ਬੁੱਧ ਚਿੰਤਨ

ਬੁੱਧ ਸਿੰਘ ਨੀਲੋਂ

ਐ ਮੇਰੇ ਪੰਜਾਬ ! ਤੇਰਾ ਕੌਣ ਬੇਲੀ ?

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ) ਪੰਜਾਬ ਵਿੱਚ ਜਦੋਂ ਕਿਤੇ ਚੋਣ ਦਾ ਮੈਦਾਨ ਪੂਰੀ ਤਰ੍ਹਾਂ ਭਖਿਆ ਹੁੰਦਾ ਹੈ ਤਾਂ ਹਾਲਾਤ ਜੰਗ ਦੇ ਮੈਦਾਨ ਵਰਗੇ ਬਣ ਜਾਂਦੇ ਹਨ। ਨਵੇਂ ਤੇ ਪੁਰਾਣੇ, ਛੋਟੇ ਤੇ ਵੱਡੇ ਆਗੂ ਪਸੇਰੀ ਦੇ ਡੱਡੂਆਂ ਵਾਂਙੂੰ ਮੈਦਾਨ ਵਿੱਚ ਕੁੱਦ ਪੈਂਦੇ ਹਨ ਤੇ ਦਰ-ਦਰ ਘਰ-ਘਰ ਹੱਥ ਜੋੜੀ ਵੋਟਾਂ ਮੰਗਦੇ ਨਜ਼ਰ ਆਉਂਦੇ ਹਨ । ਦਿੱਲੀ ਦਰਬਾਰ ਵਾਲ਼ੇ ਪੰਜਾਬ ਦੇ ਡੇਰਿਆਂ ਵਿੱਚ ਗੇੜੇ ਮਾਰਨ ਲਗਦੇ ਹਨ। ਪੰਜਾਬ ਤੇ ਪੰਜਾਬੀਆਂ ਦੀ ਕਮਜ਼ੋਰੀ ਬਣੇ ਇਹ ਡੇਰੇ ਸੋਸ਼ਲ ਮੀਡੀਆ ਕੰਪਨੀਆਂ ਵੱਲੋਂ ਆਪਣੇ ਗਾਹਕਾਂ ਦੀ ਜਾਣਕਾਰੀ ਗੁੱਪਚੁੱਪ ਵੇਚਣ ਵਾਂਙੂੰ ਆਪਣੀ ਸੰਗਤ ਨੂੰ ਚੁੱਪਚਾਪ ਅਗਾਂਹ ਸਿਆਸੀ ਵਪਾਰੀਆਂ ਕੋਲ਼ ਵੇਚ ਦੇਂਦੇ ਹਨ ।
ਪੰਜਾਬ ਵਿੱਚ ਓਨੇ ਪਿੰਡ, ਸਰਕਾਰੀ ਸਕੂਲ, ਕਾਲਜ ਤੇ ਹਸਪਤਾਲ ਨਹੀਂ ਹੈਗੇ, ਜਿੰਨੇ ਪਖੰਡੀ ਸਾਧਾਂ ਦੇ ਡੇਰੇ ਹਨ। ਪੰਜਾਬ ਦੀ ਆਬਾਦੀ ਸਵਾ ਤਿੰਨ ਕਰੋੜ ਹੈ ਪਰ ਪੰਜਾਬ ਉਪਰ ਕਰਜ਼ਾ ਪੰਜ ਹਜ਼ਾਰ ਕਰੋੜ ਤੋਂ ਉਪਰ ਚੜ੍ਹਿਆ ਹੋਇਆ ਹੈ । ਹਰ ਪੰਜਾਬੀ ਬਿਨਾਂ ਕਰਜ਼ਾ ਲਏ ਲੱਖ ਰੁਪਏ ਦਾ ਕਰਜ਼ਾਈ ਹੈ । ਸਿਆਸੀ ਆਗੂਆਂ ਦੀ ਸਾਰੀ ਉਮਰ ਸੱਤਾ ਮਾਨਣ ਦੀ ਲਾਲਸਾ ਨੇ ਨਾਲ਼ੇ ਤਾਂ ਪੰਜਾਬ ਦੀ ਨੌਜੁਆਨੀ ਮਰਵਾਈ ਤੇ ਨਾਲ਼ੇ ਪੰਜਾਬ ਨੂੰ ਕਰਜ਼ੇ ਦੀ ਭਾਰੀ ਪੰਡ ਚੁਕਾ ਦਿੱਤੀ ਪਰ ਪੰਜਾਬ ਦੇ ਜ਼ਿਆਦਾਤਰ ਡੇਰੇਦਾਰ, ਸਿਆਸੀ ਆਗੂ ਤੇ ਸਮਾਜ ਨੂੰ ਸੇਧ ਦੇਣ ਵਾਲ਼ੇ ਪੜ੍ਹੇ ਲਿਖੇ ਦਾਨੇ ਬੰਦੇ ਚੁੱਪਚਾਪ ਵੇਖਦੇ ਰਹੇ । ਪੰਜਾਬ ਦੀ ਇਸ ਨਿੱਘਰੀ ਹਾਲਤ ਲਈ ਕਾਮਰੇਡ, ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਸਿਆਸੀ ਆਗੂਆਂ ਦੇ ਨਾਲ਼ ਨਾਲ਼ ਧਰਮ ਅਤੇ ਜਾਤਪਾਤ ਦੇ ਆਧਾਰ ਤੇ ਬਣੀਆਂ ਜਥੇਬੰਦੀਆਂ ਦੇ ਉਹ ਸਾਰੇ ਹੀ ਆਗੂ ਜੁੰਮੇਵਾਰ ਹਨ ਜਿਹਨਾਂ ਨੇ ਆਪਣੀ ਚੌਧਰ ਬਚਾਉਣ ਲਈ ਪੰਜਾਬ ਨੂੰ ਹਜ਼ਾਰ ਸਾਲ ਦੀ ਗ਼ੁਲਾਮੀ ਦੇ ਦੌਰ ਵਰਗੀ ਸ਼ਿਕਾਰਗਾਹ ਬਣਾਉਣ ‘ਚ ਆਪਣਾ ਪੂਰਾ ਯੋਗਦਾਨ ਪਾਇਆ । ਹੁਣ ਤਾਂ ਕੁਝ ਵੀ ਲੁਕਿਆ ਛਿਪਿਆ ਨਹੀਂ ਰਹਿ ਗਿਆ ਹੈ। ਕਾਲ਼ੇ ਦੌਰ ਤੋਂ ਬਾਅਦ ਚਸ਼ਮਦੀਦ ਗਵਾਹਾਂ ਵੱਲੋਂ ਲਿਖੀਆਂ ਗਈਆਂ ਬਹੁਤ ਸਾਰੀਆਂ ਕਿਤਾਬਾਂ ਨੇ ਸੱਚ ਨੰਗਾ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਅੱਤਵਾਦ ਕੀਹਨਾਂ ਦੀ ਮਿਹਰਬਾਨੀ ਨਾਲ਼ ਫੈਲਿਆ ਸੀ ? ਕੌਣ ਕੌਣ ਦਿੱਲੀ ਨੂੰ ਚਿੱਠੀਆਂ ਲਿਖਦਾ ਰਿਹਾ ਤੇ ਕੌਣ ਕੌਣ ਗੁਪਤ ਬੈਠਕਾਂ ਕਰਦਾ ਰਿਹਾ । ਪੰਜਾਬੀਆਂ ਨੂੰ ਧੋਖਾ ਦੇਣ ਵਾਲ਼ੇ ਉਹਨਾਂ ਸਿਆਸੀ ਆਗੂਆਂ ਦਾ ਵਾਲ਼ ਵੀ ਵਿੰਙਾ ਨਾ ਹੋਇਆ ਤੇ ਉਹਨਾਂ ਦੇ ਵਰਗਲਾਏ ਆਮ ਲੋਕ ਬੇਮੌਤ ਮਰਦੇ ਰਹੇ ।
ਹੁਣ ਚਾਰ ਦਹਾਕਿਆਂ ਬਾਅਦ ਨੌਜਵਾਨਾਂ ਨੂੰ ਫੇਰ ਉਸੇ ਰਾਹ ਤੋਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ । ਧਰਮ ਦੀ ਆੜ ਵਿੱਚ ਮਨੁੱਖਤਾ ਦਾ ਘਾਣ ਕਰਨ ਦੇ ਮਨਸੂਬੇ ਬਣ ਰਹੇ ਹਨ। ਇਹ ਵੇਖਕੇ ਬਹੁਤ ਦੁਖ ਹੁੰਦਾ ਹੈ ਕਿ ਬਹੁਤ ਕੁਝ ਗਵਾਉਣ ਦੇ ਬਾਵਜੂਦ ਸਾਨੂੰ ਅਕਲ ਨਹੀਂ ਆਈ । ਅਸੀਂ ਆਪਣੇ ਧੀਆਂ ਪੁੱਤਾਂ ਦੇ ਕਾਤਲਾਂ ਨੂੰ ਆਗੂ ਬਣਾਉਦੇ ਰਹੇ ਤੇ ਸੱਥਾਂ ਤੇ ਥਾਣਿਆਂ ਵਿੱਚ ਆਪਣੀਆਂ ਦਾਹੜੀਆਂ ਪੁਟਵਾਉਂਦੇ ਤੇ ਪੱਗਾਂ ਲਹਾਉਦੇ ਰਹੇ । ਅਸੀਂ ਓਦੋਂ ਵੀ ਤੇ ਅੱਜ ਵੀ ਨਹੀਂ ਸਮਝ ਸਕੇ ਕਿ ਸਾਡਾ ਅਸਲ ਦੁਸ਼ਮਣ ਕੌਣ ਹੈ ਤੇ ਮਿੱਤਰ ਕੌਣ ਹੈ ? ਅਸੀਂ ਆਪਣੇ ਆਪ ਨੂੰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਤਾਨ ਸਮਝਦੇ ਹਾਂ ਪਰ ਉਸ ਵੱਲ ਪਿੱਠ ਕਰਕੇ ਖੜ੍ਹੇ ਹਾਂ । ਅਸਾਂ ਨਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਰਬ ਸਾਂਝੀ ਨਿਰਮਲ ਵਿਚਾਰਧਾਰਾ ਮੰਨੀ ਤੇ ਨਾ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸਮਝਿਆ ਹੈ ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਕਰਮਕਾਂਡ ਅਤੇ ਮੂਰਤੀ ਪੂਜਾ ਕਰਨ ਤੋਂ ਰੋਕਿਆ ਸੀ ਪਰ ਅਸੀਂ ਸਭ ਉਹੀ ਕੁਝ ਕਰਦੇ ਹਾਂ ਜੋ ਸਾਡੇ ਪੁਰਖੇ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ ਸਨ। ਅਸੀਂ ਸਿਰੇ ਦੇ ਪਖੰਡੀ ਤੇ ਵਹਿਮੀ ਬਣ ਗਏ ਹਾਂ। ਅਸੀਂ ਵਿਦਿਆ ਤਾਂ ਭਾਂਵੇਂ ਹਾਸਲ ਕਰ ਲਈ ਪਰ ਗਿਆਨ ਪੱਖੋਂ ਕੋਰੇ ਹੀ ਰਹੇ। ਅਸੀਂ ਗੁਰਦੁਆਰੇ ਤਾਂ ਪੱਕੇ ਬਣਾ ਲਏ ਪਰ ਆਪਣੇ ਫ਼ਰਜ਼ ਨਿਭਾਉਣ ਵਿਚ ਕੱਚੇ ਹੋ ਗਏ । ਜਦੋਂ ਅਜੇ ਵਿਦਿਆ ਦਾ ਬਹੁਤਾ ਪਸਾਰਾ ਨਹੀਂ ਸੀ ਹੋਇਆ ਉਦੋਂ ਪੰਜਾਬੀਆਂ ਦੇ ਘਰ ਵੀ ਤੇ ਧਰਮਸ਼ਾਲਾ/ਗੁਰਦੁਆਰੇ ਵੀ ਕੱਚੇ ਹੁੰਦੇ ਸਨ ਪਰ ਸਿੱਖ ਲੋਕ ਧਰਮ ਕਰਮ ਵਿਚ ਬੜੇ ਪੱਕੇ ਹੁੰਦੇ ਸਨ । ਉਦੋਂ ਸਿੱਖਾਂ ਦੀ ਗਿਣਤੀ ਭਾਂਵੇਂ ਘੱਟ ਸੀ ਪਰ ਉਹਨਾਂ ਵਿੱਚੋਂ ਸੱਚ ਉਤੇ ਪਹਿਰਾ ਦੇਣ ਵਾਲੇ ਬਹੁਗਿਣਤੀ ਵਿੱਚ ਹੁੰਦੇ ਸਨ । ਹੁਣ ਸਭ ਕੁਝ ਉਲਟ ਹੋਇਆ ਪਿਆ ਹੈ । ਅਸੀਂ ਸ਼ਬਦ ਗੁਰੂ ਨਾਲ਼ ਜੁੜਨ ਦੀ ਬਜਾਏ ਸਾਧਾਂ ਦੀਆਂ ਦੇਹਾਂ ਨਾਲ ਜੁੜ ਗਏ ਹਾਂ । ਗ਼ਲਤ ਰਸਤੇ ਭਟਕ ਗਏ ਹਾਂ । ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਰਮਲ ਵਿਚਾਰਧਾਰਾ ਦੇ ਵਿਰੋਧੀਆਂ ਵੱਲੋਂ ਸਾਨੂੰ ਇੱਕ ਗਿਣੀ ਮਿਥੀ ਸਾਜਿਸ਼ ਦੇ ਅਧੀਨ ਬੀਤੀਆਂ ਦੋ ਸਦੀਆਂ ਦੌਰਾਨ ਗਿਆਨ ਦੇ ਖਜ਼ਾਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ਼ੋਂ ਤੋੜਿਆ ਗਿਆ । ਸਾਨੂੰ ਗਿਆਨ ਨਾਲ਼ੋਂ ਦੂਰ ਕਰਕੇ ਦੇਹਾਂ ਨਾਲ ਜੋੜ ਦਿੱਤਾ ਗਿਆ ਹੈ ਤਾਂ ਹੀ ਡੇਰਿਆਂ ਦੀ ਬੱਲੇ ਬੱਲੇ ਹੋ ਰਹੀ ਹੈ । ਇੱਕ ਗੱਲ ਤਾਂ ਇੱਟ ਵਰਗੀ ਪੱਕੀ ਹੈ ਕਿ ਸਾਧਾਂ ਦੇ ਡੇਰਿਆਂ ਵਿੱਚ ਅੱਵਲ ਤਾਂ ਮਨੋਰੋਗੀ ਤੇ ਜਾਂ ਫਿਰ ਦਿਮਾਗੋਂ ਪੈਦਲ ਲੋਕ ਹੀ ਜਾਂਦੇ ਹਨ । ਉਹ ਡੇਰੇ ਦੇ ਸਾਧ ਨੂੰ ਆਦਿ ਜੁਗਾਦੀ ਕੁਦਰਤੀ ਨਿਯਮਾਂ ਨੂੰ ਪਲ਼ਟ ਦੇਣ ਵਾਲ਼ਾ ਕੋਈ ਮਹਾਂਬਲੀ ਸੂਰਾ ਸਮਝਦੇ ਹਨ ਅਤੇ ਉਸ ਕੋਲੋਂ ਭਾਂਤ ਭਾਂਤ ਦੇ ਵਰ ਮੰਗਦੇ ਹਨ, ਉਸਦੀ ਪਰਕਰਮਾ ਕਰਦੇ ਹਨ। ਹਰ ਮੱਸਿਆ, ਪੁੰਨਿਆਂ, ਸੰਗਰਾਂਦ ਜਾਂ ਦਸਮੀ ਨੂੰ ਸਾਧ ਦੇ ਡੇਰੇ ਚੌਂਕੀ ਲੱਗਦੀ ਹੈ। ਜਿਹਨਾਂ ਕਦੇ ਸਕੇ ਪਿਉ ਨੂੰ ਜੀ ਕਰਕੇ ਨਹੀਂ ਬੁਲਾਇਆ ਹੁੰਦਾ ਉਹਨਾਂ ਦਾ ਡੇਰੇ ਦੇ ਸਾਧ ਨੂੰ ਪਿਤਾ ਜੀ, ਪਿਤਾ ਜੀ ਕਹਿੰਦਿਆਂ ਮੂੰਹ ਨਹੀਂ ਸੁੱਕਦਾ।
“ਢਕੀ ਰਿੱਝੇ ਤੇ ਕਿਹੜਾ ਬੁੱਝੇ”
ਜਬਰ ਜਨਾਹ ਦੇ ਇਲਜ਼ਾਮ ਹੇਠ ਲੰਮੀ ਸਜ਼ਾ ਭੁਗਤ ਰਹੇ ਗਵਾਂਢੀ ਰਾਜ ਦੇ ਇਕ ਡੇਰੇਦਾਰ ਸਾਧ ਨੂੰ ਹੁਣ ਫੇਰ ਫਰਲੋ ਉਤੇ ਛੱਡ ਦਿੱਤਾ ਗਿਆ ਹੈ ਕਿਉਂਕਿ ਹੁਣ ਪੰਜ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲ਼ੀਆਂ ਹਨ। ਜ਼ਾਹਿਰ ਹੈ ਇਹ ਅਚਨਚੇਤੀ ਰਿਹਾਈ ਵੀ ਕਿਸੇ ਪਾਰਟੀ ਵੱਲੋਂ ਵੋਟਾਂ ਦੀ ਸੌਦੇਬਾਜ਼ੀ ਕਾਰਨ ਹੀ ਕੀਤੀ ਗਈ ਹੋਵੇਗੀ। ਤਾਂ ਹੀ ਆਖਿਆ,”ਢਕੀ ਰਿੱਝੇ ਤੇ ਕਿਹੜਾ ਬੁੱਝੇ”
ਹਮ ਨਹੀਂ ਸੁਧਰੇਂਗੇ: ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਅਤੇ ਉਹਨਾਂ ਦੇ ਜਾਨਸ਼ੀਨ ਗੁਰੂ ਸਾਹਿਬਾਨ ਨੇ ਸਮਾਜ ਵਿੱਚੋਂ ਜਾਤ ਪਾਤ ਦੇ ਕੋਹੜ ਨੂੰ ਖਤਮ ਕਰਨ ਲਈ 239 ਸਾਲ ਤੱਕ ਪੂਰਾ ਟਿੱਲ ਲਾਇਆ। ਇਸ ਬਦਲੇ ਉਹਨਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਤੇ ਸਰਬੰਸ ਵੀ ਵਾਰਨੇ ਪਏ। ਪਰ ਅਸੀਂ, ਉਹਨਾਂ ਦੇ ਸਿੱਖ ਹੋਣ ਦਾ ਦਾਅਵਾ ਕਰਨ ਵਾਲ਼ੇ, ਮਹਾਂ ਕ੍ਰਿਤਘਣ ਸਾਬਤ ਹੋਏ ਤੇ ਜਾਤ ਪਾਤ ਦੇ ਆਧਾਰ ਤੇ ਅੱਡੋ ਅੱਡ ਗੁਰਦੁਆਰੇ ਤੇ ਸਮਸ਼ਾਨ ਘਾਟ ਬਣਾ ਕੇ ਜਾਤ ਪਾਤ ਦੇ ਕੋਹੜ ਨੂੰ ਪੁਸ਼ਤੈਨੀ ਦੀਰਘ ਰੋਗ ਬਣਾ ਲਿਆ।
ਸਿਆਸੀ ਆਗੂਆਂ ਅਤੇ ਅਖੌਤੀ ਧਰਮਾਂ ਦੇ ਚੌਧਰੀਆਂ ਨੇ ਸਾਨੂੰ ਹਨੇਰੀ ਸੁਰੰਗ ਵਿਚ ਵਾੜ ਦਿੱਤਾ ਹੈ। ਸਿਆਸੀ ਆਗੂਆਂ ਨੇ ਵਿਕਾਸ ਦੇ ਨਾਮ ਉਤੇ ਲਗਾਤਾਰ ਲੁੱਟਮਾਰ ਮਚਾਈ ਹੋਈ ਹੈ। ਅੱਜ ਸਿਆਸਤ ਅਤੇ ਧਰਮ, ਦੋਵੇਂ ਸਭ ਤੋਂ ਵਧ ਲਾਹੇਵੰਦ ਧੰਦੇ ਬਣ ਗਏ ਹਨ। ਸਮਾਜ ਸੇਵਾ ਅਤੇ ਅਗਲਾ ਜਨਮ ਸਵਾਰਨ ਦੇ ਨਾਂ ਤੇ ਉਗਰਾਹੀ ਕਰੋ, ਲੋਕਾਂ ਦੇ ਪੈਸੇ ਨਾਲ਼ ਧੰਦਾ ਸ਼ੁਰੂ ਕਰੋ ਤੇ ਫਿਰ ਸੱਤਾਂ ਪੀੜ੍ਹੀਆਂ ਜੋਗਾ ਪੈਸਾ ਕਮਾਓ-
ਦਗਾ, ਮਕਾਰੀ, ਲੁੱਟਮਾਰ
ਧੋਖਾ ਹੀ ਧੋਖਾ,
ਹਿੰਙ ਲੱਗੇ ਨਾ ਫਟਕੜੀ
ਤੇ ਰੰਗ ਵੀ ਚੋਖਾ…
ਸੰਨ ਸੰਤਾਲੀ ਤੋਂ ਬਾਅਦ ਪੰਜਾਬ ਵਿੱਚ ਦੋ ਹੀ ਪਾਰਟੀਆਂ, ਕਾਂਗਰਸ ਤੇ ਅਕਾਲੀਆਂ ਦਾ ਰਾਜ ਰਿਹਾ ਹੈ। ਉਹ ਖਾਨਦਾਨੀ ਵੈਦ ਵਾਂਗੂੰ ਲੋਕਾਂ ਦੇ ਪੁਸ਼ਤੈਨੀ ਸੇਵਾਦਾਰ ਬਣ ਗਏ ਹਨ । ਪਿਉ-ਪੁਤ, ਪਤੀ-ਪਤਨੀ, ਨੂੰਹ-ਸੱਸ, ਦਰਾਣੀ-ਜੇਠਾਣੀ, ਚਾਚਾ-ਭਤੀਜਾ ਤੇ ਸਾਲ਼ਾ-ਜੀਜਾ, ਸਾਰੇ ਹੀ ਇਕੱਠਿਆਂ ਚੋਣ ਲੜਦੇ ਹਨ । ਹੋਰ ਤਾਂ ਹੋਰ, ਸੌ ਨੂੰ ਢੁਕ ਚੁੱਕਿਆ ਪੰਥ ਦਾ ਫਖ਼ਰੇ ਕੌਮ ਹੀ ਮਾਣ ਨਹੀਂ ਹੈ।। ਉਹ ਵੀ ਚੋਣ ਲੜਨੋਂ ਨਹੀਂ ਹਟ ਰਿਹਾ…
“ਹਾਏ ਕੁਰਸੀ ਮਰ ਜਾਣੀਏਂ ਗਲਵੱਕੜੀ ਘੱਤਾਂ,
ਨਾ ਵੇ ਬਾਬਾ ਨਾ, ਤੇਰੀਆਂ ਕਬਰ ‘ਚ ‘ਲੱਤਾਂ”
…ਵਾਲ਼ਾ ਹਾਲ ਹੋਇਆ ਪਿਆ ਹੈ। ਹੁਣ ਤਾਂ ਸੁਖ ਨਾਲ਼ ਉਸਦੀ ਤੀਜੀ ਪੀੜ੍ਹੀ ਵੀ ਸਰਗਰਮ ਹੋ ਚੁੱਕੀ ਹੈ। ਇਹ ਹਾਲ ਇਕ ਦਾ ਨਹੀਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਬਣ ਗਿਆ ਹੈ । ਕੁਣਬਾਪਰਵਰੀ ਦਾ ਹਊਆ ਵਿਖਾ ਕੇ, 15-15 ਲੱਖ ਦਾ ਲਾਲਚ ਦੇ ਕੇ ਚੋਣਾਂ ਜਿੱਤਣ ਵਾਲ਼ੀ ਤੇ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲ਼ੀ ਪਾਰਟੀ ਵਿਚ ਵੀ ਹੁਣ ਕੁਣਬਾਪਰਵਰੀ ਦੇ ਕਈ ਸਬੂਤ ਮਿਲ਼ ਜਾਣਗੇ।
###
ਜਿਉਂ ਹੀ ਵੋਟਾਂ ਪੈਣ ਦਾ ਦਿਨ ਨੇੜੇ ਆਉਣ ਲਗਦਾ ਹੈ, ਲੋਕ ਭੇਡਾਂ ਬੱਕਰੀਆਂ ਵਾਂਙੂੰ ਵਿਕਣ ਲੱਗਦੇ ਹਨ। ਵੋਟਾਂ ਖਰੀਦਣ ਲਈ ਹਰ ਹਰਬਾ ਵਰਤਿਆ ਜਾਂਦਾ ਹੈ । ਨਸ਼ੇ ਵੰਡੇ ਜਾਂਦੇ ਹਨ। ਸੋਮਰਸ ਦਾ ਜੱਗ ਪੰਜਾਬ ਦੇ ਹਰ ਗਲ਼ੀ ਮੁਹੱਲੇ ਵਿੱਚ ਲਾਇਆ ਜਾਂਦਾ ਹੈ। “ਪਿਆਰ, ਜੰਗ ਤੇ ਸਿਆਸਤ ਵਿੱਚ ਸਭ ਜਾਇਜ਼ ਹੈ” ਇਹ ਸਿਆਸਤਦਾਨਾਂ ਦਾ ਮਨਭਾਉਂਦਾ ਮੁਹਾਵਰਾ ਹੈ। ਸਾਊਪੁਣੇ ਦੇ ਅਸੂਲ ਛਿੱਕੇ ਟੰਗ ਦਿੱਤੇ ਜਾਂਦੇ ਹਨ। ਬੇਈਮਾਨੀ, ਦਗੇਬਾਜ਼ੀ, ਮੱਕਾਰੀ ਦਾ ਜ਼ਹਿਰੀਲਾ ਟੀਕਾ ਅਗਲੀ ਪੀੜ੍ਹੀ ਦੀਆਂ ਰਗਾਂ ਵਿਚ ਠੋਕ ਦਿੱਤਾ ਜਾਂਦਾ ਹੈ। ਇਸ ਸਿਆਸੀ ਮਾਫ਼ੀਏ ਦੀ ਆਪਸ ਵਿੱਚ ਨਾ ਪੱਕੀ ਦੋਸਤੀ ਤੇ ਨਾ ਦੁਸ਼ਮਣੀ ਹੁੰਦੀ ਹੈ। ਗਿਰਗਿਟ ਵਾਂਙੂੰ ਰੰਗ ਬਦਲਕੇ ਕਈ ਵਾਰ ਇਹ ਕੁੜਮੋ ਕੁੜਮੀ ਵੀ ਹੋ ਜਾਂਦੇ ਹਨ ਤੇ ਕਈ ਵਾਰ ਜੇਲ੍ਹੋ ਜੇਲ੍ਹੀ ਵੀ। ਜਦ ਕੋਈ ਵਧੀਆ ਬਦਲ ਦਿਸ ਪਵੇ ਤਾਂ ਝੱਟ ਪਲ਼ਟੀ ਮਾਰ ਜਾਂਦੇ ਹਨ। ਫਿਰ ਤਾਂ ਕਤਲ ਵੀ ਕਰਦੇ ਹਨ ਤੇ ਪਤਾ ਵੀ ਨਹੀਂ ਲੱਗਣ ਦੇਂਦੇ । ਜੰਗ ਦੇ ਮੈਦਾਨ ਵਿੱਚ ਜ਼ਿਆਦਾਤਰ ਸਿਪਾਹੀ ਹੀ ਮਰਦੇ ਹਨ, ਰਾਜੇ ਤੇ ਵਜ਼ੀਰ ਨਹੀਂ । ਪਿਆਰ ਵਿੱਚ ਅਕਸਰ ਭਾਵੁਕ ਧਿਰ ਮਰਦੀ ਸੀ ਹੈ । ਕਿਸੇ ਸਿਆਸੀ ਮਾਫ਼ੀਏ ਨੂੰ ਛੱਡ ਕੇ ਜਾਣ ਵਾਲ਼ਿਆਂ ਦੇ ਕਤਲ ਤਕ ਹੋ ਜਾਂਦੇ ਹਨ ਜੋ ਹਾਦਸਿਆਂ ਦੀ ਸ਼ਕਲ ਧਾਰਕੇ ਆਉਂਦੇ ਹਨ । ਸਿਆਸੀ ਕਤਲ ਦਾ ਕੋਈ ਸਬੂਤ ਨਹੀਂ ਹੁੰਦਾ । ਉਹ ਹਮੇਸ਼ਾ ਰਹੱਸ ਹੀ ਬਣਿਆ ਰਹਿੰਦਾ ਹੈ। ਪਤਾ ਨਹੀਂ ਆਮ ਲੋਕ ਇਸ ਕਾਲੇ਼ ਧੰਦੇ ਦੇ ਚੱਕਰਵਿਊ ਵਿੱਚੋਂ ਕਦੇ ਨਿਕਲ ਵੀ ਸਕਣਗੇ ਜਾਂ ਨਹੀਂ ?
ਹੁਣ ਤੱਕ ਕਈ ਸਿਆਸੀ ਕਤਲ ਰਹੱਸ ਬਣ ਚੁੱਕੇ ਹਨ । ਹੁਣ ਤਾਂ ਰਹੱਸਵਾਦੀ ਫਲਸਫਾ ਖੁਦ ਹੀ ਰਹੱਸ ਬਣਿਆ ਹੋਇਆ ਹੈ । ਕਾਰਨ ਇਹ ਹੈ ਕਿ ਅਸੀਂ ਜੀਵਨ ਜੀਉਣ ਲਈ ਸੰਘਰਸ਼ ਨਹੀਂ ਕਰਦੇ ਸਗੋਂ ਕੋਈ ਅਲੋਕਾਰੀ ਜੀਵਨ ਮੁਕਤੀ ਦੇ ਚੱਕਰ ਵਿਚ ਪੈ ਕੇ ਤਰ੍ਹਾਂ ਤਰ੍ਹਾਂ ਦੇ ਅਡੰਬਰ ਕਰਦੇ ਹਾਂ । ਅਸੀਂ ਪੜ੍ਹੇ ਲਿਖੇ ਅਗਿਆਨੀ ਹਾਂ ਜੋ ਅਗਿਆਨਤਾ ਦਾ ਘੁੱਪ ਹਨੇਰਾ ਢੋਅ ਰਹੇ ਹਾਂ । ਹਨੇਰਾ ਵੰਡਣ ਵਾਲ਼ੇ ਜੋਰਾਵਰ ਬੰਦੇ ਦਾ ਸੱਤੀਂ ਵੀਹੀਂ ਸੌ ਹੁੰਦਾ ਤੇ ਉਹ ਅਕਸਰ “ਰੱਬ ਨੇੜੇ ਕੇ ਘਸੁੰਨ?” ਨੂੰ ਆਪਣੀ ਢਾਲ਼ ਬਣਾ ਕੇ ਮਾੜੇ ਬੰਦੇ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ।
ਅਸੀਂ ਮੌਤ ਤੋਂ ਡਰਦਿਆਂ ਕਿਸੇ ਅਦਿੱਖ ਰੱਬ ਨੂੰ ਨੇੜੇ ਸਮਝਿਆ ਹੋਇਆ ਹੈ ਪਰ ਸਿਆਣੇ ਆਖਦੇ ਆ ਕਿ “ਕੰਧ ਓਹਲੇ ਪਰਦੇਸ” ਹੁੰਦਾ ਹੈ। ਪਰ ਕਿਉਂਕਿ ਅਸੀਂ ਮਾਨਸਿਕ ਰੋਗੀ ਹਾਂ ਇਸ ਲਈ ਸੋਚਦੇ ਪਰਖਦੇ ਹੀ ਨਹੀਂ ਕਿ ਹਰ ਧਰਮ ਜਾਂ ਕੌਮ ਦੇ ਲੋਕਾਂ ਦਾ ਆਪੋ ਆਪਣਾ ਰੱਬ ਕਿਉਂ ਹੈ ? ਇਥੋਂ ਤੱਕ ਕਿ ਹਰ ਮਨੁੱਖ ਨੇ ਆਪੋ ਆਪਣਾ ਰੱਬ ਕਲਪਿਆ ਹੋਇਆ ਹੈ ।
ਅਸਲ ਵਿੱਚ ਹਜ਼ਾਰਾਂ ਸਾਲਾਂ ਤੋਂ ਰੱਬ ਹਾਕਮਾਂ ਅਤੇ ਪੁਜਾਰੀਆਂ ਦਾ ਘੜਿਆ ਹੋਇਆ ਢਕੌਂਸਲਾ ਹੈ ਤੇ ਇਹ ਦੋਨੋਂ ਉਸਦੇ ਏਜੰਟ ਬਣਕੇ ਵਿਚਰ ਰਹੇ ਹਨ। ਇਹ ਕਿਸੇ ਟਰੈਵਲ ਏਜੰਸੀ ਵਾਂਙੂੰ ਕੰਮ ਕਰਦੇ ਹਨ ਤੇ ਰਲ਼ਕੇ ਦੋਹੀਂ ਹੱਥੀਂ ਲੁੱਟਮਾਰ ਕਰਦੇ ਹਨ। ਕਿਸੇ ਟਰੈਵਲ ਏਜੰਟ ਵਾਂਙੂੰ ਲਾਰਾ ਸਵਰਗ (ਅਮਰੀਕਾ) ਦਾ ਲਾਉਂਦੇ ਹਨ ਤੇ ਧੱਕ ਨਰਕ (ਮੈਕਸੀਕੋ ਦੇ ਜੰਗਲ਼) ਵਿੱਚ ਦੇਂਦੇ ਹਨ। ਫੇਰ ਇਨਸਾਨ “ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ” ਵਰਗਾ ਰਾਹ ਦਸੇਰਾ ਅਖਾਣ ਵੀ ਭੁੱਲ ਜਾਂਦਾ ਹੈ ਤੇ ਕਿਸੇ ਪੁੰਨੂੰ ਨੂੰ ਲੱਭਦੀ ਸੱਸੀ ਵਾਂਙੂੰ ਹਮੇਸ਼ਾ ਲਈ ਕਰਮਕਾਂਡਾਂ ਦੇ ਮਾਰੂਥਲ ਵਿੱਚ ਗੁੰਮ ਹੋ ਕੇ ਮੰਜ਼ਿਲ ਲੱਭਦਿਆਂ ਹੀ ਮਰ ਜਾਂਦਾ ਹੈ । ਅਸੀਂ ਇਹੋ ਜਿਹੇ ਉਲ਼ਝੇਵਿਆਂ ਕਾਰਨ ਨਿੱਤ ਮਰਦੇ ਹਾਂ । ਮਰਦੇ ਇਸ ਕਰਕੇ ਹਾਂ ਕਿ ਸਾਨੂੰ “ਕਿਰਤਿ ਵਿਰਤਿ ਕਰ ਧਰਮ ਦੀ ਹੱਥੋਂ ਦੇ ਕੈ ਭਲਾ ਮਨਾਵੈ” (ਭਾਈ ਗੁਰਦਾਸ, ਵਾਰ ਛੇਵੀਂ ਪਉੜੀ ਪਹਿਲੀ) ਵਰਗਾ ਚਾਨਣ ਮੁਨਾਰਾ ਵੀ ਦਿਸਣੋਂ ਹਟ ਗਿਆ ਹੈ। ਅਸੀਂ ਕਿਰਤ ਕਰਨੀ, ਵੰਡ ਛਕਣ ਤੇ ਨਾਮ (ਸਦੀਵੀ ਸੱਚ ‘੧ਓ ਸਤਿਨਾਮੁ’ ਦੇ ਸਿਧਾਂਤ) ਨੂੰ ਜਪਣ/ ਸਮਝਣ ਨੂੰ ਭੁੱਲ ਕੇ ਮੁਫ਼ਤ ਦਾ ਲੰਗਰ ਛਕਣ ਵਾਲ਼ੇ ਵਿਹਲੜ ਬਣ ਗਏ ਹਾਂ । ਹੁਣ ਵੀ ਸਰਕਾਰੀ ਮੁਫ਼ਤਖੋਰੀਆਂ ਦੇ ਲਾਲਚ ਵਿੱਚ ਦਿਮਾਗੋਂ ਪੈਦਲ ਹੋ ਗਏ ਹਾਂ ਤੇ ਬੀਤੇ ਨੂੰ ਭੁੱਲ ਬੈਠੇ ਹਾਂ । ਅਸਲ ਵਿੱਚ ਅਸੀਂ ਅਕ੍ਰਿਤਘਣ ਹੋ ਗਏ ਹਾਂ। ਅਸਾਂ ਹੱਕ ਤੇ ਸੱਚ ਦਾ ਰਸਤਾ ਤਿਆਗ ਦਿੱਤਾ ਹੈ ਤੇ ਝੂਠ ਦੇ ਵਪਾਰੀਆਂ ਦੇ ਮਗਰ ਲੱਗ ਕੇ ਜੂਠ ਖਾਣ ਦੇ ਆਦੀ ਬਣ ਗਏ ਹਾਂ । ਅਸੀਂ ਜੀਵਨ ਫਲਸਫ਼ੇ ਨਾਲ਼ ਭਰਪੂਰ ਗਿਆਨ ਦੇ ਸੋਮੇ ਗੁਰਮਤਿ ਸਾਹਿਤ ਨੂੰ ਭੁੱਲ ਗਏ ਹਾਂ । ਅਸੀਂ ਤਾਂ ਕਦੇ ਚੱਜ ਨਾਲ਼ ਬਾਣੀ ਵੀ ਨਹੀਂ ਸੁਣੀ, ਫਿਰ ਸਮਝਣੀ ਕੀ ਹੈ । ਜੇ ਸਮਝੀ ਹੁੰਦੀ ਤਾਂ ਅਸੀਂ ਸੜਕ ਹਾਦਸਿਆਂ ਤੇ ਘਰੇਲੂ ਮਸਲਿਆਂ ਵਿੱਚ ਉਲਝਕੇ ਪਲ ਪਲ ਨਹੀਂ ਸੀ ਮਰਨਾ । ਧਿਆਨ ਦੇ ਰਹੱਸਵਾਦ ਨੇ ਸਾਨੂੰ ਪੱਥਰ ਦੇ ਬੁੱਤ ਵਾਂਙੂੰ ਸਾਹ ਸਤ ਹੀਣ ਬਣਾ ਦਿੱਤਾ ਹੈ ਤੇ ਸਾਡੇ ਅੰਦਰੋਂ ਮਨੁੱਖਤਾ ਕਿਧਰੇ ਗੁੰਮ ਗਈ ਹੈ ।
ਕੀ ਇਹ ਝੂਠ ਹੈ ?
ਕੀ ਇਹ ਸੱਚ ਹੈ ?
ਕੀ ਇਹ ਰਹੱਸ ਹੈ ?
ਗਿਆਨ ਕੀ ਹੁੰਦਾ ਹੈ ?
ਧਿਆਨ ਕੀ ਹੁੰਦਾ ਹੈ ?
ਅਸੀਂ ਕਿਸੇ ਮਿਥਿਹਾਸਕ ਕਹਾਣੀ ਦੇ ਤ੍ਰਿਸ਼ੰਕੂ ਵਾਂਙੂੰ ਕਿੱਥੇ ਲਟਕ ਗਏ ਹਾਂ?

ਬੁੱਧ ਸਿੰਘ ਨੀਲੋੰ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article*ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਮਿਡ ਡੇ ਮੀਲ ਵਰਕਰਾਂ ਦੀ ਸੂਬਾ ਪੱਧਰੀ ਰੈਲੀ ਲਈ ਗੜ੍ਹਸ਼ੰਕਰ ਤੋਂ ਜੱਥਾ ਰਵਾਨਾ*
Next articleਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ