ਬੁੱਧ ਚਿੰਤਨ

ਬੁੱਧ ਸਿੰਘ ਨੀਲੋੱ

*ਸ਼ਬਦਾਂ ਦੀ ਯਾਤਰਾ ਕਰਦਿਆਂ !*

(ਸਮਾਜ ਵੀਕਲੀ) ਸ਼ਬਦ ਦੀ ਯਾਤਰਾ ਕਰਦਿਆਂ, ਸ਼ਬਦਾਂ ਦੇ ਜਾਕੇ ਉਹਨਾਂ ਦੇ ਆਰ-ਪਾਰ ਜਾਣਾ ਪੈਂਦਾ ਹੈ। ਸ਼ਬਦ ਕੇਵਲ ਯਾਤਰਾ ਹੀ ਨਹੀਂ ਕਰਦੇ, ਇਹ ਤਾਂ ਬਣਦੇ, ਘੜੇ ਜਾਂਦੇ, ਸਾਂਚੇ ਤੇ ਤਰਾਸ਼ੇ ਜਾਂਦੇ, ਜਨਮ ਦੇ, ਮਰਦੇ, ਸੁੰਗੜਦੇ, ਫੈਲਦੇ, ਗੁਆਚਦੇ ਹੋਏ ਸਮੇਂ ਦੇ ਨਾਲ ਨਾਲ ਯਾਤਰਾ ਕਰਦੇ ਹਨ। ਮਨੁੱਖ ਦਾ ਸ਼ਬਦ ਦੇ ਨਾਲ ਰਿਸ਼ਤਾ ਜਨਮ ਤੋਂ ਪਹਿਲਾਂ ਹੀ ਗਰਭ ਵਿੱਚ ਪੈ ਜਾਂਦਾ ਹੈ। ਇਸੇ ਕਰਕੇ ਅਸੀਂ ਬਹੁਤ ਕੁੱਝ ਨਾਲ ਹੀ ਲੈ ਕੇ ਜੰਮਦੇ ਹਾਂ, ਜੰਮਦਿਆਂ ਦੇ ਮੂੰਹ ਤਿੱਖੇ ਇਸੇ ਕਰਕੇ ਹੁੰਦੇ ਹਨ, ਕਿ ਉਨਾਂ ਦੇ ਮੂੰਹ ਤਿੱਖੇ ਕਰਨ ਲਈ ਸਾਡੇ ਪੁਰਖਿਆਂ ਨੇ ਜਿੱਥੇ ਸਾਨੂੰ ਲੋਰੀਆਂ ਦਿੱਤੀਆਂ ਹਨ, ਬਹਾਦਰੀ ਤੇ ਕੁਰਬਾਨੀ ਦੀਆਂ ਕਥਾਵਾਂ ਸੁਣਾਈਆਂ ਹਨ, ਉੱਥੇ ਉਨ੍ਹਾਂ ਸਾਨੂੰ ਆਪਣੇ ਤੇ ਬੇਗਾਨਿਆਂ ਦਾ ਅਹਿਸਾਸ ਹੀ ਨਹੀਂ ਕਰਵਾਇਆ, ਸਗੋਂ ਸੁਚੇਤ ਰਹਿਣ ਦਾ ਪਾਠ ਵੀ ਪੜ੍ਹਾਇਆ ਹੈ। ਅਸੀਂ ਪੜ੍ਹਾਏ ਗਏ ਪਾਠਾਂ ਨੂੰ ਅਮਲ ਵਿੱਚ ਲਿਆਉਣ ਦੀ ਬਜਾਏ, ਖੁਦ ਪਾਠ ਕਰਨ ਲੱਗ ਪਏ ਤੇ ਅਸੀਂ ਪਾਠੀ ਹੋ ਗਏ। ਪਾਠ ਕਰਨ ਤੇ ਪਾਠੀ ਹੋਣ ਵਿੱਚ ਢੇਰ ਅੰਤਰ ਹੈ, ਪਰ ਸਾਡੀ ਬਦਕਿਸਮਤੀ ਇਹ ਹੋ ਗਈ ਕਿ ਅਸੀਂ ਪਾਠੀਆਂ ਨੂੰ ਹੀ ਗੁਰੂ ਦੇ ਵਜ਼ੀਰ ਸਮਝਣ ਲੱਗ ਪਏ ਹਾਂ। ਇਸ ਕਰਕੇ ਅਸੀਂ ਸ਼ਬਦ ਗੁਰੂ ਦੇ ਨਾਲੋਂ ਟੁੱਟ ਕੇ ਪਾਠੀਆਂ, ਕੀਰਤਨੀਆਂ ਤੇ ਪੁਜਾਰੀਆਂ ਦੇ ਕਦਮਾਂ ਵਿੱਚ ਸਿਰ ਰੱਖ ਕੇ ਆਪਣੇ ਚੰਗੇ ਭਵਿੱਖ ਦੀਆਂ ਅਰਦਾਸਾਂ ਕਰਦੇ ਹਾਂ ਤੇ ਉਨ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਾਂ। ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਕੀ ਕੀ ਕਰਦੀ ਹਨ, ਕਿਵੇਂ ਉਹਨਾਂ ਦਾ ਸੋਸ਼ਣ ਕਰਦੀਆਂ ਹਨ, ਇਸ ਤੇ ਕਥਾ ਫੇਰ ਕਰਾਗੇ. ਖੈਰ ! ਅਸੀਂ ਅਰਦਾਸਾਂ ਤਾਂ ਗੁਰੂ ਅੱਗੇ ਕਰਦੇ ਹਾਂ, ਪਰ ਸਾਡਾ ਸਿਰ ਉਨ੍ਹਾਂ ਪੁਜਾਰੀਆਂ ਦੇ ਕਦਮਾਂ ਥੱਲੇ ਹੁੰਦਾ ਹੈ, ਜਿਹੜੇ ਆਪਣੇ ਆਪ ਨੂੰ ਸ਼ਬਦ ਗੁਰੂ ਨਾਲੋਂ ਵੀ ਵੱਡਾ ਸਮਝ ਦੇ ਹਨ ਪਰ ਵੱਡੇ ਹੁੰਦੇ ਨਹੀਂ। ਵੱਡੇ ਹੋਣ ਲਈ ਧੁੱਪੇ ਬੈਠ ਕੇ ਦਾਹੜੀ ਚਿੱਟੀ ਕਰਨਾ ਵੀ ਨਹੀਂ ਹੁੰਦਾ ਤੇ ਨਾ ਹੀ ਕਿਸੇ ਵੱਡੇ ਆਹੁਦੇ ਤੇ ਪੁੱਜ ਜਾਣਾ ਹੁੰਦਾ ਹੈ। ਪਰ ਅਸੀਂ ਉਨਾਂ ਨੂੰ ਹੀ ਵੱਡੇ ਸਮਝਣ ਲੱਗ ਪੈਂਦੇ ਹਾਂ, ਜਿੰਨਾਂ ਦੇ ਬਸਤਰ ਚਿੱਟੇ ਹੁੰਦੇ ਹਨ ਤੇ ਦਿਲ……..। ਸ਼ਬਦ ਦੀ ਯਾਤਰਾ ਦਾ ਇੱਕ ਲੰਬਾ ਤੇ ਸੰਘਰਸ਼ਮਈ ਇਤਿਹਾਸ ਹੈ। ਇਹ ਇਤਿਹਾਸ ਨੂੰ ਵਾਚਦਿਆਂ ਅਸੀਂ ਕਦੇ ਵੀ ਸ਼ਬਦਾਂ ਦੀ ਗਹਿਰਾਈ ਤੇ ਅਸਮਾਨ ਵਰਗੀ ਉਚਾਈ ਨਹੀਂ ਮਾਪ ਸਕਦੇ। ਉਂਝ ਅਸੀਂ ਸ਼ਬਦਾਂ ਦੇ ਵਣਜਾਰੇ ਅਖਵਾਉਣ ਦਾ ਢੌਂਗ ਰਚਦੇ ਹਾਂ। ਸ਼ਬਦਾਂ ਦਾ ਢੋਂਗ ਉਹੀ ਰਚਦੇ ਹਨ ਜਿੰਨਾਂ ਨੂੰ ਸ਼ਬਦਾਂ ਨਾਲ ਖੇਡਣਾ ਆਉਂਦਾ ਹੈ। ਸ਼ਬਦਾਂ ਨਾਲ ਖੇਡਣ ਲਈ ਸ਼ਬਦਾਂ ਦੀ ਭਾਸ਼ਾ ਨੂੰ ਸਮਝਣਾ ਬੜਾ ਔਖਾ ਮਾਰਗ ਹੈ ਪਰ ਅਸੀਂ ਔਖੇ ਮਾਰਗਾਂ ਦੇ ਮੁਸਾਫਿਰ ਨਹੀਂ, ਇਸ ਕਰਕੇ ਅਸੀਂ ਬਾਤਾਂ ਸੁਨਣੀਆਂ ਤੇ ਪੜਨੀਆਂ ਭੁੱਲ ਗਏ ਹਾਂ। ਸ਼ਬਦ ਗੁਰੂ ਨੂੰ ਭੁੱਲਣ ਕਰਕੇ ਅਸੀਂ ਜ਼ਿੰਦਗੀ ਦੇ ਅਜਿਹੇ ਭਵ-ਸਾਗਰ ਵਿੱਚ ਫੱਸ ਗਏ ਹਾਂ, ਕਿ ਸਾਡੀ ਹਾਲਤ ਝਾਲ ਦੇ ਪਾਣੀਆਂ ਵਰਗੀ ਹੋ ਗਈ ਹੈ, ਜਿਹੜਾ ਆਪਣੀ ਹੀ ਪਰਿਕਰਮਾ ਕਰਦਾ ਰਹਿੰਦਾ ਤੇ ਸੋਚਦਾ ਹੈ, ਉਸ ਨੇ ਬਹੁਤ ਲੰਬਾ ਸਫ਼ਰ ਤਹਿ ਕਰ ਲਿਆ ਹੈ। ਸਫਰ ਤੈਅ ਕਰਨ ਲਈ ਪੈਰਾਂ ਨਾਲ ਨਹੀਂ ਸੋਚ, ਸਮਝ ਤੇ ਮੰਜ਼ਿਲ ਦਾ ਨਿਸ਼ਾਨਾ ਮਿੱਥ ਕੇ ਤੁਰਿਆ ਜਾਂਦਾ ਹੈ। ਉਂਝ ਅਸੀਂ ਹਰ ਵੇਲੇ ਵੱਖ ਵੱਖ ਥਾਵਾਂ ਦੀਆਂ ਯਾਤਰਾਵਾਂ ‘ਤੇ ਤੁਰੇ ਤਾਂ ਰਹਿੰਦੇ ਹਾਂ ਪਰ ਅਸੀਂ ਕਿਸੇ ਮੰਜ਼ਿਲ ਉਤੇ ਨਹੀਂ ਪੁੱਜਦੇ। ਇਸੇ ਕਰਕੇ ਘੁੰਮਣਘੇਰੀ ਵਿੱਚ ਗੁਆਚ ਜਾਂਦੇ ਹਾਂ। ਗੁਆਚਦੇ ਉਹੀ ਹੁੰਦੇ ਹਨ, ਜਿੰਨਾਂ ਨੇ ਮੁੜ ਕੇ ਕੁੱਝ ਲੱਭ ਕੇ ਲਿਆਉਣਾ ਨਹੀਂ ਹੁੰਦਾ ਹੈ। ਦੁੱਧ ਤੇ ਪਾਣੀ ਦਾ ਨਿਤਾਰਾ ਉਹੀ ਕਰ ਸਕਦਾ ਹੈ, ਜਿਸ ਕੋਲ ਪਰਖਣ ਦੀ ਕਸਵੱਟੀ ਹੋਵੇ ਪਰ ਅਸੀਂ ਪਰਖਣੀਆਂ ਲਾ, ਲਾ ਕੇ ਉਨਾਂ ਲੋਕਾਂ ਦਾ ਲਹੂ ਹੀ ਨਿਚੋੜਦੇ ਹਾਂ, ਜਿੰਨ੍ਹਾਂ ਦੇ ਅੰਦਰ ਲਹੂ ਹੁੰਦਾ ਨਹੀਂ। ਅਸੀਂ ਕਦੇ ਵੀ ਉਨਾਂ ਦੇ ਇਹ ਪਰਖਣੀਆਂ ਨਹੀਂ ਲਾਉਂਦੇ ਜਿਹੜੇ ਲੋਕਾਂ ਦਾ ਲਹੂ ਪੀਂਦੇ ਹਨ। ਪਰ ਆਪਣੇ ਆਪ ਨੂੰ ਸ਼ਾਕਾਹਾਰੀ ਕਹਿੰਦੇ ਹਨ। ਚਿੱਟੇ ਬਸਤਰ ਤੇ ਚਿੱਟੀ ਦਾਹੜੀ ਦੇ ਨਾਲ ਆਪਣੇ ਅੰਦਰਲੇ ਕਾਲਖ ਨੂੰ ਲਕੋਇਆ ਨਹੀਂ ਜਾ ਸਕਦਾ। ਤੁਹਾਡੇ ਅੰਦਰਲੀ ਕਾਲਖ ਤੁਹਾਡੀ ਅੱਖਾਂ ਦੇ ਰਾਂਹੀ ਸਾਰੀ ਹੀ ਚੁਗਲੀ ਕਰ ਦਿੰਦੀ ਹੈ ਪਰ ਤੁਹਾਨੂੰ ਪਤਾ ਹੀ ਨਹੀਂ ਲਗਦਾ ਕਿ ਤੁਹਾਡੇ ਦਿਲ ਦੀਆਂ ਗੱਲਾਂ ਦੂਸਰੇ ਨੂੰ ਕਿਵੇਂ ਪਤਾ ਲੱਗ ਗਈਆਂ ਹਨ, ਤੁਸੀ ਆਪਣਿਆਂ ‘ਤੇ ਸ਼ੱਕ ਕਰਦੇ ਹੋ ਤੇ ਬੇਗਾਨਿਆਂ ਉੱਤੇ ਵਿਸ਼ਵਾਸ ਕਰਨ ਲੱਗਦੇ ਹੋ। ਇਸੇ ਕਰਕੇ ਅਸੀਂ ਆਪਣਿਆਂ ਦੇ ਹੱਥੋਂ ਕਤਲ ਹੁੰਦੇ ਹਾਂ, ਤਾਂ ਕਤਲ ਕਰਦੇ ਹਾਂ। ਸਾਡੇ ਕਾਤਲ ਕੋਈ ਬਾਹਰੋਂ ਨਹੀਂ ਆਉਂਦੇ, ਸਾਡੇ ਅੰਦਰੋ ਹੀ ਪੈਦਾ ਹੁੰਦੇ ਹਨ। ਇਹ ਉਦੋਂ ਹੀ ਪੈਦਾ ਹੁੰਦੇ ਹਨ, ਜਦੋਂ ਅਸੀਂ ਹਰ ਇੱਕ ਤੇ ਵਿਸ਼ਵਾਸ ਕਰਦੇ ਹਾਂ, ਵਿਸ਼ਵਾਸ਼ ਇੱਕ ਦਿਨ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ। ਬੜੀ ਘਾਲਣਾ ਘਲਣੀ ਪੈਂਦੀ ਹੈ ਪਰ ਅਸੀਂ ਘਾਲਣਾ ਨਹੀਂ ਘਾਲਦੇ, ਘੌਲੀ ਜ਼ਰੂਰ ਬਣ ਜਾਂਦੇ ਹਾਂ। ਸ਼ਬਦਾਂ ਦੀ ਯਾਤਰਾ ਜਦੋਂ ਬੰਦਿਸ਼ ਬਣਦੀ ਹੈ ਤਾਂ ਤਲਵਾਰ ਲਹੂ ਮੰਗਦੀ। ਜਦੋਂ ਤਲਵਾਰ ਲਹੂ ਮੰਗਦੀ ਹੈ ਸੋਚ ਜਨਮ ਲੈਂਦੀ, ਸੋਚ ਜਿਹੜੀ ਵਿਚਾਰ ਧਾਰਾ ਬਣਦੀ ਹੈ। ਤਾਂ ਫਿਰ ਸਿਰ ਉਠਦੇ ਹਨ, ਬਗੈਰ ਸਿਰਾਂ ਵਾਲੇ ਸਿਰ ਹੁੰਦਿਆਂ ਵੀ ਦੌੜਦੇ ਹਨ। ਜਦੋਂ ਬਗੈਰ ਸਿਰ ਦੇ ਕੋਈ ਦੌੜਦਾ ਹੈ ਤਾਂ ਆਪਣੀ ਮੌਤ ਖੁਦ ਮਰਦਾ ਹੈ। ਤਲਵਾਰ ਦੇ ਅੱਗੇ ਜਦੋਂ ਉਠ ਕੇ ਕੋਈ ਆਪਣਾ ਸੀਸ ਭੇਂਟ ਕਰਦਾ ਹੈ ਤੇ ਉਹ ਬੇਗਾਨਾ ਵੀ ਆਪਣਾ ਹੋ ਜਾਂਦਾ ਹੈ। ਇਹ ਬੇਗਾਨਗੀ ਉਦੋਂ ਤੱਕ ਹੀ ਰਹਿੰਦੀ ਹੈ, ਜਦੋਂ ਤੱਕ ਕੋਈ ਇੱਕ ਦੂਜੇ ਨਾਲ ਜੁੜਦਾ ਨਹੀਂ। ਤਾੜੀ ਇੱਕ ਹੱਥ ਨਾਲ ਨਹੀਂ, ਦੋਹਾਂ ਨਾਲ ਵੱਜਦੀ ਹੈ। ਦੋਹਾਂ ਨੂੰ ਜੋੜ ਕੇ ਹੀ ਨਵਾਂ ਕੁੱਝ ਸਿਰਜਿਆ ਜਾਂਦਾ ਹੈ ਪਰ ਅਸੀਂ ਕੁਦਰਤ ਦੀ ਇਸ ਸਿਰਜਣਾ ਦੇ ਖਿਲਾਫ਼ ਸਮਲਿੰਗੀ ਹੋ ਗਏ। ਹੁਣ ਤੇ ਬੇਬੀ ਟਿਊਬ ਤੱਕ ਪੁਜਗੇ ਹਾਂ। ਜੁੜਦਿਆਂ ਅਤੇ ਤੁਰਦਿਆਂ ਦਾ ਹੀ ਕਾਫਲਾ ਬਣਦਾ ਹੈ। ਭੀੜ ਦੀ ਕੋਈ ਸੋਚ ਨਹੀਂ ਹੁੰਦੀ। ਕਾਫਲੇ ਤੇ ਦਰਿਆ ਦਾ ਕੋਈ ਵਹਿਣ ਨਹੀਂ ਹੁੰਦਾ। ਉਹ ਤਾਂ ਆਪਣੇ ਰਸਤੇ ਖੁਦ ਸਿਰਜਦਾ ਹੈ, ਰਸਤੇ ਬਣਾਉਂਦਾ ਹੋਇਆ ਮੰਜਿਲ ਤੱਕ ਪੁੱਜਦਾ ਹੈ। ਮੰਜ਼ਿਲ ਤੱਕ ਪੁੱਜਣ ਲਈ ਸਫਰ ਦੀ ਨਹੀਂ ਸਬਰ ਦੀ ਲੋੜ ਪੈਂਦੀ ਹੈ, ਸਿਰ ਕਟਾਉਣਾ ਪੈਂਦਾ ਹੈ, ਚਰਖੜਿਆਂ ਤੇ ਚੜਨਾ ਤੇ ਰੂੰ ਸੜਨਾ ਤੇ ਦੇਗ ਵਿੱਚ ਉਬਾਲੇ ਖਾ ਕੇ ਬੰਦ ਬੰਦ ਕਟਾਉਣਾ ਪੈਂਦਾ ਹੈ। ਬੰਦ ਬੰਦ ਉਹੀ ਕਟਵਾ ਸਕਦਾ, ਜਿਹੜਾ ਸ਼ਬਦ ਗੁਰੂ ਦਾ ਮੁਰੀਦ ਹੋਵੇ, ਆਸ਼ਕ ਹੋਵੇ। ਝਨਾਂ ਕੱਚੇ ਘੜੇ ਨਹੀਂ ਤਰ ਸਕਦੇ। ਇਸੇ ਕਰਕੇ ਕੱਚੇ ਘੜੇ, ਬੇਦਾਵਾ ਦੇ ਕੇ ਗੁਰੂ ਸ਼ਬਦ ਤੋਂ ਮੁੱਖ ਮੋੜਕੇ ਭੱਜਦੇ ਹਨ। ਸ਼ਬਦ ਗੁਰੂ ਤੋਂ ਅੰਮ੍ਰਿਤ ਤੱਕ ਦਾ ਸਫ਼ਰ ਏਡਾ ਸੌਖਾ ਨਹੀਂ। ਜਿੰਨਾ ਸੌਖਾ ਅਸੀਂ ਬਣਾ ਦਿੱਤਾ ਹੈ। ਇਸੇ ਕਰਕੇ ਹੀ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਘਰ ਨਾਲ ਤਾਂ ਜੁੜਦੇ ਹਾਂ ਪਰ ਸ਼ਬਦ ਗੁਰੂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਬਗੈਰ ਸਿਰਾਂ ਦੇ ਗਲਾਂ ਵਿੱਚ ਸਵਾ ਮੀਟਰ ਕੱਪੜਾ ਪਾ ਕੇ ਅਸੀਂ ਆਪਣੇ ਇਤਿਹਾਸ ਦੀ ਤੌਹੀਨ ਕਰਦੇ ਹੋਏ ਆਖਦੇ ਹਾਂ, ਹਜ਼ਾਰਾਂ ਪ੍ਰੇਮੀ ਗੁਰੂ ਵਾਲੇ ਬਣੇ। ਪਰ ਅਸੀਂ ਭੁੱਲ ਜਾਂਦੇ ਹਾਂ, ਗੁਰੂ ਵਾਲੇ ਬਣਨ ਤੋਂ ਪਹਿਲਾਂ ਸੀਸ ਤਲੀ ਤੇ ਧਰਨਾ ਪੈਂਦਾ ਹੈ। ਆਪੇ ਗੁਰੂ ਤੇ ਚੇਲਾ ਉਹ ਬਣ ਸਕਦਾ ਹੈ, ਜਿਸ ਦੇ ਅੰਦਰੋਂ ‘ਮੈਂ’ ਮੁਕ ਜਾਵੇ-ਤੂੰ ਹੀ ਤੂੰ ਤੱਕ ਉਹੀ ਪੁੱਜ ਸਕਦਾ ਹੈ, ਜਿਹੜਾ ਇਸ ਖੰਡ ਵਿਚੋਂ ਨਿਕਲ ਕੇ ਬ੍ਰਹਿਮੰਡ ਤੱਕ ਪੁੱਜ ਜਾਵੇ। ਪਰ ਅਸੀਂ ਤਾਂ ਗੁਰੂ ਵਾਲੇ ਹੋ ਕੇ ਅਜੇ ਉਨਾਂ ਦਲਦਲਾਂ ਵਿੱਚ ਫਸੇ ਹੋਏ ਹਾਂ। ਜਿੰਨਾਂ ਵਿੱਚੋਂ ਕੱਢਣ ਲਈ ਸ਼ਬਦ ਗੁਰੂ ਨੇ ਇੱਕ ਲੰਮਾ ਸਫ਼ਰ ਕੀਤਾ। ਅਸੀਂ ਤਾਂ ਅਜੇ ਵੀ ਜਾਤਾਂ-ਕੁਜਾਤਾਂ, ਊਚ-ਨੀਚ, ਚਿੱਕੜ ‘ਚ ਆਪ ਲਿਬੜ ਰਹੇ ਹਾਂ ਤੇ ਹੋਰਨਾਂ ਨੂੰ ਲਬੇੜ ਰਹੇ ਹਾਂ। ਹੁਣ ਸ਼ਬਦ ਗੁਰੂ ਇੱਕ ਝੰਡੇ ਥੱਲੇ ਨਹੀਂ ਸਗੋਂ, ਵੱਖ ਵੱਖ ਜਾਤਾਂ ਦੇ ਝੰਡਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਸੀਂ ਸ਼ਬਦ ਗੁਰੂ ਦਾ ਸਿਧਾਂਤ ਅੰਮ੍ਰਿਤ ਦੀ ਦਾਤ ਦੇ ਅਰਥ ਹੀ ਭੁੱਲ ਗਏ ਹਾਂ। ਇਸੇ ਕਰਕੇ ਅਸੀਂ ਇਸ ਹਸਦੀ ਵਸਦੀ ਦੁਨੀਆਂ ਵਿੱਚ ਰੁਲ ਗਏ। ਰੁਲੀ ਹੋਈ ਚੀਜ਼ ਲੱਭਦੀ ਨਹੀਂ। ਅਸੀਂ ਬਾਹਰੋਂ ਲੱਭਣ ਤੁਰੇ ਧਰਤੀ, ਅੰਬਰ ਤੱਕ ਖਾਕ ਮਾਰਿਆ ਹੈ। ਪਰ ਅਸੀਂ ਕਦੇ ਆਪਣੇ ਅੰਦਰ ਦੀ ਯਾਤਰਾ ਨਹੀਂ ਕੀਤੀ। ਅੰਦਰ ਦੀ ਯਾਤਰਾ ਉਹੀ ਕਰਦੇ ਹਨ, ਜਿੰਨਾਂ ਨੂੰ ਆਪਣੇ ਅੰਦਰ ਉਤਰਨਾ ਆਉਂਦਾ ਹੈ। ਅਸੀਂ ਆਪਣੇ ਅੰਦਰ ਉਤਰਨ ਦੀ ਬਜਾਏ ਬਾਹਰ ਵੱਲ ਉਤਰਦੇ ਹਾਂ। ਇਸੇ ਕਰਕੇ ਅਸੀਂ ਭਟਕਦੇ ਫਿਰਦੇ ਹਾਂ, ਅਸੀਂ ਕਦੇ ਉੱਤਰ, ਕਦੇ ਦੱਖਣ ਵੱਲ ਤੁਰਦੇ ਹਾਂ ਤੇ ਫਿਰ ਕਦੇ ਪੂਰਬ ਤੇ ਪੱਛਮ ਵੱਲ। ਇਸੇ ਕਰਕੇ ਸਾਡੇ ਅੰਦਰ ਸ਼ੋਰ ਵੱਧ ਗਿਆ ਹੈ। ਅਸੀਂ ਅਸ਼ਾਂਤ ਹੋ ਗਏ ਹਾਂ। ਅਸ਼ਾਂਤੀ ਸਾਨੂੰ ਇੱਕ ਥਾਂ ਟਿਕਣ ਨਹੀਂ ਦਿੰਦੀ। ਸ਼ਬਦ ਗੁਰੂ ਜਦੋਂ ਅੰਮ੍ਰਿਤ ਬਣਦਾ ਹੈ ਤਾਂ ਉਹ ਕੁਰਬਾਨੀ ਮੰਗਦਾ ਹੈ। ਅਸੀਂ ਸ਼ਬਦਾਂ ਦੇ ਰਾਂਹੀ ਕੁਰਬਾਨ ਹੋਣ ਦੀਆਂ ਗੱਲਾਂ ਤਾਂ ਕਰਦੇ ਹਾਂ। ਪਰ ਜਦੋਂ ਕੁਰਬਾਨੀ ਦੇਣ ਦਾ ਸਮਾਂ ਆਉਂਦਾ ਹੈ ਤਾਂ ਅਸੀਂ ਪਿੱਠ ਮੋੜ ਕੇ ਭੱਜਦੇ ਹਾਂ। ਅਸੀਂ ‘ਅੰਮ੍ਰਿਤ’ ਦੀ ਸ਼ਕਤੀ ਤੇ ਭਗਤੀ ਨੂੰ ਭੁੱਲ ਗਏ ਹਾਂ, ਇਸੇ ਕਰਕੇ ਅਸੀਂ ਰੋਹ ਤੇ ਵਿਦਰੋਹ ਨਹੀਂ ਕਰਦੇ । ਅਸੀਂ ਆਪਣੀ ਸ਼ਕਤੀ ਖਤਮ ਕਰਨ ਲਈ ਭਗਤੀ ਕਰਨ ਲੱਗ ਪਏ ਹਾਂ। ਸਾਡੇ ਅੰਦਰੋਂ ਸ਼ਕਤੀ ਮਰ ਗਈ ਹੈ ਜਾਂ ਫਿਰ ਇਸ ਨੂੰ ਮਾਰਨ ਲਈ ਸਾਨੂੰ ਭਗਤੀ ਦੇ ਲੜ ਲਾਕੇ ਮੌਤ ਤੋਂ ਬਚਣ ਦੇ ਮਾਰਗ ਤੋਰਿਆ ਹੈ। ਸਾਨੂੰ ਇਹ ਕਦੋਂ ਸਮਝ ਆਵੇਗੀ? ਜਦੋਂ ਵਾੜ ਹੀ ਖੇਤ ਨੂੰ ਖਾ ਜਾਵੇਗੀ-ਬਾਗਾਂ ਤੇ ਖੇਤਾਂ ਦੇ ਰਾਖਿਆਂ ਨੂੰ ਉਨਾਂ ਦੇ ਅੰਦਰਲੀ ਸ਼ਕਤੀ ਦੇ ਅਰਥ ਕੌਣ ਦੱਸੇਗਾ?
ਹੁਣ ਤਾਂ ਆਪਣਾ ਆਪ ਜਗਾਉਣ ਦੀ ਲੋੜ ਹੈ. ਤਾਂ ਹੀ  ਤਲਵਾਰ ਨੂੰ ਕਿਰਪਾਨ  ਬਣਾ ਸਕਦੇ ਹਾਂ . ਪਰ ਅਸੀਂ ਤੇ ਤਲਵਾਰਾਂ ਇਉਂ ਚੁੱਕੀ ਫਿਰਦੇ ਹਾਂ ਜਿਵੇਂ ਜੰਗ ਦਾ ਮੈਦਾਨ ਹੋਵੇ. ਪਰ ਕਿਰਪਾਨ ਕਿਸੇ ਕੋਲ ਨਹੀਂ, ਜੋ ਗੁਰੂ ਜੀ ਨੇ ਸ਼ਬਦ ਗੁਰੂ ਦੇ ਰਾਹੀਂ ਦਿੱਤੀ ਸੀ, ਅਸੀਂ ਕਦੋਂ ਸਮਝਾਗੇ ਇਹ ਫਰਕ.? ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕੀਤਾ ਸੀ, ਪਰ ਅਸੀਂ ਸਾਜਨਾ ਦਿਵਸ ਮਨਾਈ ਜਾ ਰਹੇ ਹਾਂ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਮਕਸਦ ਵਾਸਤੇ ਪੂਜਦੇ ਹਾਂ ਤੇ ਪੂਜਾ ਚੜਾਉਂਦੇ ਹਾਂ। ਉਹਨਾਂ ਦੀ ਬਾਣੀ ਨਾ ਸੁਣਦੇ ਹਾਂ ਤੇ ਨਾ ਹੀ ਜੀਵਨ ਵਿੱਚ ਅਪਣਾਉਂਦੇ ਹਾਂ। ਅਸੀਂ ਪਖੰਡ ਕਰਦੇ ਹਾਂ ਤੇ ਅੰਧਵਿਸ਼ਵਾਸ ਦੀ ਦਲਦਲ ਵਿੱਚ ਫਸੇ ਆਪਣਾ ਆਪ ਲੁਟਾਈ ਜਾ ਰਹੇ ਹਾਂ। ਲੁੱਟਣ ਵਾਲੇ ਸਾਨੂੰ ਨਰਕ ਤੇ ਸਵਰਗ ਦਾ ਲਾਰਾ ਲਾ ਕੇ ਲੁੱਟੀ ਜਾ ਰਹੇ ਹਨ। ਇਹ ਲੁੱਟ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਧਰਮ ਦੀ ਪੂਜਾ ਹੁੰਦੀ ਰਹੇਗੀ। ਇੱਕ ਦਿਨ ਸਾਨੂੰ ਸ਼ਬਦਾਂ ਦੀ ਯਾਤਰਾ ਕਰਨੀ ਪਵੇਗੀ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਪਵੇਗਾ। ਉਸ ਦੀ ਬਾਣੀ ਨੂੰ ਸਮਝਣ ਲਈ ਆਪਣੀ ਹਾਊਮੈਂ ਨੂੰ ਖਤਮ ਕਰਨਾ ਪਵੇਗਾ। ਜਦੋਂ ਤੱਕ ਇਸ ਨਾਲ ਇੱਕ ਮਿੱਕ ਨਹੀਂ ਹੁੰਦੇ, ਅਸੀਂ ਦੁਖਾਂਤ ਭੋਗਦੇ ਰਹਾਂਗੇ। ਕਦੋਂ ਤੱਕ ਅਸੀਂ ਗੁਰੂ ਸਾਹਿਬ ਵੱਲ ਪਿੱਠ ਕਰਕੇ ਬੈਠੇ ਰਹਾਂਗੇ ?

ਬੁੱਧ ਸਿੰਘ ਨੀਲੋੱ
9464370823
ਪਿੰਡ ਸਾਹਨੇਵਾਲ ਖੁਰਦ, ਜਿਲਾ ਲੁਧਿਆਣਾ 

 

Previous articleਮਰਦਾਨੀ ਜਨਾਨੀ -10
Next articleਸਿਰਫ ਅੱਧਾ ਘੰਟਾ ਮੀਂਹ ਪੈਣ ਨਾਲ ਹੀ ਮਾਛੀਵਾੜਾ ਦੀ ਦਾਣਾ ਮੰਡੀ ਹੋਈ ਜਲਥਲ,ਪਾਣੀ ਦੀ ਨਿਕਾਸੀ ਸਹੀ ਨਹੀਂ- ਹਰਜਿੰਦਰ ਖੇੜਾ