(ਸਮਾਜ ਵੀਕਲੀ)-ਪੰਜਾਬੀ ਦੇ ਗਾਇਕ ਦੀਦਾਰ ਸੰਧੂ ਦੇ ਗੀਤ ਜ਼ਿੰਦਗੀ ਦੇ ਤੱਤ ਸਾਰ ਦੀ ਬਾਤ ਪਾਉਂਦੇ ਹਨ । ਉਸਦੇ ਇੱਕ ਮਸ਼ਹੂਰ ਗੀਤ ਦੀਆਂ ਸਤਰਾਂ ਹਨ:
“ਖੱਟੀ ਖੱਟਗੇ ਮੁਰੱਬਿਆਂ ਵਾਲ਼ੇ
ਨੀ ਅਸੀਂ ਰਹਿ ਗੇ ਭਾਅ ਪੁੱਛਦੇ !”
ਰਜਵਾੜਾਸ਼ਾਹੀ ਅਤੇ ਬਸਤੀਵਾਦੀ ਹਕੂਮਤਾਂ ਦੇ ਦੌਰ ਵਿੱਚ ਮੁਰੱਬੇ ਹਾਸਲ ਕਰਨ ਵਾਲ਼ਿਆਂ ਦਾ ਕਾਰੋਬਾਰ ਕੀ ਸੀ ? ਬਹੁਤੀ ਸਿਰ ਖਪਾਈ ਦੀ ਲੋੜ ਨਹੀਂ, ਉਹਨਾਂ ਦਾ ਓਹੀ ਕਾਰੋਬਾਰ ਸੀ ਜੋ ਅੱਜ ਦੇ ਗੱਦਾਰਾਂ ਦਾ ਹੈ। ਉਹਨਾਂ ਭਲਿਆਂ ਸਮਿਆਂ ਵਿੱਚ ਵੀ ਉਹ ਇਹੀ ਕਾਰੋਬਾਰ ਕਰਦੇ ਸਨ । ਉਹ ਪਹਿਲਾਂ ਮੁਗਲਾਂ ਦੇ ਸੇਵਕ ਰਹੇ, ਫੇਰ ਅੰਗਰੇਜ਼ਾਂ ਦੇ ਬਣ ਗਏ। ਪਰ ਹੁਣ ਲੋਕਤੰਤਰ ਦੇ ਦੌਰ ਵਿੱਚ ਉਹ ਸਮੇਂ ਦੇ ਹਾਕਮਾਂ ਦੇ ਦਿੱਤੇ ਲਾਲਚ ਕਾਰਨ ਨਹੀਂ, ਸਗੋਂ ਆਪ ਹੀ ਨਿਸ਼ਕਾਮ ਸੇਵਾ ਕਰਨ ਲੱਗ ਪਏ ਹਨ । ਹੁਣ ਹਰ ਸ਼ੈਅ ਦੇ ਭਾਅ ਵਧ੍ਹੇ ਹਨ । ਉੰਞ ਹਰ ਸ਼ੈਅ ਵਿਕਾਊ ਹੈ ਪਰ ਖਰੀਦਦਾਰ ਕੋਈ ਨਹੀਂ । ਇਹ ਵੀ ਨਹੀਂ ਕਿ ਤੁਸੀਂ ਕਿਸੇ ਨੂੰ ਖਰੀਦ ਸਕੋ । ਸਭ ਦਾ ਆਪੋ ਆਪਣਾ ਸੁਭਾਅ ਤੇ ਕਿਰਦਾਰ ਹੈ । ਹੁਣ ਭਾਵੇਂ ਪੈਸਾ ਹੀ ਕਿਰਦਾਰ ਬਣ ਗਿਆ ਹੈ ਪਰ ਪੈਸੇ ਨਾਲ਼ ਮੋਹ, ਮੁਹੱਬਤ, ਪਿਆਰ ਵੇਚਿਆ ਖਰੀਦਿਆ ਨਹੀਂ ਜਾ ਸਕਦਾ। ਭਾਂਵੇਂ ਮੌਜੂਦਾ ਸਮੇਂ ਮਨੁੱਖ ਦੀ ਜ਼ਿੰਦਗੀ ਮੰਡੀ ਦੀ ਵਸਤੂ ਨਹੀਂ ਰਹੀ ਪਰ ਕੁਝ ਲੋਕ ਆਪਣੀ ਬੋਲੀ ਲਵਾਉਣ ਲਈ ਤਿਆਰ ਰਹਿੰਦੇ ਹਨ, ਇਸੇ ਕਰਕੇ ਲੋਕ ਭਾਅ ਪੁੱਛਦੇ ਹਨ ! ਭਾਅ ਉਹੀ ਪੁੱਛ ਸਕਦੈ, ਜਿਸ ਦੀ ਜੇਬ੍ਹ ਵਿੱਚ ਨਗਦ ਨਾਂਵਾਂ ਹੋਵੇ ਤੇ ਜਿਸ ਨੂੰ ਕੀਮਤ ਦਾ ਪਤਾ ਹੋਵੇ। ਕੀਮਤ ਉਸ ਦੀ ਪੈਂਦੀ ਹੈ, ਜਿਸ ਦੀ ਕਿਸੇ ਨੂੰ ਲੋੜ ਹੋਵੇ। ਖਰੀਦਦਾ ਉਹੀ ਹੈ, ਜਿਸ ਕੋਲ਼ ਖਰੀਦਣ ਦੀ ਤਾਕਤ ਹੋਵੇ। ਖਰੀਦ ਵੇਚ ਦੀ ਰਵਾਇਤ ਬੜੀ ਪੁਰਾਣੀ ਹੈ ਤੇ ਇਸ ਦੀ ਬਹੁਤ ਲੰਮੀ ਅੰਤਹੀਣ ਕਹਾਣੀ ਹੈ। ਕਹਾਣੀ ਦਾ ਮੁੱਢ ਵੀ ਬੰਦਾ ਜਾਤ ਦੇ ਇਸ ਧਰਤੀ ਤੇ ਆਉਣ ਨਾਲ਼ ਹੀ ਸ਼ੁਰੂ ਹੋ ਗਿਆ ਸੀ। ਪਹਿਲਾਂ ਖਰੀਦ-ਵੇਚ ‘ਚ ਦਮੜਿਆਂ ਦਾ ਨਹੀਂ, ਵਸਤਾਂ, ਪਸ਼ੂੂਆਂ, ਇਲਾਕਿਆਂ, ਆਦਮੀਆਂ ਤੇ ਔਰਤਾਂ ਦਾ ਵਟਾਂਦਰਾ ਹੁੰਦਾ ਸੀ। ਜਿਸ ਕੋਲ ਤਾਕਤ ਤੇ ਵਸਤੂਆਂ ਦੀ ਭਰਮਾਰ ਹੁੰਦੀ ਸੀ, ਉਸ ਦੀ ਇਲਾਕੇ ਵਿੱਚ ਪੂਰੀ ਇਜਾਰੇਦਾਰੀ ਹੁੰਦੀ ਸੀ। ਇਹ ਗੁਲਾਮੀ ਦੇ ਦੌਰ ਦੀਆਂ ਬਾਤਾਂ ਨੇ, ਉਹ ਬਾਤਾਂ ਜਿਹੜੀਆਂ ਹੁਣ ਕਿਤਾਬਾਂ ਵਿੱਚ ਸਿਮਟ ਕੇ ਰਹਿ ਗਈਆਂ ਹਨ। ਗੱਲ ਵਿੱਚੋਂ ਗੱਲ ਨਿਕਲ਼ਦੀ ਹੈ। ਬਾਤਾਂ ਸੁਣਾਉਣ ਵਾਲ਼ੀਆਂ ਨਾਨੀਆਂ ਦਾਦੀਆਂ ਤਾਂ ਭਾਵੇਂ ਹੁਣ ਵੀ ਹੈਗੀਆਂ ਨੇ, ਪਰ ਬਾਤਾਂ ਸੁਨਣ ਵਾਲਿਆਂ ਕੋਲ਼ ਈ ਵਿਹਲ ਨਹੀਂ। ਹੁਣ ਘਰ ਤੇ ਬਾਜਾਰ ਦਾ ਫਾਸਲਾ ਮੁੱਕ ਗਿਆ ਹੈ। ਇਸੇ ਕਰਕੇ ਜਿੰਨ੍ਹਾਂ ਕੋਲ਼ ਗਾਂਧੀ ਦੇ ਨੋਟਾਂ ਦੀ ਭਰਮਾਰ ਹੈ, ਉਹਨਾਂ ਨੇ ਘਰ ਨੂੰ ਹੀ ਬਜ਼ਾਰ ਬਣਾ ਦਿੱਤਾ ਹੈ ਪਰ ਜਿਹੜੇ ਅਜੇ ਭਾਅ ਹੀ ਪੁੱਛਦੇ ਫਿਰਦੇ ਹਨ, ਉਨ੍ਹਾਂ ਕੋਲ਼ ਰੋਟੀ, ਕੱਪੜਾ ਤੇ ਮਕਾਨ ਦੀ ਵੀ ਸਹੂਲਤ ਨਹੀਂ ਹੈ। ਜੇ ਉਹਨਾਂ ਨੂੰ ਮਕਾਨ ਮਿਲ਼ ਜਾਵੇ ਤਾਂ ਉਹ ਦੁਕਾਨ ਖੋਲ੍ਹਣ ਬਾਰੇ ਜਰੂਰ ਸੋਚਣਗੇ। ਅੱਜਕੱਲ੍ਹ ਦੁਕਾਨਦਾਰੀ ਵਿੱਚ ਬੜਾ ਮੁਨਾਫ਼ਾ ਹੈ। ਕਿਸਾਨਾਂ ਕੋਲ਼ੋਂ ਇੱਕ ਰੁਪਏ ਕਿੱਲੋ ਦੇ ਭਾਅ ਖਰੀਦੇ ਗਏ ਆਲੂ, ਵਪਾਰੀ ਦੇ ਕਾਰਖਾਨੇ ਵਿੱਚੋਂ ਦੀ ਗੇੜਾ ਦੇ ਕੇ ਬਾਜ਼ਾਰ ਵਿਚ ਪੰਜ ਸੌ ਰੁਪਏ ਕਿੱਲੋ ਦੇ ਹਿਸਾਬ ਨਾਲ਼ ਵਿਕਣ ਲਗਦੇ ਹਨ ਤੇ ਖਰੀਦਣ ਵਾਲ਼ੇ ਹੱਸ ਕੇ ਖਰੀਦ ਦੇ ਹਨ। ਕੁਦਰਤ ਦੀਆਂ ਮਾਰਾਂ ਝੱਲਦੇ ਤੇ ਫਾਕੇ ਕੱਟਦੇ ਕਿਸਾਨ ਹੁਣ ਖੁਦਕੁਸ਼ੀਆਂ ਕਰਨ ਤੱਕ ਪੁੱਜ ਗਏ ਹਨ ਜਦੋਂ ਕਿ ਉਹਨਾਂ ਦੀਆਂ ਫਸਲਾਂ ਖਰੀਦਣ ਵਾਲ਼ਿਆਂ ਦੇ ਭੜੋਲੇ ਨੋਟਾਂ ਨਾਲ਼ ਨੱਕੋ ਨੱਕ ਭਰ ਗਏ ਹਨ, ਉਹਨਾਂ ਕੋਲ਼ ਦੁਨੀਆਂ ਦੀ ਹਰ ਸੁੱਖ ਸਹੂਲਤ ਮੌਜੂਦ ਹੈ । ਉਹਨਾਂ ਨੂੰ ਸ਼ਾਇਦ ਇਹ ਭੁਲੇਖਾ ਹੈ ਕਿ ਉਹਨਾਂ ਇਸ ਧਰਤੀ ਤੋਂ ਕਦੇ ਵੀ ਨਹੀਂ ਜਾਣਾ ਇਸੇ ਕਰਕੇ ਉਹ ਵੱਧ ਤੋਂ ਵੱਧ ਮਾਲ ਇਕੱਠਾ ਕਰਨ ਦੀ ਹੋੜ ‘ਚ ਲੱਗੇ ਹੋਏ ਹਨ। ਇਹ ਹੋੜ ਹੁਣ ਅੰਨ੍ਹੀਂ ਦੌੜ ‘ਚ ਬਦਲ ਚੁੱਕੀ ਹੈ। ਅੰਨ੍ਹੀਂ ਦੌੜ ਉਹੀ ਲੋਕ ਦੌੜ ਸਕਦੇ ਹਨ ਜਿਹਨਾਂ ਦੇ ਭਾਈਵਾਲ਼ ਭ੍ਰਿਸ਼ਟ ਸਿਆਸਤਦਾਨ ਹੁੰਦੇ ਹਨ। ਸੱਤਾ, ਕਾਨੂੰਨ, ਪੁਲਿਸ ਤੇ ਬਜ਼ਾਰ ਸਭ ਕੁਝ ਉਹਨਾਂ ਦੀ ਜੇਬ੍ਹ ਵਿੱਚ ਹੁੰਦਾ ਹੈ। ਜੇ ਕੁਝ ਨਹੀਂ ਹੁੰਦਾ ਤਾਂ ਸਿਰ ਅੰਦਰ ਅਕਲ ਦਾ ਖਾਨਾ। ਜੇ ਹੋਵੇ ਤਾਂ ਉਹ ਹਉਮੈ, ਲਾਲਚ ਤੇ ਵਿਸ਼ੇ ਵਿਕਾਰਾਂ ਦੀ ਦਲਦਲ ਨਾਲ਼ ਭਰਿਆ ਹੁੰਦਾ ਹੈ ਪਰ ਜਿਸਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ। ਉਨ੍ਹਾਂ ਅੰਦਰ ਕੁਝ ਕਰ ਗੁਜ਼ਰਨ ਦਾ ਜੋਸ਼ ਤਾਂ ਹੁੰਦਾ ਹੈ, ਪਰ ਚੰਗੇ ਮਾੜੇ ਕੰਮ ਦੀ ਹੋਸ਼ ਨਹੀਂ ਹੁੰਦੀ। ਹੋਸ਼ ਵਾਲਿਆਂ ਨੂੰ ਇਹ ਜੋਸ਼ ਵਾਲ਼ੇ ਤਾਕਤ ਦੇ ਸਹਾਰੇ ਵਰਤ ਜਾਂਦੇ ਹਨ। ਵਰਤੇ ਜਾਣ ਵਾਲਿਆਂ ਨੂੰ ਵਰਤੇ ਜਾਣ ਦਾ ਉਦੋਂ ਤੀਕ ਪਤਾ ਨਹੀਂ ਲੱਗਦਾ, ਜਦੋਂ ਤੱਕ ਉਹ ਮੱਛੀ ਵਾਂਙੂ ਪੱਥਰ ਚੱਟਕੇ ਵਾਪਸ ਨਹੀਂ ਮੁੜ ਆਉਂਦੇ। ਜਦੋਂ ਦੋ ਚੀਜ਼ਾਂ ਆਪਸ ਵਿੱਚ ਘਿਸਰਦੀਆਂ ਨੇ, ਤਾਂ ਨਵੀਂ ਊਰਜਾ ਪੈਦਾ ਹੁੰਦੀ ਹੈ। ਇਸ ਮੌਕੇ ਵਰਤੀਆਂ ਤਾਂ ਦੋਵੇਂ ਹੀ ਜਾਂਦੀਆਂ ਹਨ, ਕੋਈ ਵੱਧ ਤੇ ਕੋਈ ਘੱਟ। ਵੱਧ ਵਾਲ਼ਿਆਂ ਦਾ ਹੱਥ ਹਮੇਸ਼ਾ ਉੱਤੇ ਰਹਿੰਦਾ ਹੈ ਤੇ ਜਿਹੜਾ ਉੱਤੇ ਹੁੰਦਾ ਹੈ, ਉਹੀ ਜੇਤੂ ਹੁੰਦਾ ਹੈ। ਕਦੇ ਕਦੇ ਕਿਸੇ ਨੂੰ ਨੂਰਾ-ਕੁਸ਼ਤੀ ਵੀ ਲੜਨੀ ਪੈਂਦੀ ਹੈ ਕਿਉਂਕਿ ਕਿਸੇ ਖ਼ਾਸ ਨੂੰ ਸਦਾ ਜਿਤਾਉਣਾ ਮਜ਼ਬੂਰੀ ਹੁੰਦੀ ਹੈ, ਹਾਰਨ ਵਾਲਾ਼ ਭਾਂਵੇਂ ਜਿੰਨਾਂ ਮਰਜ਼ੀ ਤਾਕਤਵਰ ਹੋਵੇ ਪਰ ਦੁੱਖ ਤਾਂ ਉਦੋਂ ਲਗਦਾ ਹੈ, ਜਦੋਂ ਕੋਈ ਚਿੱਟੇ ਬਸਤਰ ਪਾ ਕੇ ਮਨੋਕਲਪਤ ਪਾਤਰਾਂ ਦਾ ਰੂਪ ਧਾਰ ਕੇ ਚੰਗੇ ਭਲਿਆਂ ਨੂੰ ਲੁੱਟ ਲਵੇ। ਪਰ ਲੁੱਟਣ ਵਾਲਿਆਂ ਦਾ ਤਾਂ ਇੱਕ ਨੁਕਾਤੀ ਪ੍ਰੋਗਰਾਮ ਲੁੱਟਣਾ ਹੀ ਹੁੰਦਾ ਹੈ। ਉਹ ਚੋਲ਼ਾ ਤੇ ਮਖੌਟਾ ਜਿਹੜਾ ਮਰਜ਼ੀ ਪਾ ਲੈਣ ਪਰ ਜਦੋਂ ਤੀਕ ਉਹਨਾਂ ਦਾ ਮਖੌਟਾ ਉਤਰਦਾ ਹੈ, ਉਦੋਂ ਤੱਕ ਸਮਾਂ ਲੰਘ ਚੁੱਕਾ ਹੁੰਦਾ ਹੈ। ਬੀਤਿਆ ਸਮਾਂ ਵਾਪਸ ਨਹੀਂ ਆਉਂਦਾ ਪਰ ਜਦੋਂ ਚੇਤਿਆਂ ਦੀ ਤਖ਼ਤੀ ਉੱਤੇ ਯਾਦਾਂ ਦਸਤਕ ਦੇਂਦੀਆਂ ਹਨ ਤਾਂ ਮਨ ਵਿੱਚ ਵਿਚਾਰਾਂ ਦਾ ਜਵਾਰਭਾਟਾ ਆਉਂਦਾ ਹੈ । ਕਦੇ ਕਦੇ ਤਾਂ ਸੁਨਾਮੀ ਵਾਂਗੂੰ ਤਬਾਹੀ ਵੀ ਹੋ ਜਾਂਦੀ ਹੈ। ਮਨ ਆਪਣੇ ਆਪ ਨੂੰ ਸਵਾਲ ਕਰਦਾ ਕਰਦਾ ਖੁਦ ਹੀ ਸਵਾਲ ਬਣ ਕੇ ਰਹਿ ਜਾਂਦਾ ਹੈ। ਉਦੋਂ ਸਮਾਂ, ਸਥਿਤੀ ਤੇ ਹਾਲਾਤ ਬਦਲ ਜਾਂਦੇ ਹਨ। ਬਦਲੇ ਹਾਲਾਤ ਦੇ ਕਾਰਨ ਬੰਦੇ ਦੀ ਸੋਚ, ਸਮਝ ਤੇ ਸ਼ਕਤੀ ਵੀ ਘੱਟ ਜਾਂਦੀ ਹੈ ਪਰ ਯਾਦਾਂ ਦੇ ਵਰਕੇ, ਝੀਥਾਂ ਥਾਣੀਂ ਵੀ ਰੋਸ਼ਨੀ ਦੀਆਂ ਕਿਰਨਾਂ ਬਣ ਬਣ ਆਉਂਦੇ ਹਨ, ਉਹ ਸੁੱਤਿਆਂ ਨੂੰ ਜਗਾਉਂਦੇ ਹਨ, ਪਰ ਜਿਹੜੇ ਫਿਰ ਵੀ ਸੁੱਤੇ ਰਹਿੰਦੇ ਹਨ ਉਹ ਤਲ਼ੀਆਂ ‘ਤੇ ਸਰ੍ਹੋਂ ਉਗਾਉਂਦੇ ਹਨ। ਹੱਥਾਂ ਦੀਆਂ ਤਲ਼ੀਆਂ ਉੱਤੇ ਸਰ੍ਹੋਂ ਜਮਾਉਣ ਦਾ ਫ਼ਾਇਦਾ ਉਹਨਾਂ ਨੂੰ ਹੀ ਹੁੰਦਾ ਹੈ ਜਿਹਨਾਂ ਨੂੰ ਤੇਲ ਦੇ ਮੁੱਲ ਦਾ ਪਤਾ ਹੋਵੇ। ਹੁਣ ਤਾਂ ਤੇਲ ਪਿੱਛੇ ਸਾਮਰਾਜੀ ਤਾਕਤਾਂ ਵੀ ਹੱਥ ਧੋ ਕੇ ਪੈ ਗਈਆਂ ਹਨ, ਭਾਂਵੇਂ ਕਿ ਉਹ ਤੇਲ ਮਗਰ ਬਹੁਤ ਪਹਿਲਾਂ ਤੋਂ ਹੀ ਲੱਗੀਆਂ ਹੋਈਆਂ ਸਨ। ਕਾਲ਼ੇ ਦਿਨਾਂ ਵਿੱਚ ਜਦੋਂ ਕੋਈ ਰੋਸ਼ਨੀ ਬਣਦਾ ਹੈ ਤਾਂ ਉਸ ਦੇ ਆਲ਼ੇ ਦੁਆਲ਼ੇ ਚਾਨਣ ਹੀ ਚਾਨਣ ਹੋ ਜਾਂਦਾ ਹੈ। ਉਦੋਂ ਹੀ ਚਾਨਣ ਦੇ ਵਣਜਾਰਿਆਂ ਨੇ ਪੁਸਤਕ ਸੱਭਿਆਚਾਰ ਤੇ ਨਸ਼ਿਆਂ ਵਿਰੁੱਧ ਕਾਫਲਾ ਤੋਰਿਆ ਸੀ। ਇਸ ਨੇ ਸਭ ਦਾ ਧਿਆਨ ਖਿੱਚਿਆ ਸੀ। ਨੰਗੇ ਧੜ, ਨੰਗੀਆਂ ਸੜਕਾਂ, ਗੋਲੀਆਂ ਤੇ ਧਮਾਕਿਆਂ ਦੀ ਗੜਗੜਾਹਟ ਕਾਰਨ ਚਾਰ ਚੁਫੇਰੇ ਮੌਤ ਦਾ ਤਾਂਡਵ ਨਾਚ ਹੋ ਰਿਹਾ ਸੀ। ਉਦੋਂ ਤਾਂ ਇੰਞ ਲਗਦਾ ਸੀ ਕਿ ਹਨ੍ਹੇਰੇ ਦੇ ਖ਼ਿਲਾਫ਼ ਚਾਨਣ ਨਾਲ਼ ਹੱਸਦਾ ਵੱਸਦਾ ਖੇੜਾ ਮੁੜ ਆਵੇਗਾ। ਪੁਸਤਕ ਸੱਭਿਆਚਾਰ ਪੈਦਾ ਕਰਨ ਦੇ ਮਕਸਦ ਨਾਲ ਕੁਝ ਰੋਸ਼ਨ ਦਿਮਾਗ ਸਿਰਜਕਾਂ ਦਾ ਕਾਫ਼ਲਾ ਤੁਰਿਆ। ਤੁਰਦਿਆਂ ਤੁਰਦਿਆਂ ਉਨਾਂ ਨੇ ਧਰਤੀ ਦੇ ਕੁਝ ਹਿੱਸਿਆਂ ਅੰਦਰ ਚਾਨਣ ਦੇ ਬੀਜ ਬੀਜੇ ਸਨ। ਚਾਨਣ ਦਾ ਛਿੱਟਾ ਦਿੰਦਿਆਂ ਦੁੱਖ ਤਕਲੀਫਾਂ ਤੇ ਹਨੇਰੇ ਦੇ ਵਣਜਾਰਿਆਂ ਵੱਲੋਂ ਸੋਧਣ ਦੀਆਂ ਧਮਕੀਆਂ ਵੀ ਮਿਲੀਆਂ। ਉਹ ਧਮਕੀਆਂ ਵੀ ਚਾਨਣ ਬਣ ਗਈਆਂ। ਉਦੋਂ ਦੇ ਬੀਜੇ ਬੀਜ ਹੁਣ ਫੁੱਲ ਬੂਟੇ ਬਣ ਗਏ, ਪਰ ਉਹ ਅਜੇ ਵੀ ਤਰਸਦੇ ਨੇ, ਉਸ ਸ਼ਬਦ ਰੂਪੀ ਖੁਰਾਕ ਨੂੰ ਜਿਹੜੀ ਉਨਾਂ ਨੂੰ ਇਹਨਾਂ ਸਿਰਜਕਾਂ ਵੱਲੋਂ ਸ਼ੁਰੂ ‘ਚ ਦਿੱਤੀ ਗਈ ਸੀ। ਕੋਈ ਸੰਕਲਪ, ਮਿਸ਼ਨ ਲੈ ਕੇ ਤੁਰੇ ਲੋਕ ਕਾਫ਼ਲਾ ਬਣ ਜਾਂਦੇ ਹਨ, ਉਸ ਕਾਫ਼ਲੇ ਅੱਗੇ ਕੋਈ ਖੜ੍ਹਦਾ ਨਹੀਂ। ਜਿਹੜੇ ਖੜ੍ਹ ਜਾਂਦੇ ਹਨ, ਉਹ ਝੀਲ ਬਣ ਜਾਂਦੇ ਹਨ ਪਰ ਜਦੋਂ ‘ਝੀਲ’ ਬਨਣ ਲਈ ਤੁਰਿਆ ਜਲ, ਧਰਤੀ ਦੇ ਇੱਕ ਟੁਕੜੇ ਵਿਚ ਅਟਕ ਜਾਵੇ ਤਾਂ ਬੜਾ ਕੁਝ ਟੁੱਟਦਾ ਹੈ। ਉਨਾਂ ਦਿਨਾਂ ‘ਚ ਸਾਡੇ ਮਨਾਂ ਅੰਦਰ ਆਦਰਸ਼ਵਾਦੀ ਰੇਤ ਦਾ ਭਰਤ ਪੈ ਗਿਆ ਸੀ। ਇਸ ਭਰਤ ਨੇ ਸਾਡੇ ਅੰਦਰੋਂ ਉਹ ਚੇਤਨਾ ਖਤਮ ਕਰ ਦਿੱਤੀ, ਜਿਸ ਨਾਲ਼ ਮਨੁੱਖ ਮੰਥਨ ਕਰਿਆ ਕਰਦਾ ਹੈ, ਸੰਵਾਦ ਰਚਾਉਂਦਾ ਹੈ। ਜਦੋਂ ਕਦੇ ਸਾਡੇ ਮਨਾਂ ਅੰਦਰ ਸ਼ੱਕ ਦੇ ਵਾ ਵਰੋਲ਼ੇ ਉੱਠਣੇ ਤਾਂ ਰੇਤ ਨੇ ਉਡ ਕੇ ਸਾਡੀਆਂ ਅੱਖਾਂ ਅੰਦਰ ਕਿਰਚਾਂ ਵਾਂਗ ਧਸ ਜਾਣਾ। ਅਸੀਂ ਸ਼ਰਧਾ ਦੇ ਧੌਲ਼ੇ ਬਲ਼ਦ ਬਣ ਕੇ ਕੰਮ ਕਰਦੇ ਰਹੇ। ਉਦੋਂ ਸਵਾਲ ਕਰਨ ਨਾਲ਼ੋਂ ਅਸੀਂ ਮਿਸ਼ਨ ਨੂੰ ਕਾਮਯਾਬ ਕਰਨ ਲਈ ਮੁਸ਼ੱਕਤ ਕਰਦੇ ਰਹੇ। ਸਵਾਲ ਵੀ ਕੁਝ ਸੋਚਣ ਸਮਝਣ ਵਾਲ਼ਾ ਮਨੁੱਖ ਹੀ ਕਰਦਾ ਹੈ। ਪਰ ਜਦੋਂ ਅੱਖਾਂ ਤੇ ਸ਼ਰਧਾ ਅਤੇ ਆਦਰਸ਼ ਦੀ ਪੱਟੀ ਬੰਨ੍ਹੀ ਹੋਵੇ ਫਿਰ ਬੰਦਾ ਵੀ ਕੋਹਲੂ ਦਾ ਬਲ਼ਦ ਬਣ ਜਾਂਦਾ ਹੈ। ਜਦੋਂ ਤਕ ਉਹ ਸੋਚਣ, ਸਮਝਣ ਦੇ ਕਾਬਲ ਹੁੰਦਾ ਹੈ, ਉਦੋਂ ਤਕ ਦਿੱਲੀ ਦੂਰ ਹੋ ਜਾਂਦੀ ਹੈ, ਦਿਨ ਰਾਤ ਵਿੱਚ ਬਦਲ ਜਾਂਦਾ ਹੈ। ਸਾਂਝੇ ਕਾਜ ਲਈ ਦਮੜੀਆਂ ਤੇ ਚਮੜੀਆਂ ਦੀ ਕੋਈ ਘਾਟ ਨਹੀਂ ਹੁੰਦੀ। ਜਦੋਂ ਪਰਵਾਹ ਹੋਵੇ ਨਾ ਦਮੜੀਆਂ ਦੀ ਨਾ ਬੰਦਿਆਂ ਦੀ, ਫਿਰ ਤਾਂ ਪੰਜੇ ਉਂਗਲ਼ਾਂ ਘਿਉ ਵਿੱਚ ਹੁੰਦੀਆਂ ਹਨ। ਅਸੀਂ ਤਾਂ ਬਾਲਣ ਸੀ, ਬਲ਼ਦੇ ਰਹੇ, ਸੜਦੇ ਰਹੇ ਤੇ ਖੜ੍ਹੇ ਪਾਣੀਆਂ ਵਿੱਚ ਹਲਚਲ ਪੈਦਾ ਕਰਦੇ ਰਹੇ। ਉਦੋਂ ਨਾ ਮੌਤ ਦਾ ਭੈਅ ਸੀ, ਨਾ ਦਮੜੀਆਂ ਦਾ ਕੋਈ ਲਾਲਚ ਸੀ। ਧਰਮ ਦੇ ਨਾਂਅ ਹੇਠ ਪੈਸੇ ਤੇ ਲੋਕਾਂ ਦੀ ਭੀੜ ਇਕੱਠੀ ਕੀਤੀ ਜਾ ਸਕਦੀ ਹੈ, ਪਰ ਚੇਤਨਾ ਪੈਦਾ ਕਰਨ ਵਾਲ਼ਿਆਂ ਦੀ ਭੀੜ ਨਹੀਂ ਹੁੰਦੀ ਤੇ ਨਾ ਹੀ ਭੀੜ ਦੀ ਕੋਈ ਸੋਚ ਹੁੰਦੀ ਹੈ। ਸੋਚ ਤਾਂ ਕੁਝ ਜਣਿਆਂ ਦੀ ਹੁੰਦੀ ਹੈ, ਲਹਿਰ ਉਸ ਨੂੰ ਲੋਕ ਬਣਾਉਂਦੇ ਹਨ। ਲਹਿਰ ਵਿਚਾਰ ਬਣ ਕੇ ਵਿਚਾਰਧਾਰਾ ਬਣਦੀ ਹੈ। ਉਸਾਰੂ ਸੋਚ ਤੇ ਵਿਚਾਰਧਾਰਾ ਬੜਾ ਕੁਝ ਨਵਾਂ ਬੀਜ ਦੇਂਦੀ ਹੈ। ਉਸਾਰੂ ਸੋਚ ਵਾਲ਼ੇ ਚਾਨਣ ਦਾ ਛਿੱਟਾ ਦਿੰਦੇ ਦਿੰਦੇ ਜਦੋਂ ਖੁਦ ‘ਚਾਨਣ-ਚਾਨਣ’ ਹੋ ਜਾਂਦੇ ਹਨ ਤਾਂ ਦੂਰ ਖੜ੍ਹੇ ਲੋਕ ਡਰ ਜਾਂਦੇ ਹਨ। ਉਹ ਲੁੱਟੇ ਹੋਏ ਜੁਆਰੀਏ ਵਾਂਗੂੰ ਹੱਥ ਮਲ਼ਦੇ ਰਹਿ ਜਾਂਦੇ ਹਨ। ਚਾਨਣ ਦਾ ਛੱਟਾ ਦੇਣ ਵਾਲ਼ੀ ਸੋਚ ਜਦੋਂ ਆਪਣੀ ਕਾਮਯਾਬੀ ਦਾ ਜਸ਼ਨ ਮਨਾਉਂਦੀ ਹੈ ਤਾਂ ਉਸ ਸੋਚ ਨਾਲ਼ ਤੁਰੇ ਪੈਰ ਬੁੱਤ ਬਣ ਜਾਂਦੇ ਹਨ। ਬੁੱਤ ਬਣਾਉਣ ਵਾਲ਼ੇ ਜਦੋਂ ਤੁਰ ਜਾਂਦੇ ਹਨ, ਤਾਂ ਦੋ ਗਜ਼ ਜ਼ਮੀਨ, ਹਜ਼ਾਰ ਗਜ਼ ਬਣਕੇ ਆਸ਼ਰਮ ਨਹੀਂ, ਸਗੋਂ ਕਬਰ ਬਣ ਜਾਂਦੀ ਹੈ। ਜਦੋਂ ਪਤਾ ਲਗਦਾ ਹੈ ਕਿ ਕੋਈ ਚੇਤਨਾ ਦੇ ਬੀਜ ਬੀਜ ਕੇ ਆਪਣਾ ਕਰਜ਼ ਵਸੂਲ ਰਿਹਾ ਹੈ ਤੇ ਕੋਈ ਕਰਜ਼ ਉਤਾਰ ਰਿਹਾ ਹੈ। ਕੋਈ ਚੇਤਨਾ ਦੇ ਨਾਂ ਧਰਤੀ ਇਕੱਠੀ ਕਰ ਰਿਹਾ ਹੈ ਤਾਂ ਇਹ ਸਭ ਕੁਝ ਦੇਖ ਕੇ ਡਾਢਾ ਦੁੱਖ ਹੁੰਦਾ ਹੈ, ਭੁੱਲ ਜਾਣਾ, ਵਿਸਰ ਜਾਣਾ, ਡਿੱਗ ਕੇ ਉਠ ਪੈਣਾ, ਸੰਭਲ ਜਾਣਾ ਤਾਂ ਕਿਸੇ ਕਿਸੇ ਨੂੰ ਆਉਂਦਾ ਹੈ। ਜਦੋਂ ਕਦੇ ਅਤੀਤ ਦੇ ਵਰਕੇ ਯਾਦਾਂ ਦੀ ਪਿਟਾਰੀ ਵਿੱਚੋਂ ਖੁੱਲ੍ਹਦੇ ਹਨ ਤਾਂ ਬੜਾ ਕੁਝ ਨਸ਼ਤਰ ਬਣ ਕੇ ਚੁਭਦਾ ਹੈ। ਚੀਸ ਦਿੰਦਾ ਹੈ। ਇਹ ਚੀਸ ਜਦੋਂ ਤੁਹਾਡੇ ਮੱਥੇ ਵਿੱਚੋਂ ਹੁੰਦੀ ਹੋਈ, ਹਿੱਕ ਵਿੱਚੋਂ ਦੀ ਲੰਘਦੀ ਹੈ ਤਾਂ ਵਿਸਫੋਟ ਹੁੰਦਾ ਹੈ। ਹੁਣ ਜਦੋਂ ਮੌਤ ਵਰਗੇ ਦਿਨਾਂ ਦੀ ਯਾਦ ਆਉਂਦੀ ਹੈ ਤਾਂ ਮੱਥੇ ਉੱਤੇ ਤਰੇਲ਼ੀਆਂ ਆਉਣ ਲੱਗਦੀਆਂ ਹਨ। ਪ੍ਰੀਤ ਨਗਰ ਚੇਤੇ ਆਉਂਦਾ ਹੈ। ਧਮਕੀਆਂ, ਡਰ ਦੇ ਸਾਏ ਹੇਠ ਕੱਟੀਆਂ ਰਾਤਾਂ ਚੇਤੇ ਆਉਂਦੀਆਂ ਹਨ। ਚੇਤੇ ਆਉਂਦੇ ਹਨ ਉਹ ਬੋਲ, ਜਿਹੜੇ ਮੁਹੱਬਤ ਵਿੱਚ ਬਦਲ ਜਾਂਦੇ ਹਨ ਤੇ ਦੁਸ਼ਮਣ ਮਿੱਤਰ ਬਣ ਨਾਲ਼ ਤੁਰ ਪੈਂਦੇ ਹਨ। ਪਰ ਜਦੋਂ ਨਾਲ਼ ਤੁਰੇ ਖੁਦ ਦੁਸ਼ਮਣ ਬਣ ਖੜ੍ਹਦੇ ਹਨ ਤਾਂ ਸੋਚ ਤੇ ਸਮਝ ਬੁੱਤ ਬਣ ਜਾਂਦੀ ਹੈ। ਤੁਸੀਂ ਆਪੇ ਹੋਸ਼ ਤੇ ਜੋਸ਼ ਦੀ ਸੁਨਾਮੀ ਦੀ ਉਡੀਕ ਵਿੱਚ ਧਰਤੀ ਦਾ ਭਾਅ ਪੁੱਛਦੇ ਹੋ ਤਾਂ ਸਮਝਦਾਰ ਹੋ ਕੇ ਵੀ ਤੁਸੀਂ ਮੂਰਖ ਬਣ ਜਾਂਦੇ ਹੋ। ਜਦੋਂ ਚੇਤਨ ਸੋਚ ਤੁਹਾਨੂੰ ਤੇ ਤੁਹਾਡੀਆਂ ਭਾਵਨਾਵਾਂ ਨੂੰ ਵੇਚ ਦੇਵੇ ਤਾਂ ਤੁਸੀ ਇਹੋ ਹੀ ਆਖੋਗੇ ਕਿ ”ਭੋਇੰ ਦੱਬ ਗਏ ਚੋਲ਼ਿਆਂ ਵਾਲ਼ੇ ਤੇ ਅਸੀਂ ਰਹਿ ਗਏ ਭਾਅ ਪੁੱਛਦੇ।” ਚਿੱਟੀ ਸਿਉਂਕ ਖਾ ਗਈ ਪੰਜਾਬ, ਪੰਜਾਬੀ ਤੇ ਪੰਜਾਬੀਆਂ ਨੂੰ ! ਪੰਜਾਬੀਆਂ ਨੂੰ ਕਦੋਂ ਸੁਰਤ ਆਵੇਗੀ?
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly