ਬੁੱਧ ਚਿੰਤਨ

ਬੌਧਿਕ ਮਾਫੀਏ ਦੀ ਕੰਗਾਲੀ !

ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਸਮਾਜ ਦੇ ਵਿੱਚ ਪੜ੍ਹੇ ਲਿਖਿਆਂ ਨੁੰ ਵਿਦਵਾਨ ਆਖਿਆ ਜਾਂਦਾ ਹੈ। ਉਹ ਆਪਣੀ ਵਿਦਵਤਾ ਦੇ ਰਾਹੀਂ ਸਮਾਜ ਨੂੰ ਚੰਗੇ ਸਾਹਿਤ ਦੇ ਨਾਲ ਜੋੜਦੇ ਹਨ। ਲੇਖਕ ਵੀ ਸਮਾਜ ਦੀ ਗ਼ਲਤ ਕਦਰਾਂ ਕੀਮਤਾਂ ਨੂੰ ਨਿਕਾਰ ਕੇ ਨਵੇਂ ਸਾਹਿਤ ਦੀ ਸਿਰਜਣਾ ਕਰਦਾ ਹੈ। ਸਾਹਿਤ ਸਮਾਜ ਬਗ਼ਾਵਤ ਨਹੀਂ ਕਰਦਾ ਸਗੋਂ ਬਗ਼ਾਵਤ ਕਰਨ ਵਾਲੇ ਯੋਧਿਆਂ ਨੂੰ ਸਿਰਜਦਾ ਹੈ। ਸੋਵੀਅਤ ਯੂਨੀਅਨ ਦੀ ਕ੍ਰਾਂਤੀ ਦੇ ਵਿੱਚ ਮੈਕਸਿਮ ਗੋਰਕੀ ਦੇ ਨਾਵਲ ਮਾਂ ਦੀ ਵੱਡੀ ਭੂਮਿਕਾ ਮੰਨੀ ਜਾਂਦੀ ਹੈ। ਉਸ ਨਾਵਲ ਨੇ ਨੌਜਵਾਨਾਂ ਦੇ ਅੰਦਰ ਗੁਲਾਮੀਂ ਤੋਂ ਛੁਟਕਾਰਾ ਪਾਉਣ ਲਈ ਨਵੀਂ ਚੇਤਨਾ ਪੈਦਾ ਕੀਤੀ। ਪੰਜਾਬੀ ਸਾਹਿਤ ਦੇ ਅੰਦਰ ਸੱਤਰਵਿਆਂ ਦੇ ਦਹਾਕੇ ਵਿੱਚ ਨਕਸਲੀ ਲਹਿਰ ਦੇ ਬਹੁਤੇ ਕ੍ਰਾਂਤੀਕਾਰੀ ਨੌਜਵਾਨ ਸਾਹਿਤ ਦੇ ਆਸ਼ਕ ਸਨ। ਉਹਨਾਂ ਨੇ ਪੰਜਾਬ ਦੇ ਅੰਦਰ ਨਵੀਂ ਸੋਚ ਤੇ ਚੇਤਨਾ ਜਗਾਉਣ ਲਈ ਲਹਿਰ ਸ਼ੁਰੂ ਕੀਤੀ। ਇਸ ਲਹਿਰ ਦੇ ਸਮੇਂ ਹੀ ਪ੍ਰਗਤੀਵਾਦੀ ਵਿਚਾਰਧਾਰਾ ਸਾਹਿਤ ਲਿਖਿਆ ਗਿਆ। ਜਿਹੜਾ ਅੱਜ ਵੀ ਓਨੀ ਸ਼ਿੱਦਤ ਨਾਲ ਪੜ੍ਹਿਆ ਜਾ ਰਿਹਾ ਹੈ। ਇਹ ਲਹਿਰ ਦੇ ਫੇਲ੍ਹ ਹੋਣ ਦੇ ਅਨੇਕ ਕਾਰਨ ਹੋ ਸਕਦੇ ਹਨ। ਇਸੇ ਲਹਿਰ ਨੂੰ ਦਬਾਉਣ ਲਈ ਸਿੱਖ ਪੰਥ ਦੇ ਆਪੇ ਬਣੇ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ। ਉਂਝ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਬਹੁਤ ਸਾਰੇ ਰਿਕਾਰਡ ਹਨ, ਜਿਹੜੇ ਉਹਨਾਂ ਸੱਤਾਧਾਰੀ ਹੁੰਦਿਆਂ ਬਣਾਏ। ਜਿਹਨਾਂ ਦੀ ਅੱਜਕਲ੍ਹ ਬੜੀ ਚਰਚਾ ਹੋ ਰਹੀ ਹੈ। ਹਰ ਦਿਨ ਨਵੀਆਂ ਪਰਤਾਂ ਤੇ ਗੱਲਾਂ ਸਾਹਮਣੇ ਆ ਰਹੀਆਂ ਹਨ। ਹੁਣ ਤਖ਼ਤਾਂ ਦੇ ਜਥੇਦਾਰਾਂ ਦੀ ਬੌਧਿਕ ਸਮਰੱਥਾ ਦਾ ਪਤਾ ਲੱਗਣਾ ਹੈ। ਦੇਖੋ ਕੀ ਫੈਸਲਾ ਆਉਂਦਾ ਹੈ, ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਰਗੀ ਹਾਲਤ ਬਣੀ ਹੋਈ ਹੈ।
ਪੰਜਾਬ ਦੇ ਲੋਕ ਮਾਨਸਿਕ ਤੌਰ ਤੇ ਸਿਆਸੀ ਪਾਰਟੀਆਂ ਦੇ ਗੁਲਾਮ ਬਣ ਕੇ ਰਹਿ ਗਏ ਹਨ। ਇਹਨਾਂ ਨੂੰ ਮਾਨਸਿਕ ਤੌਰ ਉੱਤੇ ਚੇਤਨ ਕਰਨ ਲਈ ਸਾਹਿਤ ਨਾਲ ਜੋੜਨ ਦੀ ਲੋੜ ਹੈ। ਉਂਝ ਪੰਜਾਬ ਦੇ ਲੋਕਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਜੋ ਮਨੁੱਖ ਨੂੰ ਜੀਵਨ ਜਿਉਣ ਦੀ ਤਹਿਜ਼ੀਬ ਸਿਖਾਉਂਦਾ ਹੈ। ਦੁੱਖ ਇਸ ਗੱਲ ਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਿਆ ਨਹੀਂ ਤੇ ਸਮਝਿਆ ਨਹੀਂ। ਇਸੇ ਕਰਕੇ ਮਨੁੱਖ ਮਾਨਸਿਕ ਤੌਰ ਉੱਤੇ ਬੀਮਾਰ ਹੋ ਗਿਆ ਹੈ। ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਦੀ ਵਜਾਏ ਬਾਹਰੀ ਦਿੱਖ ਸਜਾਉਣ ਦੇ ਮੁਕਾਬਲੇ ਵਿਚ ਉਲਝ ਗਏ ਹਾਂ। ਅਸੀਂ ਵੱਡੇ ਵੱਡੇ ਗੁਰਦੁਆਰਾ ਸਾਹਿਬ ਤਾਂ ਉਸਾਰ ਲਏ ਹਨ ਪਰ ਸ਼ਬਦ ਗੁਰੂ ਦੀ ਵਿਚਾਰਧਾਰਾ ਨੂੰ ਪੜ੍ਹਨ ਦੀ ਵਜਾਏ ਸਿਰਫ ਉਸਨੂੰ ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ ਰੱਬ ਬਣਾ ਲਿਆ। ਜਦਕਿ ਉਹਦੇ ਅੰਦਰ ਸ਼ਬਦ ਹੈ। ਸ਼ਬਦ ਹੀ ਸਾਡਾ ਮਾਰਗ ਦਰਸ਼ਨ ਕਰਦਾ ਹੈ। ਅਸੀਂ ਧਾਰਮਿਕ ਪਾਖੰਡ ਕਰਨ ਵਾਲੇ ਦੁਨੀਆਂ ਦੇ ਵੱਡੇ ਬਣ ਗਏ ਹਾਂ। ਗੁਰੂ ਸ਼ਬਦ ਪਾਖੰਡ ਤੇ ਕਰਾਮਾਤਾਂ ਦੇ ਖਿਲਾਫ ਹੈ। ਪਰ ਸਾਡੇ ਪੁਜਾਰੀਆਂ ਨੇ ਉਸਨੂੰ ਕਰਾਮਾਤੀ ਬਣਾ ਦਿੱਤਾ ਹੈ। ਅਸੀਂ ਆਪੇ ਰਹਿਤ ਮਰਿਆਦਾ ਬਣਾ ਕੇ ਉਸਨੂੰ ਆਪਣੇ ਤਰੀਕੇ ਨਾਲ ਵਰਤਿਆ ਹੈ। ਇਤਿਹਾਸਕ ਦਸਤਾਵੇਜ਼ਾਂ ਨੂੰ ਸਮਝਣ ਦੀ ਵਜਾਏ ਕੁੱਝ ਮਨੋਕਲਪਿਤ ਕਹਾਣੀਆਂ ਦੇ ਮਗਰ ਲੱਗ ਗਏ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਗਏ ਹਾਂ। ਜਾਂ ਸਾਨੂੰ ਉਸਦੇ ਨਾਲੋਂ ਦੂਰ ਕਰ ਦਿੱਤਾ ਹੈ। ਇਹ ਸਵਾਲ ਇਸ ਸਮੇਂ ਜਵਾਬ ਦੀ ਉਡੀਕ ਵਿੱਚ ਹੈ।
ਮਨੁੱਖ ਨੂੰ ਮਾਨਸਿਕ ਤੌਰ ‘ਕਾਬੂ ਕਰਨ ਦੇ ਲਈ ਹਰ ਸਮੇਂ ਕੋਈ ਨਾ ਕੋਈ ਵਿਚਾਰਧਾਰਾ ਪਣਪ ਦੀ ਰਹੀ ਹੈ। ਜਿਸ ਵਿਚਾਰਧਾਰਾ ਨੇ ਆਮ ਮਨੁੱਖ ਦੇ ਵਿਕਾਸ ਦੇ ਲਈ ਹੰਭਲਾ ਮਾਰਿਆ ਉਹ ਹੀ ਜਿਉਂਦੀ ਰਹੀ ਹੈ। ਨਹੀਂ ਸਮੇਂ ਦੇ ਨਾਲ ਨਾਲ ਸਮਾਜ ਦੀ ਵਿਚਾਰਧਾਰਾ ਵੀ ਬਦਲਦੀ ਰਹੀ।
 ਹਰ ਵਿਚਾਰਧਾਰਾ ਆਮ ਮਨੁੱਖ ਦੀ ਹੋਣੀ ਬਦਲਣ ਦਾ ਉਦੇਸ਼ ਲੈ ਕੇ ਤੁਰਦੀ ਰਹੀ ਪਰ ਜਿਉਂ ਹੀ ਉਹ ਵਿਕਾਸ ਕਰਦੀ ਗਈ ਤਾਂ ਉਸਦੇ ਵਰਕਰਾਂ ਨੂੰ ਅੱਗੇ ਲਾ ਕੇ ਆਗੂਆਂ ਨੇ ਉਸਨੂੰ ਵਪਾਰ ਬਣਾ ਲਿਆ । ਹੁਣ ਤੁਸੀਂ ਆਪਣੇ ਅੱਖੀਂ ਵੇਖਦੇ ਹੋ ਕਿ ਸਮਾਜ ਦੇ ਹਰ ਖੇਤਰ ਦੇ ਵਿੱਚ  ਸਮਾਜ ਨੂੰ ਬਦਲਣ ਦੇ ਨਾਮ ਹੇਠ ਵਪਾਰ ਹੀ ਤਾਂ ਹੋ ਰਿਹਾ ਹੈ। ਧਰਮ ਤੇ ਧਰਮ ਅਸਥਾਨ ਵਪਾਰ ਦੇ ਅੱਡੇ ਬਣਕੇ ਰਹਿ ਗਏ ਹਨ. ਜਿਥੇ ਅਰਬਾਂ ਤੇ ਖਰਬਾਂ ਦਾ ਕਾਰੋਬਾਰ ਹੁੰਦਾ ਹੈ। ਨਤੀਜਾ ਕੀ ਨਿਕਲਿਆ ਹੈ, ਜ਼ੀਰੋ ! ਅਸੀਂ ਤਾਂ ਪਹਿਲਾਂ ਨਾਲੋਂ ਜ਼ਿਆਦਾ ਬੀਮਾਰ ਹੋ ਗਏ ਹਾਂ। ਇਸ ਬੀਮਾਰੀ ਨੂੰ ਦੂਰ ਕਰਨ ਵਾਲਿਆਂ ਬਾਬਿਆਂ ਤੇ ਪੁਜਾਰੀਆਂ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਖੈਰ ਧਰਮ ਦੀ ਵਿਚਾਰਧਾਰਾ ਮਾੜੀ ਨਹੀਂ ਸੀ ਪਰ ਆਧੁਨਿਕ ਦੌਰ ਦੇ ਵਪਾਰੀਏ ਨੇ ਇਸਨੂੰ ਧੰਦਾ ਬਣਾ ਲਿਆ। ਜਦੋਂ ਲੋਕ ਸਾਖਰਤਾ ਤੋਂ ਕੋਰੇ ਸੀ ਉਸ ਵੇਲੇ ਲੋਕਾਂ ਦੇ ਅੰਦਰ ਚੇਤਨਾ ਸੀ ਪਰ ਜਿਉਂ ਜਿਉਂ ਮਨੁੱਖ ਸਾਖਰ ਹੁੰਦਾ ਗਿਆ ਉਹ ਚੇਤਨਾ ਤੋਂ ਵਿਰਵਾ ਹੁੰਦਾ ਗਿਆ। ਅੱਜ ਸਥਿਤੀ ਤੁਹਾਡੇ ਸਾਹਮਣੇ ਹੈ। ਸਾਹਿਤ ਦੇ ਵਿੱਚ ਬਹੁਤ ਕੁੱਝ ਪੜ੍ਹਨ ਲਈ ਹੈ ਪਰ ਪੜ੍ਹੇ ਕੌਣ? ਹਰ ਨਵੀਂ ਕਿਤਾਬ ਨਵਾਂ ਸੰਸਾਰ ਵਿਖਾਉਂਦੀ ਹੈ। ਜੇਕਰ ਉਹ ਸਾਹਿਤ ਹੋਵੇ। ਸਾਹਿਤ ਹੀ ਸਾਨੂੰ ਨਵੇਂ ਰਸਤੇ ਲੱਭਣ ਲਈ ਸਹਾਈ ਹੁੰਦਾ ਹੈ। ਸਾਹਿਤ ਪੜ੍ਹਨ ਦੀ ਆਦਤ ਨਹੀਂ।
ਡਾ.ਮਨਮੋਹਨ ਦਾ ਨਾਵਲ ” ਨਿਰਵਾਣ ” ਸਾਨੂੰ ਪੜ੍ਹਨ ਤੇ ਸਮਝਣ ਦੀ ਲੋੜ ਹੈ। ਨਾਵਲ ਦੇ ਵਿੱਚ ਦੋ ਵਿਚਾਰਧਾਰਾਵਾਂ ਹਨ। ਇਕ ਪੁਰਾਤਨ ਸਮਿਆਂ ਦਾ ਬੁੱਧਇਜ਼ਮ ਤੇ ਆਧੁਨਿਕ ਦੌਰ ਦਾ ਮਾਓਵਾਦ ਹੈ। ਦੋਹਾਂ ਦੀ ਉਤਪਤੀ ਤੋਂ ਵਿਕਾਸ ਤੇ ਵਿਨਾਸ਼ ਤੱਕ ਦਾ ਉਹ ਸੱਚ ਹੈ ਜਿਸਨੂੰ  ਰੱਦ ਨਹੀਂ ਕੀਤਾ ਜਾ ਸਕਦਾ । ਕਿਸੇ ਵੀ ਵਿਚਾਰਧਾਰਾ ਦਾ ਪਤਨ ਉਸ ਵੇਲੇ ਹੁੰਦਾ ਹੈ ਜਦੋਂ ਉਹ ਮਨੁੱਖਤਾ ਦੇ ਭਲੇ ਦੀ ਵਜਾਏ ਵਪਾਰ ਦਾ ਸਾਧਨ ਬਣਦੀ ਹੈ। ਹੁਣ ਇਹੋ ਵਪਾਰ ਦੀ ਲਹਿਰ ਚੱਲ ਰਹੀ ਹੈ। ਅਸੀਂ ਇਸ ਲਹਿਰ ਦਾ ਨਿਸ਼ਾਨਾ ਬਣ ਗਏ ਹਾਂ।
ਬੌਧਿਕਤਾ ਦੇ ਉਪਰ ਬਹੁਤ ਚਿਰ ਤੋਂ ਖੱਬੂਆਂ ਦਾ ਕਬਜ਼ਾ ਹੈ। ਉਹ ਹਰ ਮਸਲੇ ਨੂੰ ਆਪਣੇ  ਬਣਾਏ ਫਰਮਿਆਂ ਦੇ ਵਿੱਚ ਬਹੁਤ ਹੀ ਖੂਬਸੂਰਤ ਢੰਗ ਤਰੀਕੇ ਜੜ ਕੇ ਫੇਰ ਰਲ ਕੇ ਪ੍ਰਚਾਰਦੇ ਦੇ ਰਹੇ ਹਨ । ਖੱਬੂ ਜਿੰਨੇ ਬੌਧਿਕ ਪੱਖੋ ਤੇਜ ਤਰਾਰ ਹਨ ਤੇ ਓਨੇ ਹੀ ਜੁਗਾੜੀ ਵੀ ਸਿਰੇ ਦੇ ਹਨ। ਇਹਨਾਂ ਦੀ ਨਿਗਾ ਕਿਤੇ ਹੋਰ ਤੇ ਨਿਸ਼ਾਨਾ ਕਿਤੇ ਹੋਰ ਹੁੰਦਾ ਹੈ। ਹੁਣ ਖੱਬੇ ਪੱਖੀ ਵਿਦਵਾਨ ਵੀ ਮੋਦੀ ਦੇ ਰਾਹ ਤੁਰ ਪਏ ਹਨ। ਉਹ ਸਰਕਾਰੀ ਸੰਸਥਾਵਾਂ ਵੇਚਣ ਲੱਗਿਆ ਹੋਇਆ ਹੈ, ਇਹਨਾਂ ਨੇ ਗਹਿਣੇ ਧਰਨੀਆ ਸ਼ੁਰੂ ਕਰ ਦਿੱਤੀਆਂ।
ਪੰਜਾਬੀ ਦੇ ਬੌਧਿਕ ਸ਼ਾਇਰ ਸਦਾ ਹੀ ਆਪਣੇ ਆਪ ਨੂੰ ਲੋਕਾਂ ਦੇ ਨਾਲ ਜੁੜੇ ਹੋਣ ਦਾ ਦੰਭ ਰਚਦੇ ਹਨ ਤੇ ਉਹ ਯਾਰੀ ਸੱਤਧਾਰੀਆਂ ਨਾਲ ਪਾ ਕੇ ਆਪਣਾ ਉਲੂ ਸਿੱਧਾ ਕਰਦੇ ਹਨ ਤੇ ਇਸ ਦਾ ਅਸਰ ਇਹ ਹੋਇਆ ਕਿ ਲੋਕ ਹੌਲੀ  ਹੌਲੀ ਇਹਨਾਂ ਬੌਧਿਕਵਾਦੀਆਂ ਤੋਂ  ਕਿਨਾਰਾਕਸ਼ੀ ਕਰਕੇ ਨੀਮ ਬੇਹੋਸ਼ੀ ਵਿੱਚ ਚਲੇ ਗਏ।
ਬੌਧਿਕਵਾਦੀ ਵਾਤਆਨਕੂਲ ਕੋਠੀਆਂ ਤੇ ਦਫਤਰਾਂ ਦੇ ਵਿੱਚ ਬੈਠ  ਕੇ ਜੁਗਾਲੀ ਕਰਦੇ ਰਹੇ।  ਹਰ ਕ੍ਰਿਸ਼ਨ ਵਰਗੇ ਸੱਤਾ ਵਿੱਚ ਵੜ ਕੇ ਸੁਰਜੀਤ ਹੋ ਗਏ। ਉਹਨਾਂ ਦੇ ਬੋਲਾਂ ਤੇ ਫੁੱਲ ਚਾੜ੍ਨ ਵਾਲੇ ਕੰਗਾਲ ਹੋ ਗਏ.ਕੇਹੀ ਵਿਡੰਬਨਾ ਹੈ!
ਕਈ ਚੈਨ ਨਾਲ ਸੁੱਤੇ ਤੇ ਅਨੰਦ ਹੋ ਗਏ ਤੇ ਕਈ, ਜਤਿੰਦਰ ਸ਼ਬਦਾਂ ਦੇ ਸਿਕੰਦਰ ਹੋ ਗਏ। ਉਹਨਾਂ ਕਦੇ ਸੱਜਿਆ ਦੇ ਨਾਲ ਕਦੇ ਏਜੰਸੀਆਂ ਦੇ ਨਾਲ ਯਾਰੀ ਤੇ ਫੁਲਕਾਰੀ ਪਾ ਕੇ ਰੱਖੀ। ਆਪਣਾ ਉਲੂ ਸਿੱਧਾ ਕੀਤਾ। ਹੁਣ ਜੋ ਹੋ ਰਿਹਾ ਹੈਂ, ਕੁੱਝ ਲੁਕਿਆ ਨਹੀਂ, ਸਟੇਟ ਕਿਵੇਂ ਖੇਡ ਦੀ ਹੈ, ਉਹ ਤੁਸੀਂ ਦੇਖ ਰਹੇ ਹੋ। ਜੋ ਵੀ ਹੋਇਆ ਤੇ ਜੋ ਵੀ ਹਸ਼ਰ ਤੁਹਾਡੇ ਸਾਹਮਣੇ ਹੈ।
 ਬੌਧਿਕਤਾ ਬੰਦ ਅਲਮਾਰੀਆਂ ਦੇ ਵਿੱਚ ਬਹਿ ਕੇ ਸਿਉਕ ਛੱਕਦੀ ਰਹੀ ਤੇ ਅਵਾਮ ਇਨਕਲਾਬ ਉਡੀਕਦਾ ਹੋਇਆ ਡੇਰਿਆਂ ਦਾ ਚੇਲਾ ਹੋ ਗਿਆ। ਲੋਕਾਂ ਦਾ ਭਰਮ ਧਰਮ ਵੱਲ ਵੱਧ ਗਿਆ ਤੇ ਡੇਰੇ ਵਾਲਿਆਂ ਦਾ ਧੰਦਾ ਚੱਲ ਪਿਆ। ਲੋਕ ਦੀਵਾਨ ਸੁਣ ਕੇ ਸਵਰਗ ਦੇ ਸੁਪਨੇ ਲੈਣ ਲੱਗੇ ਪਰ ਗਏ ਠੱਗੇ ਹਨ।
ਬੌਧਿਕਵਾਦੀ ਹੁਣ ਵਾਦ ਵਿਵਾਦ ਨਹੀਂ ਸੰਵਾਦ ਕਰਦੇ ਹਨ। ਮੱਠ ਦੇ ਮਹੰਤ ਬਣ ਕੇ ਮਰਨ ਜੰਮਣ ਤੇ ਖੁਸਰਿਆਂ ਤੇ ਮਿਰਾਸੀਆਂ ਦੇ ਵਾਂਗ ਵਧਾਈਆਂ ਦੇਣ ਤੇ ਅਫਸੋਸ ਕਰਨ ਜਾਂਦੇ ਹਨ। ਵਿਦੇਸ਼ਾਂ ਵਿੱਚ ਮੰਗਤਿਆਂ ਵਾਂਗੂੰ ਮੰਗਦੇ ਹਨ। ਉਥੇ ਸਟੇਜਾਂ ਤੇ ਚੀਕਦੇ ਹਨ। ਪੰਜਾਬੀ ਮਾਂ ਬੋਲੀ ਮਰ ਰਹੀ ਹੈ, ਇਸਨੂੰ ਬਚਾਉਣ ਲਈ ਪੌਂਡ ਤੇ ਡਾਲਰਾਂ ਦੀ ਸੇਵਾ ਕਰੋ। ਅਸੀਂ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਸੰਘਰਸ਼ ਕਰਦੇ ਹਾਂ। ਸਾਡਾ ਸਾਥ ਦੇਵੋ।
ਮੱਠਾਂ ਦੇ ਮਹੰਤ ਸੰਤ ਬਣ ਕੇ ਵੱਖ ਵੱਖ ਥਾਵਾਂ ਉਤੇ ਬੌਧਿਕ ਪ੍ਰਵਚਨਾਂ ਦੇ ਨਾਲ ਸਤਨਾਜਾ ਬੋਲੀ ਦਾ ਵਿਖਿਆਨ ਕਰਦੇ ਤੇ ਮਾਲ ਛੱਕਦੇ ਹਨ।
ਹਰ ਡੇਰੇ ਦਾ ਮਹੰਤ ਜੋ ਦਵੰਦਵਾਦੀ ਬੌਧਿਕ ਤੇ ਵਿਚ ਵਿਚਾਲੇ ਦਾ ਬੁਲਾਰਾ ਹੈ। ਉਹ ਹਰ ਥਾਂ ਬੈਰਾਗੀ ਸਾਧ ਬਣ ਕੇ ਗਜ਼ਾ ਕਰਦਾ ਹੈ ਤੇ ਉਸ ਦੀਆਂ ਚੇਲੀਆਂ ਆਪਣੇ ਆਪਣੇ ਡੇਰਿਆਂ ਦੇ ਵਿੱਚ ਬੌਧਿਕਤਾ ਦੇ ਦੀਵਾਨ ਸਜਾਉਦੀਆਂ ਪ੍ਰਭੂ ਦੇ ਗੁਣ ਗਾਉਦੀਆਂ ਹਨ!
ਹੁਣ ਬੌਧਿਕਤਾ ਦੀ ਕੰਗਾਲੀ ਦਾ ਜਨਾਜ਼ਾ ਸਾਡੇ ਅਧਿਆਪਕ ਕੱਢ ਰਹੇ ਹਨ। ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਕਿਤਾਬਾਂ ਖਰੀਦਣ ਦੇ ਲਈ ਗਰਾਂਟ ਦਿੱਤੀ ਹੈ। ਜੋ ਪਿਛਲੇ ਕਈ ਸਾਲ ਤੋਂ ਦਿੱਤੀ ਜਾ ਰਹੀ ਹੈ। ਸਿੱਖਿਆ ਵਿਭਾਗ ਨੇ ਕਿਤਾਬਾਂ ਖਰੀਦਣ ਦੇ ਲਈ ਸੂਚੀ ਵੀ ਜਾਰੀ ਕੀਤੀ ਹੈ। ਇਸਦੇ ਵਿੱਚ ਸਾਲ ਕੀ ਘਪਲੇ ਹੋਏ। ਇਸਦੀ ਚਰਚਾ ਅਗਲੀ ਵੇਰ ਤੇ ਕੌਮ ਦਾ ਨਿਰਮਾਤਾ ਕੀ ਕਰਦਾ ਹੈ ? ਜੋ ਗਲਤ ਕੰਮ ਕਰਦੇ ਹਨ..ਉਹ ਹੋਰਨਾਂ ਨੂੰ ਬਦਨਾਮ ਕਰਦੇ ਹਨ। ਬੌਧਿਕਤਾ ਕੰਗਾਲੀ ਨੇ ਹੁਣ ਤੱਕ ਕੀ ਕੀ ਗੁਲ ਖਿਲਾਏ ਹਨ ? ਤੁਸੀਂ ਦੇਖ ਹੀ ਰਹੇ ਹੋ । ਹੁਣ ਇਕ ਬੋਲੀ.ਇਕ ਝੰਡਾ ਤੇ ਇਕ ਰਾਸ਼ਟਰ ਵਾਲੀ ਵਿਚਾਰਧਾਰਾ ਵਾਲੇ ਘਰ ਘਰ ਪੁਜ ਗਏ ਹਨ। ਉਹ ਕੌਣ ਨੇ ਤੇ ਕੀ ਕਰਦੇ ਹਨ ? ਅਗਲੀ ਵਾਰੀ, ਸਾਖੀ ਅੱਗੇ ਤੁਰੇਗੀ। ਕੈਨੇਡਾ ਦੇ ਵਿੱਚ ਵਿਸ਼ਵ ਪੰਜਾਬੀ ਸੰਮੇਲਨ ਦੌਰਾਨ ਮੁੱਖ ਪ੍ਰਬੰਧਕ ਪੰਜਾਬ ਤੋਂ ਆਏ ਮਹਿਮਾਨਾਂ ਦੇ ਪੁਸਤਕ ਪ੍ਰਦਰਸ਼ਨੀ ਦੇ ਵਿੱਚ ਘੁੰਮ ਰਿਹਾ ਸੀ। ਪੰਜਾਬ ਤੋਂ ਆਏ ਬਿਸ਼ਨ ਸਿੰਘ ਨੇ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਵੀ ਕੋਈ ਕਿਤਾਬ ਖਰੀਦ ਲਵੋ, ਲੋਕਾਂ ਕਿਤਾਬਾਂ ਲਿਖਣ ਤੇ ਖ਼ਰੀਦਣ ਦੀਆਂ ਨਸੀਹਤਾਂ ਦੇਈ ਜਾਂਦੇ ਓ? ਡਾਕਟਰ ਸੁੱਚੇ ਦੀ ਭਾਬੀ ਨਾਲ ਕੌਫ਼ੀ ਪੀਣ ਲੱਗਿ‌ਆ ਹੋਇਆ ਸੀ। ਤਾਂ ਉਹ ਆਪੇ ਬਣਿਆ ਸਾਹਿਤ ਦਾ ਡਾਕਟਰ ਬੋਲਿਆ,  ਬਾਈ ਮੈਨੂੰ ਤਾਂ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਤੂੰ ਕਿਤਾਬਾਂ ਖਰੀਦਣ ਦੀ ਸਲਾਹ ਦਿੱਤੀ ਹੈ। ਇਹ ਕੰਮ ਤੁਹਾਡਾ ਹੈ, ਮੇਰਾ ਕੰਮ ਤਾਂ ਕਾਨਫਰੰਸਾਂ ਕਰਵਾਉਣਾ ਹੈ।
ਜਦੋਂ ਬੌਧਿਕਤਾ ਦੇ ਵਪਾਰੀ ਬਣ ਕੇ ਇਸ ਤਰ੍ਹਾਂ ਮਨਸੂਈ ਬੌਧਿਕਤਾ ਦਾ ਪ੍ਰਚਾਰ ਕਰਨਗੇ ਤਾਂ ਕੀ ਬਣੇਗਾ ਬੌਧਿਕਤਾ ਦਾ? ਅੱਜ ਕੱਲ੍ਹ ਪੰਜਾਬ ਦੇ ਝੋਲੀਚੁੱਕ ਵਿਦਵਾਨ ਮਨਸੂਈ ਬੌਧਿਕਤਾ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ।  ਪਰ ਪੰਜਾਬ ਦੇ ਵਿੱਚ ਬੌਧਿਕਤਾ ਬਰਫ਼ ਵਿੱਚ ਲੱਗੀ ਹੋਈ ਹੈ। ਇਸ ਨੂੰ ਬਰਫ਼ ਤੋਂ ਮੁਕਤ ਕਰਵਾਉਣ ਦੀ ਲੋੜ ਹੈ।
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article‘ਮੇਰਾ ਦੇਸ਼ ਮਹਾਨ’
Next articleBihar’s third survey for land consolidation, NITI Aayog’s Model Conclusive Land Titling Act and biometric authentication through Aadhaar Number for conclusive land title