ਬੁੱਧ ਚਿੰਤਨ ..ਤੇ ਹੁਣ ਪੰਜਾਬ ਦੀ ਵਾਰੀ ਹੈ!

ਬੁੱਧ  ਸਿੰਘ  ਨੀਲੋੰ

(ਸਮਾਜ ਵੀਕਲੀ) ਢਾਈ ਦਰਿਆਵਾਂ ਦੇ ਵਿੱਚ ਵੱਸਦਾ ਮੌਜੂਦਾ ਪੰਜਾਬ ਕਦੇ ਪੰਜ ਦਰਿਆਵਾਂ ਦੀ ਧਰਤੀ ਹੁੰਦਾ ਸੀ। ਜੇਕਰ ਇਤਿਹਾਸ ਦੇ ਪੰਨਿਆਂ ਨੂੰ ਫਰੋਲੀਏ ਤਾਂ ਇਸ ਨੂੰ ਕਦੇ ਸਪਤ ਸਿੰਧੂ ਵੀ ਕਿਹਾ ਜਾਂਦਾ ਸੀ। ਉਸ ਵੇਲੇ ਇਸ ਧਰਤੀ ਦੇ ਉੱਤੇ ਸੱਤ ਦਰਿਆ ਵਗਦੇ ਸਨ । ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਪੰਜਾਂ ਦਰਿਆਵਾਂ ਦੀ ਧਰਤੀ ਬਣ ਕੇ ਰਹਿ ਗਿਆ ਸੀ। ਉਸ ਸਮੇਂ ਦੇ ਹਾਕਮਾਂ ਨੇ 1947 ਨੂੰ ਅਜਿਹੀ ਲਕੀਰ ਮਾਰੀ ਕਿ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ । ਅੱਜ ਪੰਜਾਬ ਦੇ ਦੋਵੇਂ ਹਿੱਸੇ ਇੱਕ ਦੂਜੇ ਨੂੰ ਮਿਲਣ ਦੇ ਲਈ ਤਰਸਦੇ ਹਨ ਪਰ ਸਮੇਂ ਦੇ ਹਾਕਮਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਕੋਈ ਸਰੋਕਾਰ ਨਹੀਂ। ਭਾਰਤੀ ਸਿਆਸਤਦਾਨਾਂ ਤੇ ਹਾਕਮਾਂ ਨੇ ਪੰਜਾਬ ਨੂੰ ਹਮੇਸ਼ਾ ਹੀ ਆਪਣੀ ਹਿੱਟ ਲਿਸਟ ਉਤੇ ਰੱਖਿਆ । ਇਸੇ ਕਰਕੇ ਅੱਜ ਪੰਜਾਬ ਕਈ ਤਰ੍ਹਾਂ ਦੇ ਸੰਕਟਾਂ ਦੇ ਵਿੱਚੋਂ ਲੰਘ ਰਿਹਾ ਹੈ। ਕਿਸੇ ਵੀ ਹਾਕਮ ਧਿਰ ਨੇ ਪੰਜਾਬ ਦੇ ਇਹਨਾਂ ਸੰਕਟਾਂ ਨੂੰ ਹੱਲ ਕਰਨ ਲਈ ਕੋਈ ਇਮਾਨਦਾਰੀ ਦੇ ਨਾਲ ਪਹੁੰਚ ਨਹੀਂ ਅਪਣਾਈ। ਸਗੋਂ ਪੰਜਾਬ ਦੇ ਨਾਲ ਹਮੇਸ਼ਾ ਧੱਕੇਸ਼ਾਹੀ ਕੀਤੀ ਹੈ । ਪੰਜਾਬ ਦੇ ਨਾਲ ਹੁੰਦੀ ਧੱਕੇਸ਼ਾਹੀ ਕੇਵਲ ਕੇਂਦਰ ਨੇ ਹੀ ਨਹੀਂ ਕੀਤੀ ਸਗੋਂ ਪੰਜਾਬ ਦੀਆਂ ਰਾਜਸੀ ਪਾਰਟੀਆਂ ਜਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਵੀ ਸ਼ਾਮਿਲ ਹੈ, ਉਹਨਾਂ ਨੇ ਵੀ ਸਮੇਂ ਸਮੇਂ ਕੇਂਦਰ ਸਰਕਾਰ ਨੂੰ ਪੰਜਾਬ ਦੀਆਂ ਨਬਜ਼ਾਂ ਟੈਟ ਕਰਨ ਲਈ ਚਿੱਠੀਆਂ ਲਿਖੀਆਂ। ਅੱਜ ਇਹਨਾਂ ਚਿੱਠੀਆਂ ਦੇ ਹਵਾਲਿਆਂ ਦੇ ਨਾਲ ਬਹੁਤ ਸਾਰੀਆਂ ਕਿਤਾਬਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ ਕਿ ਕਦੋਂ ਕਿਹੜੇ ਸਿਆਸੀ ਆਗੂ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਪੰਜਾਬ ਵਿੱਚ ਰਾਜ ਕਰਨ ਲਈ ਬੁਲਾਇਆ । ਪੰਜਾਬ ਦੇ ਵਿੱਚ ਬਹੁਤਾ ਸਮਾਂ ਅਕਾਲੀ ਦਲ ਦੀ ਸਰਕਾਰ ਰਹੀ ਹੈ। ਸ. ਪ੍ਰਕਾਸ਼ ਸਿੰਘ ਬਾਦਲ 25 ਸਾਲ ਪੰਜਾਬ ਦਾ ਮੁੱਖ ਮੰਤਰੀ ਰਿਹਾ। ਉਹਨਾਂ ਜਿੱਥੇ ਪੰਜਾਬ ਦਾ ਵਿਕਾਸ ਨਾਲ ਦੀ ਨਾਲ ਵਿਨਾਸ਼ ਕਰਨ ਦੇ ਵਿੱਚ ਵੀ ਕੋਈ ਰੜਕ ਨਹੀਂ ਛੱਡੀ। ਉਸਨੇ ਪੰਜਾਬੀਆਂ ਤੇ ਸਿੱਖ ਧਰਮ ਦਾ ਨਾਸ ਮਾਰਿਆ ਤੇ ਮਰਵਾਇਆ। ਹੁਣ ਉਸਦਾ ਫਰਜ਼ੰਦ ਪੰਜਾਬ ਬਚਾਉਣ ਦੇ ਪਰਦੇ ਹੇਠ ਆਪਣੀ ਗੁਆਚੀ ਕੁਰਸੀ ਲੱਭਦਾ ਹੈ। ਇਸ ਸਮੇਂ ਪੰਜਾਬ ਨਸ਼ਿਆਂ , ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਖੇਤੀ ਸੰਕਟ ਅਤੇ ਬਾਹਰ ਜਾਣ ਦੀ ਹੋੜ ਤੋਂ ਇਲਾਵਾ ਸਿਆਸੀ ਤੇ ਧਾਰਮਿਕ ਸੰਕਟਾਂ ਨਾਲ ਜੂਝ ਰਿਹਾ ਹੈ। ਇਸ ਸਮੇਂ ਪੰਜਾਬ ਦੇ ਕੋਲੋਂ ਲਗਾਤਾਰ ਖੇਤੀਬਾੜੀ ਦਾ ਰਕਬਾ ਵੀ ਘੱਟ ਰਿਹਾ ਹੈ। ਸ਼ਹਿਰਾਂ ਦੇ ਆਲੇ ਦੁਆਲੇ ਬਸਤੀਆਂ ਤੇ ਇਮਾਰਤਾਂ ਦਾ ਜੰਗਲ ਉਗ ਆਇਆ ਹੈ। ਇੱਥੋਂ ਦੀ ਧਰਤੀ ਉੱਪਰ ਦੀ ਲੰਘ ਰਹੇ ਹਾਈਵੇ ਲੱਖਾਂ ਏਕੜ ਜ਼ਮੀਨ ਨੂੰ ਖਤਮ ਕਰ ਰਹੇ ਹਨ। ਇਹਨਾਂ ਵੱਡੇ ਹਾਈਵੇਆਂ ਦਾ ਪੰਜਾਬ ਦੇ ਲੋਕਾਂ ਨੂੰ ਕੋਈ ਲਾਭ ਨਹੀਂ ਹੋਣਾ ਪਰ ਪੰਜਾਬ ਦੀ ਖੇਤੀਬਾੜੀ ਦੀ ਧਰਤੀ ਨੂੰ ਜਰੂਰ ਖਤਮ ਕਰ ਰਹੇ ਹਨ। ਧਰਤੀ ਹੇਠਲਾ ਪਾਣੀ ਵੀ ਇਸ ਸਮੇਂ ਕਰਨਾਟਕਾ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਹੈ । ਭਵਿੱਖ ਵਿੱਚ ਇਸ ਸੰਕਟ ਦਾ ਸਾਹਮਣਾ ਪੰਜਾਬ ਨੂੰ ਕਰਨਾ ਪੈਣਾ ਹੈ। ਕਰਨਾਟਕਾ ਦੇ ਇਲਾਕੇ ਨੂੰ ਕਦੇ ਝੀਲਾਂ ਦਾ ਰਾਜ ਆਖਿਆ ਜਾਂਦਾ ਸੀ ਜਿਵੇਂ ਪੰਜਾਬ ਨੂੰ ਦਰਿਆਵਾਂ ਦੀ ਧਰਤੀ ਆਖਿਆ ਜਾਂਦਾ ਰਿਹਾ ਹੈ ਪਰ ਹੁਣ ਇੱਥੇ ਸਿਰਫ ਦੋ ਦਰਿਆ ਹੀ ਅੱਧੇ ਅਧੂਰੇ ਵਗਦੇ ਹਨ। ਬਰਸਾਤ ਦੇ ਦਿਨਾਂ ਦੇ ਵਿੱਚ ਇਹ ਜਰੂਰ ਲੋਕਾਂ ਦੀਆਂ ਮੁਸੀਬਤਾਂ ਦਾ ਕਾਰਨ ਬਣਦੇ ਹਨ। ਇਸ ਦਾ ਬਹੁਤਾ ਪਾਣੀ ਪਾਕਿਸਤਾਨ ਵਿੱਚ ਹੀ ਜਾਂਦਾ ਹੈ । ਅੱਧਾ ਕੁ ਦਰਿਆ ਜੰਮੂ ਕਸ਼ਮੀਰ ਤੋਂ ਪੰਜਾਬ ਵਿੱਚ ਦੀ ਹੁੰਦਾ ਹੋਇਆ ਪਾਕਿਸਤਾਨ ਜਾ ਵੜਦਾ ਹੈ । ਪੰਜਾਬ ਦੇ ਕਿਸਾਨਾਂ ਨੇ ਝੋਨਾ ਲਗਾਉਣ ਲਈ ਜਿਸ ਤਰ੍ਹਾਂ ਧਰਤੀ ਦੇ ਵਿੱਚ ਸਮਰਸੀਬਲ ਲਾ ਕੇ ਇਸ ਦੀ ਹਿੱਕ ਨੂੰ ਪਾੜਿਆ ਹੈ, ਉਸ ਦਾ ਖਮਿਆਜਾ ਆਉਣ ਵਾਲੀਆਂ ਪੰਜਾਬੀਆਂ ਦੀਆਂ ਨਸਲਾਂ ਭੁਗਤਣਗੀਆਂ। ਪੰਜਾਬ ਦੇ ਨੌ ਜ਼ਿਲ੍ਹੇ ਡਾਰਕ ਜੋਨ ਵਿੱਚ ਆ ਗਏ ਹਨ। ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਪੱਤੋ ਦਾ ਪਾਣੀ ਮੁੱਕ ਗਿਆ ਹੈ। ਮਾਲਵੇ ਪੰਜ ਜ਼ਿਲਿਆਂ ਦਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ। ਉਹ ਨਹਿਰਾਂ ਦਾ ਪਾਣੀ ਪੀਂਦੇ ਹਨ। ਪੰਜਾਬ ਸਰਕਾਰ ਹੁਣ ਪਾਣੀ ਵਾਧੂ ਦਿਖਾਉਣ ਲਈ ਫੇਕ ਰਿਪੋਰਟਾਂ ਤਿਆਰ ਕਰਵਾਉਣ ਲੱਗੀ ਹੈ। ਜਿਵੇਂ ਪਿਛਲੇ ਸਮਿਆਂ ਦੀਆਂ ਸਰਕਾਰਾਂ ਨੇ ਚੰਡੀਗੜ੍ਹ ਤੇ ਭਾਖੜਾ ਡੈਮ ਤੋਂ ਆਪਣਾ ਹੱਕ ਛੱਡਿਆ ਹੈ, ਦਰਿਆਈ ਪਾਣੀਆਂ ਤੋਂ ਹੱਕ ਛੱਡਣ ਲਈ ਪੱਬਾਂ ਭਾਰ ਹੋਈ ਪਈ ਹੈ। ਪਾਣੀ ਦਾ ਸੰਕਟ ਉਹਨਾਂ ਨੂੰ ਝੱਲਣਾ ਪੈਣਾ ਐ, ਜਿਹੜੀਆਂ ਨਸਲਾਂ ਇਥੋਂ ਦੀਆਂ ਹੋ ਕੇ ਰਹਿ ਗਈਆਂ ਹਨ। ਬਹੁ ਗਿਣਤੀ ਪੰਜਾਬੀ ਦਾ ਪਰਿਵਾਰਾਂ ਸਮੇਤ ਵਿਦੇਸ਼ਾਂ ਨੂੰ ਕੂਚ ਕਰ ਰਹੇ ਹਨ। ਹਰ ਸਾਲ ਪੰਜਾਬ ਦਾ ਸਰਮਾਇਆ ਤੇ ਨੌਜਵਾਨਾਂ ਦੀ ਸ਼ਕਤੀ ਵਿਦੇਸ਼ਾਂ ਵੱਲ ਨੂੰ ਜਾ ਰਹੀ ਹੈ। ਪੰਜਾਬ ਵਿੱਚ ਖੇਤੀਬਾੜੀ ਦੀ ਕੋਈ ਨੀਤੀ ਨਾ ਹੋਣ ਕਰਕੇ ਇਹ ਦੋ ਫਸਲਾਂ ਦੇ ਚੱਕਰ ਵਿੱਚ ਉਲਝ ਕੇ ਰਹਿ ਗਿਆ । ਕਣਕ ਅਤੇ ਝੋਨੇ ਨੇ ਪੰਜਾਬ ਨੂੰ ਕੱਖੋਂ ਹੌਲਾ ਕਰ ਦਿੱਤਾ। ਝੋਨੇ ਨੇ ਤਾਂ ਪੰਜਾਬ ਦਾ ਪਾਣੀ ਖਤਮ ਕਰ ਦਿੱਤਾ ਹੈ। ਇਹ ਵੀ ਸੱਚ ਹੈ ਕਿ ਪੰਜਾਬ ਵਿੱਚ ਡਾਈਗ ਫੈਕਟਰੀਆਂ ਨੇ ਪੰਜਾਬ ਦਾ ਪਾਣੀ ਬੇਲੋੜਾ ਵਰਤਿਆ ਹੈ ਤੇ ਵਰਤ ਰਹੇ ਹਨ। ਪੰਜਾਬ ਦਾ ਬੁੱਢਾ ਨਾਲਾ ਜੋ ਕਦੇ ਬੁੱਢਾ ਦਰਿਆ ਅਖਵਾਉਂਦਾ ਸੀ, ਅੱਜ ਉਹ ਗੰਦਗੀ ਦਾ ਨਾਲਾ ਬਣ ਕੇ ਰਹਿ ਗਿਆ ਹੈ। ਇਸ ਨਾਲੇ ਵਿੱਚ ਫੈਕਟਰੀਆਂ ਅਤੇ ਸ਼ਹਿਰਾਂ ਦਾ ਗੰਦਾ ਪਾਣੀ ਪੈ ਰਿਹਾ ਹੈ । ਇਸ ਗੰਦੇ ਪਾਣੀ ਨੂੰ ਸਾਫ ਕਰਨ ਦਾ ਕਿਤੇ ਵੀ ਕੋਈ ਨਾ ਤਾਂ ਸਰਕਾਰ ਨੇ ਟਰੀਟਮੈਂਟ ਪਲਾਂਟ ਲਗਾਇਆ ਹੈ ਤੇ ਨਾ ਹੀ ਲੋਕਾਂ ਨੂੰ ਇਨੀ ਸੋਝੀ ਹੈ ਕਿ ਉਹ ਇਸ ਗੰਦੇ ਪਾਣੀ ਨੂੰ ਸਾਫ ਕਰਕੇ ਇਸ ਦੀ ਵਰਤੋਂ ਕਰ ਸਕਣ। ਅਗਲੇ ਸਮਿਆਂ ਦੇ ਵਿੱਚ ਪੰਜਾਬ ਵਿੱਚੋਂ ਪਾਣੀ ਖਤਮ ਹੋਣ ਦੀਆਂ ਸੰਭਾਵਨਾਵਾਂ ਦੇ ਸੰਕੇਤ ਦੇਖ ਰਹੇ ਹਨ। ਪੰਜਾਬ ਦਾ ਕਈ ਜਿਲੇ ਤਾਂ ਡਾਰਕ ਜੋਨ ਦੇ ਵਿੱਚ ਆ ਚੁੱਕੇ ਹਨ । ਜਿਸ ਤਰ੍ਹਾਂ ਧਰਤੀ ਥੱਲੇ ਪਾਣੀ ਘਟਦਾ ਜਾ ਰਿਹਾ ਹੈ, ਆਉਣ ਵਾਲੇ ਸਮਿਆਂ ਵਿੱਚ ਪੀਣ ਜੋਰਾ ਪਾਣੀ ਵੀ ਲੋਕਾਂ ਦੇ ਲਈ ਨਹੀਂ ਰਹਿਣਾ। ਸਾਡੇ ਵਿੱਚ ਇੰਨੀ ਸੂਝੀ ਵੀ ਨਹੀਂ ਕਿ ਅਸੀਂ ਪਾਣੀ ਦੀ ਸੰਭਾਲ ਕਰ ਸਕੀਏ । ਆਉਣ ਵਾਲੇ ਸਮਿਆਂ ਵਿੱਚ ਇਹ ਸੰਕਟ, ਕਰਨਾਟਕਾ ਦੀ ਸਥਿਤੀ ਵਰਗਾ ਬਣ ਜਾਵੇਗਾ । ਕਰਨਾਟਕਾ ਦੇ ਵਿੱਚ ਬਹੁ ਕੌਮੀ ਕੰਪਨੀਆਂ ਨੇ ਨਦੀਆਂ ਤੇ ਦਰਿਆਵਾਂ ਉੱਤੇ ਕਬਜ਼ਾ ਕਰ ਲਿਆ ਹੈ ਤੇ ਪੰਜਾਬ ਵਿੱਚੋਂ ਪਾਣੀ ਖਤਮ ਕਰਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਝੋਨਾ ਲਗਾਉਣ ਅਤੇ ਬਿਜਲੀ ਪਾਣੀ ਮੁਕਤ ਦੇ ਕੇ ਇਸ ਰਸਤੇ ਤੋਰਿਆ ਰਿਹਾ ਹੈ। ਜਿਸ ਤਰ੍ਹਾਂ ਵੀ ਸਥਿਤੀ ਬਣਦੀ ਜਾ ਰਹੀ ਹੈ, ਮੌਸਮ ਵੀ ਬਦਲ ਰਿਹਾ ਹੈ, ਬੇਲੋੜੀਆਂ ਬਰਸਾਤਾਂ ਹੋ ਰਹੀਆਂ ਹਨ। ਬਰਸਾਤ ਦਾ ਪਾਣੀ ਸੰਭਾਲਣ ਦੀ ਬਜਾਏ ਉਹ ਨਦੀਆਂ ਨਾਲੀਆਂ ਵਿੱਚੋਂ ਹੁੰਦਾ ਹੋਇਆ ਪਾਕਿਸਤਾਨ ਚਲੇ ਜਾਂਦਾ ਹੈ। ਪੰਜਾਬ ਦੇ ਵਿੱਚ ਅਜਿਹੀ ਕੋਈ ਸੰਸਥਾ ਵੀ ਨਹੀਂ ਨਜ਼ਰ ਆ ਰਹੀ, ਜਿਹੜੀ ਲੋਕਾਂ ਨੂੰ ਪਾਣੀ ਬਚਾਉਣ ਲਈ ਸੁਚੇਤ ਕਰੇ। ਭਾਵੇਂ ਸਰਕਾਰੀ ਤੌਰ ਤੇ ਬਹੁਤ ਸਾਰੇ ਕਾਨੂੰਨ ਤਾਂ ਬਣੇ ਹਨ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਕਿਉਂਕਿ ਸਾਡੇ ਸਿਸਟਮ ਦੇ ਵਿੱਚ ਰਿਸ਼ਵਤ ਖੋਰੀ ਅਤੇ ਚਾਪਲੂਸੀ ਇਸ ਹੱਦ ਤੱਕ ਵਧ ਗਈ ਹੈ ਕਿ ਲੋਕਾਂ ਦੇ ਭਲੇ ਲਈ ਕੋਈ ਕੰਮ ਕਰਨ ਦੀ ਬਜਾਏ ਲੋਕਾਂ ਨੂੰ ਪੁੱਠੇ ਰਸਤੇ ਤੋਰਿਆ ਜਾ ਰਿਹਾ ਹੈ। ਭਵਿੱਖ ਵਿੱਚ ਪੰਜਾਬ ਦੇ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ। ਜਿਸ ਦਿਨ ਉਹ ਸਮਾਂ ਆ ਗਿਆ ਤਾਂ ਪੰਜਾਬ ਵਿੱਚ ਹਾਹਾਕਾਰ ਮੱਚ ਜਾਵੇਗੀ । ਉਸ ਵੇਲੇ ਪੰਜਾਬੀਆਂ ਕੋਲ ਬਚਣ ਦਾ ਕੋਈ ਰਸਤਾ ਨਹੀਂ ਹੋਵੇਗਾ । ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਸਾਨੂੰ ਹੁਣ ਤੂੰ ਹੀ ਸੁਚੇਤ ਹੋਣ ਦੀ ਲੋੜ ਹੈ। ਨਹੀਂ ਤਾਂ ਆਉਣ ਵਾਲੀ ਨਸਲਾਂ ਸਾਨੂੰ ਲਾਹਣਤਾਂ ਪਾਉਣਗੀਆਂ। ਕਿਉਂਕਿ ਅਸੀਂ ਉਹਨਾਂ ਲਈ ਨਾ ਤਾਂ ਪੰਜਾਬ ਦੀ ਧਰਤੀ ਰੱਖ ਸਕੇ ਹਾਂ, ਨਾ ਹੀ ਇਥੋਂ ਦਾ ਪੌਣ ਪਾਣੀ। ਅਸੀਂ ਸਭ ਕੁਝ ਹੀ ਤਬਾਹ ਕਰ ਦਿੱਤਾ ਹੈ ਤੇ ਕਰ ਰਹੇ ਹਾਂ। ਸਾਡੀ ਇਹ ਭੁੱਖ ਕਦੋਂ ਖਤਮ ਹੋਵੇਗੀ? ਇਸ ਬਾਰੇ ਕੋਈ ਨਹੀਂ ਜਾਣਦਾ ਕਿਉਂਕਿ ਬਹੁ ਗਿਣਤੀ ਲੋਕ ਆਪ ਮੁਹਾਰੇ ਹੋ ਕੇ ਹਨੇਰ ਵੱਲ ਦੌੜ ਰਹੀ ਹੈ। ਸਮਾਜ ਦੇ ਲਈ ਕੁੱਝ ਕੁ ਧਿਰਾਂ ਹਨ, ਜਿਹੜੀਆਂ ਸਿਰ ਉੱਤੇ ਕੱਫਣ ਬੰਨ੍ਹ ਕੇ ਤੁਰ ਰਹੀਆਂ ਹਨ ਪਰ ਸਮੇਂ ਦੀ ਹਕੂਮਤ ਉਹਨਾਂ ਦੇ ਇਸ ਕਾਰਜ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਕਾਨੂੰਨੀ ਦਾ ਪੇਚ ਵਰਤ ਕੇ ਰੋਕ ਰਹੀ ਹੈ । ਜਦੋਂ ਪੰਜਾਬ ਵਿੱਚੋਂ ਪਾਣੀ ਖਤਮ ਹੋ ਗਿਆ ਤਾਂ ਲੋਕ ਕੀ ਕਰਨਗੇ ? ਜੇਕਰ ਤੁਹਾਡੇ ਕੋਲ ਕੋਈ ਇਸ ਦਾ ਜਵਾਬ ਹੈ ਤਾਂ ਜਰੂਰ ਸਾਂਝਾ ਕਰਿਓ। ਪੰਜਾਬ ਹੁਣ ਦਰਿਆਵਾਂ ਦੀ ਨੀ ਸਗੋਂ ਮਾਰੂਥਲ ਦੀ ਧਰਤੀ ਬਣਨ ਦੇ ਰਸਤੇ ਦੌੜਿਆ ਜਾ ਰਿਹਾ ਹੈ। ਇਸ ਦੌੜ ਵਿੱਚ ਭਾਵੇਂ ਖੇਤੀਬਾੜੀ ਅਤੇ ਉਦਯੋਗਿਕ ਇਕਾਈਆਂ ਸ਼ਾਮਿਲ ਹਨ ਪਰ ਇਸ ਦਾ ਦੁੱਖ ਸਮਾਜ ਦੇ ਉਹ ਲੋਕ ਭੁਗਤ ਰਹੇ ਹਨ। ਜਿਨ੍ਹਾਂ ਦਾ ਇਹਨਾਂ ਦੋਹਾਂ ਦੇ ਨਾਲ ਕੋਈ ਸਰੋਕਾਰ ਨਹੀਂ। ਕਹਿੰਦੇ ਹਨ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਪਰ ਪੰਜਾਬੀ ਤਾਂ ਪੱਥਰਾਂ ਤੋਂ ਵੀ ਪਾਰ ਜਾ ਰਹੇ ਹਨ। ਇਹਨਾਂ ਦੇ ਪੱਥਰਾਂ ਵਰਗੇ ਦਿਲ ਹੋਣ ਕਰਕੇ ਅੱਜ ਪੰਜਾਬ ਕਈ ਤਰ੍ਹਾਂ ਦੇ ਸੰਕਟਾਂ ਦਾ ਸ਼ਿਕਾਰ ਹੋਇਆ ਆਪਣੀ ਹੋਣੀ ਭੁਗਤ ਰਿਹਾ ਹੈ। ਪੰਜਾਬ ਨੂੰ ਫੇਰ ਚੀਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਮੌਜੂਦਾ ਸਰਕਾਰ ਨੇ ਇੱਕ ਵਾਰ ਫੇਰ ਪੰਜਾਬ ਦੀ ਹਿੱਕ ਉੱਤੇ ਦੀਵਾ ਬਾਲ ਹੈ। ਇਹ ਦੀਵਾ ਪਹਿਲਾਂ ਭੜਕਦਾ ਸੀ, ਹੁਣ ਤੇ ਤੇ ਲਈ ਹਵਾ ਮਿਲੀ ਗਈ ਹੈ। ਇਸ ਦੇ ਰਾਹੀਂ ਕੀ ਹੋਵੇਗਾ? ਇਹ ਤਾਂ ਉਹੀ ਜਾਣਦਾ ਹੈ ਜਿਸਦਾ ਪੰਜਾਬ ਨਾਲ ਪੁਰਾਣਾ ਰਿਸ਼ਤਾ ਹੈ। ਹੁਣ ਸੰਭਲ ਸੰਭਲ ਕੇ ਤੁਰਨ ਦੀ ਲੋੜ ਲੋਕਾਂ ਨੂੰ ਹੈ। ਮੌਜੂਦਾ ਸਰਕਾਰ ਤਾਂ ਦਿੱਲੀ ਦੀ ਗੁਲਾਮ ਹੈ। ਉਸਨੇ ਗੁਲਾਮੀ ਦਾ ਪਟਾ ਪੰਜਾਬ ਦੇ ਗਲ਼ ਪਵਾਉਣਾ ਹੈ। ਪੰਜਾਬੀਓ ਸੁਚੇਤ ਹੋਣ ਦੀ ਲੋੜ ਹੈ।

ਬੁੱਧ ਸਿੰਘ ਨੀਲੋਂ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਤਾਵਰਣ ਦੀ ਸੁੱਧਤਾ ਵਾਸਤੇ ਮੁਕੰਦਪੁਰ ਦੇ ਮਿਊਜੀਕਲ ਗਰੁੱਪ ਵਲੋਂ ਲਗਾਏ ਪੌਦੇ
Next articleਐਡਵੋਕੇਟ ਬਲਵਿਦਰ ਕੁਮਾਰ ਨੇ ਜਲੰਧਰ ਲੋਕਸਭਾ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਕੀਤਾ ਧੰਨਵਾਦ