੀਂ ਸਕਦੇ। ਅਸੀਂ ਮਨੁੱਖ ਤੋਂ ਮਸ਼ੀਨ ਬਣ ਗਏ ਹਾਂ। ਮਸ਼ੀਨਾਂ ਦੀ ਕੋਈ ਸੋਚ ਨਹੀਂ ਹੁੰਦੀ। ਮਸ਼ੀਨਾਂ ਦਾ ਕੋਈ ਮਿਸ਼ਨ ਨਹੀਂ ਹੁੰਦਾ। ਮਸ਼ੀਨਾਂ ਦਾ ਇੱਕ ਕੰਮ ਹੁੰਦਾ ਹੈ, ਮਾਲਕ ਦੇ ਲਈ ਵੱਧ ਤੋਂ ਵੱਧ ਉਤਪਾਦਨ। ਅਸੀਂ ਤਾਕਤਵਰ ਹੋ ਕੇ ਇਸੇ ਲਈ ਤਾਕਤਹੀਣ ਹਾਂ ਕਿਉਂਕਿ ਸਾਡੇ ਹੱਥਾਂ ਵਿੱਚ ਆਪੋ ਆਪਣਾ ਝੰਡਾ ਹੈ। ਕਿਸੇ ਹੱਥ ਚਿੱਟਾ, ਕਿਸੇ ਹੱਥ ਨੀਲਾ, ਲਾਲ, ਪੀਲਾ ਤੇ ਕਾਲਾ ਝੰਡਾ ਹੈ। ਅਸੀਂ ਹੱਥ ਵਿੱਚ ਝੰਡੇ ਚੁੱਕੀ ਤਾਂ ਫਿਰਦੇ ਹਾਂ ਪਰ ਅਸੀਂ ਤਾਕਤਵਰ ਸ਼ਕਤੀਆਂ ਦੇ ਵਿਰੁੱਧ ਘੱਟ, ਆਪਣਿਆਂ ਦੇ ਵਿਰੁੱਧ ਵਧੇਰੇ ਤਾਕਤ ਖਾਰਜ ਕਰਦੇ ਹਾਂ, ਇਸੇ ਕਰਕੇ ਸਦਾ ਹਾਰਦੇ ਹਾਂ।
ਅਸੀਂ ਆਪਸ ਵਿੱਚ ਵੰਡੇ ਹੋਏ ਹਾਂ, ਧਰਮ, ਨਸਲ, ਜਾਤ-ਪਾਤ ਦੇ ਨਾਂ ਹੇਠ। ਸਾਡਾ ਮੰਤਵ ਮਨੁੱਖਤਾ ਨਹੀਂ। ਸਾਡੇ ਰਹਿਬਰ ਵਿਕਾਊ ਹਨ। ਦਿਸ਼ਾਹੀਣ ਹਨ ਜਾਂ ਫਿਰ ਮੰਡੀ ਦਾ ਮਾਲ ਹਨ। ਮੰਡੀ ਦੇ ਵਿੱਚ ਪਏ ਮਾਲ ਨੂੰ ਕੋਈ ਵੀ ਖ਼ਰੀਦ ਸਕਦਾ ਹੈ। ਅੱਜ ਦੇ ਰਹਿਬਰਾਂ ‘ਤੇ ਮੰਡੀ ਦੇ ਮਾਲ ਵਿੱਚ ਕੋਈ ਅੰਤਰ ਨਹੀਂ।
ਸਮੁੰਦਰ ਤੇ ਸਮਾਜ ਵਿੱਚ ਉਠਦੀਆਂ ਲਹਿਰਾਂ ਵਿੱਚ ਇਸੇ ਲਈ ਕੋਈ ਅੰਤਰ ਨਹੀਂ। ਸਮਾਜ ਤੇ ਸਮੁੰਦਰ ਭਾਵੇਂ ਕਦੇ ਵੀ ਤਾਕਤਹੀਣ ਤੇ ਦਿਸ਼ਾਹੀਣ ਨਹੀਂ ਹੁੰਦੇ। ਲਹਿਰਾਂ ਦਿਸ਼ਾਹੀਣ ਹੋ ਸਕਦੀਆਂ ਹਨ ਪਰ ਸਮਾਜ ਤੇ ਸਮੁੰਦਰ ਕਦੇ ਵੀ ਆਪਣੇ ਅੰਦਰਲੇ ਗੰਦ ਨੂੰ ਬਹੁਤੀ ਦੇਰ ਨਹੀਂ ਰੱਖਦਾ।
ਉਹ ਕਦੇ ਨਾ ਕਦੇ ਇਸ ਨੂੰ ਆਪਣੇ ਵਿੱਚੋਂ ਮਨਫ਼ੀ ਕਰਦਾ ਰਹਿੰਦਾ ਹੈ। ਸਮਾਜ ਤੇ ਸਮੁੰਦਰ ਕਦੇ ਵੀ ਅੱਖਾਂ ਨਹੀਂ ਮੀਚਦਾ। ਕੋਈ ਲਹਿਰ, ਕੋਈ ਆਗੂ, ਕੋਈ ਕੁਰਸੀ ਤਾਂ ਅੱਖਾਂ ਮੀਚ ਸਕਦੀ ਹੈ ਪਰ ਉਹ ਮਨੁੱਖਤਾ ਦੀ ਪ੍ਰਣਾਈ ਹੋਈ ਲਹਿਰ ਨਹੀਂ ਬਣ ਸਕਦੀ। ਅੱਜ ਜੇ ਸਰਮਾਂਏਦਾਰਾਂ ਦੀ ਚੜਾਈ ਹੈ ਤਾਂ ਕੱਲ੍ਹ ਨੂੰ ਇਹ ਲੋਕ ਤਾਕਤਵਰ ਹੋ ਜਾਣਗੇ। ਬੰਗਲਾਦੇਸ਼ ਦੇ ਤਾਨਾਸ਼ਾਹ ਨੂੰ ਆਪਣਾ ਦੇਸ਼ ਛੱਡ ਕੇ ਭੱਜਣਾ ਪਿਆ ਹੈ। ਲੋਕਾਂ ਵਿੱਚ ਜਾਗਰੂਕਤਾ ਹੋਣ ਕਰਕੇ ਚੇਤਨਾ ਆ ਗਈ ਹੈ। ਤਾਨਾਸ਼ਾਹ ਹਾਕਮਾਂ ਨੂੰ ਇਸ ਬਗ਼ਾਵਤ ਤੋਂ ਸਬਕ ਲੈਣ ਦੀ ਲੋੜ ਹੈ।
ਸਮਾਜ ਤੇ ਸਮੁੰਦਰ ਗ਼ਲਤ ਵਰਤਾਰਿਆਂ ਨੂੰ ਜਰ ਤਾਂ ਸਕਦਾ ਹੈ ਪਰ ਅਪਣਾਅ ਨਹੀਂ ਸਕਦਾ। ਉਹ ਸਦਾ ਇਤਿਹਾਸ ਨੂੰ ਦੁਹਰਾਉਂਦਾ ਹੈ। ਸਮਾਜ ਤੇ ਸਮੁੰਦਰ ਵਿਚਲਾ ਅੰਤਰ ਕਦੇ ਵੀ ਖ਼ਤਮ ਨਹੀਂ ਹੁੰਦਾ। ਨਾ ਸਮਾਜ ਖ਼ਤਮ ਹੁੰਦਾ ਹੈ, ਨਾ ਸਮੁੰਦਰ, ਨਾ ਲਹਿਰਾਂ ਖ਼ਤਮ ਹੋ ਸਕਦੀਆਂ ਹਨ, ਆਗੂ ਖ਼ਤਮ ਹੁੰਦੇ ਰਹੇ ਹਨ, ਹੁੰਦੇ ਰਹਿਣਗੇ। ਕੋਈ ਲਹਿਰ ਆਪਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਤੇ ਲਿਖਵਾਉਂਦੀ ਹੈ, ਕੋਈ ਕਾਲੇ ਅੱਖਰਾਂ ‘ਚ। ਜ਼ਿੰਦਗੀ ਸਮਾਜ ਦੇ ਸਮੁੰਦਰ ਵਿੱਚ ਸਭ ਕੁੱਝ ਨਾਲੋ-ਨਾਲ ਚਲਦਾ ਹੈ। ਇਹ ਉਦੋਂ ਤੱਕ ਚਲਦਾ ਰਹੇਗਾ ਜਦੋਂ ਤੀਕ ਮਨੁੱਖਤਾ ਨੂੰ, ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਜਿਉਂਦੇ ਹਨ। ਤਾਕਤਵਰ ਸ਼ਕਤੀਆਂ ਦੀ ਲੰਮੀ ਉਮਰ ਨਹੀਂ ਹੁੰਦੀ। ਇੱਕ ਦੌਰ ਹੁੰਦਾ ਹੈ ਪਰ ਸਮਾਜ ਚਲਦਾ ਰਹਿੰਦਾ ਹੈ। ਹਨੇਰਾ ਬਹੁਤੀ ਦੇਰ ਨਹੀਂ ਰਹਿੰਦਾ । ਸਮੇਂ ਤੇ ਰੁੱਤ ਨੇ ਬਦਲਣਾ ਹੁੰਦਾ ਹੈ, ਦੇਰ ਸਵੇਰ ਸੂਰਜ ਨੇ ਚੜ੍ਹਨਾ ਹੀ ਹੈ!

——–
ਬੁੱਧ ਸਿੰਘ ਨੀਲੋਂ
ਚਾਂਸਲਰ
ਪੋਲ ਖੋਲ੍ਹ ਕੌਮਾਂਤਰੀ ਯੂਨੀਵਰਸਿਟੀ
ਨਹਿਰ ਕਿਨਾਰੇ ਨੀਲੋਂ, ਲੁਧਿਆਣਾ।
94643-70823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਿੱਕ-ਬਾਕਸਿੰਗ ਦੀ ਨੈਸ਼ਨਲ ਖਿਡਾਰੀ ਮੁਸਕਾਨ ਨੇ ਗੋਆ ਵਿੱਚ ਜਿੱਤਿਆ ਗੋਲਡ ਮੈਡਲ
Next articleਬੁੱਧ ਬਾਣ