ਬੁੱਧ ਚਿੰਤਨ

ਤੇਰੇ ਟਿੱਲੇ ਤੋਂ ਔਹ ਸੂਰਤ ਦੀਹਦੀ ਐਂ ਹੀਰ ਦੀ!

ਬੁੱਧ ਸਿੰਘ ਨੀਲੋੱ

(ਸਮਾਜ ਵੀਕਲੀ) ਮਨੁੱਖੀ ਜ਼ਿੰਦਗੀ ਦੇ ਵਿੱਚ ਕਿਰਤ ਦੀ ਲੁੱਟ ਸਦੀਆਂ ਤੋਂ ਹੋ ਰਹੀ ਹੈ। ਇਹ ਲੁੱਟਮਾਰ ਸਮੇਂ ਦਾ ਹਾਕਮ ਕਰਦਾ ਹੈ । ਮਨੁੱਖ ਦੀ ਹਾਕਮ ਅੱਗੇ ਕੋਈ ਪੇਸ਼ ਨਹੀਂ ਚੱਲਦੀ। ਸਾਡੇ ਘਰ ਵਿੱਚ ਏਕਤਾ ਨਹੀ। ਘਰਦੇ ਚਾਰ ਭਰਾਵਾਂ ਦੀ ਆਪਸ ਵਿੱਚ ਨਹੀਂ ਬਣਦੀ। ਚਾਰੇ ਹੀ ਚਾਰੇ ਦਿਸ਼ਾਵਾਂ ਦੇ ਵਾਂਗੂੰ ਇਕ ਦੂਜੇ ਉਲਟ ਵਗਦੇ ਹਨ। ਕਦੇ ਪੁਰਾ ਵਗਦਾ ਹੈ ਤੇ ਕਦੇ ਪੱਛੋ ਵਗਦੀ ਹੈ। ਪੁਰਾ ਜਦ ਵੀ ਵਗਦਾ ਹੈ ਤਾਂ ਹੁੰਮਸ ਪੈਦਾ ਕਰਦਾ ਹੈ। ਦੁੱਖ ਇਹ ਹੈ ਕਿ ਅਸੀਂ ਪੱਛਮ ਵੱਲ ਨੂੰ ਸਿਰ ਉੱਤੇ ਪੈਰ ਰੱਖ ਕੇ ਦੌੜ ਰਹੇ ਹਾਂ। ਸਾਨੂੰ ਆਪਣੀ ਜਨਮ ਭੂਮੀ ਤੋਂ ਡਰ ਲੱਗਦਾ ਐ। ਅਸੀਂ ਆਪਣੀ ਮਾਂ ਵਰਗੀ ਜ਼ਮੀਨ ਨੂੰ ਵੇਚ ਕੇ ਮੁੱਲ਼ ਵੱਟ ਰਹੇ ਹਾਂ। ਪਰ ਹਾਲਤ ਸਾਡੀ ਉਸ ਵਰਗੀ ਬਣ ਗਈ ਐ ਕਿ ਅਸਮਾਨ ਤੋਂ ਡਿੱਗੇ ਖੰਜੂਰ ਉਤੇ ਫਸੇ। ਇਹ ਪੱਛਮ ਦੀ ਧਰਤੀ ਹੁਣ ਖੰਜੂਰ ਨਹੀਂ ਖੰਜਰ ਬਣਦੀ ਜਾ ਰਹੀ ਐ। ਜਦੋਂ ਕਦੇ ਹਿੱਕ ਵੱਜਦਾ ਐ ਜਾਂ ਹਿੱਕ ਖੰਜਰ ਵਿੱਚ ਵੱਜਦੀ ਹੈ। ਅਸੀਂ ਖਰਬੂਜ਼ੇ ਬਣ ਗਏ ਹਾਂ। ਇਹ ਨਵੀਂ ਕਿਸਮ ਦੇ ਖਰਬੂਜ਼ੇ ਖੀਰੇ ਕੱਕੜੀਆਂ, ਤਰਾਂ ਸਲਾਦ ਬਣ ਕੇ ਰਹਿ ਗਏ ਹਨ। ਗਏ ਤਾਂ ਸਕੂਨ ਦੀ ਭਾਲ ਵਿੱਚ ਪਰ ਮੁੱਕ ਰਹੇ ਤਾਂ ਸਲਾਦ ਬਣ ਕੇ। ਜ਼ਿੰਦਗੀ ਠੰਢ, ਭੁੱਖ, ਸਿਰ ਢਕਣ ਲਈ ਅਸਮਾਨ ਤਲਾਸ਼ ਕਰ ਰਹੀ ਹੈ। ਆਪਣਾ ਪੱਲਾ ਚੁੱਕਿਆ ਆਪਣਾ ਢਿੱਡ ਨੰਗਾ ਹੁੰਦਾ ਹੈ, ਪਰ ਜਦੋਂ ਦੇਹ ਸਾਰੀ ਨੰਗੀ ਹੋਵੇ ਫੇਰ ਪੱਲਾ ਵੀ ਹੱਥ ਵਾਲਾ ਝੱਲਾ ਬਣ‌ ਜਾਂਦਾ ਐ। ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ। ” ਵਗੇ ਪੁਰਾ ਤੇ ਉਹ ਵੀ ਬੁਰਾ, ਬਾਮਣ ਹੱਥ ਛੁਰਾ, ਉਹ ਵੀ ਬੁਰਾ !”
ਕਿੰਨੇ ਕੁਝ ਜਾਣਦੇ ਹਨ ਪੁਰੇ ਵਗਣ ਨਾਲ ਕਿਸਦੇ ਦਰਦ ਹੁੰਦਾ ? ਕੌਣ ਦੁੱਖ ਸਹਿੰਦਾ ਹੈ? ਦੁਸ਼ਮਣ ਨਾਲੋਂ, ਬੁੱਕਲ ਦਾ ਸੱਪ ਵੱਧ ਖਤਰਨਾਕ ਹੁੰਦਾ ਹੈ। ਬੰਦਾ ਜਦ ਵੀ ਮਰਦਾ ਐ, ਬੇਗਾਨੇ ਹੱਥੋਂ ਨਹੀਂ, ਸਗੋਂ ਆਪਣਿਆਂ ਹੱਥੋਂ ਮਰਦਾ ਹੈ। ਹੁਣ ਸਮੇਂ ਦੇ ਹਾਕਮ ਦੇ ਹੱਥ ਛੁਰਾ ਹੈ। ਉਹ ਸਾਨੂੰ ਹਲਾਲ ਕਰ ਰਿਹਾ ਹੈ। ਅਸੀਂ ਕੱਲੇ ਕੱਲੇ ਹਲਾਲ ਹੋ ਰਹੇ ਹਾਂ । ਅਸੀਂ ਏਕਤਾ ਦਾ ਬਲ ਵਾਲੀ ਕਹਾਣੀ ਭੁੱਲ ਗਏ ਹਾਂ ।
####
ਵਰਿਆਮ ਸੰਧੂ ਦੀ ਇਕ ਕਹਾਣੀ .ਹੈ..” ਸਭ ਤੋ ਵੱਡੀ ਤੇ ਅਸਲੀ ਹੀਰ ” ਜਿਸਦੇ ਵਿੱਚ ਸਮੇਂ ਦਾ ਬਿਆਨ ਕੀਤਾ ਹੈ। ਹੁਣ ਤੁਸੀਂ ਪੁੱਛਣਾ ਹੈ ਕਿ ਕਹਾਣੀ ਕੀ ਹੈ ? ਪੰਜਾਬ ਦੇ ਵਿੱਚ ਜਿੰਨੇ ਪਿੰਡ ਹਨ..ਓਨੀਆਂ ਹੀ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਪੰਜਾਬ ਦੀਆਂ ਮਾਲਕ ਸਮਝਦੀਆਂ ਹਨ। ਸਿਆਸੀ ਆਗੂ ਆਖਦੇ ਹਨ ਕਿ : “ਅਸੀਂ ਹਾਂ ਅਸਲੀ ਤੇ ਲੋਕਾਂ ਦੇ ਵਾਰਿਸ ਤੇ ਸਾਡੀ ਹੀ ਸਭ ਤੋਂ ਵੱਡੀ ਸਿਆਸੀ ਪਾਰਟੀ ਸਾਡੀ ਹੈ .. ਤੁਸੀਂ, ਸਾਨੂੰ ਆਪਣਾ ਵੋਟ ਪਾਓ ਤੇ ਜਿਤਾਓ…!” ਜਿਵੇਂ ਹਰ ਵਿਭਾਗ ਦੇ ਦਰਜਨ ਜੱਥੇਬੰਦੀਆਂ ਹਨ। ਖੱਬੇ ਪੱਖੀਆਂ ਦੀ ਇੱਕ ਸੀ ਪੀ ਆਈ ਹੁੰਦੀ ਸੀ, ਹੁਣ ਛਿਆਲੀ ਗਰੁੱਪ ਹਨ। ਖੱਬੇ ਪੱਖੀ ਪਾਰਟੀਆਂ ਗੁਆਚ ਗਈਆਂ ਹਨ। ਉਹਨਾਂ ਨੇ ਆਪਣੀ ਹੋਂਦ ਆਪ ਖਤਮ ਕਰ ਲਈ ਹੈ। ਕਿਸਾਨ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦੀ ਲੜ੍ਹਾਈ ਸਿਸਟਮ ਦੇ ਨਾਲ ਹੈ ਪਰ ਇਹ ਲੜ੍ਹਾਈ ਆਪਸ ਵਿੱਚ ਹੀ ਲੜਦੇ ਹਨ। ਇੱਕ ਦੂਜੇ ਨੂੰ ਠਿੱਬੀ ਲਾਉਂਦੇ ਹਨ।
ਹੀਰ ਵਾਰਿਸ ਸ਼ਾਹ ਦੀ ਹੀ ਮਸ਼ਹੂਰ ਹੈ। ਪਹਿਲੇ ਸਮਿਆਂ ਦੇ ਵਿੱਚ ਹੀਰ ਦੀ ਕਥਾ ਪਿੰਡਾਂ ਦੇ ਵਿੱਚ ਗਵਈਏ ਸੁਣਾਉਦੇ ਹੁੰਦੇ ਸੀ। ਪਾਕਿਸਤਾਨ ਦੇ ਵਿੱਚ ਹੀਰ ਤੇ ਰਾਂਝੇ ਦੀ ਕਬਰ ਉਤੇ ਸਵਾ ਮਹੀਨਾ ਉਹਦੀ ਕਥਾ ਚੱਲਦੀ ਹੈ। ਪਾਕਿਸਤਾਨੀ ਲੋਕ ਹੀਰ ਨੂੰ ” ਮਾਂ ਹੀਰ ” ਆਖਦੇ ਹਾਂ। ਅਸੀਂ ਹੀਰ ਨੂੰ ਕੀ ਆਖਦੇ ਹਾਂ , ਮਾਸ਼ੂਕ ? ਵਾਰਿਸ ਸ਼ਾਹ ਨੇ ਹੀਰ ਦੇ ਕਿੱਸੇ ਦੇ ਰਾਹੀ..ਜ਼ਮੀਨਾਂ ਵਾਲਿਆਂ ਤੇ ਗੈਰ ਜ਼ਮੀਨਾਂ ਵਾਲਿਆਂ ਦੀ ਜੰਗ ਨੂੰ ਸਮਾਜਿਕ, ਸੱਭਿਆਚਾਰ, ਧਾਰਮਿਕ ਤੇ ਮਨੋਵਿਗਿਆਨਕ ਪੱਖੋਂ ਪੇਸ਼ ਕਰਕੇ ਤਿੰਨ ਸਦੀਆਂ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸੀਂ ਹੀਰ ਨੂੰ ਇਸ਼ਕ ਮੁਸ਼ਕ ਦੇ ਗਲਾਫ ਦੇ ਵਿੱਚ ਲਪੇਟ ਕੇ ਜ਼ਹਿਰ ਬਣਾ ਦਿੱਤਾ । ਸਾਡੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਹੀਰ ਦੀ ਕਥਾ ਦੇ ਅਰਥ ਹੀ ਦੇਹ ਨਾਲ ਜੋੜ ਕੇ…ਹੀਰ ਦੀ ਕਥਾ ਦੇ ਅਰਬਾਂ ਦਾ ਅਨਰਥ ਕਰ ਦਿੱਤਾ । ਫੇਰ ਸਾਡਾ ਦੁਸ਼ਮਣ ਕੌਣ ਹੈ ? ਇਸਨੂੰ ਸਮਝਣ ਦੀ ਲੋੜ ਹੈ ਪਰ ਅਸੀਂ ਸਮਝਦੇ ਨਹੀਂ, ਸਗੋਂ ਦੂਜਿਆਂ ਨੂੰ ਸਮਝਾਉਣ ਲੱਗ ਪਏ ਆਂ। ਹੁਣ ਵੀ ਜੰਗ ਜ਼ਮੀਨ ਜਾਇਦਾਦ ਨੂੰ ਬਚਾਉਣ ਦੀ ਹੈ। ਹੁਣ ਵੀ ਹਾਕਮ ਲੋਕਾਂ ਨੂੰ ਰਾਂਝੇ ਬਣਾਉਣ ਦੇ ਲਈ ਹਰ ਤਰ੍ਹਾਂ ਦੇ ਹਰਬੇ ਵਰਤ ਰਹੇ ਹਨ। ਅਸੀਂ ਬਹੁਗਿਣਤੀ ਤਾਂ ਮਿਰਜ਼ੇ ਵਾਂਗੂੰ ਵੱਢੇ ਜਾਂਦੇ ਹਾਂ ! ਹੁਣ ਅਸੀਂ ਖ਼ੁਦ ਸਿਵਿਆਂ ਦੇ ਰਾਹ ਤੁਰ ਪਏ ਹਾਂ। ਜਦੋਂ ਵੀ ਅਸੀਂ ਆਪਣੀ ਵੱਡੀ ਅਕਲ ਦਾ ਮੁਜ਼ਾਹਰਾ ਕਰਦੇ ਹਾਂ ਤੇ ਜੰਡ ਹੇਠਾਂ ਵੱਢੇ ਜਾਂਦੇ ਹਾਂ । ਅਸੀਂ ਜੰਡ ਦੇ ਹੇਠਾਂ ਕਿਉ ਵੱਢੇ ਜਾਂਦੇ ਹਾਂ ? ਸਾਨੂੰ ਹਾਕਮਾਂ ਨੇ ਤਾਕਤਹੀਣ ਕਿਵੇਂ ਕਰਿਆ ਹੈ ਤੇ ਕਿਵੇਂ ਉਨ੍ਹਾਂ ਨੇ ਪੰਜਾਬ ਚਰਿਆ ਹੈ, ਇਸ ਦਾ ਸੱਚ ਕਿਸੇ ਡਾਕਟਰ ਨੂੰ ਪੁੱਛੋ ਜਾ ਫਿਰ ਕਦੇ ਤੁਸੀਂ ਕਿਸੇ ਬੇਬੀ ਟਿਊਬ ਹਸਪਤਾਲ ਜਾ ਕੇ ਪਤਾ ਕਰੋ। ਪੰਜਾਬ ਦੇ ਨੌਜਵਾਨਾਂ ਦੀ ਹਾਲਤ ਕੀ ਹੈ ? ਜਿਵੇ ਕਈ ਬਹੁਤੇ ਤੱਤੇ ਦੀਵਾਲੀ ਤੋਂ ਪਹਿਲਾਂ ਹੀ ਪਟਾਕੇ ਚਲਾ ਕੇ ਵਿਹਲੇ ਹੋ ਜਾਂਦੇ ਹਨ ਤੇ ਦੀਵਾਲੀ ਵਾਲੇ ਦਿਨ ਰੋਦੇ ਹਨ । ਫੇਰ ਉਹ ਦੀਵਾਲੀ ਨੂੰ ਰਾਣੋ, ਜੁਗਨੀ, ਖਾਸਾ ਮੋਟਾ ਸੰਤਰਾ ਪੀ ਕੇ ਲਲਕਾਰੇ ਮਾਰਦੇ ਹਨ। ਪਰ ਉਨ੍ਹਾਂ ਨੂੰ ਸੁਣਦਾ ਕੋਈ ਨਹੀਂ । ਜਦ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕੇਂਦਰ ਸਰਕਾਰ ਦੀ ਮੁੱਠੀ ਵਿੱਚ ਜਾਨ ਆਈ ਹੋਈ ਹੈ। ਸਰਕਾਰ ਨਵੀਆਂ ਚਾਲਾਂ ਚੱਲ ਰਹੀ ਸੀ। ਉਹ ਕਿਸਾਨਾਂ ਦਾ ਅੰਦੋਲਨ ਤੋਂ ਧਿਆਨ ਹਟਾਉਣ ਦੇ ਲਈ ਕਦੇ ਦਿੱਲੀ ਧਰਨੇ ਵਿੱਚ ਤੇ ਕਦੇ ਯੂਪੀ ਦੇ ਵਿੱਚ ਵਾਰਦਾਤਾਂ ਕਰਵਾਉਂਦੀ ਸੀ। ਤੇ ਸਾਡੀਆਂ ਨਬਜ਼ਾਂ ਟੋਹ ਕੇ ਦੇਖਦੀ ਹੈ ਤੇ ਆਪਣੇ ਨੁਖਸੇ ਵਰਤਦੀ ਹੈ। ਅਸੀਂ ਵਰਤੇ ਜਾ ਰਹੇ ਹਾਂ। ਕਿਸਾਨ ਮਜ਼ਦੂਰ ਅੰਦੋਲਨ ਦੀ ਜਿੱਤ ਨੂੰ ਅਸੀਂ ਸੰਭਾਲ ਨਾ ਸਕੇ। ਸਗੋਂ ਆਪਣੇ ਹੱਥੀਂ ਆਪ ਕੁਹਾੜਾ ਮਾਰਨ ਲਿਆ ਸੀ। ਪੰਜਾਬ ਦਾ ਹਰ ਬੰਦਾ ਵਕੀਲ ਤੇ ਵੈਦ ਹੈ ਪਰ ਹੋਰਨਾਂ ਲਈ ਹੈ। ਆਪ ਉਹ ਆਪਣੇ ਇਲਾਜ ਲਈ ਡਾਕਟਰਾਂ ਤੇ ਕੋਰਟ ਕਚਹਿਰੀਆਂ ਵਿੱਚ ਧੱਕੇ ਖਾ ਰਿਹਾ ਹੁੰਦਾ ਤੇ ਦੂਜਿਆਂ ਨੂੰ ਨੁਖਸੇ ਦੱਸਦਾ ਹੁੰਦਾ । ਸਾਨੂੰ ਆਪਣੀ ਫਿਕਰ ਨਹੀਂ ਤੇ ਅਸੀਂ ਲੋਕਾਂ ਦੇ ਮਸਲਿਆਂ ਦੇ ਹਲ ਲਈ ਕੀ ਲੜਾਈ ਲੜਦੇ ਸਭ ਦੇ ਸਾਹਮਣੇ ਹੀ ਹੈ। ਖੈਰ ਪ੍ਰੋ. ਪੂਰਨ ਸਿੰਘ ਆਖਦਾ ਹੈ ਕਿ:
” ਪੰਜਾਬ , ਵਸਦਾ ਹੈ ਗੁਰਾਂ ਦੇ ਨਾਂ ‘ ਤੇ !” ਪਰ ਹੁਣ ਪਤਾ ਨਹੀਂ ਲੱਗਦਾ ਕਿ ਪੰਜਾਬ ਦੇ ਕਿਹੜੇ ਕਿਹੜੇ ਖ਼ਸਮ ਬਣੇ ਹੋਏ ਹਨ? ਹੁਣ ਲੜ੍ਹਾਈ ਮਨੁੱਖੀ ਹੋਦ ਨੂੰ ਬਚਾਉਣ ਦੀ ਹੈ। ਅਸੀਂ ਗੁਲਾਮੀ ਦੀਆਂ ਜੰਜ਼ੀਰਾਂ ਗਲ ਵਿੱਚ ਪੈਣ ਤੋਂ ਬਚਣ ਲਈ ਤੁਰੇ ਸੀ ਪਰ ਅਸੀਂ ਆਪਣਿਆਂ ਦੇ ਨਾਲ ਲੜ ਪਏ ਹਾਂ । ਸਾਡੀ ਲੜ੍ਹਾਈ ਦੋ ਬਿੱਲੀਆਂ ਵਾਲੀ ਕਹਾਣੀ ਵਰਗੀ ਬਣਾ ਦਿੱਤੀ ਹੈ। ਆਪੇ ਕਾਤਲ ਆਪੇ ਮੁਨਸਫ ਹੈ ਤੇ ਉਸਦੇ ਹੱਥ ਰੋਟੀ ਹੀ ਨਹੀਂ,੍ਹਸਗੋਂ ਅਸੀਂ ਦਾਹੜੀ ਤੇ ਜੂੜਾ ਵੀ ਫੜਾ ਬੈਠੇ ਹਾਂ। ਇਨਸਾਫ਼ ਮੰਗਦੇ ਹਾਂ, ਉਸ ਤੋਂ, ਜਿਹੜਾ ਹਰ ਪਲ ਸਾਡੀ ਚੇਤਨਾ ਨੂੰ ਖਤਮ ਕਰਨ ਦੇ ਰਾਹ ਰਸਤੇ ਲੱਭ ਰਿਹਾ ਐ। ਭਲਾ ਦੱਸੋ ਜਦ ਬੇਗਾਨੇ ਹੱਥ ਦਾਹੜੀ ਹੋਵੇ..ਫੇਰ ਵਾਲ ਵਾਲ ਹੋਣੋ ਕੌਣ ਰੋਕੇਗਾ? ਕਦੇ ਸੋਚਿਆ ਹੈ ਕਿ ਇਹ ਕੀ ਹੋ ਰਿਹਾ ਹੈ? ਹੁਣ ਮਸਲਾ ਨਾ ਜੱਟ ਦਾ ਤੇ ਨਾ ਸੀਰੀ ਦਾ ਹੈ, ਹੁਣ ਮਸਲਾ ਤਾਂ ਆਪਣੀ ਹੋਦ ਨੂੰ ਬਚਾਉਣ ਦਾ ਹੈ। ਖੱਖੜੀਆਂ ਕਰੇਲੇ ਹੋ ਕੇ ਕਿਵੇਂ ਬਚੇਗੀ ਹੋਦ ? ਜਦੋਂ ਵੀ ਗੱਲ ਕਿਸੇ ਕਿਨਾਰੇ ਲੱਗਣ ਦਾ ਮਾਹੌਲ ਬਣਦਾ ਹੈ, ਦੁਸ਼ਮਣ ਕੋਈ ਨਵੀਂ ਚੱਲ ਦੇਦਾ ਹੈ। ਅਸੀਂ ਦੁਸ਼ਮਣ ਵੱਲੋਂ ਮੁੱਖ ਮੋੜ ਕੇ,ਜਦੇ ਹੀ ਇਕ ਦੂਜੇ ਵੱਲ ਤੋਪਾਂ ਤਾਣ ਲੈਦੇ ਹਾਂ । ਸਾਡੇ ਅੰਦਰੋਂ ਦੁੱਲੇ ਭੱਟੀ ਦੀ ਰੂਹ ਗਾਇਬ ਹੈ । ਸਾਨੂੰ ਨਾ ਵਿਰਸਾ ਚੇਤੇ ਹੈ ਤੇ ਨਾ ਵਿਰਾਸਤ । ਅਸੀਂ ਤਾਂ ਪਾਸਪੋਰਟ ਬਣਾ ਕੇ ਮਾਲਕ ਤੋਂ ਮਜ਼ਦੂਰ ਬਨਣ ਲਈ ਵਿਦੇਸ਼ਾਂ ਨੂੰ ਜਾ ਰਹੇ ਹਾਂ । ਸਾਨੂੰ ਮਾਲਕ ਤੇ ਨੌਕਰ ਦਾ ਅੰਤਰ ਭੁੱਲ ਗਿਆ ਹੈ। ਅਸੀਂ ਅਰਦਾਸ ਕਿਵੇਂ ਤੇ ਕਿਸ ਦੇ ਅੱਗੇ ਕਰਨੀ ਸਾਨੂੰ ਪਤਾ ਨਹੀਂ । ਅਰਦਾਸ ਕਰਨ ਵੇਲੇ ਸਾਡਾ ਤੇ ਤਨ ਵੀ ਨਾਲ ਨਹੀਂ ਹੁੰਦਾ ਜਦ ਅਸੀਂ ਅਰਦਾਸ ਕਰਦੇ ਹਾਂ…ਸੋਚ ਤੇ ਤਨ ਇਕ ਥਾਂ ਨਹੀ ਹੁੰਦੇ। ਸਾਡੀ ਸੋਚ ਵੀ ਨਾਲ ਨਹੀਂ ਹੁੰਦੀ । ਇਸੇ ਕਰਕੇ ਸਾਡੀ ਅਰਦਾਸ ਪੂਰੀ ਨਹੀਂ, ਬਿਰਥੀ ਜਾਏ ਨਾ ਜਨ ਕੀ ਅਰਦਾਸ। ਸਾਨੂੰ ਜਨ ਭੁੱਲ ਗਿਆ । ਅਸੀਂ ਤਾਂ ਹਵਾਵਾਂ ਦੇ ਰੁਖ ਨਹੀਂ ਪਛਾਣ ਦੇ ਤੇ ਦੁਸ਼ਮਣ ਦੀ ਚਾਲ ਕੀ ਪਛਾਣਾਂਗੇ?
ਕੁਲਵੰਤ ਨੀਲੋਂ ਦਾ ਇਕ ਸ਼ੇਅਰ ਚੇਤੇ ਆਇਆ ਹੈ :
” ਮੈਂ, ਆਪਣਿਆਂ ਦਾ ਪੱਟਿਆ, ਅਜੇ ਤੱਕ ਤਾਪ ਨਹੀਂ ਆਇਆ,
ਮੇਰੇ ਦੁਸ਼ਮਣ ਵੀ, ਜੇ ਇਹਨਾਂ ਦੇ ਨਾਲ ਰਲ ਜਾਂਦੇ, ਤਾਂ ਕੀ ਬਣਦਾ ?”
ਸਮਝਦਾਰ ਨੂੰ ਇਸ਼ਾਰਾ ਹੁੰਦਾ ਹੈ। ਸਾਡੀ ਲੋਕ ਬੋਲੀ ਹੈ :
” ਜੀਹਨੇ, ਅੱਖ ਦੀ ਰਮਜ਼ ਨਾ ਜਾਣੀ, ਗੋਲੀ ਮਾਰ ਆਸ਼ਕ ਦੇ !”
ਹੁਣ ਜਦ ਤੱਕ ਅਸੀਂ ਆਪੋ ਆਪਣੀ ” ਮੈਂ ” ਦੇ ਖੋਲ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਤੇ ” ਤੂੰ ਹੀ ਤੂੰ ” ਨਹੀਂ ਕਰਦੇ ਅਸੀਂ ਤੂੰਬਾ ਤੂੰਬਾ ਹੋ ਪਿੰਜੇ ਜਾਵਾਂਗੇ। ਹੁਣ ਦੇਖਣਾ ਇਹ ਹੈ ਕਿ ਅਸੀਂ ਕੱਲਿਆਂ ਮਰਨਾ ਹੈ ਜਾਂ ਰਲ ਕੇ ਦੁਸ਼ਮਣ ਭਜਾਉਣਾ ਹੈ? ਕੁੱਝ ਕੁ ਤਾਂ ਨੈਤਿਕਤਾ ਦੀਆਂ ਵਲਗਣਾਂ ਟੱਪਗੇ ਪਰ ਬਹੁਗਿਣਤੀ ਕਮਰਿਆ਼ ਦੇ ਵਿੱਚ ਬੈਠੇ ਹਨ। ਅਸੀਂ ਕਦ ਜੁੜ ਕੇ ਤੁਰਾਂਗੇ…? ਅਸੀਂ ਕਦ ਤੱਕ ਕੱਲੇ ਕੱਲੇ ਮਰਦੇ ਰਹਾਂਗੇ ? ਉਦੋਂ ਤੱਕ ਮਰਦੇ ਰਹਿਣਾ ਹੈ ਜਦੋਂ ਤੱਕ ਇੱਕ ਜੁੱਟ ਨਹੀਂ ਹੁੰਦੇ। ਅਸੀਂ ਕੁੱਟ ਖਾਣ ਦਾ ਪ੍ਰਬੰਧ ਖੁਦ ਕਰਦੇ ਹਾਂ। ਹੁਣ ਫਿਰ ਕੁੱਟ ਪੈਣ ਦੀ ਤਿਆਰੀ ਐ। ਦੇਖੋ ਕਦੋਂ ਇਹ ਭਾਣਾ ਵਰਤਦਾ ਹੈ?


ਬੁੱਧ ਸਿੰਘ ਨੀਲੋੱ
94643 70823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਅਮਰਨਾਥ ਯਾਤਰਾ: 4603 ਸ਼ਰਧਾਲੂਆਂ ਦਾ ਪਹਿਲਾ ਜੱਥਾ ਜੈ ਬਾਬਾ ਬਰਫਾਨੀ ਦੇ ਜੈਕਾਰਿਆਂ ਨਾਲ ਰਵਾਨਾ
Next articleਅੰਡਰ-14 ਸਵੈ. ਸੁਸ਼ੀਲ ਸ਼ਰਮਾ ਮੈਮੋਰੀਅਲ ਲੀਗ ਵਿੱਚ ਐਚਡੀਸੀਏ ਰੈੱਡ ਟੀਮ ਨੇ ਐਚਡੀਸੀਏ ਗ੍ਰੀਨ ਨੂੰ 42 ਦੌੜਾਂ ਨਾਲ ਹਰਾਇਆ।