(ਸਮਾਜ ਵੀਕਲੀ) ਹੱਕਾਂ ਲਈ ਲੜਨਾ ਲੋਕਤੰਤਰ ਦੀ ਰੂਹ ਹੈ। ਜਿਹੜਾ ਸਮਾਜ ਆਪਣੇ ਹੱਕਾਂ ਦੀ ਰਾਖੀ ਨਹੀਂ ਕਰਦਾ, ਉਹ ਹੌਲੀ-ਹੌਲੀ ਆਪਣੀ ਆਜ਼ਾਦੀ ਵੀ ਗੁਆ ਬੈਠਦਾ ਹੈ। ਪਰ ਇਸ ਤੋਂ ਵੀ ਵੱਡਾ ਸੱਚ ਇਹ ਹੈ ਕਿ ਜਦੋਂ ਹੱਕਾਂ ਦੀ ਮੰਗ ਫ਼ਰਜ਼ਾਂ ਦੀ ਇਮਾਨਦਾਰੀ ਤੋਂ ਵੱਖ ਹੋ ਜਾਂਦੀ ਹੈ, ਉਦੋਂ ਸੰਘਰਸ਼ ਆਪਣੀ ਨੈਤਿਕ ਉਚਾਈ ਗੁਆ ਦਿੰਦਾ ਹੈ। ਫਿਰ ਉਹ ਇਨਸਾਫ਼ ਦੀ ਲੜਾਈ ਨਹੀਂ ਰਹਿੰਦੀ, ਸਗੋਂ ਸਿਰਫ਼ ਆਪਣੇ ਹਿੱਤਾਂ ਦੀ ਜੰਗ ਬਣ ਜਾਂਦੀ ਹੈ।
ਪੰਜਾਬ ਦੀਆਂ ਸਮਾਜਿਕ, ਧਾਰਮਿਕ, ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ, ਵਿਦਿਆਰਥੀ ਅਤੇ ਪੰਥਕ ਜਥੇਬੰਦੀਆਂ ਆਪਣੇ-ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੀਆਂ ਹਨ। ਇਹ ਉਨ੍ਹਾਂ ਦਾ ਸੰਵਿਧਾਨਕ ਅਤੇ ਲੋਕਤੰਤਰੀ ਅਧਿਕਾਰ ਹੈ। ਪਰ ਲੋਕਤੰਤਰ ਸਿਰਫ਼ ਹੱਕਾਂ ਨਾਲ ਨਹੀਂ, ਫ਼ਰਜ਼ਾਂ ਨਾਲ ਵੀ ਜਿਊਂਦਾ ਹੈ। ਇਸ ਲਈ ਇਹ ਪੁੱਛਣਾ ਵੀ ਉਤਨਾ ਹੀ ਜਾਇਜ਼ ਹੈ ਕਿ ਅਸੀਂ ਆਪਣੇ ਫ਼ਰਜ਼ਾਂ ਪ੍ਰਤੀ ਕਿੰਨੇ ਸੱਚੇ ਅਤੇ ਜਵਾਬਦੇਹ ਹਾਂ?
ਜੇ ਮੁਲਾਜ਼ਮ ਆਪਣੀਆਂ ਮੰਗਾਂ ਲਈ ਧਰਨੇ ਲਾਉਂਦੇ ਹਨ, ਤਾਂ ਇਹ ਵੀ ਪੁੱਛਣਾ ਬਣਦਾ ਹੈ ਕਿ ਕੀ ਸਰਕਾਰੀ ਦਫ਼ਤਰਾਂ ਵਿੱਚ ਹਰ ਨਾਗਰਿਕ ਦਾ ਕੰਮ ਬਿਨਾਂ ਖੱਜਲ-ਖੁਆਰੀ, ਬਿਨਾਂ ਸਿਫ਼ਾਰਸ਼ ਅਤੇ ਬਿਨਾਂ ਰਿਸ਼ਵਤ ਦੇ ਹੋ ਰਿਹਾ ਹੈ? ਜੇ ਨਹੀਂ, ਤਾਂ ਹੱਕਾਂ ਦੀ ਲੜਾਈ ਅਤੇ ਭ੍ਰਿਸ਼ਟਾਚਾਰ ਦੀ ਚੁੱਪ ਇਕੱਠੇ ਕਿਵੇਂ ਚੱਲ ਸਕਦੇ ਹਨ? ਜਿਹੜਾ ਹੱਥ ਇੱਕ ਪਾਸੇ ਹੱਕ ਮੰਗਦਾ ਹੈ ਅਤੇ ਦੂਜੇ ਪਾਸੇ ਰਿਸ਼ਵਤ ਲੈਂਦਾ ਹੈ, ਉਹ ਇਨਸਾਫ਼ ਨਹੀਂ, ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਰਾਖੀ ਕਰਦਾ ਹੈ।
ਕਿਸਾਨ ਜਥੇਬੰਦੀਆਂ ਨੇ ਅੰਨਦਾਤੇ ਦੇ ਸਨਮਾਨ ਲਈ ਇਤਿਹਾਸਕ ਸੰਘਰਸ਼ ਕੀਤੇ ਹਨ। ਪਰ ਕੀ ਉਸੇ ਦ੍ਰਿੜਤਾ ਨਾਲ ਪਾਣੀ ਬਚਾਉਣ, ਨਾੜ ਨੂੰ ਅੱਗ ਨਾ ਲਗਾਉਣ, ਧਰਤੀ ਦੀ ਉਪਜਾਊ ਸ਼ਕਤੀ ਬਚਾਉਣ ਅਤੇ ਵਾਤਾਵਰਨ ਦੀ ਰਾਖੀ ਲਈ ਵੀ ਸਮਾਜਕ ਲਹਿਰ ਖੜ੍ਹੀ ਕੀਤੀ ਗਈ? ਜੇ ਧਰਤੀ ਬਿਮਾਰ ਹੋ ਗਈ, ਤਾਂ ਹੱਕਾਂ ਦੀ ਫ਼ਸਲ ਕਿਸ ਮਿੱਟੀ ਵਿੱਚ ਉੱਗੇਗੀ?
ਧਾਰਮਿਕ ਅਤੇ ਪੰਥਕ ਜਥੇਬੰਦੀਆਂ ਧਰਮ ਦੀ ਰਾਖੀ ਦੀ ਗੱਲ ਕਰਦੀਆਂ ਹਨ। ਪਰ ਧਰਮ ਦੀ ਰਾਖੀ ਸਿਰਫ਼ ਨਾਅਰਿਆਂ, ਜਲੂਸਾਂ ਜਾਂ ਪ੍ਰਦਰਸ਼ਨਾਂ ਨਾਲ ਨਹੀਂ ਹੁੰਦੀ। ਧਰਮ ਉਦੋਂ ਜਿਊਂਦਾ ਹੈ, ਜਦੋਂ ਸੱਚ, ਸੇਵਾ, ਨਿਮਰਤਾ, ਇਨਸਾਫ਼ ਅਤੇ ਮਨੁੱਖਤਾ ਜਿਊਂਦੀ ਰਹਿੰਦੀ ਹੈ। ਜੇ ਧਰਮ ਮਨੁੱਖ ਨੂੰ ਜੋੜਨ ਦੀ ਥਾਂ ਵੰਡਣ ਲੱਗ ਪਏ, ਤਾਂ ਖ਼ਤਰਾ ਬਾਹਰੋਂ ਨਹੀਂ, ਅੰਦਰੋਂ ਪੈਦਾ ਹੁੰਦਾ ਹੈ।
ਸਮਾਜਿਕ ਜਥੇਬੰਦੀਆਂ ਸਮਾਜ ਬਦਲਣ ਦਾ ਦਾਅਵਾ ਕਰਦੀਆਂ ਹਨ। ਪਰ ਜੇ ਉਹ ਆਪਣੇ ਅੰਦਰ ਹੀ ਪਾਰਦਰਸ਼ਤਾ, ਜਵਾਬਦੇਹੀ, ਆਤਮ-ਆਲੋਚਨਾ ਅਤੇ ਲੋਕਤੰਤਰੀ ਕਦਰਾਂ ਨੂੰ ਥਾਂ ਨਹੀਂ ਦਿੰਦੀਆਂ, ਤਾਂ ਉਹ ਵੀ ਉਸੇ ਬਿਮਾਰੀ ਦਾ ਹਿੱਸਾ ਬਣ ਜਾਂਦੀਆਂ ਹਨ ਜਿਸ ਦੇ ਇਲਾਜ ਦਾ ਦਾਅਵਾ ਕਰਦੀਆਂ ਹਨ।
ਬੁੱਧ ਨੇ ਕਿਹਾ ਸੀ— “ਆਪਣਾ ਆਪ ਹੀ ਆਪਣਾ ਦੀਵਾ ਬਣੋ।”
ਜਦੋਂ ਤੱਕ ਹਰ ਵਿਅਕਤੀ ਅਤੇ ਹਰ ਜਥੇਬੰਦੀ ਆਪਣੇ ਅੰਦਰ ਝਾਤ ਨਹੀਂ ਮਾਰਦੀ, ਉਦੋਂ ਤੱਕ ਕੋਈ ਵੀ ਕ੍ਰਾਂਤੀ ਟਿਕਾਊ ਨਹੀਂ ਹੋ ਸਕਦੀ। ਸਮਾਜ ਦਾ ਪਤਨ ਉਦੋਂ ਨਹੀਂ ਹੁੰਦਾ ਜਦੋਂ ਲੋਕ ਆਪਣੇ ਹੱਕ ਮੰਗਦੇ ਹਨ; ਪਤਨ ਉਦੋਂ ਹੁੰਦਾ ਹੈ ਜਦੋਂ ਉਹ ਆਪਣੇ ਫ਼ਰਜ਼ ਭੁੱਲ ਜਾਂਦੇ ਹਨ।
ਬੁੱਧ ਬਾਣ
ਹੱਕਾਂ ਦੀ ਆਵਾਜ਼ ਉੱਚੀ ਹੋ ਸਕਦੀ ਹੈ,
ਪਰ ਫ਼ਰਜ਼ਾਂ ਦੀ ਖਾਮੋਸ਼ੀ
ਇਤਿਹਾਸ ਦੇ ਕੰਨਾਂ ਵਿੱਚ ਸਭ ਤੋਂ ਉੱਚੀ ਗੂੰਜਦੀ ਹੈ।
ਹੱਕ ਮੰਗਣ ਤੋਂ ਪਹਿਲਾਂ
ਆਪਣੇ ਫ਼ਰਜ਼ਾਂ ਦਾ ਹਿਸਾਬ ਦਿਓ।
ਜਦੋਂ ਜ਼ਮੀਰ ਦੀ ਅਦਾਲਤ ਲੱਗਦੀ ਹੈ,
ਉੱਥੇ ਨਾ ਝੰਡੇ ਚੱਲਦੇ ਹਨ,
ਨਾ ਨਾਅਰੇ—
ਸਿਰਫ਼ ਕਿਰਦਾਰ ਹੀ ਗਵਾਹੀ ਦਿੰਦਾ ਹੈ।
+++
ਬੁੱਧ ਸਿੰਘ ਨੀਲੋਂ





