ਕਵਿਤਾ ਦੇ ਜੇਠ
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਇਕ ਲੋਕ ਬੋਲੀ ਹੈ।, ਜਿਹੜੀ ਔਰਤ ਮਨ ਦੀ ਵੇਦਨਾ ਨੂੰ ਪ੍ਰਗਟ ਕਰਦੀ ਹੈ ਪਰ ਉਹ ਜੇਠ ਦੇ ਕੋਲੋਂ ਹੀ ਕਿਉਂ ‘ਪੰਜ’ ਰੁਪਏ ਮੰਗਦੀ ਹੈ ਇਸ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਤਾਂ ਮਨੋਵਿਗਿਆਨੀ ਹੀ ਕਰ ਸਕਦੇ ਹਨ ਪਰ ਇਸ ਦੇ ਅੰਦਰ ਛੁਪਿਆ ਉਹ ਸੱਚ ਹੈ ਜਿਸ ਨੂੰ ਅਸੀਂ ਨਾ ਨਿਕਾਰਦੇ ਤੇ ਨਾ ਹੀ ਸਵੀਕਾਰ ਕਰਦੇ ਹਾਂ ਪਰ ਸੱਚ ਤੋਂ ਮੁੱਨਕਰ ਨਹੀਂ ਹੋਇਆ ਜਾ ਸਕਦਾ ਖੈਰ ਤੁਸੀਂ ਆਪੇ ਹੀ ਲਾਓ ਲੱਖਣ ਤੇ ਕਰੋ ਵਿਚਾਰ-ਇਹ ਲੋਕ ਬੋਲੀ ਕੀ ਕਹਿੰਦੀ ਐ ?
”ਜੇਠਾ ਵੇ ਦੇ ਦੇ ਪੰਜ ਰੁਪਈਏ,
ਮੈਂ ਚੜਵਾਉਣੀਆਂ ਵੰਗਾਂ।”
ਆ ਹੁਣ ਜਦੋਂ ਦੀ ਧਰਤੀ ਗਲੋਬਲ ਹੋਈ ਹੈ, ਫੇਸ ਬੁੱਕ, ਟਵਿੱਟਰ ਤੇ ਇੰਟਰਨੈੱਟ ਆਇਆ ਬਸ ਉਦੋਂ ਤੋਂ ਹੀ ਕਵਿਤਾ ਦੀਆਂ ਬਾਹਵਾਂ ਵਿੱਚ ਵੰਗਾਂ ਚੜਾਉਣ ਵਾਲਿਆਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਜਿਸ ਦੇ ਚਿੱਤ ਵਿੱਚ ਜੋ ਆਉਂਦਾ, ਉਹ ਕਵਿਤਾ ਦੇ ਨਾਂ ਉਤੇ ਬੇਹੇ ਕੜਾਹ ਵਾਂਗ ਪਰੋਸੀ ਜਾ ਰਿਹਾ। ਪੰਜਾਬੀ ਦੇ ਵਿਚ ਸਭ ਤੋਂ ਵੱਧ ਕਵਿਤਾ ਲਿਖੀ ਜਾ ਰਹੀ ਹੈ ਤੇ ਛਪ ਰਹੀ ਹੈ। ਇਹ ਕਵਿਤਾ ਦੇ ਨਾਂ ਹੇਠ, ਵੰਗਾਂ ਵੀ ਕੱਚ ਦੀਆਂ ਹਨ ਤੇ ਰੰਗ-ਬਰੰਗੀਆਂ, ਕਾਲੀਆਂ, ਪੀਲੀਆਂ, ਨੀਲੀਆਂ ਤੇ ਚਿੱਟੀਆਂ ਪਾਠਕਾਂ ਨੂੰ ਪਹਿਨਾਈਆਂ ਜਾਂਦੀਆਂ ਹਨ। ਪਰ ਕੱਚ ਦੇ ਸੱਚ ਨੂੰ ਕੋਈ ਨਹੀਂ ਜਾਣਦਾ- ”ਕੱਚੀ ਯਾਰੀ ਲੱਡੂਆਂ ਦੀ” । ਲੱਡੂ ਖਾ ਕੇ ਤੁਰ ਦੀ ਬਣੀ।
ਇਸ ਬੋਲ ਦੇ ਵਾਂਗ, ਹਰ ਕੋਈ ਆਪਣੀ ਟੁੱਟੀ ਯਾਰੀ ਦੇ ਕੀਰਨੇ ਪਾਉਂਦਾ ਹੈ ਤੇ ਕਵਿਤਾ ਦੀਆਂ ਬਾਹਾਂ ਵਿੱਚ ਵੰਗਾਂ ਚੜ੍ਹਾਉਂਦਾ ਹੈ। ਉਨ੍ਹਾਂ ਨੂੰ ਨਾ ਤਾਂ ਕੱਚ ਦੀ ਤਾਸੀਰ, ਰੰਗਾਂ ਦੀ ਭਾਸ਼ਾ, ਬੋਲੀ ਤੇ ਉਸ ਦੇ ਸੁਭਾਅ ਦਾ ਗਿਆਨ ਤੇ ਨਾ ਹੀ ਸਮਝ ਹੈ। ਹਾਂ ਜੇ ਉਨ੍ਹਾਂ ਨੂੰ ਗਿਆਨ ਹੋਵੇ ਤਾਂ ਉਹ ਕਵਿਤਾ ਦੀਆਂ ਵੰਗਾਂ ਚੁੱਕੀ ਨਾ ਫਿਰਨ। ਜਿਹਨਾਂ ਨੂੰ ਕਵਿਤਾ ਲਿਖਣ ਦਾ ਪਤਾ ਲੱਗ ਜਾਂਦਾ ਹੈ, ਉਹ ਸਾਹਿਤ ਦੇ ਉਸਤਾਦ ਮਿਸਤਰੀ ਬਣ ਜਾਂਦੇ ਹਨ ਤੇ ਉਹ ਫਿਰ ਕਵਿਤਾ ਲਿਖਣ ਵਾਲੇ ਠੇਕਦਾਰ ਬਣ ਬਹਿੰਦੇ ਹਨ।
ਹੁਣ ਆ ਜਦੋਂ ਦਾ ਕਿਤਾਬ ਛਾਪਣ ਦਾ ਕੰਮ ਸੁਖਾਲਾ ਹੋਇਆ ਹੈ। ਇਹ ਨੇ ਰਹ ਕੋਈ ਕਵੀ ਤੇ ਕਵਿਤਰੀ ਬਣਾ ਦਿੱਤੀ ਹੈ। ਜਿਸ ਦੀ ਜੇਬ ‘ਚ ਦਮੜੇ ਹਨ; ਉਹ ਆਪਣੀਆਂ ਵੰਗਾਂ ਦੀ ਪਟਾਰੀ ਚੁੱਕ ਕੇ ਪ੍ਰਕਾਸ਼ਕ ਦੇ ਮੱਥੇ ਵਿੱਚ ਇੱਟ ਵਾਂਗ ਵੱਜਦਾ। ਅੱਗੋਂ ਪ੍ਰਕਾਸ਼ਕ ਵੀ ਘਰੇ ਆਈ ਵਿਆਹ ਦੀ ਡੋਲੀ ਵਾਂਗ ਉਸ ਦਾ ਸਵਾਗਤ ਕਰਦਾ ਹੈ। ਉਹ ਪਹਿਲਾਂ ਤਾਂ ਉਸ ਦੇ ਸਿਰ ਉਤੋਂ ਪਾਣੀ ਵਾਰ ਕੀ ਪੀਂਦਾ ਹੈ। ਅਸੀਸਾਂ ਦੇਂਦਾ ਤੇ ਆਂਢਣਾਂ-ਗੁਆਂਢਣਾਂ ਵਾਂਗ ਉਸ ਦੀ ‘ਸਾਹਿਤ ਪਟਾਰੀ’ ਲਈ ‘ ਸਾਹਿਤ ਦੇ ਵਿਦਵਾਨ-ਮਰਾਸੀਆਂ ‘ ਤੋਂ ਸਿਹਰੇ ਲਿਖਵਾਉਦਾ ਤੇ ਰੀਲੀਜ਼ ਸਮਾਗਮ ‘ਤੇ ਪੜਾਉਂਦਾ ਹੈ। ਉਝ ਤਾਂ ਪ੍ਰਕਾਸ਼ਕ ਦੀਆਂ ਪੌੜੀਆਂ ਚੜ੍ਹ ਕੇ ਹੀ ਪਤਾ ਲੱਗਦਾ ਹੈ ਕਿ ਪ੍ਰਕਾਸ਼ਕ ਕੀ ਤਾਰੇ ਵਿਖਾਉਦਾ ਹੈ ਜਿਵੇਂ ਪੁਲਸ ਵਾਲੇ ਪਰਚਾ ਦਰਜ ਕਰਨ ਤੇ ਕੇਸ ਭੁਗਤਣ ਦੇ ਦੁੱਖ ਦੱਸਦੇ ਹਨ, ਤੇ ਅੱਜ ਕੱਲ੍ਹ ਹਸਪਤਾਲਾਂ ਵਾਲੇ ਮਰੀਜ਼ ਦੇ ਵਾਰਿਸਾਂ ਨੂੰ ਡਰਾਉਂਦੇ ਤੇ ਵਰਚਾਉਂਦੇ ਹਨ। ਮਰੀਜ਼ ਭਾਵੇਂ ਠੀਕ ਹੋਵੇ ਪਰ ਨਾਲ ਆਏ ਦੀਆਂ ਪੁਦੀੜਾਂ ਪੁਆ ਦੇਂਦੇ ਹਨ। ਹੁਣ ਤਾਂ ਹਸਪਤਾਲਾਂ ਵਾਲਿਆਂ ਨੇ ਬਾਊਸਰ ਵੀ ਰੱਖ ਲਏ ਹਨ , ਲੇਖਕਾਂ , ਕਵੀਆਂ ਤੇ ਕਵਿਤਰੀਆਂ ਤੇ ਪ੍ਰਕਾਸ਼ਕਾਂ ਨੇ ਜਿਵੇਂ ਆਲੋਚਕ ਰੱਖੇ ਹੋਏ ਹਨ। ਕੰਮ ਸਭ ਦਾ ਇੱਕੋ ਜਿਹਾ ਹੈ ਝੂਠ ਨੂੰ ਸੱਚ ਬਣਾਉਣਾ।
ਖ਼ੈਰ ਆਪਾਂ ਤਾਂ ਜੇਠ ਦੀ ਗੱਲ ਕਰਦੇ ਸੀ, ਜਦੋਂ ਦਾ ਵਟਸਅਪ, ਫੇਸ ਬੁੱਕ ਉਤੇ ਮੇਰੀ ਪਤਨੀ ਨੇ ਖਾਤਾ ਖੋਲਿਆ ਐ। ਬਸ ਉਸ ਨੂੰ ਇਸ ਦਾ ਭੂਤ ਹੀ ਚੜ੍ਹ ਗਿਆ। ਹਮ ਵੀ ਕਵੀ ਹੋਤੇ ਹੈ। ਹੁਣ ਦਿਨ ਰਾਤ ਉਹਦੇ ਨਾਲ ਚਿੰਬੜੀ ਰਹਿੰਦੀ ਐ। ਚੁੱਲੇ ਉਤੇ ਦਾਲ ਧਰ ਕੇ ਭੁੱਲ ਜਾਂਦੀ ਐ, ਚਾਹ ਧਰੂ, ਸੜ ਕੇ ਉਹ ਲੁੱਕ ਬਣ ਜਾਊ। ਪਰ ਇਹ ਆਪਣੇ ਮੋਬਾਇਲ ਤੋਂ ਆਪਣੀਆਂ ਅੱਖਾਂ ਪਰੇ ਨਹੀਂ ਕਰਦੀ।
ਪਹਿਲਾਂ ਪਹਿਲਾਂ ਤਾਂ ਉਹ ਹੋਰਨਾਂ ਦੀਆਂ ਕਵਿਤਾਵਾਂ ਪਾਉਂਦੀ ਸੀ। ਜਦੋਂ ਕਿਸੇ ਨੇ ਲਾਈਕ ਕਰਨਾ, ਨਾਲ ਹੀ ਕਮਿੱਟ ਕਰ ਦੇਣਾ, ਕਮਾਲ ਐ, ਬਹੁਤ ਵਧੀਆ, ਲਿਖਦੇ ਰਹੋ। ਉਸਨੇ ਹੋਰ ਫੱਟੇ ਚੱਕ ਦੇਣੇ। ਹੁਣ ਅੱਗਿਓਂ ਲਾਈਕ ਕਰਨ ਵਾਲੇ ਵੀ ਅਜਿਹੇ ਹੀ ਹੁੰਦੇ, ਜਿਨਾਂ ਨੂੰ ਇਹ ਵੀ ਪਤਾ ਨਹੀਂ ਸੀ ਹੁੰਦਾ ਕਿ ਜਿਹੜੀਆਂ ਕਵਿਤਾ ਦੀਆਂ ਲਾਈਨਾਂ ਨੂੰ ਉਹ ਕਮਾਲ ਦੀ ਕਹਿ ਰਹੇ ਹਨ ਤੇ ਉਸ ਦੀ ਸਿਫ਼ਤ ਕਰ ਰਹੇ ਹਨ। ਉਹ ਸਿਫਤ ਕਰਨ ਦੇ ਜੋਗ ਤਾਂ ਹਨ – ਪਰ ਉਸ ਦੀ ਸਿਰਜਕ ਮੇਰੀ ਪਤਨੀ ਨਹੀਂ ਬਲਕਿ ਕੋਈ ਹੋਰ ਵੱਡਾ ਸ਼ਾਇਰ ਹੈ। ਪਰ ਫੇਸ ਬੁੱਕ ਦੇ ਬਹੁਤੇ ‘ਸ਼ਾਇਰ’ ਤਾਂ ਕਿਤਾਬ ਤੋਂ ਇਉਂ ਡਰਦੇ ਹਨ ਜਿਵੇਂ ਗੁਲੇਲ ਤੋਂ ਕਾਂ। ਪਰ ‘ਹੁਣ ਕਾਂ ਨੂੰ ਕੌਣ ਹਟਾਵੇ ਕਿ ਉਹ ਕਾਂ-ਕਾਂ ਨਾ ਕਰੇ।’ ਉਹਨਾਂ ਤਾਂ ਕਾਵਾਂ ਰੌਲੀ ਪਾਉਣੀ ਹੀ ਹੁੰਦੀ ਹੈ। ਇਹ ਪਾਈ ਜਾਂਦੇ ਹਨ। ਕੋਈ ਸੁਣੇ ਜਾਂ ਨਾ ਸੁਣੇ। ਉਨ੍ਹਾਂ ਨੂੰ ਕੀ ਐ!
ਇੱਕ ਦਿਨ ਤਾਂ ਇਕ ਫੇਸ ਬੁਕੀ ਨੇ ਕਮਾਲ ਹੀ ਕਰ ਦਿੱਤੀ। ਉਸ ਨੇ ਮੇਰੀ ਪਤਨੀ ਨੂੰ ਲਿਖ ਦਿੱਤਾ ਕਿ ‘ਤੁਸੀਂ ਛੇਤੀ ਛੇਤੀ ਆਪਣੀ ਕਿਤਾਬ ਛਾਪੋ, ਅਸੀਂ ਉਸ ਕਿਤਾਬ ਨੂੰ ਵੱਡੇ ਸਮਾਗਮ ਵਿੱਚ ਰੀਲੀਜ ਕਰਾਂਗੇ। ਅਸੀਂ ਫੇਸ ਬੁਕ ਵਾਲਿਆਂ ਨੇ ਇੱਕ ਸਭਾ ਬਣਾਈ ਐ। ਸਾਡੇ ਕੋਲ ਇੱਕ ਅਜਿਹਾ ਪ੍ਰਕਾਸ਼ਕ ਐ, ਜਿਹੜਾ ਬਿਨਾਂ ਕਿਸੇ ਲਾਭ-ਹਾਨੀ ਦੇ ਕਿਤਾਬ ਛਾਪ ਦਿੰਦਾ ਹੈ। ਤੁਸੀਂ ਬਸ ਵੀਹ ਹਜ਼ਾਰ ਰੁਪਏ ਦਾ ਪ੍ਰਬੰਧ ਕਰੋ। ਬਸ ਫੇਰ ਦੇਖਿਓ ਅਸੀਂ ਤੁਹਾਨੂੰ ਕਿਤਾਬ ਦਾ ਸਰਪਰਾਈਜ਼ ਦੇਵਾਂਗੇ। ਤੁਹਾਡੀਆਂ ਅਸੀਂ ਸਾਰੀਆਂ ਹੀ ਕਵਿਤਾਵਾਂ ਸੰਭਾਲੀਆਂ ਹੋਈਆਂ ਹਨ। ਤੁਹਾਡੇ ਹਾਂ ਪੱਖੀ ਹੁੰਗਾਰੇ ਦੀ ਉਡੀਕ ਕਰਾਂਗਾ।’
ਉਸ ਦੀ ਇਹ ਟਿੱਪਣੀ ਪੜ੍ਹਕੇ ਪਤਨੀ ਤਾਂ ਘਰ ਵਿੱਚ ਇਉਂ ਭੱਜੀ ਫਿਰੇ ਜਿਵੇਂ ਵਿਆਹ ਵਿੱਚ ਨੈਣ ਭੱਜੀ ਫਿਰਦੀ ਹੁੰਦੀ ਐ।
ਜਦੋਂ ਮੈਂ ਪੁੱਛਿਆ ‘ਕੀ ਗੱਲ ਐ! ਅੱਜ ਸਰਕਾਰ ਬੜੀ ਖੁਸ਼ ਏ, ਜਿਵੇਂ ਅੱਜ ਕੱਲ੍ਹ ਭਾਜਪਾ ਸਰਕਾਰ, ਧੱਕੇ ਨਾਲ ਚੋਣਾਂ ਜਿੱਤ ਕੇ, ਆਪਣੀ ਪਿੱਠ ਆਪੇ ਥਾਪੜੀ ਜਾਂਦੀ ਐ। ਪਰ ਤੈਨੂੰ ਕਿਹੜੀ ਗਿੱਦੜ ਸਿੰਗੀ ਲੱਭ ਗਈ?’
ਆਖਣ ਲੱਗੀ ‘ਥੋਨੂੰ ਕਈ ਵਰੇ ਹੋ ਗਏ ਲਿਖਦਿਆਂ, ਤੁਹਾਡੀ ਇਕ ਕਿਤਾਬ ਨਹੀਂ ਛਪੀ। ਮੈਂ ਅਜੇ ਲਿਖਣਾ ਵੀ ਸ਼ੁਰੂ ਨਹੀਂ ਕੀਤਾ, ਪ੍ਰਸੰਸਕ ਮੇਰੀ ਕਿਤਾਬ ਛਾਪਣ ਦੀ ਤਿਆਰੀ ਕਰੀ ਫਿਰਦੇ ਹਨ।’ ਉਸਨੇ ਇੰਝ ਆਖਿਆ ਤਾਂ ਲੱਗਿਆ ਮੇਰੇ ਸਿਰ ਵਿੱਚ ਡਾਂਗ ਮਾਰਤੀ ਹੋਵੇ। ਫੇਰ ਸੰਭਲ ਕੇ ਆਖਿਆ, ‘ਭਗਵਾਨੇ! ਤੇਰੀ ਕਿਹੜੀ ਕਿਤਾਬ, ਤੈਂ ਕਦੇ ਅੱਖਰ ਨਹੀਂ ਲਿਖਿਆ। ਕਿਤਾਬ ਤੇਰੀ ਕਿਵੇਂ ਛਪੂ?’ ਮੈਂ ਹੈਰਾਨੀ ਪ੍ਰਗਟ ਕੀਤੀ। ਜਦੇ ਹੀ ਉਸ ਦੇ ਮੋਬਾਇਲ ‘ਤੇ ਮੈਸਿਜ ਆ ਗਿਆ। ਉਹਨੇ ਮੇਰੇ ਸਾਹਮਣੇ ਮੋਬਾਈਲ ਕਰ ਦਿੱਤਾ।
‘ਮੈਡਮ ਕਿਤਾਬ ਲਿਖਣ ਵਾਲੇ ਦਾ ਵੀ ਪ੍ਰਬੰਧ ਹੋ ਗਿਆ। ਤੁਸੀਂ ਫਿਕਰ ਨਹੀਂ ਕਰਨਾ। ਹੁਣ ਫਿਕਰ ਅਸੀਂ ਕਰਾਂਗੇ।
ਉਹਨਾਂ ਨੇ ਪਹਿਲਾਂ ਵੀ ਕਈ ਬੀਬੀਆਂ ਦੀਆਂ ਕਿਤਾਬਾਂ ਲਿਖੀਆਂ ਹਨ। ਬਸ ਖਰਚ ਥੋੜ੍ਹਾ ਹੋਰ ਕਰਨਾ ਪਊ, ਤੁਸੀਂ ਫਿਕਰ ਨਾ ਕਰੋ। ਤੁਸੀਂ ਸਾਡੇ ਅਕਾਊਂਟ ‘ਚ ਬਸ ਦਸ ਕੁ ਹਜ਼ਾਰ ਰੁਪਏ ਜਮ੍ਹਾਂ ਕਰਾ ਦਿਓ। ਬਾਕੀ ਬਾਅਦ ‘ਚ ਤੁਸੀਂ ਕਿਸ਼ਤਾਂ ਵਿੱਚ ਜਮ੍ਹਾਂ ਕਰਵਾ ਦੇਣੇ। ਜਿਸ ਦਿਨ ਤੁਸੀਂ ਪੈਸੇ ਜਮ੍ਹਾਂ ਕਰਵਾ ਦਿੱਤੇ, ਬਸ ਉਸ ਦਿਨ ਤੋਂ ਸਵਾ ਮਹੀਨੇ ਬਾਅਦ ਆਪਾਂ ‘ਮਕਰਾਂ ਦੇ ਮੱਕੇ’ ਵਿੱਚ ਇਹ ਕਿਤਾਬ ਰੀਲੀਜ਼ ਕਰਾਂਗੇ। ਬਸ ਤੁਸੀਂ ਖਾਣ-ਪੀਣ ਦਾ ਪ੍ਰਬੰਧ ਕਰ ਲੈਣਾ। ਬਾਕੀ ਸਾਡਾ ਕੰਮ ਐ, ਪ੍ਰੈਸ ਵਿੱਚ ਵੱਡੀ ਖ਼ਬਰ ਫੋਟੋ ਸਮੇਤ ਛਾਪਣ ਦਾ ਵੀ ਪ੍ਰਬੰਧ ਹੋ ਗਿਆ। ਤੁਸੀਂ ਤਿਆਰੀ ਕਰੋ।’ ਤੁਹਾਡੀ ਸਾਰੇ ਪਾਸੇ ਬੱਲੇ ਬੱਲੇ ਹੋ ਜਾਣੀ ਐਂ, ਕੋਈ ਇਨਾਮ ਵੀ ਦੁਆ ਸਕਦੇ!”
ਪਤਨੀ ਨੇ ਜਦੋਂ ਮੈਸਿਜ ਦੀ ਗੱਲ ਦੱਸੀ। ਮੈਂ ਸਿਰ ਫੜ ਕੇ ਬੈਠ ਗਿਆ। ਸੋਚਣ ਲੱਗ ਪਿਆ ਜੇ ਪੰਜਾਬੀ ਸਾਹਿਤ ਵਿੱਚ ਇਹੋ ਜਿਹੇ ਲੇਖਕ ਤੇ ਕਵਿਤਰੀਆਂ ਆਉਣਗੀਆਂ ਤਾਂ ਫਿਰ- ਲੋਕ ਕਿਤਾਬਾਂ ਕਿਹੜੀਆਂ ਪੜ੍ਹਨਗੇ ? ਦਿਓਰਾ ਵੇ ਮੈਨੂੰ ਕਹਿਣ ਕੁੜੀਆਂ ਤੇਰੇ ਮੁੰਡੇ ਦਾ ਤਾਂ ਜੇਠ ਤੇ ਮੁੜੰਗਾ। ਮੈਂਨੂੰ ਗੁਲਸ਼ਨ ਕੋਮਲ ਦੇ ਇਹ ਬੋਲ ਯਾਦ ਕੀ ਆਏ ਤੌਣੀ ਆ ਗਈ। ਫੇਰ ਮਨ ਬਦਲਿਆ ਤੇ ਸੋਚਣ ਲੱਗਿਆ।
ਪੰਜਾਬੀ ਦੇ ਪਾਠਕ ਤਾਂ ਅਖਬਾਰ ਨੀ ਖਰੀਦ ਕੇ ਪੜ੍ਹਦੇ ਤੇ ਉਹ ਇਹੋ ਜਿਹੀਆਂ ਕਿਤਾਬਾਂ ਕਿੱਥੋਂ ਖਰਦੀਣਗੇ? ਕਈ ਵਾਰ ਪਾਠਕ ਤਾਂ ਅਖਬਾਰ ਵਿੱਚ ਕਿਤਾਬ ਦਾ ਰੀਵਿਊ ਪੜਕੇ, ਕਿਤਾਬ ਖਰੀਦ ਲੈਂਦਾ ਹੈ। ਪਰ ਜਦੋਂ ਪੜਦਾ ਤਾਂ ਮੱਥੇ ‘ਤੇ ਹੱਥ ਮਾਰਦਾ। ਰੀਵਿਊ ਕਰਨ ਵਾਲੇ ਵੀ ਕਿਤਾਬ ਨੂੰ ਅਸਮਾਨ ‘ਤੇ ਚੜ੍ਹ ਦੇਂਦੇ ਹਨ। ਅੱਗਿਓਂ ਪਾਠਕ ਉਸ ਨੂੰ ਪੜ੍ਹ ਕੇ ਕਿਤਾਬ ਖਰੀਦਣ ਤੁਰ ਪੈਂਦਾ ਹੈ। ਸਿਲਸਿਲਾ ਹੁਣ ਕਈ ਵਰ੍ਹਿਆਂ ਤੋਂ ਚਲ ਰਿਹਾ ਹੈ। ਪਤਨੀ ਨੂੰ ਖੁਸ਼ ਰੱਖਣ ਲਈ ਬੰਦੇ ਨੂੰ ਕੀ ਕੀ ਪਾਪੜ ਵੇਲਣੇ ਪੈਂਦੇ ਹਨ, ਇਹ ਤਾਂ ਸਾਰੇ ਹੀ ਜਾਣਦੇ ਹਨ- ਪਰ ਫੋਕੀ ਸ਼ੋਹਰਤ ਲਈ ‘ਅੱਕ ਚੱਬਣਾ’ ਔਖਾ ਹੁੰਦਾ ਹੈ। ਨਾਲੇ ਪਤਨੀ ਨੂੰ ਕੀ ਪਤਾ ਕਿ ਕਵਿਤਾ ਕੀ ਹੁੰਦੀ ਹੈ? ਪਰ ਉਸ ਨੂੰ ਤਾਂ ਫੇਸ ਬੁੱਕ ਵਾਲੇ ਰੋਜ਼ ਹੀ ਕੁਮੈਂਟ ਕਰ ਕਰ ਕੇ ਉਕਸਾ ਰਹੇ ਹਨ ਕਿ ਉਹ ਵੀ ਲੇਖਿਕਾ ਬਣ ਸਕਦੀ ਹੈ। ਪਰ ਉਹ ਨਹੀਂ ਜਾਣਦੀ ਕਿ….ਪਰਦੇ ਦੇ ਪਿੱਛੇ ਕੀ ਐ?
ਹੁਣ ਤੁਸੀਂ ਆਖੋਗੇ ਕਿ ਪਰਦੇ ਦੇ ਪਿੱਛੇ ਕੀ ਹੈ? ਭਾਈ ਸਾਹਿਬ-ਪਰਦੇ ਦੇ ਪਿੱਛੇ ਉਹੀ ਕੁੱਝ ਹੈ, ਜਿਹੜਾ ਘਰ ਵਾਲੇ ਦੇ ਆਦਮੀ ਦੇ ਮਰਨ ਤੋਂ ਬਾਅਦ ਕਰਦੇ ਆ। ਜਿਵੇਂ ਰੰਡੀ ਉਤੇ ਛੜਾ ਜੇਠ ਚਾਦਰ ਪਾਉਂਦਾ ਹੈ। ਫਿਰ ਇਸ ਚਾਦਰ ਦੇ ਅੰਦਰ ਕੀ ਹੁੰਦਾ ਹੈ?..ਇਹ ਤਾਂ ਤੁਸੀਂ ਵੀ ਸਮਝਦੇ ਤੇ ਜਾਣਦੇ ਹੋ। ਪਰ ਦੁੱਖ ਦੀ ਗੱਲ ਐ, ਜਿਹੜੇ ਸਭ ਕੁੱਝ ਜਾਣਦੇ ਹਨ, ਜਿਨਾਂ ਨੂੰ ਪਤਾ ਹੈ ਕਿ ਕਿਵੇਂ ਦੇ ‘ਕਵਿਤਾ ਦੇ ਜੇਠ’ ਵਧ ਰਹੇ ਹਨ। ਕਵਿਤਾ ਦੇ ਨਾਲ ਰੋਜ਼ਾਨਾ ‘ਗੈਂਗ ਰੇਪ’ ਹੁੰਦਾ। ਉਹ ਸਭ ਦੇ ਸਭ ਮੂੰਹ ‘ਚ ਘੁੰਗਣੀਆਂ ਪਾਈ ਬੈਠੇ ਹਨ। ਜਾਂ ਫਿਰ ਦੂਰੋਂ ਹੀ ਨਜ਼ਾਰੇ ਲੈ ਰਹੇ ਹਨ। ਕਈ ਤਾਂ ਰੋਜ਼ ਹੀ ਕੋਈ ਨਾ ਕੋਈ ਕਿਤਾਬ ਰੀਲੀਜ਼ ਕਰਕੇ ਅਖਬਾਰਾਂ ਨੂੰ ਫੋਟੋ, ਖਬਰ ਭੇਜ ਦੇਂਦੇ ਹਨ। ਬਸ ਉਨਾਂ ਦੀ ਏਸੇ ਨਾਲ ਹੀ ਰੋਟੀ ਹਜ਼ਮ ਹੋ ਜਾਂਦੀ ਐ। ਜਿਹਨਾਂ ਨੂੰ ਕਬਜ਼ ਜਾਂ ਗੈਸ ਦੀ ਬੀਮਾਰੀ ਹੁੰਦੀ ਐ। ਉਹ ਇੱਕ ਦੂਜੇ ਦੀਆਂ ਚੁਗਲੀਆਂ ਕਰ ਕੇ ਆਪਣੀ ਗੈਸ ਖਾਰਜ ਕਰ ਲੈਂਦੇ ਹਨ।
ਪਿਛਲੇ ਸਮਿਆਂ ਦੇ ਵਿਚ ਇਹੋ ਜਿਹੀਆਂ ਕਿੰਨੀਆਂ ਹੀ ਕਿਤਾਬਾਂ ਆਈਆਂ ਹਨ। ਜਿਸ ਵਾਰੇ ਮੈਨੂੰ ਗੀਤ ਯਾਦ ਆ ਗਿਆ-
‘ ਦਿਉਰਾ ਵੇ ਮੈਨੂੰ ਕਹਿਣ ਕੁੜੀਆਂ, ਤੇਰੇ ਮੁੰਡੇ ਦਾ ਤਾਂ ਜੇਠ ‘ਤੇ ਮੜੱਗਾ’
ਹੁਣ ‘ਕਵਿਤਾ ਦੇ ਜੇਠਾਂ’ ਨੂੰ ਕੋਈ ਕੀ ਦੱਸੇ, ਕਵਿਤਾ ਲਿਖਣੀ ਨਾ ਤਾਂ ਕਬਜ਼ ਹੈ, ਨਾ ਹੀ ਗੈਸ ਦੀ ਬੀਮਾਰੀ ਐ। ਉਹ ਤਾਂ ਰੋਜ਼ ਹੀ ਨਵੇਂ ਨਵੇਂ ਚੰਦ ਚਾੜੀ ਜਾਂਦੇ ਹਨ। ਇਹ ਚੰਦ ਹੁਣ ਸਾਡੇ ਘਰ ਵੀ ਚੜਨ ਵਾਲਾ ਹੈ। ਪਰ ਮੈ ਇਹ ਚੰਦ ਕਦੇ ਵੀ ਚੜ੍ਹਨ ਨਹੀਂ ਦਿਆਂਗਾ।
ਭਾਵੇਂ ਮੈਨੂੰ ਕੁੱਝ ਵੀ ਕਰਨਾ ਪਵੇ। ਅੱਖੀਂ ਵੇਖ ਕੇ ਮੱਖੀ ਤਾਂ ਨੀਂ ਨਿਗਲੀ ਜਾ ਸਕਦੀ। ਪਰ ਜਿਹੜੇ ਇਹ ਕਰੀ ਤੇ ਜਰੀ ਜਾ ਜਾਂਦੇ ਹਨ, ਉਹ ਕੌਣ ਹਨ ? ਕੀ ਉਹ ਮਾਂ ਬੋਲੀ ਦੇ ਦਲਾਲ ਨੇ ਜਾਂ ਚੰਡਾਲ ਹਨ, ਜਿਹੜੇ ਮਾਂ ਬੋਲੀ ਦੇ ਸੇਵਕ ਬਣੇ ਬੈਠੇ ਹਨ ? ਖੈਰ ਮੈਂ ਆਪਣੀ ਪਤਨੀ ਦਾ ਅਜਿਹਾ ਜੇਠ ਕਿਸੇ ਨੂੰ ਹਰਗਿਜ਼ ਨਹੀਂ ਬਣਨ ਦੇਵਾਂਗਾ ਤੇ ਨਾ ਅਖੌਤੀ ਕਵਿੱਤਰੀ ।
ਪੰਜਾਬੀ ਸਹਿਤ ਦੇ ਵਿਚ ਇਹੋ ਜਿਹੀਆਂ ਕਿੰਨੀਆਂ ਕੁ ਕਿਤਾਬਾਂ ਹਨ? ਇਸ ਦਾ ਪਤਾ ਤਾਂ ਕਿਤਾਬ ਪੜ੍ਹ ਹੀ ਪਤਾ ਲੱਗਦਾ ਹੈ। ਕਈ ਤਾਂ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਦੀਆਂ ਗ਼ਜ਼ਲਾਂ ਤੇ ਕਵਿਤਾਵਾਂ ਆ ਰਹੀਆਂ ਹਨ, ਜਿਹਨਾਂ ਅਰਬੀ, ਫਾਰਸੀ ਤੇ ਉਰਦੂ ਦਾ ਪਤਾ ਨਹੀਂ ਉਹ ਆਪਣੀਆਂ ਕਵਿਤਾਵਾਂ ਦੇ ਵਿਚ ਉਹ ਸ਼ਬਦ ਵਰਤ ਰਹੇ ਹਨ।
ਪਰ ਜਦੋਂ ਕੋਈ ਸ਼ਬਦ ਦੇ ਅਰਥ ਪੁੱਛ ਲੈਂਦਾ ਹੈ ਤਾਂ ‘ ਵਾੜ ‘ਚ ਫਸੇ ਬਿੱਲੇ ਵਾਂਗ ਦੇਖਦੇ ਹਨ ਤੇ ਉਹਨਾਂ ਨੂੰ ਕਨੈਡਾ ਵਿਚ ਵੀ ਤੌਣੀ ਤੇ ਦੁੱਬਈ ਚ ਠੰਡ ਲੱਗਣ ਲੱਗਦੀ ਹੈ। ਪਰ ਹੁਣੇ ਹੀ ਪਤਾ ਲੱਗਾ ਹੈ ਕਿ ਇਕ ਹੀ ਨਹੀਂ ਕਈਆਂ ਦੀ ਕਿਤਾਬ ਵੀ ਕਿਸੇ ਦੀ ਲਿਖੀ ਤੇ ਕਿਸੇ ਦੇ ਨਾਂ ‘ਤੇ ਛਪੀ ਹੋਈ ਆ ਗਈ ਹੈ। ਤੁਹਾਡਾ ਕੀ ਖਿਆਲ ਏ ਜੀ? ਪਰ ਇਹ ਜੋ ਕੁੱਝ ਵੀ ਹੋ ਰਿਹਾ ਹੈ ਇਸ ਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ?
ਬੁੱਧ ਸਿੰਘ ਨੀਲੋਂ
94643-70823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly