ਜਦੋਂ ਭਾਈ ਲਾਲੋ ਮਰਦਾ ਹੈ ?
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਭਾਈ ਲਾਲੋ ਡੂੰਘੇ ਟੋਏ ਦੇ ਡਿੱਗ ਗਿਆ ਹੈ.ਉਹ ਆਪਣੇ ਹੀ ਘਰ ਵਿੱਚ ਅਜਨਬੀ ਹੋ ਗਿਆ। ਪਰਾਇਆ ਤੇ ਦੇਸ਼ ਵਿੱਚ ਪਰਵਾਸੀ ਹੋ ਗਿਆ। ਸਿਰ ਉਤੇ ਫਿਕਰਾਂ ਦੀ ਪੰਡ ਵਿੱਚ ਘਰ ਚੁਕੀ ਉਹ ਕਿਥੋਂ ਤੁਰਿਆ ਤੇ ਕਿਥੇ ਜਾ ਰਿਹਾ ਹੈ। ਉਸ ਦਾ ਇਸ ਧਰਤੀ ਉਤੇ ਕਿਹੜੀ ਥਾਂ ਉਤੇ ਘਰ ਹੈ? ਉਹ ਸੜਕਾਂ ਉਤੇ ਆਪਣੇ ਖੂਨ ਪਸੀਨੇ ਤੇ ਲਹੂ ਦੇ ਨਿਸ਼ਾਨ ਲਗਾ ਰਿਹਾ ਹੈ। ਪਰ ਘਰ ਨਹੀਂ ਮਿਲਿਆ। ਪੁਲਸ ਦੀ ਕੁੱਟ ਉਸ ਹਰ ਥਾਂ ਖਾਧੀ ਹੈ।
ਲੱਕ ਤੋੜ ਨੋਟ ਬੰਦੀ ਦੇ ਵਿੱਚ ਉਸ ਦਾ ਸਭ ਕੁੱਝ ਮਰਿਆ ਹੈ ਪਰ ਸਰੀਰ ਨਹੀਂ ਮਰਿਆ, ਨਾ ਹੀ ਡਰਿਆ ਐ। ਉਸ ਨੂੰ ਆਪਣੇ ਆਪ ਦੀ ਹੋਸ਼ ਨੀਂ, ਭਾਈ ਲਾਲੋ ਦੇ ਪੈਰ ਦਿੱਲੀ ਵੱਲ ਕਦੋਂ ਤੁਰਨਗੇ ? ਆਪਣੇ ਹਿੱਸੇ ਦਾ ਘਰ, ਰੋਟੀ ਤੇ ਰੁਜ਼ਗਾਰ ਲੈਣ ਲਈ ? ਹੁਣ ਤੱਕ ਕਿੰਨੇ ਲਾਲੋ ਮਰੇ ਹਨ, ਕੋਈ ਸਬੂਤ ਤੇ ਅੰਕੜੇ ਨਹੀਂ। ਕਿੰਨਿਆਂ ਨੇ ਤੁਰਨ ਦੇ ਬਣਾਏ ਨੇ ਵਿਸ਼ਵ ਰਿਕਾਰਡ ਕੋਈ ਖਬਰ ਨਹੀਂ। ਇਹਨਾਂ ਦੀ ਤਰਾਸਦੀ ਦਾ ਕੌਣ ਇਤਿਹਾਸ ਕਾਰ ਲਿਖੇਗਾ ਇਤਿਹਾਸ ? ਕੋਈ ਨਹੀਂ ਲਿਖੇ ਗਾ। ਭਲਾਂ ਲਾਲੋਆਂ ਦਾ ਵੀ ਕੋਈ ਇਤਿਹਾਸ ਹੁੰਦਾ ? ਇਹ ਲਾਲੋ ਤਾਂ ਬਣ ਗਏ ਹਨ ਆਮ ਆਦਮੀ। ਆਮ ਆਦਮੀ ਨੂੰ ਕੌਣ ਪੁਛਦੈ ?
ਉਹ ਹਰ ਸਾਹ ਮਰ ਰਿਹਾ ਐ। ਪਰ ਉਸ ਨੂੰ “ਇਸ ਡੂੰਘੇ ਟੋਏ” ਵਿਚੋਂ ਕੱਢਣ ਵਾਲਾ ਕੋਈ ਨਹੀਂ , ਉਝ ਉਸ ਦੇ ਆਲੇ ਦੁਆਲੇ ਮਲਕ ਭਾਗੋ, ਕੌਡੇ ਰਾਖਸ਼ਸ਼ ਤੇ ਬਲੀ ਕੰਧਾਰੀਆਂ ਦੀ ਭੀੜ ਐ। ਜਿਹੜੇ ਉਸ ਦੇ ਟੋਏ ਵਿੱਚ ਡਿੱਗਣ ਨੂੰ ਵਿਕਾਸ ਆਖ ਦੇ ਹਨ ਤੇ ਤਾੜੀਆਂ ਮਾਰ ਕੇ ਹੱਸ ਰਹੇ ਹਨ। ਕੱਲ ਵੀ ਵੱਡਾ ਤਮਾਸ਼ਾ ਹੋਵੇਗਾ।
ਭਲਾ ਤੁਸੀਂ ਆਪ ਹੀ ਦੱਸੋ? ਆਮ ਵਿਅਕਤੀ ਵੀ ਕਦੇ ਮਰਦਾ ਹੈ ? ਕਿਉਂਕਿ ਇਹ ਸਵਾਲ ਹੀ ਗ਼ਲਤ ਹੈ। ਮਰਦਾ ਤਾਂ ਉਹ ਹੁੰਦਾ ਹੈ, ਜਿਹੜਾ ਜਿਉਂਦਾ ਹੁੰਦਾ ਹੈ। ਹੁਣ ਤੁਸੀਂ ਦੱਸੋ ਆਮ ਆਦਮੀ ਜਿਉਂਦਾ ਕਦੋਂ ਹੁੰਦਾ ਹੈ ? ਉਹ ਤਾਂ ਜੰਮਦਾ ਹੀ ਮਰ ਜਾਂਦਾ ਹੈ। ਜੇ ਕਿਧਰੇ ਉਹ ਭੁੱਲ ਭੁਲੇਖੇ ਜੰਮ ਵੀ ਪਵੇ ਤਾਂ ਘੇਰ ਕੇ, ਭਜਾ ਕੇ ਸੜਕਾਂ ਉੱਤੇ ਜਾਂ ਫਿਰ ਥਾਣੇ ਵਿੱਚ ਮਾਰ ਦਿੱਤਾ ਜਾਂਦਾ ਹੈ।
ਭਾਈ ਲਾਲੋ ਜਦੋਂ ਵੀ ਮਰਦਾ ਹੈ ਤਾਂ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਸ ਦੇ ਮਰਨ ਨਾਲ ਫ਼ਰਕ ਉਸ ਦੇ ਆਪਣਿਆਂ ਨੂੰ ਪੈਂਦਾ ਹੈ, ਜਿੰਨਾਂ ਦੇ ਨਾਲ ਉਹ ਜਿਉਂਦਾ ਹੁੰਦਾ ਹੈ। ਉਹੀ ਉਸਦਾ ਸੰਸਾਰ ਤੇ ਪਿਆਰ ਹੁੰਦਾ ਹੈ। ਬਾਕੀ ਤਾਂ ਸਾਰੇ ਉਸਨੂੰ ਨਫ਼ਰਤ ਕਰਦੇ ਹਨ। ਉਸਨੂੰ ਸ਼ਬਦਾਂ ਨਾਲ, ਅੱਖਾਂ ਦੀ ਘੂਰੀ ਨਾਲ ਤੇ ਡਾਂਗ ਸੋਟੇ ਨਾਲ ਕੁੱਟਦੇ ਹਨ, ਮਾਰਦੇ ਹਨ। ਉਸ ਤੋਂ ਆਪਣੇ ਲਈ ਕੰਮ ਕਰਵਾਉਂਦੇ ਹਨ।
ਭਾਈ ਲਾਲੋ ਜਦੋਂ ਮਰਦਾ ਹੈ ਤੇ ਉਸਦੀ ਸ਼ਵ ਯਾਤਰਾ ਨਿਕਲਦੀ ਹੈ ਤਾਂ ਉਸ ਦੇ ਮਗਰ ਉਸਦੇ ਆਪਣੇ ਸੁਪਨੇ ਹੁੰਦੇ ਹਨ। ਉਸਦੀ ਸ਼ਵ ਯਾਤਰਾ ਮਗਰ ਕੋਈ ਜਾਵੇ ਵੀ ਕਿਉਂ? ਉਹ ਕਿਹੜਾ ਮਨੁੱਖ ਹੈ ਉਹ ਤਾਂ ਪਸ਼ੂ ਹੈ। ਪਸ਼ੂ ਮਗਰ ਕਦੇ ਕੋਈ ਜਾਂਦਾ ਦੇਖਿਆ ਹੈ?
ਜਦੋਂ ਕੋਈ ਵੱਡਾ ਆਦਮੀ ਮਰਦਾ ਹੈ, ਉਸਦੀ ਯਾਤਰਾ ਵਿੱਚ ਭੀੜ ਹੁੰਦੀ ਹੈ। ਨਾਲੇ ਆਮ ਆਦਮੀ ਤਾਂ ਰੋਜ਼ ਹੀ ਮਰਦੇ ਹਨ। ਕਿਸ ਕਿਸ ਦੀ ਸ਼ਵ ਯਾਤਰਾ ਮਗਰ ਕੋਈ ਜਾਵੇ। ਨਾਲੇ ਹੁਣ ਕਿਸੇ ਕੋਲ ਵਿਹਲ ਵੀ ਕਿੱਥੇ ਹੈ?
ਆਮ ਆਦਮੀ ਕੋਲ ਆਪਣੇ ਸਰੀਰ ਤੇ ਸੁਪਨਿਆਂ ਤੋਂ ਬਗ਼ੈਰ ਕੁੱਝ ਨਹੀਂ ਹੁੰਦਾ ਪਰ ਜਦੋਂ ਸੁਪਨੇ ਮਰਦੇ ਹਨ ਤਾਂ ਆਮ ਆਦਮੀ ਵੀ ਮਰਦਾ ਹੈ। ਫੇਰ ਉਹ ਸ਼ਮਸ਼ਾਨ ਘਾਟ ਤੀਕ ਆਪਣੀ ਹੀ ਲਾਸ਼ ਮੋਢਿਆ ‘ਤੇ ਚੁੱਕੀ ਫਿਰਦਾ ਰਹਿੰਦਾ ਹੈ। ਆਪਣੀ ਹੀ ਲਾਸ਼ ਮੋਢਿਆਂ ਤੇ ਚੁੱਕੀ ਫਿਰਨਾ ਬਹੁਤ ਔਖਾ ਹੁੰਦਾ ਹੈ, ਪਰ ਉਹ ਚੁੱਕੀ ਰਖਦਾ ਹੈ। ਉਸਦੀ ਇਹ ਮਜਬੂਰੀ ਹੈ ਜਾਂ ਫਿਰ ਕੋਈ?
ਭਾਈ ਲਾਲੋ ਦੇ ਦਰਦ ਦੀ ਪੀੜ ਨੂੰ ਕੋਈ ਨਹੀਂ ਜਾਣਦਾ। ਉਹ ਪੀੜ ਕਿਵੇਂ ਜਾਣ ਸਕਦੇ ਹਨ ? ਜਿਹੜੇ ਮੂੰਹ ਵਿੱਚ ਸੋਨੇ ਦਾ ਚਮਚਾ ਲੈ ਕੇ ਜੰਮੇ ਹੋਣ। ਸੋਨੇ ਦਾ ਚਮਚਾ ਲੈ ਕੇ ਉਹ ਹੀ ਜੰਮਦੇ ਹਨ, ਜਿਨ੍ਹਾਂ ਦੇ ਮਾਪਿਆਂ ਨੇ ਆਪਣੀ ਜ਼ਮੀਰ ਵੇਚ ਕੇ ਮਾਇਆ ਇਕੱਠੀ ਕੀਤੀ ਹੋਵੇ। ਭਾਈ ਲਾਲੋ ਤਾਂ ਆਪਣਾ ਪੇਟ ਨਹੀਂ ਪਾਲ ਸਕਦਾ।
ਮਾਇਆ ਇਕੱਠੀ ਕਰਨ ਲਈ ਦੂਜਿਆਂ ਦਾ ਪੇਟ ਕੱਟਣਾ ਪੈਂਦਾ ਹੈ। ਦੂਜਿਆਂ ਦਾ ਪੇਟ ਉਹੀ ਕੱਟ ਸਕਦਾ ਹੈ, ਜਿਸ ਦੇ ਹੱਥ ਛੁਰਾ ਹੋਵੇ। ਉਹ ਛੁਰਾ ਜਿਹੜਾ ਕਦੇ ਲੋਹੇ ਦਾ ਹੁੰਦਾ ਹੈ, ਕਦੇ ਧਰਮ ਦਾ, ਕਦੇ ਸਮਾਜ ਦਾ ਤੇ ਕਦੇ ਕਿਰਤ ਦਾ। ਇਸ ਛੁਰੇ ਦੇ ਬਹੁਤ ਰੂਪ ਹਨ। ਇਹ ਛੁਰੇ ਹਰ ਥਾਂ ਆਪਣੀ ਸ਼ਕਲ ‘ਤੇ ਮੁਖੌਟਾ ਬਦਲ ਲੈਂਦੇ ਹਨ। ਆਮ ਵਿਅਕਤੀ ਦਾ ਗਲਾ ਜਾਂ ਪੇਟ ਕੱਟਣਾ ਆਮ ਵਰਤਾਰਾ ਹੈ।
ਭਾਈ ਲਾਲੋ ਤਾਂ ਦੂਸਰਿਆਂ ਦੇ ਚੁੱਲਿਆਂ ਲਈ ਬਾਲਣ ਹੁੰਦਾ ਹੈ। ਬਾਲਣ ਦਾ ਕੰਮ ਬਲਣਾ ਹੁੰਦਾ ਹੈ। ਉਹ ਤਾਂ ਦੂਸਰਿਆਂ ਦੇ ਚੁੱਲਿਆਂ ਲਈ ਬਲਣਾ ਹੁੰਦਾ ਹੈ। ਉਹ ਤਾਂ ਉਨ੍ਹਾਂ ਲੋਕਾਂ ਲਈ ਬਲਦਾ ਹੈ, ਜਿਹੜੇ ਉਸਨੂੰ ਬਾਲਣ ਬਣਾਈ ਰੱਖਦੇ ਹਨ।
ਭਾਈ ਲਾਲੋ ਆਪਣੇ ਲਈ ਕਦੇ ਵੀ ਬਲਦਾ ਨਹੀਂ, ਉਸ ਦਾ ਤਾਂ ਇੱਕ ਦਿਨ ਸਿਵਾ ਬਲਦਾ ਹੈ। ਉਹ ਆਦਮੀ ਕਦੇ ਵੀ ਨਹੀਂ ਮਰਦੇ। ਜਿਹੜੇ ਆਮ ਆਦਮੀ ਦਾ ਲਹੂ ਪੀਂਦੇ ਹਨ। ਉਸ ਦੇ ਹੱਡਾਂ ਨੂੰ ਤੋੜਦੇ ਹਨ ਤਾਂ ਕਿ ਉਹ ਸਦਾ ਬਾਲਣ ਤੱਕ ਹੀ ਸੀਮਤ ਰਹੇ।
ਆਮ ਆਦਮੀ ਦਾ ਨਾ ਕੋਈ ਆਪਣਾ ਦਿਨ ਹੁੰਦਾ ਹੈ ਤੇ ਨਾ ਹੀ ਰਾਤ। ਉਹ ਤਾਂ ਚੌਵੀ ਘੰਟੇ ਕੋਹਲੂ ਦੇ ਬਲਦ ਵਾਂਗ ਉਨ੍ਹਾਂ ਲਈ ਕਮਾਉਂਦਾ ਹੈ। ਜਿਹੜੇ ਉਸਨੂੰ ਇਹ ਕਦੇ ਵੀ ਅਹਿਸਾਸ ਨਹੀਂ ਹੋਣ ਦਿੰਦੇ ਕਿ ਉਹ ਕਿਸ ਲਈ ਕਮਾ ਰਿਹਾ ਹੈ। ਉਸਨੂੰ ਆਪਣੇ ਅਤੇ ਦੁਸ਼ਮਣ ਵਿੱਚ ਫ਼ਰਕ ਨਹੀਂ ਲੱਗਦਾ ਕਿਉਂਕਿ ਢਿੱਡ ਦੀ ਮਜਬੂਰੀ ਨੇ ਉਸਨੂੰ ਮਸ਼ੀਨ ਵਿੱਚ ਬਦਲ ਦਿੱਤਾ ਹੈ।
ਮਸ਼ੀਨ ਦਾ ਕੰਮ ਹੁੰਦਾ ਹੈ ਵੱਧ ਤੋਂ ਵੱਧ ਉਤਪਾਦਨ ਕਰਨਾ। ਉਹ ਵੱਧ ਤੋਂ ਵੱਧ ਉਤਪਾਦਨ ਕਰਦਾ ਹੈ। ਆਮ ਆਦਮੀ ਬਾਰੇ ਸਭ ਚੁੱਪ ਹਨ, ਕਲਮਾਂ ਵਾਲੇ ਵੀ ਤੇ ਧਰਮਾਂ ਤੇ ਕਰਮਾਂ ਵਾਲੇ ਵੀ। ਕਲਮਾਂ ਵਾਲੇ ਤਾਂ ਉਸ ਵੱਲ ਪਿੱਠ ਕਰੀ ਖੜੇ ਹਨ। ਉਹ ਤਾਂ ਔਰਤ-ਮਰਦ ਦੇ ਰਿਸ਼ਤਿਆਂ ਦੀ ਪ੍ਰਕਰਮਾ ਕਰਦੇ ਹਨ। ਉਨਾਂ ਕੋਲ ਆਮ ਆਦਮੀ ਬਾਰੇ ਕੁੱਝ ਲਿਖਣ ਦਾ ਸਮਾਂ ਨਹੀਂ। ਧਰਮਾਂ ਵਾਲੇ ਉਸ ਦੀ ਜੀਭ ਕੱਟ ਦਿੰਦੇ ਹਨ।
ਭਾਈ ਲਾਲੋ ਸੁਣ ਨਹੀਂ ਸਕਦਾ ਕਿਉਂਕਿ ਉਸਦੇ ਕੰਨਾਂ ਵਿੱਚ ਸਦੀਆਂ ਤੋਂ ਸਿੱਕਾ ਗਰਮ ਕਰਕੇ ਪਾਇਆ ਹੋਇਆ ਹੈ। ਉਸਦੇ ਹੱਥ ਤੇ ਜੀਭ ਕੱਟ ਦਿੱਤੀ ਹੈ। ਉਸਦੇ ਪੈਰਾਂ ਨੂੰ ਬੇੜੀਆਂ ਵਿੱਚ ਬੰਨ੍ਹ ਦਿੱਤਾ ਹੈ।
ਭਾਈ ਲਾਲੋ ਜਦੋਂ ਵੀ ਮਰਦਾ ਹੈ, ਉਸਦੇ ਮਰਨ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਜਦੋਂ ਕਦੇ ਕੋਈ ਮਲਕ ਭਾਗੋ ਮਰਦਾ ਹੈ ਤਾਂ ਦੇਸ਼ ਦਾ ਝੰਡਾ ਝੁੱਕ ਜਾਂਦਾ ਹੈ। ਲੱਖਾਂ ਹੀ ਰੋਜ਼ ਆਮ ਆਦਮੀ ਮਰਦੇ ਹਨ ਤਾਂ ਝੰਡੇ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਭਾਈ ਲਾਲੋ ਦਾ ਜਿਉਂਦੇ ਰਹਿਣ ਜਾਂ ਮਰਨ ਨਾਲ ਕੀ ਫ਼ਰਕ ਪੈਂਦਾ ਹੈ? ਆਮ ਵਿਅਕਤੀ ਜਦੋਂ ਹੋਸ਼ ਵਿੱਚ ਆਵੇਗਾ ਤਾਂ ਉਹ ਮਰੇਗਾ ਨਹੀਂ, ਜਿਉਂਦਾ ਰਹੇਗਾ, ਪਰ ਖੂਨ ਪੀਣਿਆਂ ਨੇ ਉਸਨੂੰ ਹੋਸ਼ ਵਿੱਚ ਆਉਣ ਲਈ ਕੋਈ ਰਸਤਾ ਨਹੀਂ ਛੱਡਿਆ।
ਭਾਈ ਲਾਲੋ ਨੂੰ ਹੁਣ ਰਸਤਾ ਲੱਭਣਾ ਪਵੇਗਾ ਕਿ ਉਸਨੇ ਹੁਣ ਕਿਧਰ ਜਾਣਾ ਹੈ ? ਉਸ ਦੇ ਜ਼ਿੰਦਗੀ ਜੀਉਣ ਦੇ ਸਾਰੇ ਹੀ ਰਸਤੇ ਦਿਨੋਂ ਦਿਨ ਬੰਦ ਹੋ ਰਹੇ ਹਨ। ਹਰ ਤਰ੍ਹਾਂ ਦੀ ਮਾਰ ਭਾਈ ਲਾਲੋ ਨੂੰ ਹੀ ਪੈ ਰਹੀ ਹੈ। ਮਨੁਖ ਰੋਜ਼ੀ-ਰੋਟੀ ਤੋਂ ਵੀ ਔਖਾ ਹੋ ਗਿਆ ਹੈ। ਹੁਣ ਉਸਨੇ ਜੇ ਆਰ-ਪਾਰ ਦੀ ਲੜਾਈ ਨਾ ਲੜੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਸਦੀ ਹੋਂਦ ਵੀ ਖਤਮ ਹੋ ਜਾਵੇਗੀ।
ਚੋਣਾਂ ਦੀ ਰੁੱਤ ਆਉਂਦੀ ਉਹ ਹਰ ਲੁੱਟਿਆ ਜਾਂਦਾ ਹੈ। ਉਹ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਕਦੇ ਖਿਆਲ ਰੱਖਦਾ? ਸਿਆਸਤਦਾਨਾਂ ਨੇ ਦੇਸ਼ ਦੇ ਆਦਮੀ ਨੂੰ ਡੂੰਘੇ ਟੋਏ ਦੇ ਵਿੱਚ ਸੁੱਟ ਦਿੱਤਾ ਹੈ। ਭਾ ਜੀ ਗੁਰਸ਼ਰਨ ਸਿੰਘ ਦਾ ਟੋਆ ਨਾਟਕ ਚੇਤੇ ਆਉਂਦਾ ਹੈ। ਭਾਈ ਲਾਲੋ ਨੂੰ ਕੌਣ ਟੋਏ ਵਿਚੋਂ ਬਾਹਰ ਕੱਢੇਗਾ ? ਅਫ਼ਸਰਸ਼ਾਹੀ, ਸਾਧ, ਸਿਆਸਤਦਾਨ ? ਕੋਈ ਨਹੀਂ ਕੱਢੇਗਾ। ਸਗੋਂ ਉਸਨੂੰ ਹੁਣ ਇਸ ਵੱਡੇ ਟੋਏ ਦੇ ਵਿੱਚੋਂ ਕਿਵੇਂ ਨਿਕਲ਼ਣਾ ਹੈ ? ਖੁਦ ਸੋਚਣਾ ਪਵੇਗਾ। ਭਾਵੇਂ ਇਹ ਸਵਾਲ ਸਭ ਦੇ ਸਾਹਮਣੇ ਹੈ । ਭਾਈ ਲਾਲੋ ਸੰਘਰਸ਼ ਦੇ ਵੀ ਸਾਹਮਣੇ ਹੈ. ਪਰ ਉਸ ਨੇ ਹੁਣ ਕੀ ਕਰਨਾ ਹੈ ? ਸੋਚਣ ਦਾ ਸਮਾਂ ਹੈ ? ਉਸਨੂੰ ਇੱਕ ਮੁੱਠ ਹੋਣਾ ਪਵੇਗਾ। ਹੁਣ ਇਕੱਠੇ ਹੋਇਆਂ ਬਗੈਰ ਸਰਨਾ ਨਹੀਂ। ਇਕੱਲੇ ਇਕੱਲੇ ਕਦੋਂ ਤੱਕ ਭਾਈ ਲਾਲੋ ਮਰਦਾ ਰਹੇਗਾ। ਦੁੱਖ ਇਹ ਵੀ ਹੈ ਕਿ ਜਦੋਂ ਭਾਈ ਲਾਲੋ ਜਦੋਂ ਮਰਦਾ ਹੈ ਤਾਂ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਦੇ ਬਾਰੇ ਧਰਮ ਚੁੱਪ ਹੈ। ਉਹ ਵੀ ਤਮਾਸ਼ਾ ਤੱਕਦੇ ਹਨ ਜਿਨ੍ਹਾਂ ਨੂੰ ਇਹ ਨਿੱਤ ਪੂਜਦਾ ਹੈ। ਪਰ ਕਦੋਂ ਤੱਕ ਬੇਦੋਸ਼ੇ ਭਾਈ ਲਾਲੋ ਮਰਦੇ ਰਹਿਣਗੇ?
ਬੁੱਧ ਸਿੰਘ ਨੀਲੋਂ
94643-70823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly