(ਸਮਾਜ ਵੀਕਲੀ)
ਮਾਛੀਵਾੜੇ ਦੇ ਜੰਗਲਾਂ ਵਿੱਚ
ਅੱਜਕੱਲ੍ਹ ਮੈਂ
ਮਾਛੀਵਾੜੇ ਦੇ ਜੰਗਲ ਵਿੱਚ ਹਾਂ
ਮੈਂ ਜੰਗਲਾਂ ਵਿੱਚ ਹਾਂ ਜਾਂ ਮੇਰੇ ਵਿੱਚ ਜੰਗਲ ਹੈ
ਮੈਂ ਉਹਨਾਂ ਪਲਾਂ ਨੂੰ ਮਿਲਣ ਆਇਆ ਹਾਂ
ਜਿਹਨਾਂ ਪਲਾਂ ਵਿੱਚ ਗੁਰੂ ਜੀ ਆਏ ਸਨ
ਮੈਂ ਕਈ ਦਿਨ ਮਾਛੀਵਾੜੇ ਦੇ ਕੰਕਰੀਟ
ਜੰਗਲਾਂ ਵਿੱਚ ਘੁੰਮਦਾ ਫਿਰਦਾ ਹਾਂ
ਮੈਨੂੰ ਗੁਰੂ ਜੀ ਤਾਂ ਟਿੰਡ ਦਾ ਸਰਾਣਾ ਲਾਈ
ਪਏ ਦਿਖਦੇ ਹਨ ਪਰ ਕੋਈ
ਗੁਰੂ ਦਾ ਸਿੱਖ ਨਜ਼ਰ ਨਹੀਂ ਆਇਆ
ਸਿੱਖ ਕਿਧਰ ਗਏ ਹਨ?
ਉਂਝ ਧੜਾਂ ਦੀ ਭੀੜ ਹੈ
ਜੋ ਇੱਕ ਦੂਜੇ ਦੇ ਪੈਰ ਮਿੱਧ ਕੇ
ਦੌੜ ਰਹੀ ਹੈ।
ਮੈਂ ਗੁਰੂ ਜੀ ਦੇ ਚਰਨਾਂ ਵੱਲ ਬੈਠਾ
ਉਨ੍ਹਾਂ ਨਾਲ ਮਨ ਹੀ ਮਨ ਗੱਲਾਂ ਕਰਦਾ ਹਾਂ
ਗੁਰੂ ਜੀ ਦੇ ਜ਼ਖ਼ਮੀ ਪੈਰ ਹਨ
ਲੀੜੇ ਪਾਟੇ ਹਨ
ਪਰ ਮਨ ਉਹਨਾਂ ਦਾ ਸਬੂਤਾ ਹੈ
ਉਹਨਾਂ ਦਾ ਮੁੱਖ ਨੂਰੋ ਨੂਰ ਹੈ
ਇੱਕ ਅਵੱਲਾ ਸਰੂਰ ਹੈ
ਸੂਰਜ ਵਾਂਗੂੰ ਦਗਦਾ ਮੁੱਖ
ਹਵਾ ਵਿੱਚ ਆਵਾਜ਼ ਗੂੰਜਦੀ ਹੈ
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ
ਕੋਈ ਗਾ ਰਿਹਾ ਹੈ
ਮੈਂ ਸਾਹ ਰੋਕ ਕਿ ਬੈਠਾ ਹਾਂ
ਕਿਤੇ ਗੁਰੂ ਜੀ ਦੀ ਅੱਖ ਨਾ ਖੁੱਲ੍ਹ ਜਾਵੇ
ਮੈਂ ਦੱਬੇ ਪੈਰੀਂ
ਬੁੱਢੇ ਦਰਿਆ ਵੱਲ ਜਾਂਦਾ ਹਾਂ
ਉਹ ਤਾਂ ਇਹ ਦਰਿਆ ਨਹੀਂ
ਇਹ ਤਾਂ ਕੋਈ ਗੰਦਾ ਨਾਲਾ ਹੈ
ਉਸਦਾ ਗੰਦਾ ਪਾਣੀ
ਮੈਨੂੰ ਜ਼ਹਿਰ ਵਰਗਾ ਲੱਗਦਾ ਹੈ
ਮੈਂ ਉਸਦੇ ਕਿਨਾਰੇ ਬਹਿ ਜਾਂਦਾ ਹਾਂ
ਬੁੱਢਾ ਦਰਿਆ ਮੈਨੂੰ ਸਵਾਲ ਕਰਦਾ ਹੈ
ਭਲਾ ਮੈਨੂੰ ਕਿਉਂ ਪਲੀਤ ਕਰ ਦਿੱਤਾ ਹੈ?
ਮੇਰਾ ਕੀ ਕਸੂ੍ਰ ਹੈ ?
ਮੇਰੇ ਕੋਲ ਜਵਾਬ ਨਹੀਂ
ਫੇਰ ਕੋਈ ਗਾ ਰਿਹਾ ਹੈ
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ
ਗੁਰੂ ਜੀ ਜਾਗਦੇ ਹਨ
ਮੈਂ ਸੌ ਜਾਂਦਾ ਹਾਂ
ਮੈਂ ਕਦੋਂ ਜਾਗਾਂਗਾ ?
ਪਤਾ ਨਹੀਂ
ਤੁਸੀਂ ਕਦੋਂ ਗੂੜ੍ਹੀ ਨੀਂਦ ਵਿੱਚੋਂ ਜਾਗੋ ਗੇ ??
ਮੈਂ ਨਹੀਂ ਜਾਣਦਾ
ਪਰ ਮੈਂ ਆਪਾਂ ਛਾਣਦਾ ਹਾਂ
ਮੈਂ ਕਿਸੇ ਦੇ ਨਾਲ ਨਾਲ ਤੁਰਦਾ ਹਾਂ
ਕੋਈ ਮੇਰੇ ਨਾਲ ਨਾਲ ਤੁਰ ਰਿਹਾ ਹੈ
ਮੈਂ ਜੰਗਲ ਗੁਆਚ ਗਿਆ ਹਾਂ
ਮਾਛੀਵਾੜਾ ਮੇਰੇ ਨਾਲ ਗੱਲਾਂ ਕਰਦਾ ਹੈ
ਮੈਂ ਕੰਕਰੀਟ ਦੇ ਜੰਗਲ ਵਿੱਚ ਹਾਂ
ਜੰਗਲ ਵਿੱਚ ਹੈ
ਮਾਛੀਵਾੜਾ ਦੇ ਜੰਗਲਾਂ ਵਿੱਚ
###
ਬੁੱਧ ਸਿੰਘ ਨੀਲੋੰ
9464370823