ਬੁੱਧ ਚਿੰਤਨ

   ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ !
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਹੁਣ ਨਾ ਤਾਂ ਛੱਜ ਰਹੇ ਨੇ ਤੇ ਨਾ ਹੀ ਛੱਜਘਾੜੇ । ਨਾ ਸਰੜਕਾ ਰਿਹਾ ਤੇ ਨਾ ਹੀ ਕਾਨੇ। ਨਾ ਹੀ ਫੱਟੀਆਂ ਰਹੀਆਂ ਤੇ ਨਾ ਹੀ ਦਵਾਤ ਵਿੱਚ ਡੋਬਾ ਲਾ ਕੇ ਲਿਖਣ ਵਾਲੀ ਕਾਨੀ। ਹੁਣ ਤਾਂ ਸਾਰਾ ਕੰਮ ਮਸ਼ੀਨਾਂ ਨੇ ਸੰਭਾਲ ਲਿਆ ਹੈ। ਕਾਨੀਆਂ ਦੀ ਥਾਂ ਪੈਨ, ਪੈਨਸਿਲ , ਕੰਪਿਊਟਰ ਆ ਗਿਆ। ਊੜਾ ਐੜਾ ਹੁਣ ਫੱਟੀ ਉੱਤੇ ਨੀਂ, ਕੰਪਿਊਟਰ ਉੱਤੇ ਕੀ ਬੋਰਡ ਨਾਲ ਲਿਖਿਆ ਜਾਂਦਾ ਹੈ, ਮੋਬਾਇਲ ਦੇ ਵਿਚ ਬੋਲ ਕਿ ਫੋਟੋ ਖਿੱਚ ਕੇ ਟਾਈਪ ਹੋਣ ਲੱਗ ਪਿਆ ਹੈ। ਉਧਰ ਹੁਣ ਪਿੰਡਾਂ ਵਿੱਚ ਛੱਜ ਵੇਚਣ ਵਾਲੇ ਨਹੀਂ ਆਉਂਦੇ ਤੇ ਨਾ ਹੀ ਉਨ੍ਹਾਂ ਦੀ ਇਹ ‘ ਛੱਜ ਲੈ ਲੋ ਛੱਜ…..।’ ਵਰਗੀ ਆਵਾਜ਼ ਸੁਨਣ ਨੂੰ ਮਿਲਦੀ ਹੈ। ਹੁਣ ਤਾਂ ਪਿੰਡਾਂ ਵਿੱਚ ਕਬਾੜੀਏ ਤੇ ਸਮੈਕੀਏ ਜਾਂਦੇ ਨੇ ਜਿਹੜੇ ਬੋਰੀ, ਥੈਲਾ, ਖਾਲੀ ਬੋਤਲਾਂ, ਇੰਜਣ, ਮੋਟਰਾਂ, ਮਸ਼ੀਨਾਂ, ਥਰੈਸ਼ਰ, ਟਰੈਕਟਰ, ਟਰਾਲੀਆਂ, ਤੇ ਹੋਰ ਖੇਤੀਬਾੜੀ ਨਾਲ ਸਬੰਧਤ ਸਮਾਨ ਖਰੀਦਣ ਜਾਂਦੇ ਨੇ। ਮਾਲਵੇ ਦੇ ਕਈ ਪਿੰਡਾਂ ਨੇ ਪਿੰਡ ਵਿਕਾਊ ਹੈ ਦੇ ਬੈਨਰ ਵੀ ਲਾ ਦਿੱਤੇ ਸਨ। ਪਿੰਡਾਂ ਦੇ ਆਈਲੈਟਸ ਤੇ ਟਰੈਵਲਜ਼ ਏਜੰਟਾਂ ਦੇ ਆਲੀਸ਼ਾਨ ਦਫ਼ਤਰ ਖੁੱਲ੍ਹ  ਗਏ ਹਨ। ਬਦੇਸ਼ ਜਾਣ ਵਾਲਿਆਂ ਦਾ ਮੇਲਾ ਲ਼ੱਗਦਾ ਹੈ। ਕੌਣ ਕਿਸ ਨੂੰ ਠੱਗ ਦਾ ਪਤਾ ਨੀ ਲੱਗਦਾ । ਹੁਣ ਵੱਧ ਬੈਂਡ ਵਾਲੀਆਂ ਕੁੜੀਆਂ ਦਾ ਮੁੰਡਿਆਂ ਦੇ ਨਾਲ਼ ਤਬਾਦਲਾ ਹੁੰਦਾ ਹੈ. ਸ਼ਰਤ ਹੁੰਦੀ ਹੈ ਕਿ ਉਹ ਪੁੱਤਰ ਨੂੰ ਜਾ ਕੇ ਉਥੇ ਸੱਦੇ. ਮੋਟੀ ਰਕਮ ਲਈ ਜਾਂਦੀ ਹੈ। ਮੁੰਡੇ ਤੇ ਕੁੜੀਆਂ ਦੇ ਮਾਪੇ ਸੌਂਦੇ ਕਰਦੇ ਹਨ। ਜਿਹਨਾਂ ਦੇ ਕੋਲ ਜ਼ਮੀਨ ਹੈ, ਉਹ ਲੋਕ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਸ਼ਹਿਰਾਂ ਵੱਲ ਜਾਂ ਫਿਰ ਵਿਦੇਸ਼ਾਂ ਨੂੰ ਭੱਜ ਰਹੇ ਹਨ। ਸ਼ਹਿਰਾਂ ਦੇ ਅਮੀਰ ਸਨਅਤਕਾਰ, ਡਾਕਟਰ, ਵਕੀਲ, ਅਫਸਰ ਪਿੰਡਾਂ ਦੀਆਂ ਜ਼ਮੀਨਾਂ ਤੇ ਜਮੀਰਾਂ ਖਰੀਦ ਰਹੇ ਹਨ। ਆ ਜਦੋਂ ਦਾ ਸਾਰਾ ਸੰਸਾਰ ਪਿੰਡ ਬਣਿਆ, ਪਿੰਡ ਖਤਮ ਹੀ ਹੋ ਗਏ। ਪਿੰਡ ਕਸਬਿਆਂ ਤੇ ਸ਼ਹਿਰਾਂ ਵਿੱਚ ਬਦਲ ਗਏ ਹਨ। ਪਿੰਡਾਂ ਲੋਕ ਅਮੀਰਾਂ ਦੀ ਐਸ਼ੋ ਅਰਾਮ ਜ਼ਿੰਦਗੀ ਵੇਖ ਕੇ ਉਹ ਵੀ ਆਪਣੇ ਆਪ ਨੂੰ ਇਹਨਾਂ ਵਰਗੇ ਬਨਾਉਣ ਦੇ ਸੁਪਨੇ ਲੈ ਰਹੇ ਹਨ। ਪਰ ਉਹਨਾਂ ਦੇ ਸੁਪਨੇ ਤਾਂ ਅਮਰੀਕਨ ਸੁੰਡੀ ਤੇ ਚਿੱਟਾ ਚਰ ਗਿਆ ਹੈ। ਜਿਹੜੇ ਇਸ ਸੁੰਡੀ ਤੇ ਚਿੱਟੇ ਤੋਂ ਬਚ ਗਏ, ਉਹਨਾਂ ਨੂੰ ਕੈਂਸਰ, ਬਲੱਡ ਪ੍ਰੈਸ਼ਰ, ਸ਼ੂਗਰ, ਚਮੜੀ ਵਰਗੀਆਂ ਨਾ ਮੁਰਾਦ ਬੀਮਾਰੀਆਂ ਲੱਗ ਗਈਆਂ ਜਾਂ ਫਿਰ ਸਲਫਾਸ ਖਾ ਗਈ। ਆ ਰਹਿੰਦੀ ਕਸਰ ਹੁਣ ਨਸ਼ਿਆਂ ਦਾ ਦਰਿਆ ਕੱਢੀ ਜਾ ਰਿਹਾ ਹੈ। ਬੁੱਢੇ ਦਰਿਆ ਗੰਦਾ ਪਾਣੀ ਪੀਣ ਲਈ ਲੋਕ ਮਜਬੂਰ ਹਨ। ਹੁਣ ਪਿੰਡਾਂ ਵਿੱਚ ਮੋਰ ਨਹੀਂ ਕੂਕਦੇ, ਹੁਣ ਤਾਂ ਪਿੰਡਾਂ ਵਿੱਚ ਨਸ਼ਿਆਂ ਦੇ ਵਪਾਰੀ ਹੋਕਾ ਦਿੰਦੇ ਫਿਰਦੇ ਹਨ। ਜਿਹੜਾ ਘਰ ਬਚਿਆਂ ਇਹ ਤਾਂ ਉਹੀ ਜਾਣਦੇ ਹਨ, ਨਹੀਂ ਤਾਂ ਆ ਸਮੈਕ, ਚਰਸ, ਹੈਰੋਇਨ, ਚਿੱਟਾ ਤੇ ਗੋਲੀਆਂ ਖਾਣ ਵਾਲੇ ਸਾਰਾ ਸਾਰਾ ਦਿਨ ਹਰਲ-ਹਰਲ ਕਰਦੇ ਫਿਰਦੇ ਰਹਿੰਦੇ ਹਨ। ਆਪਾਂ ਤਾਂ ਗੱਲ ਛੱਜ ਤੇ ਛਾਨਣੀ ਦੀ ਕਰਦੇ ਸੀ, ਹੁਣ ਛੱਜ ਅਨਾਜ ਛੱਟਣ ਦੇ ਕੰਮ ਨਹੀਂ ਆਉਂਦੇ, ਇਨ੍ਹਾਂ ਦਾ ਕੰਮ ਹੁਣ ਸਾਡੇ ਸਿਆਸੀ ਲੀਡਰਾਂ ਨੇ ਸਾਂਭ ਲਿਆ ਹੈ। ਇਹ ਲੀਡਰ ਭਾਵੇੰ ਕਿਸੇ ਵੀ ਰਾਜਸੀ ਪਾਰਟੀਆਂ ਦੇ ਹੋਣ ਤੇ ਭਾਵੇੰ ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਜੱਥੇਬੰਦੀਆਂ ਦੇ ਹੋਣ। ਸਭ ਇਕ ਦੂਜੇ ਨੂੰ ਛੱਜ ਵਿੱਚ ਪਾ ਕੇ ਇਉਂ ਛੱਟਦੇ ਹਨ ਜਿਵੇਂ ਆਪ ਦੁੱਧ ਦੇ ਧੋਤੇ ਹੋਣ। ਹੁਣ ਨਾ ਤਾਂ ਦੁੱਧ ਹੀ ਰਿਹਾ ਤੇ ਨਾ ਦੁੱਧ ਦੇਣ ਵਾਲੀਆਂ ਲਵੇਰੀਆਂ। ਦੁੱਧ ਰਿੜਕਣ ਵਾਲੀ ਤਾਂ ਕਿੱਥੋਂ ਰਹਿਣੀ ਸੀ। ਉਹ ਵੀ ਬੁੱਢਿਆਂ ਨਾਲ ਲਾਵਾਂ ਫੇਰੇ ਲੈ ਕੇ ਕੇਨੈਡਾ ਦਾ ਜਹਾਜ਼ ਚੜ੍ਹ ਗਈਆਂ ਹਨ। ਕੇਨੈਡਾ ਜਾਣ ਦੀ ਲਲਕ ਨੇ ਪੰਜਾਬੀਆਂ ਨੂੰ ਕਿੱਥੇ ਤੱਕ ਨਿਘਾਰ ਵਿੱਚ ਲਿਆਂਦਾ ਏ, ਪੜ੍ਹਾਈ ਦੀ ਗੱਲ ਆ ਗਈ ਹੁਣ ਨਾ ਤਾਂ ਕੋਈ ਪੜ੍ਹ ਸਕਦੇ ਤੇ ਨਾ ਹੀ ਉਹ ਪੜ੍ਹ ਕੇ ਕਿਤੇ ਡੀ ਸੀ ਲੱਗ ਸਕਦੇ। ਪਿੰਡਾਂ ਦੇ ਵਿੱਚ ਕਿਸੇ ਕਿਸੇ ਘਰ ਪਸ਼ੂ ਰੱਖੇ ਹਨ, ਬਹੁਗਿਣਤੀ ਲੋਕ ਦੁਕਾਨਾਂ ਤੋਂ ਪੈਕਟ ਦਾ ਦੁੱਧ ਲਿਆਉਂਦੇ ਹਨ। ਪੜ੍ਹਾਈ ਦਾ ਠੇਕਾ ਆ ਨਿੱਜੀ ਠੇਕੇਦਾਰਾਂ ਨੇ ਲਿਆ ਹੈ, ਪੜ੍ਹਾਈ ਏਨੀ ਮਹਿੰਗੀ ਹੋ ਗਈ ਹੈ ਕਿ ਆਮ ਆਦਮੀ ਨਿੱਜੀ ਸਕੂਲ ਦੀ ਫੀਸ ਵੀ ਨੀ ਭਰ ਸਕਦਾ। ਬੇਰੁਜ਼ਗਾਰਾਂ ਨੂੰ ਆਪਣਾ ਗੁੱਸਾ ਪਹਿਲਾਂ ਸੜਕਾਂ ਤੇ ਆਵਾਜਾਈ ਬੰਦ ਕਰਕੇ ਕੱਢਣਾ ਪੈਦਾ ਸੀ। ਹੁਣ ਇਹਨਾਂ ਪਾਣੀ ਵਾਲੀ ਟੈਂਕੀਆਂ ਉੱਤੇ ਚੜ੍ਹ ਕੇ ਕੱਢਣਾ ਸ਼ੁਰੂ ਕਰ ਦਿੱਤਾ ਏ। ਜਿੱਥੇ ਕਿੱਧਰੇ ਟੈੰਕੀ ਨਹੀਂ ਮਿਲਦੀ ਕਿਸੇ ਉੱਚੀ ਇਮਾਰਤ ਉੱਤੇ ਚੜ੍ਹ ਜਾਂਦੇ ਹਨ। ਆ ਬੇਰੁਜ਼ਗਾਰ ਮੁੰਡਿਆਂ ਦੇ ਗੁੱਸੇ ਤੋਂ ਡਰਦਿਆਂ ਕਈ ਡਿਪਟੀ ਕਮਿਸ਼ਨਰਾਂ ਨੇ ਪਾਣੀ ਵਾਲੀ ਟੈਂਕੀਆਂ ਦੇ ਆਲੇ ਦੁਆਲੇ ਉੱਚੀਆਂ ਕੰਧਾਂ ਕਰਵਾ ਦਿੱਤੀਆਂ ਹਨ। ਟੈਂਕੀਆਂ ਦੇ ਨੇੜੇ ਪਹਿਰੇ ਲਾ ਦਿੱਤੇ ਹਨ । ਨੌਜਵਾਨਾਂ ਨੂੰ ਨੱਥ ਪਾਉਣ ਲਈ ਕਈ ਸਕੀਮਾਂ ਕੱਢ ਲਈਆਂ ਹਨ। ਕੌਮ ਦੇ ਨਿਰਮਾਤਾ ਨੂੰ ਸਰਕਾਰ ਨੇ ਸੜਕ ‘ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ।  ‘ਭੁੱਖਾ ਮਰਦਾ ਕੀ ਨਾ ਕਰਦਾ!’ ਪੰਜਾਬੀ ਇਸ ਹਾਲਤ ਵਿੱਚ ਪੁੱਜ ਗਿਆ ਹੈ। ਬੇਰੁਜ਼ਗਾਰੀ ਦਾ ਸਤਾਇਆ ਨੌਜਵਾਨ ਵਰਗ ਮਰੋ ਜਾਂ ਕਰੋ ਦੀ ਹਾਲਤ ਤੀਕ ਪੁੱਜ ਗਿਆ ਹੈ। ਮਹਿੰਗੇ ਭਾਅ ਕੀਤੀਆਂ ਪੜ੍ਹਾਈਆਂ ਨੇ ਉਹਨਾਂ ਲਈ ਖੁਸ਼ੀਆਂ ਦੇ ਦਿਨ ਤਾਂ ਕੀ ਦਿਖਾਉਣੇ ਸਨ ਸਗੋਂ ਉਨ੍ਹਾਂ ਨੂੰ ਪੁਲਸ ਦੀ ਡਾਂਗਾ ਖਾਣੀਆਂ ਪੈਂਦੀਆਂ ਨੇ ਜੇ ਪੁਲਿਸ ਇਹ ਸੇਵਾ ਪਾਣੀ ਨਾ ਕਰੇ ਤਾਂ ਉਹਨਾਂ ਨੂੰ ਪਾਣੀ ਦੀਆਂ ਟੈਂਕੀਆਂ ਦੀ ਪੌੜੀਆਂ ਗਿਣਨੀਆਂ ਪੈਂਦੀਆਂ ਹਨ। ਪੈਟਰੋਲ–ਡੀਜਲ ਏਨਾ ਮਹਿੰਗਾ ਹੋ ਗਿਆ, ਅੱਗੇ ਉਹ ਕੈਂਨੀਆਂ ਭਰ ਕੇ ਲੈ ਜਾਂਦੇ ਸੀ। ਹੁਣ ਬੋਤਲਾਂ ਨਾਲ ਕੰਮ ਸਾਰਨਾ ਪੈਂਦਾ । ਬਾਕੀ ਖਾਣ ਪੀਣ ਦਾ ਸਮਾਨ ਬਹੁਤ ਮਹਿੰਗਾ ਹੋ ਗਿਆ ਤੇ ਜ਼ਮੀਰਾਂ ਸਸਤੀਆਂ ਹੋ ਗਈਆਂ, ਹੁਣ ਸਭ ਕੁੱਝ ਵਿਕਦਾ ਹੈ। ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਕਿਸਾਨ ਜੱਥੇਬੰਦੀਆਂ ਲੜ ਰਹੀਆਂ ਨੇ ਤੇ ਕਿਸਾਨ ਮਰ ਰਹੇ ਹਨ। ਥਾਂ ਥਾਂ ਹੁੰਦੇ ਧਰਨੇ ਮੁਜ਼ਾਹਰੇ ਹੋ ਰਹੇ ਹਨ। ਜਿਹੜੇ ਕਦੇ ਹਰਾ ਇਨਕਲਾਬ, ਕਦੇ ਚਿੱਟਾ ਇਨਕਲਾਬ ਤੇ ਕਦੇ ਨੀਲਾ ਇਨਕਲਾਬ ਲਿਆਉਣ ਵਾਲੇ ਨੂੰ ਅੰਨਦਾਤਾ ਆਖ ਰਹੇ ਸਨ। ਅੱਜ ਉਹੀ ਉਹਨਾਂ ਦੀ ਸੰਘੀ ਘੁੱਟ ਰਹੇ ਹਨ। ਸਾਰੀ ਦੁਨੀਆਂ ਦਾ ਢਿੱਡ ਭਰਨ ਵਾਲਾ ਕਿਰਤੀ ਕਿਸਾਨ ਅੱਜ ਭੁੱਖਮਰੀ ਤੇ ਕਰਜ਼ਿਆਂ ਦੀ ਪੰਡ ਹੇਠ ਆ ਕੇ ਖੁਦਕਸ਼ੀਆਂ ਦੇ ਰਾਹ ਤੁਰ ਪਿਆ ਹੈ। ਦੇਸ ਦੇ ਆਗੂ ਅਮੀਰ ਹੋ ਰਹੇ ਲੋਕ ਗਰੀਬ ਹੋ ਰਹੇ ਹਨ. ਚਾਰੇ ਪਾਸੇ ਚਿੱਟੇ ਦੀ ਮਾਰ ਹੈ ਤੇ ਸਰਕਾਰ ਬੀਮਾਰ ਹੈ.ਭਾਸ਼ਨਬਾਜ਼ੀ ਜਾਰੀ ਹੈ. ਹੁਣ ਕੋਈ ਹੋਰ ਨਵੀਂ ਤਿਆਰੀ ਹੈ, ਜਾਨ ਦੀ ਜੁੰਮੇਵਾਰ ਸਵਾਰੀ ਹੈ। ਹੁਣ ਜਦੋਂ ਲੋਕ ਜਾਗ ਪਏ ਹਨ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਉਨਾਂ ਨੇ ਸੰਘਰਸ਼ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਸਮੇਂ ਦੀ ਹਕੂਮਤ ਕਦੇ ਉਨ੍ਹਾਂ ਨੂੰ ਦੇਸ਼ ਵਿਰੋਧੀ ਆਖਦੀ ਹੈ, ਕਦੇ ਵੱਖਵਾਦੀ, ਨਕਸਲਵਾਦੀ, ਨਸ਼ੇੜੀ ਤੇ ਗੈਂਗਸਟਰ ਆਖਣ ਲੱਗ ਪਈ ਹੈ। ਦੇਸ਼ ਦੇ ਰਾਜਸੀ ਲੀਡਰ ਤੇ ਸੱਤਾਧਾਰੀ ਪਾਰਟੀਆਂ  ਤਾਂ ਸਰਮਾਏਦਾਰਾਂ ਦੀਆਂ ਰਖੇਲਾਂ ਬਣ ਕੇ ਰਹਿ ਗਈਆਂ ਹਨ। ਉਹ ਆਪਣੇ ਦੇਸ਼ ਦੇ ਲੋਕਾਂ ਨਾਲ ਖੜਨ ਦੀ ਬਜਾਏ ਅੱਜ ਉਨਾਂ ਸਰਮਾਏਦਾਰਾਂ ਦੀਆਂ ਪਿੱਠ ਲੱਗੂ ਬਣ ਰਹਿ ਗਈਆਂ ਹਨ। ਜਿਨ੍ਹਾਂ ਤੋਂ ਦੇਸ਼ ਨੂੰ ਮੁਕਤ ਕਰਾਉਣ ਲਈ ਅਨੇਕਾਂ ਕੁਰਬਾਨੀਆਂ ਦੀ ਅਹੂਤੀ ਦੇਣੀ ਪਈ ਹੈ। ਇਹ ਪਾਰਟੀਆਂ ਹੁਣ ਸਾਡੇ ਮਿਹਨਤਕਸ਼ ਲੋਕਾਂ ਨੂੰ ਛੱਜ ‘ਚ ਪਾ ਕੇ ਛੱਟ ਰਹੀਆਂ ਹਨ ਪਰ ਦੂਜੇ ਪਾਸੇ ਲੋਕਾਂ ਦਾ ਛਾਨਣਾ ਅੱਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਜਦੋਂ ਇਹ ਆਮ ਲੋਕਾਂ ਦਾ ਛਾਨਣਾ ਇਨ੍ਹਾਂ ਸਰਮਾਏਦਾਰਾਂ ਤੇ ਰਾਜਸੀ ਲੀਡਰਾਂ ਦੇ ਲੱਗ ਗਿਆ ਤਾਂ ਕੁੱਝ ਵੀ ਨਹੀਂ ਬਚਣਾ। ਮਿਹਨਤਕਸ਼ ਵਰਗ ਅੱਜ ਰੋਜ਼ੀ ਰੋਟੀ ਤੋਂ ਵੀ ਮੁਥਾਜ ਹੋ ਗਿਆ ਹੈ ਜਦਕਿ ਦੂਸਰੇ ਪਾਸੇ ਸਰਮਾਏਦਾਰਾਂ ਦੀ ਇਕ ਅਜਿਹੀ ਟੋਲੀ ਇਕੱਠੀ ਹੋ ਗਈ ਜਿਸ ਨੇ ਦੇਸ਼ ਨੂੰ ਖਾਣ ਲਈ ਘੁਣ ਤੇ ਸਿਊਕ ਵਰਗਾ ਕੰਮ ਸੰਭਾਲ ਲਿਆ ਹੈ । ਪਰ ਆਪਣੇ ਹੱਕਾਂ ਲਈ ਜਾਗਦੇ ਲੋਕਾਂ ਨੂੰ ਕਿੰਨੀ ਕੁ ਦੇਰ ਤੱਕ ਦਬਾਅ ਕੇ ਰੱਖਿਆ ਜਾ ਸਕਦਾ? ਜਿਹੜਾ ਬੇਰੁਜ਼ਗਾਰੀ ਦਾ ਲਾਵਾ ਧਰਤੀ ਦੇ ਥੱਲੇ ਤੁਰਿਆ ਫਿਰਦਾ ਹੈ ਜਦੋਂ ਇਸ ਨੇ ਇਕ ਦਿਨ ਜੁਆਲਾਮੁਖੀ ਬਣ ਕੇ ਫਟਣਾ ਫੇਰ ਇਸ ਨੇ ਆਪ ਤਾਂ ਸੜਨਾ ਹੀ ਹੈ, ਇਸ ਨੇ ਉਹਨਾਂ ਲੋਕਾਂ ਨੂੰ ਵੀ ਨਹੀਂ ਛੱਡਣਾ, ਜਿਹੜੇ ਅਹਿੰਸਾ ਦੀਆਂ ਗੱਲਾਂ ਕਰਦੇ ਹਨ ਤੇ ਨੌਜੁਆਨ ਵਰਗ ਦਾ ਸ਼ਿਕਾਰ ਕਰਦੇ ਹਨ। ਸੱਤਾਧਾਰੀ ਧਿਰਾਂ ਕਦੋਂ ਤੀਕ ਜੁਆਨੀ ਦਾ ਸ਼ਿਕਾਰ ਕਰਦੇ ਰਹਿਣਗੇ? ਹੁਣ ਦੇਸ਼ ਦੀ ਬਹੁਤ ਸਾਰੀ ਜਨਤਾ ਆਪਣੇ ਹੱਕਾਂ ਤੇ ਅਧਿਕਾਰਾਂ ਪ੍ਰਤੀ ਸੁਚੇਤ ਹੋ ਗਈ ਹੈ। ਹੁਣ ਲੋਕ ਸਮੂਹ ਦਿਨੋਂ ਦਿਨ ਇਕੱਠਾ ਹੋਣ ਦੀ ਲੋੜ ਹੈ, ਇਹ ਇਕੱਠ ਨੇ ਜਦੋਂ ਹੜ੍ਹ ਵਾਂਗ ਵਗਣਾ ਤਾਂ ਕੁੱਝ ਵੀ ਨਹੀਂ ਬਚਣਾ । ਪਰ ਇਹ ਸਮੂਹ ਕਦੋਂ ਹੜ੍ਹ  ਬਣੇਗਾ? ਹੁਣ ਇਹਨਾਂ ਨੂੰ ਆਪਣੀ ਅਹਿਮੀਅਤ ਪਛਾਨਣ ਦੀ ਲੋੜ ਹੈ। ਜੇਕਰ ਸਮਾਜ ਦੇ ਸਚੇਤ ਵਰਗ ਨੇ ਆਮ ਲੋਕਾਂ ਨੂੰ ਉਹਨਾਂ ਦੀ ਤਾਕਤ ਤੋਂ ਜਾਣੂੰ ਨਾ ਕਰਵਾਇਆ ਤਾਂ ਅਗਲੇ ਪੰਜ ਸਾਲ ਲੋਕ ਫਿਰ ਕਿਸੇ ਹੋਰ ਪਾਰਟੀ ਦੇ ਗੁਲਾਮ ਹੋ ਕੇ ਰਹਿ ਜਾਣਗੇ। ਜਿਹੜੇ ਹੁਣ ਛੱਜ ਬਣੇ ਚੁੱਪ ਹਨ ਤੇ ਉਹਨਾਂ ਦੇ ਬਾਰੇ ਛਾਨਣੀਆਂ ਬੋਲਦੀਆਂ ਰਹਿਣਗੀਆਂ? ਆਓ! ਆਪਾਂ ਆਪਣੀ ਅੰਦਰਲੀ ਸ਼ਕਤੀ ਨੂੰ ਜਾਣੀਏ ਤੇ ਪਛਾਣੀਏ। ਸਮਾਂ ਅੱਗੇ ਦੀ ਅੱਗੇ ਖਤਰਨਾਕ ਆ ਰਿਹਾ ਹੈ। ਅੱਜ ਜੇ ਕਿਸੇ ਹੋਰ ਦੀ ਵਾਰੀ ਹੈ ਕੱਲ੍ਹ ਨੂੰ ਸਾਡੀ ਵੀ ਵਾਰੀ ਆ ਸਕਦੀ ਹੈ। ਆਓ! ਇਸ ਤੋਂ ਪਹਿਲਾਂ ਸਾਡੇ ਗਲ਼ ਨੂੰ ਫਾਈ ਪਵੇ ਤੇ ਅਸੀਂ ਹੁਣੇ ਹੀ ਸੁਚੇਤ ਹੋ ਜਾਈਏ ?
ਬੁੱਧ ਸਿੰਘ ਨੀਲੋਂ
9464 70823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਲ਼ਮ ਦਾ ਧਨੀ
Next article4 ਨਵੰਬਰ ਨੂੰ ਪ੍ਰਦਰਸ਼ਨ ਕਰਨਗੇ ਵੈਟਰਨਰੀ ਫਾਰਮਾਸਿਸਟ