ਬੁੱਧ ਚਿੰਤਨ

ਬੁੱਧ ਸਿੰਘ ਨੀਲੋੰ

ਸੋਹਣੀਏ ਪੱਤਣਾਂ ਤੇ ਕੂਕ ਪਵੇ !

(ਸਮਾਜ ਵੀਕਲੀ) ਜੇ ਕਿਸੇ ਨੂੰ ਆਖਿਆ ਜਾਵੇ ਕਿ ਤੁਸੀਂ ਫਲ, ਸਬਜ਼ੀ, ਰੋਟੀ ਤੇ ਦੁੱਧ ਖਾ ਪੀ ਲਵੋ ਤਾਂ ਝੱਟ ਖਾ ਪੀ ਲਵੇਗਾ ਪਰ ਜੇ ਕਹਿ ਦੇਈਏ ਕਿ ਸਭ ਜ਼ਹਿਰ ਹੈ। ਤਾਂ ਉਹ ਮੰਨੇਗਾ ਨਹੀਂ ਕਿਉਂਕਿ ਅਸੀਂ ਦੂਜੇ ਦੀ ਨਹੀਂ ਮੰਨਦੇ ਸਗੋਂ ਆਪਣੀ ਹੀ ਮਰਜ਼ੀ ਕਰਦੇ ਹਾਂ। ਜੇ ਕਿਤੇ ਕੋਈ ਗੱਡੀ ਵਾਲਾ ਉਪਰ ਚਾੜ੍ਹਨ ਲੱਗੇ ਤਾਂ ਬੰਦਾ ਛਾਲ ਮਾਰ ਕੇ ਪਾਸੇ ਹੋਣ ਤੋਂ ਪਹਿਲਾਂ ਗਾਲਾਂ ਦੀ ਬੁਛਾੜ ਮਾਰੇਗਾ। ਸੱਚ ਇਹ ਕਿ ਅਸੀਂ ਜ਼ਹਿਰ ਹੀ ਤਾਂ ਖਾ ਤੇ ਪੀ ਰਹੇ ਹਾਂ। ਦੁਨੀਆ ਦੇ ਵਿੱਚ ਇਹ ਜ਼ਹਿਰ ਅਮਰੀਕਾ ਨੇ ਵੀਅਤਨਾਮ ਵਿੱਚ ਵਰਤੀ ਸੀ, ਉਸ ਵੇਲੇ ਗਿਆਰਾਂ ਲੱਖ ਲੋਕ ਪ੍ਰਭਾਵਿਤ ਹੋਏ ਸਨ ਪਰ ਸਾਡੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਹਰੀ, ਚਿੱਟੀ ਤੇ ਨੀਲੀ ਕ੍ਰਾਂਤੀ ਲਿਆਉਣ ਦੇ ਬਹਾਨੇ ਸਾਨੂੰ ਬਲੀ ਦੇ ਬੱਕਰੇ ਬਣਾਇਆ । ਸਾਨੂੰ ਬਲੀ ਦੇ ਬੱਕਰੇ ਬਣਾਉਣ ਦੇ ਲਈ ਬੇਗਾਨਿਆਂ ਨੇ ਘੱਟ ਤੇ ਆਪਣਿਆਂ ਨੇ ਪੂੰਛਾਂ ਵੱਧ ਚੁੱਕ ਲਈਆਂ ਸਨ।ਹੁਣ ਸਭ ਪੂੰਛਾਂ ਚੱਡਿਆਂ ਵਿੱਚ ਲੈ ਕੇ ਬਦੇਸ਼ ਦੌੜ ਗਏ ਤੇ ਦੌੜ ਰਹੇ ਹਨ। ਹੁਣ ਜੋ ਹਾਲਤ ਪੰਜਾਬ ਦੀ ਬਣੀ ਹੈ ਸਭ ਦੇ ਸਾਹਮਣੇ ਹੈ। ਪੰਜਾਬ ਦੇ ਵਿੱਚ ਨਿੱਜੀ ਹਸਪਤਾਲ, ਡੇਰੇ ਤੇ ਧਾਰਮਿਕ ਅਸਥਾਨ ਖੁੰਬਾਂ ਉਗ ਰਹੇ ਹਨ। ਇਹ ਲੋਕਾਂ ਦਾ ਸਰੀਰਕ ਤੇ ਮਾਨਸਿਕ ਇਲਾਜ ਕਰਨ ਦੇ ਨਾਮ ਉਤੇ ਲੁੱਟਮਾਰ ਕਰ ਰਹੇ ਹਨ ਤੇ ਅਸੀਂ ਕਰਵਾ ਰਹੇ ਹਾਂ ਪਰ ਬੀਮਾਰੀ ਦੀਆਂ ਜੜ੍ਹਾਂ ਨੂੰ ਫੜਨ ਦੀ ਵਜਾਏ ਅਸੀਂ ਦਵਾਈਆਂ ਦੇ ਤੇ ਸਾਧਾਂ ਦੇ ਗੁਲਾਮ ਬਣ ਕੇ ਰਹਿ ਗਏ ਹਾਂ। ਪੰਜਾਬ ਦਾ ਪੌਣ ਪਾਣੀ, ਖਾਣ ਪੀਣ ਤੇ ਬੋਲਚਾਲ ਵਿੱਚ ਜ਼ਹਿਰ ਹੈ। ਇਹ ਜ਼ਹਿਰ ਅਚਾਨਕ ਨਹੀਂ ਆਈ। ਇਸਦੇ ਵਿੱਚ ਉਹਨਾਂ ਮਲਟੀ ਕੰਪਨੀਆਂ ਦਾ ਹੱਥ ਹੈ, ਜਿਹਨਾਂ ਸਾਡੇ ਖੇਤੀਬਾੜੀ ਵਿਗਿਆਨੀਆਂ ਦੇ ਮੂੰਹ ਨੂੰ ਖੂਨ ਲਾ ਕੇ ਸਾਡੇ ਹੱਥ, ਪੈਰ ਤੇ ਸਿਰ ਵੱਢਿਆ। ਹੁਣ ਅਸੀਂ ਲੂਲੇ ਲੰਗੜੇ ਤੇ ਬਗੈਰ ਸਿਰਾਂ ਵਾਲੇ ਹਾਂ। ਇਨ੍ਹਾਂ ਨੂੰ ਇਸ ਹਾਲਤ ਤੱਕ ਪੁਜਦਾ ਕਰਨ ਵਾਲੇ ਕੁੱਝ ਕੁ ਸਨ ਤੇ ਹਨ,.ਜਿਹਨਾਂ ਨੇ ਸਾਡੇ ਜੀਵਨ ਵਿੱਚ ਜ਼ਹਿਰ ਘੋਲਿਆ ਸੀ। ਤੁਸੀਂ ਸਭ ਜਾਣਦੇ ਹੋ ਕਿ ਲਾਲਚ ਬੁਰੀ ਬਲਾ ਹੈ। ਤੁਸੀਂ ਲਾਲਚੀ ਕੁੱਤੇ ਦੀ ਕਹਾਣੀ ਪੜ੍ਹੀ ਹੈ। ਕੁੱਤੇ ਦੇ ਬਹਾਨੇ ਕਿਸੇ ਨੇ ਸਾਨੂੰ  ਚਿਤਰਿਆ ਹੈ। ਜੇ ਗਲਤ ਹੈ ਤਾਂ ਦੱਸੋ। ਖੇਤੀਬਾੜੀ ਵਿਗਿਆਨੀਆਂ ਨੇ ਲਾਲਚ ਵਸ ਉਹ ਜ਼ਹਿਰੀਲੀਆਂ ਜ਼ਹਿਰਾਂ ਦੀਆਂ ਸਿਫਾਰਸ਼ਾਂ ਕੀਤੀਆਂ ਜੋ ਦੁਨੀਆਂ ਵਿੱਚ ਬੰਦ ਸਨ।  ਕਿਸਾਨਾਂ ਨੇ ਵੱਧ ਝਾੜ ਤੇ ਮੁਨਾਫੇ ਦੇ ਚੱਕਰ ਵਿੱਚ ਉਹਨਾਂ ਨੂੰ  ਅਪਣਾਇਆ । ਇਕ ਵਾਰ ਗੱਡੀ ਕੀ ਤੋਰੀ ਤੇ ਬੁਲਟ ਰੇਲ ਬਣ ਗਈ। ਜਿਹੜੀ ਹੁਣ ਰੁਕਣ ਦਾ ਨਾਮ ਨਹੀਂ ਲੈ ਰਹੀ। ਅਸੀਂ ਆਪਣੇ ਵਿਰਸੇ ਵੱਲ ਪਿੱਠ ਕੀ ਮੋੜੀ ਸਾਡੇ ਕੋਲ ਸਭ ਕੁੱਝ ਖੁੱਸ ਗਿਆ । ਸਾਡੇ ਕਾਰਸੇਵਾ ਵਾਲੇ ਬਾਬਿਆਂ ਨੇ ਸਭ ਵਿਰਾਸਤੀ ਇਮਾਰਤਾਂ ਤੇ ਯਾਦਗਾਰਾਂ ਤਬਾਹ ਕਰ ਦਿੱਤੀਆਂ ਹਨ । ਚਿੱਟਾ ਸੰਗਮਰਮਰ ਲਾ ਕੇ ਤਪਸ਼ ਵਧਾ ਦਿੱਤੀ ਹੈ । ਗੁਰਦੁਆਰਾ ਸਾਹਿਬ ਪੱਕੇ ਹੋ ਗਏ ਤੇ ਸਿੱਖ ਕੱਚੇ ਹੋ ਗਏ ਹਨ।ਕੀ ਖੱਟਿਆ ਹੈ ਮੈਂ ਤੇਰੀ ਹੀਰ ਬਣ ਕੇ! ਖੈਰ ਅਜੇ ਡੁੱਲੇ ਬੇਰਾਂ ਦਾ ਕੁੱਝ ਨਹੀਂ  ਵਿਗੜਿਆ । ਜੇ ਗਲਤੀਆਂ ਸਾਡੇ ਆਪਣਿਆਂ ਨੇ ਕੀਤੀਆਂ ਤੇ ਸੰਤਾਪ ਵੀ ਅਸੀਂ  ਹੀ ਭੋਗਿਆ ਤੇ ਭੋਗ ਰਹੇ ਹਾਂ। ਹੁਣ ਇਹ ਸੰਤਾਪ ਸਾਡੀਆਂ ਅਗਲੀਆਂ ਨਸਲਾਂ ਨਾ ਭੁਗਤਣ ਇਸ ਬਾਰੇ ਸੋਚੀਏ। ਸੋਚਣ ਵਾਲਿਆਂ ਤੇ ਸੋਚਿਆ ਹੋਇਆ ਹੀ ਹੈ ਕਿ ਕੁਦਰਤ ਦੇ ਨਾਲ ਟੱਕਰ ਲੈ ਕੇ ਨਹੀਂ ਸਗੋਂ ਕੁਦਰਤ ਦੇ ਨਾਲ ਰਲ ਕੇ ਹੀ ਬਚਾਓ ਹੋ ਸਕਦਾ ਹੈ। ਅਸੀਂ ਬੀਮਾਰੀ ਤੋਂ ਬਚਣ ਲਈ ਦਵਾਈਆਂ ਵਰਤਦੇ ਹਾਂ। ਹੁਣ ਹੋਰ ਇਸ ਨੌਬਤ ਤੱਕ ਹੋਰ ਜਾਣ ਤੋਂ ਪਹਿਲਾਂ ਜੇ ਅਸੀਂ ਕੁਦਰਤ ਦੀ ਗੋਦ ਵਿੱਚ ਬਹਿ ਜਾਈਏ ਤਾਂ ਕੋਈ ਬਚਾ ਹੈ, ਨਹੀਂ ਸਾਡੀਆਂ ਨਸਲਾਂ ਸਾਨੂੰ ਲਾਹਣਤਾਂ ਪਾਉਣਗੀਆਂ ਜਿਵੇਂ ਆਪਾਂ ਹੁਣ ਸਰਕਾਰ ਨੂੰ ਪਾ ਰਹੇ ਹਾਂ । ਕੁਦਰਤ ਨਾਲ ਕਿਵੇਂ ਜੁੜਿਆ ਜਾ ਸਕਦਾ ਕਿਸੇ ਨੂੰ ਦੱਸਣ ਤੇ ਸਮਝਾਉਣ ਦੀ ਜਰੂਰਤ ਨਹੀਂ । ਜੇ ਕਿਸੇ ਨੂੰ ਸਮਝਾਉਣ ਦੀ ਜਰੂਰਤ ਹੈ ਤਾਂ ਆਪਣੇ ਆਪ ਨੂੰ ਸਮਝਾਓ। ਆਪਣੇ ਆਪ ਨੂੰ ਪੁੱਛੋ ਕਿ ਕਿਤੇ ਮੈਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਦਾ ਕਾਤਲ ਤਾਂ ਨਹੀਂ ? ਹੁਣ ਵੀ ਹਰ ਨਾੜ ਫੂਕ ਕੇ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਹਾਂ। ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ। ਲੋਕ ਮਰ ਰਹੇ ਹਨ ਤੇ ਬਹੁਗਿਣਤੀ ਤਮਾਸ਼ਾ ਦੇਖਣ ਲੱਗੀ ਐ। ਜਦੋਂ ਤੁਸੀਂ ਆਪਣੇ ਆਪ ਦੇ ਸਾਹਮਣੇ ਪਾਕਿ ਪਵਿੱਤਰ ਹੋ ਗਏ ਤਾਂ ਆਲਾ ਦੁਆਲਾ ਵੀ ਪਵਿੱਤਰ ਹੋ ਜਾਵੇਗਾ। ਪੈਸੇ ਤੇ ਜਾਇਦਾਦ ਦੀ ਅੰਨ੍ਹੀ ਦੌੜ ਵਿੱਚੋਂ ਬਾਹਰ ਨਿਕਲੋ । ਕੁਦਰਤ ਤੇ ਆਪਣੇ ਆਪ ਨਾਲ ਜੁੜੋ ਤੇ ਹੋਰਨਾਂ ਨੂੰ ਜੋੜੋ। ਜ਼ਹਿਰ ਦੀਆਂ ਫਸਲਾਂ ਨਾ ਬੀਜੋ..ਮਲਟੀ ਕੰਪਨੀਆਂ ਦੇ ਲਈ ਨਹੀਂ ਸਗੋਂ ਆਪਣੇ ਤੇ ਆਪਣਿਆਂ ਲਈ ਜੀਓ। ਬਹੁਤ ਸਮਾਂ ਗੁਜਰ ਗਿਆ ਹੈ, ਜ਼ਹਿਰ ਖਾਦਿਆਂ ਤੇ ਪੀਦਿਆਂ, ਬਸ ਕਰੋ…ਹੁਣ ਤੇ ਬਸ ਹੋ ਗਈ ਹੈ। ਅਸੀਂ ਤੁਹਾਡੇ ਦਰ ਆਏ ਹਾਂ। ਆਪਣੀਆਂ ਨਸਲਾਂ ਤੇ ਫਸਲਾਂ ਬਚਾ ਲਵੋ । ਜ਼ਹਿਰ ਦੇ ਵਪਾਰੀਆਂ ਨੇ ਮਨੁੱਖਤਾ ਨੂੰ ਤਬਾਹ ਕਰਨ ਲਈ ਸਾਨੂੰ  ਦਮੜਿਆਂ ਦੇ ਲਾਲਚ ਵਿੱਚ ਫਸਾ ਕੇ ਸਾਡੇ ਪੌਣ ਤੇ ਪਾਣੀ ਤੇ ਧਰਤੀ ਮਾਂ ਨੂੰ  ਪਲੀਤ ਕਰ ਦਿੱਤਾ। ਹੁਣ ਕਿਵੇਂ ਬਚਣਾ ਹੈ ਤੇ ਭਵਿੱਖ ਬਚਾ ਕੇ ਰੱਖਣਾ ਹੈ ? ਇਸ ਬਾਰੇ ਆਪਾਂ ਸਭ ਨੇ ਰਲਮਿਲ ਕੇ ਯਤਨ ਕਰਨਾ ਹੈ। ਕੁਦਰਤੀ ਖੇਤੀਬਾੜੀ ਕਿਵੇਂ  ਕਰਨੀ ਹੈ..? ਤੁਹਾਨੂੰ ਦੱਸਣ ਦੀ ਲੋੜ ਨਹੀਂ  ਤੁਸੀਂ  ਜਾਣਦੇ ਹੀ ਹੋ। ਵਗੈਰ ਜ਼ਹਿਰਾਂ ਦੇ ਕਿਵੇਂ  ਫਸਲਾਂ ਬੀਜਣੀਆਂ ਤੇ ਕਿਵੇਂ ਕੁਦਰਤੀ ਖਾਦ ਤਿਆਰ ਕਰਨੀ ਤੇ ਵਰਤਣੀ ਹੈ.ਸਮੇ ਸਮੇ ਤੁਹਾਨੂੰ ਮਾਹਿਰ ਵੀ ਦੱਸਣਗੇ। ਤੁਸੀਂ  ਕੁਦਰਤ  ਨਾਲ ਜੁੜੋ ਤੇ ਹੋਰਨਾਂ ਨੂੰ ਜੋੜੋ। ਸਿਹਤਮੰਦ ਪੰਜਾਬ ਦੀ ਉਸਾਰੀ ਲਈ ਤੁਹਾਡਾ ਹਰ ਤਰ੍ਹਾਂ ਦੇ ਸਹਿਯੋਗ ਦੀ ਸਮਾਜ ਨੂੰ ਲੋੜ ਹੈ। ਘਰ ਘਰ ਤੇ ਪਿੰਡ ਪਿੰਡ  ਕੁਦਰਤੀ ਖੇਤੀਬਾੜੀ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰੋ। ਨਹੀਂ  ਹੁਣ ਜ਼ਹਿਰ ਖਾ ਕੇ ਨਿੱਤ ਮਰਨ ਦਾ ਰਾਹ ਤਾਂ ਸਰਕਾਰਾਂ ਤੇ ਅਸੀਂ  ਰਲ ਕੇ ਚੁਣਿਆ ਹੀ ਹੋਇਆ ਹੈ। ਪੰਜਾਬੀਓ ਤੁਸੀਂ ਨਿੱਤ ਜ਼ਹਿਰ ਖਾ ਤੇ ਪੀ ਕੇ ਜੀ ਰਹੇ ਹੋ। ਉਨ੍ਹਾਂ ਨੂੰ ਪਛਾਣੋ ਜੋ ਜ਼ਹਿਰ ਦਾ ਵਪਾਰ ਕਰਦੇ ਹਨ ਤੇ ਝੋਲੀਆਂ ਭਰਦੇ ਹਨ ?   ਇਸ ਸਭ ਸਾਡੇ ਸਮਿਆਂ ਵਿਚ ਹੋ ਰਿਹਾ ਜਦੋਂ ਮਨੁੱਖ ਕੋਲ ਗਿਆਨ ਹਾਸਲ ਕਰਨ ਦੇ ਸਾਧਨ ਹਨ, ਸੋਸ਼ਲ ਮੀਡੀਆ ਉਤੇ ਸਭ ਕੁੱਝ ਦਿਖਾਇਆ ਜਾ ਰਿਹਾ ਹੈ, ਅਸੀਂ ਸੁੱਤੇ ਪਏ ਹਾਂ, ਨੌਜਵਾਨ ਹਾਰਟ ਅਟੈਕ ਨਾਲ ਮਰ ਰਹੇ ਹਨ, ਅਸੀਂ ਗੁਰੂ ਦਾ ਭਾਣਾ ਮੰਨ ਕੇ ਬਹਿ ਜਾਂਦੇ ਹਾਂ, ਪੰਜਾਬ ਦੇ ਲੋਕ ਐਨੇ ਬੇਗੁਰੇ ਤੇ ਬੇਸਮਝ ਕਿਉਂ ਹੋ ਗਏ ? ਸਭ ਨੂੰ ਆਪੋ ਆਪਣੀ ਪਈ ਹੈ, ਦੁੱਖੀ ਸਭ ਹਨ, ਪਰ ਬੋਲਦਾ ਕੋਈ ਨਹੀਂ, ਕਦੋਂ ਤੱਕ ਮੂੰਹ ‘ਤੇ ਮਿੱਟੀ ਮਲ ਕੇਬੈਠੇ ਰਹੋਗੇ, ਇਕ ਦਿਨ ਬੋਲਣਾ ਪਵੇਗਾ! ਜੇ ਹੁਣ ਨਾ ਬੋਲੇ ਤਾਂ ਅਗਲੀਆਂ ਨਸਲਾਂ ਤੁਹਾਨੂੰ ਲਾਹਨਤਾਂ ਪਾਉਣਗੀਆਂ। ਉਂਝ ਲਾਹਨਤਾਂ ਤਾਂ ਹੁਣ ਵੀ ਪੈ ਰਹੀਆਂ ਹਨ। ਇਸੇ ਕਰਕੇ ਅਮਰ ਸਿੰਘ ਚਮਕੀਲਾ ਕਹਿੰਦਾ ਹੈ। ਸੋਹਣੀਏ ਪੱਤਣਾਂ ਤੇ ਕੂਕ ਪਵੇ।
ਕੂਕਾਂ ਤਾਂ ਘਰ ਘਰ ਪੈ ਰਹੀਆਂ ਹਨ ਪਰ ਕਿਸੇ ਨੂੰ ਸੁਣਦੀਆਂ ਨਹੀਂ। ਤੁਹਾਨੂੰ ਸੁਣਦੀਆਂ ਹਨ ਕਿ ਨਹੀਂ?

ਬੁੱਧ ਸਿੰਘ ਨੀਲੋੰ
94643 70823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਣ ਸਹੀ ਕੌਣ ਗ਼ਲਤ
Next articleਬੁੱਧ ਚਿੰਤਨ