ਬੁੱਧ ਚਿੰਤਨ / ਖ਼ਰੀਆਂ-ਖ਼ਰੀਆਂ

ਬੁੱਧ ਸਿੰਘ ਨੀਲੋਂ

ਲੋਟਣ ਮਿੱਤਰਾਂ ਦਾ…..!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਪੰਜਾਬ ਦੀ ਲੋਕ ਬੋਲੀ ਹੈ ਕਿ ; ” ਲੋਟਣ ਮਿੱਤਰਾਂ ਦਾ,ਨਾਮ ਚੱਲਦਾ ਗੋਬਿੰਦੀਏ ਤੇਰਾ !” ਇਸਦੇ ਅਰਥ ਉਹੀ ਜਾਣਦੇ ਹਨ, ਜਿਹਨਾਂ ਨੇ ਲੋਟਣ ਬਣਾਇਆ ਤੇ ਪਹਿਨਾਇਆ ਹੋਵੇਗਾ। ਸਾਨੂੰ ਇਸਦੇ ਅਰਥ ਨਹੀਂ ਪਤਾ ਪਰ ਅਰਥਾਂ ਦੇ ਅਰਥ ਕਰਦਿਆਂ ਮਨ ਹੀ ਉਦਾਸ ਹੈ ਤੇ ਬਾਕੀ ਸਭ ਖੈਰ। ਪਿਆਰੇ ਮੋਹਨ ਭੰਡਾਰੀ ਜੀ ਦੀ ਕਹਾਣੀ ” ਸਭ ਸੁੱਖ ਸਾਂਦ ਹੈ !” ਯਾਦ ਆ ਗਈ । ਜਿਸਦੇ ਵਿੱਚ ਫੌਜਣ ਘਰ ਦਾ ਦੁੱਖ ਦਰਦ ਸਭ ਦੱਸਦੀ ਹੈ ਤੇ ਆਖਿਰ ਵਿੱਚ ਕਹਿੰਦੀ ਹੈ ਕਿ ਭਾਈ ਲਿਖ ਦੇ ” ਹੋਰ ਸਭ ਸੁੱਖ ਸਾਂਦ ਹੈ !” ਪਰ ਪੰਜਾਬੀ ਸਾਹਿਤ ਦੇ ਵਿੱਚ ਜੋ ਕੁੱਝ ਹੋ ਰਿਹਾ ਹੈ, ਉਹ ਬਹੁਤ ਖਤਰਨਾਕ ਹੈ । ਉਹ ਲੋਕ ਹੀ ਚਾਰੇ ਪਾਸੇ ਛਾ ਰਹੇ ਜਿਹਨਾਂ ਦੇ ਪੱਲੇ ਕੱਖ ਨਹੀਂ । ਇਕ ਦੂਜੇ ਦਾ ਸਨਮਾਨ ਕਰੀ ਜਾ ਰਹੇ ਹਨ । ਇਹ ਸਭ ਕੁੱਝ ਉਸ ਧਰਤੀ ਹੋ ਰਿਹਾ ਜਿਸ ਪੰਜਾਬ ਨੂੰ ਗੁਰੂਆਂ, ਪੀਰਾਂ, ਭਗਤਾਂ, ਫ਼ਕੀਰਾਂ, ਸੂਫ਼ੀ ਸੰਤਾਂ, ਦੇਸ਼ ਭਗਤਾਂ, ਯੋਧਿਆਂ ਦਾ ਦੇਸ਼ ਆਖਦੇ ਸੀ। ਪਰ ਮੁਰਾਰੀ ਲਾਲ ਆਖਦਾ ਹੈ ਕਿ ‘ ਇੱਥੇ ਦੇਸ਼ ਭਗਤਾਂ ਦੇ ਨਾਲੋਂ ਗਦਾਰਾਂ ਦੀ ਵੱਡੀ ਲਾਈਨ ਹੈ, ਐਵੇਂ ਨਾ ਇਹਨਾਂ ਦੀਆਂ ਸਿਫ਼ਤਾਂ ਕਰੀ ਚੱਲ।’ ਅੱਜ ਉਹ ਹੀ ਗਦਾਰ ਕੁਰਸੀਆਂ ਉਤੇ ਬਿਰਾਜਮਾਨ ਹਨ ਜਿਹੜੇ ਦੇਸ਼ ਦੀ ਵੰਡ ਵੇਲੇ ਅੰਗਰੇਜ਼ਾਂ ਦੇ ਨਾਲ ਸਨ, ਉਸ ਤੋਂ ਪਹਿਲਾਂ ਮੁਗਲਾਂ ਦੇ ਝੋਲੀ ਚੱਕ ਸਨ । ਇਸ ਧਰਤੀ ‘ਤੇ ਚਾਰ ਵੇਦ, ਮਹਾਂਭਾਰਤ, ਰਾਮਾਇਣ, ਗੀਤਾ, ਭਗਵਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੂਫ਼ੀ, ਕਿੱਸਾ, ਬੋਲੀਆਂ, ਗੀਤ, ਕਥਾ ਕਹਾਣੀਆਂ, ਨਾਵਲ ਤੇ ਅਧੁਨਿਕ ਸਾਹਿਤ ਦੀ ਹਰ ਵਿਧਾ ਦੀਆਂ ਲਿਖਤਾਂ ਲਿਖੀਆਂ ਗਈਆਂ ਹਨ ਪਰ ਹੁਣ ਪੰਜਾਬੀ ਸਾਹਿਤ ਦੇ ਵਿੱਚ ਨਕਲੀ ਲੇਖਕਾਂ ਦੀ ਗਿਣਤੀ ਰੂੜੀ ਦੇ ਢੇਰ ਵਾਂਗ ਵਧੀ ਜਾ ਰਹੀ ਹੈ। ਹਰ ਗ੍ਰੰਥ ਤੇ ਪੁਰਾਣ ਦੇ ਵਿੱਚ ਸਮੇਂ ਸਮੇਂ ਮਿਲਾਵਟ ਕੀਤੀ ਗਈ ਹੈ ਤਾਂ ਕਿ ਕਿਰਤੀ ਲੋਕਾਂ ਨੂੰ ਧਾਰਮਿਕ ਤੇ ਸਮਾਜਿਕ ਤੌਰ ਉਤੇ ਗੁਲਾਮ ਬਣਾਇਆ ਜਾ ਸਕੇ। ਬਹੁਗਿਣਤੀ ਧਰਮ ਦੇ ਡਰ ਕਾਰਨ ਗੁਲਾਮ ਬਣ ਗਈ ਹੈ। ਉਹ ਧਰਮਾਂ ਦੇ ਦੁਆਲੇ ਕੇਂਦਰਿਤ ਹੋ ਗਏ ਹਨ। ਹੁਣ ਵੀ ਬਹੁਗਿਣਤੀ ਪੜ੍ਹੇ ਲਿਖੇ ਲੋਕ ਗੁਲਾਮਾਂ ਭਰੀ ਜ਼ਿੰਦਗੀ ਜਿਉਦੇ ਹਨ । ਪਰ ਸਮਝਦੇ ਆਪਣੇ ਆਪ ਨੂੰ ਆਜ਼ਾਦ ਹਨ । ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਵਾਰ ਕਵੀ ਦੇ ਘਰ ਡਾਕਾ ਪੈ ਗਿਆ ਸੀ, ਉਸ ਨੇ ਜਿਹੜੀਆਂ ਗ਼ਜ਼ਲਾਂ ਮਾਂਝੇ ਦੀ ਕਬੂਤਰੀ ਨੂੰ ਦਿੱਤੀਆਂ ਸਨ, ਉਹੀ ਇੱਕ ਮਲਵੈਣ ਕਬੂਤਰੀ ਡਾਇਰੀ ਦੇ ਵਿੱਚੋਂ ਪਾੜ ਕੇ ਲੈ ਗਈ। ਇਸ ਡਾਕੇ ਦਾ ਜਦੋਂ ਕਵੀ ਨੂੰ ਪਤਾ ਲੱਗਾ ਤਾਂ ਉਹ ਸਾਹਿਤ ਦੇ ਇੱਕ ਚੌਧਰੀ ਦੇ ਘਰ ਗਿਆ। ਡਾਕੇ ਦੀ ਸਾਰੀ ਖ਼ਬਰ ਲਿਖਾਈ। ਚੌਧਰੀ ਕੀ ਕਰਦਾ, ਉਹ ਵੀ ਸੋਚੀਂ ਪੈ ਗਿਆ। ਫੋਨ ਖੜਕਾਇਆ ਤੇ ਤਾੜਨਾ ਕੀਤੀ ਨਾਲੇ ਅਸਲੀ ਗੱਲ ਦੱਸੀ ਕਿ ਇਹੋ ਹੀ ਗ਼ਜ਼ਲਾਂ ਤਾਂ ਤੇਰੇ ਜਾਣ ਤੋਂ ਬਾਅਦ ਓ ਲੈ ਗਈ ਜੇ ਦੋਹਾਂ ਨੇ ਛਾਪ ਲਈਆਂ ਤਾਂ ਕੀ ਬਣੂੰ ਅਸਲੀ ਕਵਿਤਰੀ ਦਾ?” ਫੇਰ ਉਹ ਮਹਾਨਗਰ ਵਾਲੀ ਬੀਬੀ ਦੇ ਨਾਮ ਉਤੇ ਕਿਤਾਬ ਛਪੀ ਤਾਂ ਕਿਤੇ ਪਹਿਲੀ ਕਬਤੂਰੀ ਦੇ ਨਾਂ ਹੇਠ ਉਹ ਗ਼ਜ਼ਲਾਂ ਛਪੀਆਂ ਤੇ ਦੂਜੀ ਨੂੰ ਹੋਰ ਲਿਖ ਕੇ ਦਿੱਤੀਆਂ। ਕਈ ਕਬੂਤਰੀਆਂ ਦੇ ਇਸ ਪਾਲਕ ਦਾ ਧੰਦਾ ਚੱਲ ਰਿਹਾ ਹੈ ਤੇ ਉਹ ਕਬੂਤਰਾਂ ਤੇ ਕਬੂਤਰੀਆਂ ਨੂੰ ਪਾਲ ਕੇ ਸਾਹਿਤ ਦੇ ਅਸਮਾਨ ਵਿੱਚ ਉਡਾ ਰਿਹਾ ਹੈ, ਇਹੋ ਜਿਹਾ ਕਾਰੋਬਾਰ ਹੋਰ ਵੀ ਕਈ ਕਹਾਣੀਕਾਰਾਂ ਨੇ ਸ਼ੁਰੂ ਕਰ ਲਿਆ ਹੈ । ਇਹ ਆਪਣੀ ਧੋਲੀ ਦਾੜੀ ਦਾ ਵੀ ਖਿਆਲ ਨਹੀਂ ਰੱਖਦੇ। ਇਸ਼ਕ ਦੇ ਅੰਨ੍ਹੇ ਆਸ਼ਕ ਵਾਂਗ ਬੇਸ਼ਰਮੀ ਦੀਆਂ ਸਾਰੀਆਂ ਹੀ ਹੱਦਾਂ ਟੱਪੀ ਜਾ ਰਹੇ ਹਨ। ਸਭ ਨੂੰ ਪਤਾ ਹੈ ਕਿ ਕਿਸ ਦੇ ਪਿੱਛੇ ਕੌਣ ਹੈ ? ਕਈ ਤਾਂ ਪਾਕਿਸਤਾਨੀ ਸ਼ਾਇਰੀ ਨੂੰ ਪੰਜਾਬੀ ਦੇ ਵਿਚ ਲਿੰਪੀਅੰਤਰ ਕਰ ਕਰ ਕੇ ਆਪਣੇ ਜਾਂ ਹੋਰਨਾਂ ਦੇ ਨਾ ਹੇਠ ਛਾਪ ਰਹੇ ਹਨ। ਪੰਜਾਬੀ ਦੇ ਇਕ ਸ਼ਾਇਰ ਨੇ ਤਾਂ ਪੂਰੀ ਕਿਤਾਬ ਹੀ ਅਪਣੇ ਨਾਂ ਹੇਠ ਛਾਪ ਲਈ। ਇੱਕ ਵਾਰ ਗੁਰਚਰਨ ਚਾਹਲ ਭੀਖੀ ਦੀਆਂ ਕਹਾਣੀਆਂ ਤੇ ਪਾਤਰਾਂ ਦੇ ਨਾਂ ਬਦਲ ਕੇ ਕਿਤਾਬ ਛਾਪ ਲਈ ਤੇ ਰੀਵਿਊ ਦੇ ਲਈ ਅਖਬਾਰਾਂ ਨੂੰ ਭੇਜ ਦਿੱਤੀ । ਉਹ ਕਿਤਾਬ ਪੁਜ ਗਈ ਕਹਾਣੀਕਾਰ ਨਰਿੰਜਨ ਬੋਹਾ ਕੋਲ । ਫੇਰ ਕੀ ਉਸਨੇ ਭਾਂਡਾ ਭੰਨ ਤਾਂ, ਉਹ ਲੇਖਕ ਕੌਣ ਸੀ ਬੋਹਾ ਸਾਹਿਬ ਤੋਂ ਪਤਾ ਕਰ ਲਿਓ ਜੀ। ਇਹ ਚੋਰ ਕਹਾਣੀਕਾਰ ਮੋਗੇ ਜਿਲ੍ਹੇ ਦਾ ਸੀ ! ਹੁਣ ਵੱਡੇ ਵੱਡੇ ਕਵੀ ਤੇ ਲੇਖਕ ਇਹ ਧੰਦਾ ਕਰ ਰਹੇ ਹਨ। ਆਪੇ ਹੀ ਵੱਡੇ-ਵੱਡੇ ਕੌਮਾਂਤਰੀ ਪੱਧਰ ਦੀ ਅੰਗਰੇਜ਼ੀ ਸ਼ਬਦਾਂ ਦੇ ਨਾਲ ਗੁੰਦ ਕੇ ਲੇਖ ਛਪਵਾਏ ਰਹੇ ਹਨ। ਪੰਜਾਬੀ ਤੇ ਅੰਗਰੇਜ਼ੀ ਦੇ ਇਹ ਜਾਣੂੰ ਗ਼ਜ਼ਲਾਂ, ਕਹਾਣੀਆਂ ਤੇ ਸ਼ਖ਼ਸੀਅਤ ਸਬੰਧੀ ਲੇਖ ਹੀ ਨਹੀਂ ਲਿਖ ਕੇ ਦੇ ਰਹੇ ਉਹਨਾਂ ਨੂੰ ਛਪਵਾਉਣ ਤੋਂ ਲੈ ਕੇ ਕਿਸੇ ਸੰਸਥਾ ਦੇ ਵਿਚੋਂ ਪੁਰਸਕਾਰ ਦਿਵਾਉਣ ਦੇ ਲਈ ਪੂੰਛ ਤੁੜਾਉਣ ਤੱਕ ਜਾਂਦੇ ਹਨ। ਆਪਣੀ ਗੱਡੀ ਤੇ ਆਪਣੀ ਜੇਬ ਤੇ ਨਾਂ ਜਿਵੇਂ ਕਹਿੰਦੇ ਹੁੰਦੇ ਆ ‘ ਲੋਟਨ ਮਿੱਤਰਾਂ ਦਾ, ਨਾਂ ਬੋਲਦਾ ਗੁਬਿੰਦੀ ਏ ਤੇਰਾ’। ‘ ਦਿਉਰਾ ਵੇ ਮੈਨੂੰ ਕਹਿਣ ਕੁੜੀਆਂ ਤੇਰੇ ਮੁੰਡੇ ਦਾ ਤਾਂ ਜੇਠ ‘ਤੇ ਮੁੜੰਗਾ।’ ਕੁੱਝ ਦੀਆਂ ਕਿਤਾਬਾਂ ਦੇ ਵਿੱਚ ‘ ਇੱਕ ਉਸਤਾਦ ਸ਼ਾਇਰ ਦਾ ਮੁੜੰਗਾ ਦੇਖਿਆ ਜਾ ਸਕਦਾ ਹੈ, ਇਹ ਉਸਤਾਦ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਨੂੰ ਗ਼ਜ਼ਲਾਂ ਬਣਾ ਕੇ ਵੇਚਦਾ ਹੈ। ਅੱਜਕੱਲ੍ਹ ਇੱਕ ਕਹਾਣੀਕਾਰ ਵੀ ਇਸੇ ਤਰ੍ਹਾਂ ਇੱਕ ‘ ਗੋਲੇ ਕਬੂਤਰ ‘ ਨੂੰ ਕਹਾਣੀਕਾਰ ਬਣਾਉਣ ਦੇ ਲਈ ਪੱਬਾਂ ਭਾਰ ਹੋਇਆ ਪਿਆ ਹੈ। ਕਈ ਤਾਂ ਵੱਡੇ ਇਨਾਮ ਵੀ ਹਥਿਆ ਗਏ ਹਨ । ਤੁਸੀਂ ਇਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਵੇਖ ਲਿਓ ਤਾਂ ਤੁਹਾਨੂੰ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਦੀਆਂ ਮਹਿਕਾਂ, ਕਿਰਨਾਂ ਤੇ ਖੁਸ਼ਬੋ ਆਵੇਗੀ। ਹੋਰ ਤਾਂ ਹੋਰ ਇਹਨਾਂ ਨੂੰ ਕਾਲਜਾਂ ਵਿਚ ਨੌਕਰੀਆਂ ਤੇ ਸਾਹਿਤਕ ਸਮਾਗਮਾਂ ਦੇ ਵਿਚ ਵਿਸ਼ੇਸ ਤੌਰ ‘ਤੇ ਸੱਦਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਕਈਆਂ ਨੇ ਤਾਂ ਅਪਣੀਆਂ ਨੌਕਰਾਣੀਆਂ ਬਣਾ ਕੇ ਰੱਖਿਆ ਹੋਇਆ ਸੀ। ਯੂਨੀਵਰਸਿਟੀ ਦੇ ਵਿਚ ਜਦੋਂ ਕਿਸੇ ਨੂੰ ਰਜਿਸਟਰ ਕੀਤਾ ਜਾਂਦਾ ਸੀ ਤਾਂ ਇਹ ਸ਼ਰਤ ਉਸ ‘ਤੇ ਲਾਈ ਜਾਂਦੀ ਸੀ ਕਿ ‘ਬੀਬਾ ਤੈਂ ਹੁਣ ਵਿਆਹ ਨੀਂ ਕਰਵਾਉਣਾ।’ ਕਈਆਂ ਨੇ ਤਾਂ ਵਿਆਹ ਹੋਣ ਵੀ ਨੀ ਦਿੱਤੇ। ਉਹ ਹੁਣ ਭਟਕਦੀਆਂ ਫਿਰਦੀਆਂ ਹਨ। ਕਈਆਂ ਦਾ ਸਹੁਰਿਆਂ ਤੱਕ ਇਹ ਪਿੱਛੇ ਜਾਂਦੇ ਰਹੇ ਹਨ। ਇਹਨਾਂ ਦੀਆਂ ਕਰਤੂਤਾਂ ਕੁੱਝ ਬੀਬੀਆਂ ਨੇ ਮੇਰੇ ਨਾਲ ਸਾਂਝੀਆਂ ਕੀਤੀਆਂ ਹਨ। ਉਹਨਾਂ ਦੇ ਨਾਂ ਸੁਣ ਕੇ ਖ਼ੁਦ ਸ਼ਰਮਸਾਰ ਹੋਇਆ ਹਾਂ। ਇਤਿਹਾਸ ਕਹਿੰਦਾ ਹੈ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜਿਸ ਦੇ ਵਿਚੋਂ ਸਮਾਜ ਨੂੰ ਦੇਖਿਆ ਜਾਂਦਾ ਹੈ। ਇਹ ਸਾਹਿਤ ਦਾ ਲੇਖਕ ਆਪਣੀ ਲਿਖਤ ਦਾ ਜਵਾਬਦੇਹ ਹੁੰਦਾ ਹੈ। ਪਰ ਜਿਸ ਤਰ੍ਹਾਂ ਸਾਹਿਤ ‘ਚ ਨਕਲੀ ਤੇ ਜੁਗਾੜੂ ਸਾਹਿਤਕਾਰਾਂ, ਲੇਖਕਾਂ ਕਵੀਆਂ ਤੇ ਕਵਿਤਰੀਆਂ ਦਾ ਦੇਸ਼ ਵਿਦੇਸ਼ ‘ਚ ਵਾਧਾ ਹੋ ਰਿਹਾ ਹੈ, ਇਹ ਸਾਹਿਤ ਤੇ ਸਮਾਜ ਦੇ ਲਈ ਬਹੁਤ ਹੀ ਖਤਰਨਾਕ ਹੈ। ਨੈਤਿਕ ਕਦਰਾਂ ਕੀਮਤਾਂ ਦਾ ਢੋਲ ਪਿੱਟਣ ਵਾਲੇ ਕੌਣ ਕੌਣ ਹਨ ? ਇਹ ਤੁਸੀਂ ਸਭ ਜਾਣਦੇ ਹੋ ? ਖੈਰ ਆਪਾਂ ਕੀ ਲੈਣਾ ਹੈ ਇਸ ਵਰਤਾਰੇ ਤੋਂ ? ਆਪਾਂ ਤਾਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੱਲ ਕਰਦੇ ਸੀ ਪਰ ਹੁਣ ਇਹਨਾਂ ਉਤੇ ਵੀ ਸਰਕਾਰ ਦੀ ਅੱਖ ਹੈ। ਅੱਖ ਕਿਸ ਦੀ ਕਿਸ ‘ਤੇ ਹੈ ? ਇਹ ਕਦੇ ਫੇਰ ਸਹੀ ਅਜੇ ਤੁਸੀਂ ਨਕਲੀ ਦੁੱਧ, ਪਨੀਰ, ਮਿਠਾਈਆਂ ਤੇ ਸਬਜ਼ੀਆਂ ਖਰੀਦੋ। ਨਕਲੀ ਤੇਲ ਤੇ ਮਸਾਲਿਆਂ ਦੇ ਨਾਲ ਬਣੀਆਂ ਦਾਲਾਂ, ਸਬਜ਼ੀਆਂ ਤੇ ਹੋਰ ਜੰਕ ਫੂਡ ਦਾ ਸੁਆਦ ਲਵੋ। ਤੁਸੀਂ ਗੁਰਦਾਸ ਮਾਨ ਦਾ ਗੀਤ ਸੁਣੋ- ਬਈ ਕੀ ਬਣੂੰ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂੰ ਦੁਨੀਆ ਦਾ? ਇਹੋ ਹੀ ਕਾਰਨ ਹੈ ਕਿ ਪੰਜਾਬੀ ਸਾਹਿਤ ਦਾ ਹੋਰਨਾਂ ਭਾਸ਼ਾਵਾਂ ਦੇ ਸਾਹਿਤ ਨਾਲੋਂ ਮਿਆਰ ਤੇ ਪੱਧਰ ਘੱਟ ਗਿਆ ਹੈ । ਪੰਜਾਬੀ ਵਿੱਚ ਬਹੁਗਿਣਤੀ ਕਵੀਆਂ / ਲੇਖਕਾਂ ਦੀਆਂ ਕਿਤਾਬਾਂ ਛਪਣ ਵੇਲੇ ਹੀ ਪਤਾ ਲੱਗਦਾ ਹੈ! ਕਈ ਵਧੀਆ ਵੀ ਲਿਖਦੇ ਹਨ ਪਰ ਬਹੁਗਿਣਤੀ ਮਨ ਦੀ ਭੜਾਸ ਹੀ ਕੱਢ ਰਹੇ ਹਨ ।
ਇਸ ਸਬੰਧੀ ਕੌਣ ਸੰਵਾਦ ਅੱਗੇ ਤੋਰੇਗਾ ?
——
ਬੁੱਧ ਸਿੰਘ ਨੀਲੋਂ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭਾਸ਼ਾ ਵਿਭਾਗ ਨੇ ਕਰਵਾਏ ਬਾਲ ਗਿਆਨ ਕੁਇਜ਼ ਮੁਕਾਬਲੇ
Next articleएससी-एसटी उप वर्गीकरण पर सुप्रीम कोर्ट का निर्णय डॉक्टर अंबेडकर के विचारों के विरुद्ध