ਬੁੱਧ ਪੂਰਨਿਮਾ ਬੜੀ ਧੂਮਧਾਮ ਨਾਲ ਮਨਾਈ ਗਈ

ਫੋਟੋ ਕੈਪਸ਼ਨ: ਉੱਘੇ ਅੰਬੇਡਕਰੀ ਲਾਹੌਰੀ ਰਾਮ ਬਾਲੀ ਭਾਸ਼ਣ ਕਰਦੇ ਹੋਏ. ਨਾਲ ਬੈਠੇ ਹਨ ਬਲਦੇਵ ਰਾਜ ਭਾਰਦਵਾਜ, ਸੋਹਨ ਲਾਲ, ਮੈਡਮ ਸੁਦੇਸ਼ ਕਲਿਆਣ ਅਤੇ ਡਾ. ਜੀ ਸੀ ਕੌਲ.

ਬੁੱਧ ਦੀ ਸਾਰੀ ਸਿਖਿਆ ਇਨਸਾਨ ਦੀ ਬਹੁਪੱਖੀ ਖੁਸ਼ਹਾਲੀ ਵਾਸਤੇ – ਬਾਲੀ

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਅੰਬੇਡਕਰ ਭਵਨ ਟਰੱਸਟ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਮਾਰੋਹ ਦਾ ਆਯੋਜਨ ਕਰਕੇ ਅੰਬੇਡਕਰ ਭਵਨ , ਡਾ. ਅੰਬੇਡਕਰ ਮਾਰਗ ਜਲੰਧਰ ਵਿਖੇ ਬੁੱਧ ਪੂਰਨਿਮਾ ਬੜੀ ਧੂਮਧਾਮ ਨਾਲ ਮਨਾਈ ਗਈ । ਸਮਾਰੋਹ ਵਿਚ ਉੱਘੇ ਅੰਬੇਡਕਰੀ ਲਾਹੌਰੀ ਰਾਮ ਬਾਲੀ, ਡਾ. ਜੀ ਸੀ ਕੌਲ ਐੱਮ. ਏ. ਪੀਐਚ. ਡੀ. ਪ੍ਰੋਫੈਸਰ (ਰਿਟਾ.) ਅਤੇ ਮੈਡਮ ਸੁਦੇਸ਼ ਕਲਿਆਣ ਪ੍ਰੋਗਰਾਮ ਐਗਜ਼ੀਕਿਊਟਿਵ (ਰਿਟਾ.) ਦੂਰਦਰਸ਼ਨ ਕੇਂਦਰ ਜਲੰਧਰ, ਨੇ ਮੁਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਬਾਲੀ ਜੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਬੁੱਧ ਨੇ ਇਨਸਾਨੀ ਆਜ਼ਾਦੀ, ਸਮਾਜਿਕ ਸਮਾਨਤਾ ਅਤੇ ਭਾਈਚਾਰੇ ਦੀ ਕਾਇਮੀ ਦਾ 27 ਵਰ੍ਹੇ, ਗਿਆਨ ਪ੍ਰਾਪਤੀ ਤੋਂ ਬਾਦ 45 ਸਾਲ ਪੈਦਲ ਚੱਲ ਕੇ ਉਪਦੇਸ਼ ਦਿੱਤਾ। ਉਨ੍ਹਾਂ ਨੇ ਇਹ ਸਪਸ਼ਟ ਕੀਤਾ ਕਿ ਸੰਸਾਰ ਨੂੰ ਕਿਸੇ ਗੈਬੀ ਸ਼ਕਤੀ ਨੇ ਨਹੀਂ ਬਣਾਇਆ ਸਗੋਂ ਇਹ ਵਿਕਸਤ ਹੋਇਆ ਹੈ। ਬੁੱਧ ਦੀ ਸਾਰੀ ਸਿਖਿਆ ਇਨਸਾਨ ਦੀ ਬਹੁਪੱਖੀ ਖੁਸ਼ਹਾਲੀ ਵਾਸਤੇ ਹੈ।

ਉਨ੍ਹਾਂ ਕਿਹਾ, ” ਮੈਂ ਤੁਹਾਨੂੰ ਰਾਹ ਦਿਖਾ ਰਿਹਾ ਹਾਂ, ਮੈਂ ਮੁਕਤੀ ਦਾਤਾ ਨਹੀਂ, ਤੁਸੀਂ ਤਰਕਸ਼ੀਲ ਅਤੇ ਨੈਤਿਕ ਬਣ ਕੇ ਆਪਣੀ ਭਲਾਈ ਆਪ ਕਰਨੀ ਹੈ। ਬਾਲੀ ਜੀ ਨੇ ਕਿਹਾ ਕਿ ਬੁੱਧ ਦਾ ਇਹ ਕਹਿਣਾ ਹੈ ਕਿ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਲੱਗਿਆਂ ਆਪਣੀ ਕੁਰਬਾਨੀ ਦੀ ਵੀ ਪ੍ਰਵਾਹ ਨਾ ਕਰੋ। ਬਾਲੀ ਜੀ ਨੇ ਕਿਹਾ ਕਿ ਜੰਤਰ ਮੰਤਰ, ਨਵੀਂ ਦਿੱਲੀ ਵਿਖੇ ਜੋ ਕੁਝ ਪਹਿਲਵਾਨ ਲੜਕੀਆਂ ਦੇ ਨਾਲ ਗੈਰ ਇਨਸਾਨੀ ਵਤੀਰਾ ਹੋ ਰਿਹਾ ਹੈ ਅਤੇ ਜ਼ੁਲਮ ਜਬਰ ਹੋ ਰਿਹਾ ਹੈ, ਉਹ ਸ਼ਰਮਨਾਕ ਹੈ। ਇਸ ਨਾਲ ਭਾਰਤ ਦਾ ਦੁਨੀਆਂ ਵਿਚ ਅਪਮਾਨ ਹੋ ਰਿਹਾ ਹੈ। ਉਨ੍ਹਾਂ ਨੂੰ ਹੋਰ ਦੇਰ ਕੀਤੇ ਬਿਨਾ ਇਨਸਾਫ ਮਿਲਣਾ ਚਾਹੀਦਾ ਹੈ। ਮੈਡਮ ਸੁਦੇਸ਼ ਕਲਿਆਣ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਤਥਾਗਤ ਬੁੱਧ ਨੇ ਔਰਤਾਂ ਨੂੰ ਧਾਰਮਿਕ ਤੇ ਸਮਾਜਿਕ ਗੁਲਾਮੀ ਤੋਂ ਆਜ਼ਾਦ ਕਰਾਇਆ ਅਤੇ ਉਨ੍ਹਾਂ ਨੂੰ ਭੀਖਸ਼ੁਨੀ ਬਣਨ ਦਾ ਅਧਿਕਾਰ ਦੇ ਕੇ ਅਮਲੀ ਸਬੂਤ ਦਿੱਤਾ। ਡਾ. ਜੀ ਸੀ ਕੌਲ ਨੇ ਕਿਹਾ ਕਿ ਜਿੰਨਾ ਧਨ ਧਾਰਮਿਕ ਪੂਜਾ ਪਾਠ ਅਤੇ ਪਾਖੰਡਾਂ ਤੇ ਖਰਚ ਕੀਤਾ ਜਾ ਰਿਹਾ ਹੈ, ਜੇਕਰ ਭਾਰਤ ਬੁੱਧ ਦੀਆਂ ਸਿਖਿਆਵਾਂ ਤੇ ਆਚਰਣ ਕਰੇ ਤਾਂ ਕਰੋੜਾਂ ਰੁਪਏ ਦੀ ਬਚਤ ਹੋ ਸਕਦੀ ਹੈ, ਜੋ ਸਿਹਤ ਅਤੇ ਰੁਜਗਾਰ ਜਿਹੇ ਕੰਮਾਂ ਤੇ ਖਰਚ ਕੀਤੀ ਜਾ ਸਕਦੀ ਹੈ।

ਸੁਸਾਇਟੀ ਦੇ ਪ੍ਰਧਾਨ ਸੋਹਨ ਲਾਲ ਸਾਬਕਾ ਡੀ.ਪੀ.ਆਈ (ਕਾਲਜਾਂ) ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ, ਜਦ ਕਿ ਪਰਮਿੰਦਰ ਸਿੰਘ ਖੁੱਤਣ ਐਡਵੋਕੇਟ ਨੇ ਸਭ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਬਾਖੂਬੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਾਹੁਲ ਕੁਮਾਰ, ਡਾ. ਸਰੋਜ ਰਾਣੀ, ਧਰਮ ਪਾਲ, ਡੀ. ਪੀ. ਭਗਤ, ਡਾ. ਸੰਦੀਪ ਮਹਿਮੀ , ਸਤਵਿੰਦਰ ਮਦਾਰਾ, ਹਰਭਜਨ ਨਿਮਤਾ, ਸੋਮਨਾਥ ਭਗਰਾਸਿਆ, ਮਨੋਹਰ ਲਾਲ ਮਹੇ, ਤਿਲਕ ਰਾਜ, ਰਾਜ ਕੁਮਾਰ ਵਰਿਆਣਾ, ਪਿਸ਼ੋਰੀ ਲਾਲ ਸੰਧੂ, ਨਿਰਮਲ ਬਿੰਜੀ, ਵਿਨੋਦ ਕਲੇਰ, ਕੁਲਦੀਪ ਭੱਟੀ ਐਡਵੋਕੇਟ, ਹਰਿ ਰਾਮ ਓ ਐੱਸ ਡੀ, ਕ੍ਰਿਸ਼ਨ ਕਲਿਆਣ, ਜਗਜੀਵਨ ਰਾਮ, ਬਿੰਦੂ ਬੰਗੜ ਆਦਿ ਹਾਜ਼ਰ ਸਨ। ਇਹ ਜਾਣਕਾਰੀ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦਿੱਤੀ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਚ
Next article*ਪੱਥਰ ਤੋਂ ਦੇਵਤੇ ਤੱਕ……..…*