ਬੁੱਧ ਚਿੰਤਨ / ਅਖਾਣਾਂ ਦੇ ਬਦਲ ਰਹੇ ਅਰਥ!

 (ਸਮਾਜ ਵੀਕਲੀ)-ਮਨੁੱਖੀ ਜ਼ਿੰਦਗੀ ਵਿੱਚ ਅਖਾਣਾਂ,ਮੁਹਾਵਰੇ, ਬੋਲੀਆਂ ਤੇ ਸਿਆਣਪਾ ਦੀ ਬੜੀ ਮਹੱਤਤਾ ਹੈ। ਸਿਆਣੇ ਬਜ਼ੁਰਗ ਜਾਂ ਲੇਖਕ ਨੇ ਜਦੋਂ ਕੋਈ ਪਤੇ ਵਾਲੀ ਗੱਲ ਕਰਨੀ ਹੋਵੇ ਤਾਂ ਉਹ ਇਹਨਾਂ ਵਿੱਚੋਂ ਕੋਈ ਇੱਕ ਚੀਜ਼ ਨੂੰ ਵਰਤ ਕੇ ਆਪਣੀ ਗੱਲ ਕਹਿ ਜਾਂਦਾ ਨੇ। ਇਹ ਅਖਾਣਾਂ ਤੇ ਮੁਹਾਵਰੇ ਕਦੋਂ ਬਣੇ, ਕਿਸ ਨੇ ਬਣਾਏ ਤੇ ਇਹਨਾਂ ਦਾ ਲੇਖਕ ਕੌਣ ਹੈ, ਕੋਈ ਨਹੀਂ ਜਾਣਦਾ। ਲੋਕ ਬੋਲੀਆਂ ਦੇ ਲੋਕ ਹੀ ਲੇਖਕ ਹੁੰਦੇ ਨੇ। ਇਹ ਸਮੇਂ ਸਮੇਂ ਬਦਲਦੀਆਂ ਵੀ ਰਹਿੰਦੀਆਂ ਹਨ। ਅਸੀਂ ਅਕਸਰ ਸੁਣਦੇ ਰਹੇ ਹਾਂ ਕਿ “ਪਾਪ ਦਾ ਘੜਾ, ਭਰ ਕੇ ਡੁੱਬਦਾ ਹੈ।” ਹੁਣ ਡੁੱਬਦਾ ਨਹੀਂ ਸਗੋਂ ਤਰਦਾ ਹੈ। ਅਸੀਂ ਸਮਾਜ ਵਿੱਚ ਦੇਖ ਰਹੇ ਹਾਂ ਕਿ ਧਰਮ ਨੂੰ ਵੇਚ ਕੇ ਖਾਣ ਵਾਲੇ, ਸਮਾਜ ਦੇ ਸਭ ਤੋਂ ਵੱਡੇ ਸਰਮਾਏਦਾਰ ਬਣ ਗਏ ਹਨ, ਉਹਨਾਂ ਨੂੰ ਕੋਈ ਡਰ ਭੈਅ ਨਹੀਂ। ਮਨੁੱਖ ਦਾ ਸਭ ਤੋਂ ਵੱਡਾ ਵਿਸ਼ਵਾਸ ਧਰਮ ਵਿੱਚ ਹੈ, ਉਹ ਧਰਮ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੈ। ਜਿਹੜੇ ਧਰਮ ਨੂੰ ਵੇਚਦੇ ਨੇ, ਉਹਨਾਂ ਲਈ ਇਹ ਵਧੀਆ ਵਪਾਰ ਹੈ। ਇਸ ਵਪਾਰ ਵਿੱਚ ਖਰਚ ਕਰਨ ਲਈ ਕੋਈ ਥਾਂ ਨਹੀਂ ਸਗੋਂ ਆਮਦਨ ਹੀ ਆਮਦਨ ਹੈ। ਧਾਰਮਿਕ ਅਸਥਾਨ ਅੱਜ ਵਪਾਰ ਦਾ ਅੱਡਾ ਬਣ ਕੇ ਰਹਿ ਗਏ ਹਨ। ਇਹਨਾਂ ਅਸਥਾਨਾਂ ਉੱਤੇ ਚੜਿਆ ਝੜਾਵਾ ਕਿੱਧਰ ਜਾਂਦਾ ਹੈ, ਕੋਈ ਨਹੀਂ ਜਾਣਦਾ। ਆ ਕੁੱਝ ਦਿਨ ਪਹਿਲਾਂ ਇੱਕ ਧਾਰਮਿਕ ਅਸਥਾਨ ਦਾ ਕਰੋੜਾਂ ਰੁਪਏ ਦਾ ਬਜਟ ਪਾਸ ਹੋਇਆ ਹੈ। ਇਸ ਸੰਸਥਾ ਦਾ ਤਾਂ ਕੰਮ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ। ਕਹਾਵਤ ਹੈ, ਗੁਰੂ ਦੀ ਗੋਲਕ ਗਰੀਬ ਦਾ ਮੂੰਹ। ਇਸ ਦੇ ਵੀ ਅਰਥ ਬਦਲ ਗਏ ਹਨ। ਹੁਣ ਗੁਰੂ ਦੀ ਗੋਲਕ ਗਰੀਬ ਦੇ ਮੂੰਹ ਵਿੱਚ ਨਹੀਂ ਪੈਂਦੀ ਸਗੋਂ ਉਸ ਅਮੀਰ ਦੇ ਘਰੇ ਚਲੇ ਜਾਂਦੀ ਹੈ। ਜਿਸ ਦੇ ਘਰੇ ਪਹਿਲਾਂ ਹੀ ਬੇਲੋੜੀ ਮਾਇਆ ਪਈ ਹੈ। ਧਾਰਮਿਕ ਦੀਵਾਨਾਂ ਵਿੱਚ ਅਕਸਰ ਸਾਧ ਸੰਤ ਲੋਕਾਂ ਨੂੰ ਇਹ ਸਿੱਖਿਆ ਦਿੰਦੇ ਹਨ ਕਿ ਦਸਾਂ ਨੌਹਾਂ ਦੀ ਕਮਾਈ ਕਰੋ ਤੇ ਦਸਵੰਧ ਕੱਢੋ। ਆਮ ਲੋਕ ਨਰਕਾਂ ਤੋਂ ਡਰਦੇ ਕਿਰਤ ਵੀ ਕਰਦੇ ਹਨ ਤੇ ਕਿਰਤ ਵਿੱਚੋਂ ਦਸਵੰਧ ਵੀ ਕੱਢਦੇ ਹਨ। ਉਹਨਾਂ ਦੇ ਘਰਾਂ ਵਿੱਚ ਹਮੇਸ਼ਾਂ ਭੰਗ ਭੁੱਜਦੀ ਹੈ। ਇਮਾਨਦਾਰੀ ਤੇ ਮਿਹਨਤ ਨਾਲ ਦੋ ਵਕਤ ਦੀ ਰੋਟੀ ਨਹੀਂ ਮਿਲਦੀ। ਅਸੀਂ ਉਹ ਸਭ ਪਖੰਡ ਕਰਦੇ ਹਾਂ ਜਿਨ੍ਹਾਂ ਤੋਂ ਸਾਡੇ ਗੁਰੂਆਂ ਨੇ ਰੋਕਿਆ ਸੀ। ਸਾਡੇ ਗੁਰੂਆਂ ਨੇ ਇਸ ਪਖੰਡਵਾਦ ਨੂੰ ਬੁਰੀ ਤਰ੍ਹਾਂ ਨਿੰਦਿਆ ਹੈ ਪਰ ਚਿੱਟੀ ਸਿਉਂਕ ਨੇ ਲੋਕਾਂ ਦੇ ਅੰਦਰ ਨਰਕ ਤੇ ਸਵਰਗ ਦਾ ਏਨਾ ਡਰ ਬਿਠਾਅ ਦਿੱਤਾ ਹੈ ਕਿ ਉਹ ਹਰ ਵੇਲੇ ਡਰਦੇ ਰਹਿੰਦੇ ਹਨ। ਜਦ ਕਿ ਸੱਚ ਇਹ ਹੈ, ਜੋ ਧਰਤੀ ਤੇ ਆਇਆ ਹੈ, ਉਸ ਨੇ ਦੇਰ ਸਵੇਰ ਖਤਮ ਹੋਣਾ ਹੈ। ਮਨੁੱਖ ਸਿਰਫ ਆਪਣੀ ਮੌਤ ਤੋਂ ਡਰਦਾ ਹੈ ਜਦਕਿ ਮੌਤ ਅਟੱਲ ਸੱਚਾਈ ਹੈ। ਚਿੱਟੀ ਸਿਉਂਕ ਨੇ ਇਸ ਮੌਤ ਦੇ ਡਰ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ ਕੀਤੀ ਹੋਈ ਹੈ ਤੇ ਲੋਕ ਇਸ ਤੋਂ ਬਚਣ ਲਈ ਉਹਨਾਂ ਦੇ ਡੇਰਿਆਂ ਵਿੱਚ ਨਤਮਸਤਕ ਹੁੰਦੇ ਹਨ। ਜਦੋਂ ਸ਼ਬਦਾਂ ਦੇ ਅਰਥ ਬਦਲ ਜਾਣ ਤਾਂ ਚੇਤਨ ਮਨੁੱਖ ਉਦਾਸ ਹੋ ਜਾਂਦਾ ਹੈ। ਜਿਸ ਤਰ੍ਹਾਂ ਸਾਇੰਸ ਤਰੱਕੀ ਕਰਦੀ ਜਾ ਰਹੀ ਹੈ । ਜ਼ਿੰਦਗੀ ਦੇ ਸਾਧਨ ਨਵੇਂ ਤੋਂ ਨਵੇਂ ਬਣ ਰਹੇ ਹਨ ਪਰ ਮੌਤ ਦਾ ਸਮਾਂ ਸਥਾਨ ਅਜੇ ਤੱਕ ਸਾਇੰਸ ਵੀ ਭਾਲ ਨਹੀਂ ਸਕੀ। ਹੁਣ ਪਾਪ ਦਾ ਘੜਾ ਭਰ ਕੇ ਤਰਦਾ ਹੈ। ਜਬਰ ਤੇ ਜ਼ੁਲਮ ਕਰਨ ਵਾਲਾ ਰਾਜ ਕਰਦਾ ਹੈ। ਕੀ ਇਹ ਸਭ ਕੁਝ ਉਸ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ, ਜਿਸ ਦੀ ਕਿਰਪਾ ਦੇ ਨਾਲ ਸ੍ਰਿਸ਼ਟੀ ਬਣੀ ਹੈ। ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਦੇਸ਼ ਹਨ ਜਿੱਥੇ ਧਰਮ ਦਾ ਕੋਈ ਪੈਰੋਕਾਰ ਨਹੀਂ। ਉਹ ਦੇਸ਼ ਦੇ ਲੋਕ ਭਾਰਤੀ ਲੋਕਾਂ ਨਾਲੋਂ ਸੁਖੀ ਜਿਉਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਇਹ ਗੱਲਾਂ ਬੜੀਆਂ ਚੁਭਣਗੀਆਂ। ਸਮਾਜ ਨੂੰ ਚਿੱਟੇ ਸਿਉਕ ਤੇ ਸਿਆਸੀ ਆਗੂ ਭੋਰ ਭੋਰ ਕੇ ਖਾ ਰਹੇ ਹਨ। ਇਹਨਾਂ ਦੋਹਾਂ ਤੋਂ ਬਚਣ ਦਾ ਇੱਕੋ ਇੱਕ ਹੱਲ ਹੈ ਕਿ ਅਸੀਂ ਦਿਮਾਗੀ ਤੌਰ ਤੇ ਚੇਤਨ ਹੋਈਏ। ਚੇਤਨਾ ਪੈਦਾ ਕਰਨ ਲਈ ਸਾਨੂੰ ਚੰਗੀਆਂ ਕਿਤਾਬਾਂ ਨਾਲ ਜੁੜਨਾ ਪਵੇਗਾ। ਚੰਗੀਆਂ ਕਿਤਾਬਾਂ ਮਨੁੱਖ ਦੀ ਸਦਾ ਦੋਸਤ ਰਹਿੰਦੀਆਂ ਹਨ। ਦੁਨਿਆਵੀ ਦੋਸਤ ਕਦੇ ਵੀ ਧੋਖਾ ਦੇ ਸਕਦੇ ਹਨ ਪਰ ਕਿਤਾਬਾਂ ਨਹੀਂ। ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸਿਆਸੀ ਆਗੂਆਂ ਤੇ ਚਿੱਟੀ ਸਿਉਂਕ ਬਾਰੇ ਜਾਣਦੇ ਤਾਂ ਤੁਸੀਂ ਵੀ ਹੋ ਪਰ ਬੋਲਦੇ ਨਹੀਂ। ਅਸੀਂ ਗਰਜ਼ਾਂ ਲਈ ਫਰਜ਼ ਭੁੱਲ ਗਏ ਹਾਂ ।ਇਹੀ ਸਾਡੀ ਬੇਵਸੀ ਦਾ ਕਾਰਨ ਹਨ। ਰਾਜਨੀਤਿਕ ਆਗੂਆਂ ਬਾਰੇ ਰਜਨੀਸ਼ ਓਸ਼ੋ ਠੀਕ ਹੀ ਲਿਖਦੇ ਹਨ। ਉਹਨਾਂ ਦੇ ਪ੍ਰਵਚਨ ਵੀ ਪੜ੍ਹ ਲਵੋ।
==
ਓਸ਼ੋ ਨੂੰ ਕਿਸੇ ਨੇ ਪੁੱਛਿਆ -ਰਾਜਨੀਤਿਕ ਲੁੱਚੇ-ਲਫੰਗਿਆਂ ਤੋਂ ਦੇਸ਼ ਨੂੰ ਛੁਟਕਾਰਾ ਕਦੋਂ ਮਿਲੇਗਾ ?
ਉਸ ਨੇ ਕਿਹਾ- ਬਹੁਤ ਔਖਾ ਹੈ ? ਕਿਉਂਕਿ ਪ੍ਰਸ਼ਨ ਰਾਜ ਨੇਤਾਵਾਂ ਤੋਂ ਛੁਟਕਾਰੇ ਦਾ ਨਹੀ ਹੈ, ਪ੍ਰਸ਼ਨ ਤਾਂ ਤੁਹਾਡੇ ਅਗਿਆਨ ਦੇ ਮਿਟਣ ਦਾ ਹੈ ? ਤੁਸੀਂ ਜਦੋਂ ਤੱਕ ਅਗਿਆਨੀ ਹੋ, ਕੋਈ ਨਾ ਕੋਈ ਤੁਹਾਡਾ ਸ਼ੋਸ਼ਣ ਕਰਦਾ ਹੀ ਰਹੇਗਾ ! ਕੋਈ ਨਾ ਕੋਈ ਤੁਹਾਨੂੰ ਚੂਸੇਗਾ ਹੀ !
ਪੰਡਿਤ ਚੂਸਣਗੇ, ਪੁਜਾਰੀ ਚੂਸਣਗੇ, ਮੁੱਲਾ – ਮੌਲਵੀ ਚੂਸਣਗੇ, ਰਾਜਨੇਤਾ ਚੂਸਣਗੇ ! ਤੁਸੀ ਜਦੋਂ ਤੱਕ ਜਾਗ੍ਰਿਤ ਨਹੀ ਹੋ , ਤਦ ਤੱਕ ਲੁਟੋਗੇ ਹੀ ?
ਫਿਰ ਕਿਸਨੇ ਲੁੱਟਿਆ, ਕੀ ਫਰਕ ਪੈਂਦਾ ਹੈ ? ਕਿਸ ਝੰਡੇ ਦੀ ਆੜ ਵਿਚ ਲੁੱਟਿਆ , ਕੀ ਫ਼ਰਕ ਪੈਂਦਾ ਹੈ ? ਸਮਾਜਵਾਦ ਦੇ ਨਾਮ ਤੋਂ ਲੁਟਿਆ ਕਿ ਸਾਮਵਾਦੀਆ ਵਲੋਂ, ਕੀ ਫ਼ਰਕ ਪੈਂਦਾ ਹੈ ?
ਤੁਸੀ ਤਾਂ ਲੁਟੋ ਗੇ ਹੀ ! ਲੁਟੇਰਿਆਂ ਦੇ ਨਾਮ ਬਦਲਦੇ ਰਹਿਣਗੇ ਅਤੇ ਤੁਸੀ ਲੁੱਟਦੇ ਰਹੋਗੇ !
ਇਸ ਲਈ ਇਹ ਨਾ ਪੁਛੋ, ਕਿ ਰਾਜਨੀਤਿਕ ਲੁਚੇ-ਲਫੰਗਿਆਂ ਤੋ ਦੇਸ਼ ਦਾ ਛੁਟਕਾਰਾ ਕਦੋਂ ਹੋਵੇਗਾ ? ਇਹ ਪ੍ਰਸ਼ਨ ਹੀ ਅਰਥਹੀਨ ਹੈ ? ਇਹ ਪੁਛੋ, ਕਿ ਮੈ ਕਦੋਂ ਇੰਨਾ ਜਾਗਾਂਗਾ ਕਿ ਝੂਠ ਨੂੰ ਝੂਠ ਦੀ ਤਰ੍ਹਾਂ ਪਹਿਚਾਣ ਸਕਾਂ ?
ਅਤੇ ਜਦੋਂ ਤਕ ਸਾਰੀ ਮਨੁੱਖ ਜਾਤੀ ਝੂਠ ਨੂੰ ਝੂਠ ਦੀ ਤਰ੍ਹਾਂ ਨਹੀਂ ਪਛਾਣਦੀ , ਤਦ ਤੱਕ ਛੁਟਕਾਰੇ ਦਾ ਕੋਈ ਉਪਾਅ ਨਹੀ ਹੈ।
ਕਿਹੜੇ ਬਾਜਾਂ ਦੇ ਧੜੇ ਨੂੰ ਚੁਣਨਾ,
ਤੇ ਚਿੜੀਆਂ ਨੂੰ ਹੱਕ ਵੋਟਾਂ ਦਾ।
ਸੋਚ ਵਿਚਾਰ ਕਰਨ ?
ਕਹਿੰਦੇ ਹਨ ਕਿ ਬੰਦੇ ਨੇ ਖਾਣੀਆਂ ਤਾਂ ਦੋ ਰੋਟੀਆਂ ਹੀ ਨੇ ਪਰ ਜਿਹੜੇ ਰੋਟੀਆਂ ਦੇ ਨਾਂ ਤੇ ਰੋਟੀਆਂ ਸੇਕਣ ਲੱਗੇ ਹੋਏ ਨੇ, ਉਹਨਾਂ ਦੇ ਪਾਪ ਦੇ ਘੜੇ ਸੱਚ ਮੁੱਚ ਹੀ ਭਰ ਭਰ ਕੇ ਡੁੱਬਦੇ ਨੇ, ਡੁੱਬਦੇ ਰਹਿਣਗੇ। ਕਹਿੰਦੇ ਹਨ ਮਾਲਕ ਦੀ ਚੱਕੀ ਹੌਲੀ ਚਲਦੀ ਹੈ ਪਰ ਪੀਂਹਦੀ ਉਹ ਬਰੀਕ ਹੈ। ਉਹ ਉਹ ਹਮੇਸ਼ਾ ਇਨਸਾਫ ਕਰਦਾ ਹੈ ਪਰ ਮਨੁੱਖ ਨਹੀਂ ਮੰਨਦਾ। ਹੰਕਾਰ ਜਦੋਂ ਸਿਰ ਚੜ ਕੇ ਬੋਲਦਾ ਹੈ ਤਾਂ ਉਹ ਸਿਰ ਭਾਨੇ ਸਿੱਟਦਾ ਹੈ । ਕੋਈ ਸਮਝੇ, ਨਾ ਸਮਝੇ । ਇਹ ਤਾਂ ਉਸ ਦੀ ਸੋਚ ਤੇ ਨਿਰਭਰ ਹੈ ਪਰ ਪਾਪ ਦਾ ਘੜਾ ਭਰ ਕੇ ਡੁੱਬਦਾ ਨਹੀਂ, ਕਈਆਂ ਨੂੰ ਹੋਰ ਵੀ ਡੋਬ ਲੈਂਦਾ।
===
ਬੁੱਧ ਸਿੰਘ ਨੀਲੋਂ
94643 70823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੈਦ ਦੀ ਕਲਮ ਤੋਂ / ਗਰਭ ਅਵਸਥਾ ਵਿਚਲੇ ਬੱਚੇ ਤੇ ਆਲੇ ਦੁਆਲੇ ਦਾ ਅਸਰ।
Next articleਨਿਮਰਤਾ