ਬੁੱਧ ਬਾਣ

ਜਦੋਂ ਭਾਵਨਾਵਾਂ ਨੂੰ ਝਟਕੇ ਲੱਗਦੇ ਨੇ !

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਸਾਡੀਆਂ ਭਾਵਨਾਵਾਂ ਐਨੀਆਂ ਕੰਮਜ਼ੋਰ ਹਨ, ਕਿ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਉਤੇ ਅੱਗ ਬਬੂਲਾ ਹੋ ਕੇ ਰਹਿ ਜਾਂਦੇ ਹਾਂ। ਅਸੀਂ ਅੱਗ ਦੇ ਭਾਂਬੜ ਬਣ ਬਲ ਉਠਦੇ ਹਾਂ। ਅਸੀਂ ਆਪਣਾ ਆਪ ਤਾਂ ਸਾੜਨਾ ਹੀ ਹੁੰਦਾ ਹੈ। ਅਸੀਂ ਦੂਜਿਆਂ ਦੇ ਆਸ਼ਿਆਨੇ ਲੂਹ ਸੁੱਟਦੇ ਹਾਂ। ਸਾਨੂੰ ਅਜੇ ਤੱਕ ਇਹ ਗਿਆਨ ਨਹੀਂ ਆਇਆ ਕਿ ਮਨੁੱਖ ਦੀ ਬੇਅਦਬੀ ਕਦੋਂ ਤੇ ਕਿਵੇਂ ਹੁੰਦੀ ਹੈ। ਸਮਾਜ ਦੇ ਵਿੱਚ ਬੇਅਦਬੀਆਂ ਨੂੰ ਲੈ ਕੇ ਬਹੁਤ ਜੱਥੇਬੰਦੀਆਂ ਆਪਣੀਆਂ ਰੋਟੀਆਂ ਸੇਕਦੀਆਂ ਹਨ। ਉਹ ਆਪ ਕੀ ਕਰਦੀਆਂ ਹਨ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਕਿਉਂਕਿ ਆਮ ਲੋਕਾਂ ਕੋਲ ਤਾਂ ਵਿਹਲ ਹੀ ਨਹੀਂ, ਉਹਨਾਂ ਨੂੰ ਤਾਂ ਕੁਲੀ, ਗੁਲੀ ਤੇ ਜੁੱਲੀ ਨੇ ਪੜ੍ਹਨੇ ਪਾਇਆ ਹੋਇਆ ਹੈ। ਉਹਨਾਂ ਕੋਲੋਂ ਇਹਨਾਂ ਤਿੰਨ ਮਸਲਿਆਂ ਦਾ ਕੋਈ ਜਵਾਬ ਨਹੀਂ ਲੱਭ ਹੁੰਦਾ। ਹੁਣ ਆਮ ਨੇ ਜਿਉਣਾ ਤਾਂ ਹੈ, ਇਸ ਲਈ ਉਹ ਜ਼ਿੰਦਗੀ ਭਰ ਇਹਨਾਂ ਮਸਲਿਆਂ ਨੂੰ ਹੱਲ ਕਰਨ ਲਈ ਆਪਣੀ ਵਿਰਾਸਤ ਅਗਲੀ ਪੀੜ੍ਹੀ ਨੂੰ ਦੇ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਂਦਾ ਹੈ। ਬਹੁਗਿਣਤੀ ਸਮਾਜ ਦੇ ਲੋਕਾਂ ਨੂੰ ਅਮੀਰੀ ਤੇ ਗ਼ਰੀਬੀ ਵਿਰਾਸਤ ਵਿੱਚ ਮਿਲਦੀ ਹੈ। ਇਹੋ ਹੀ ਕਾਰਨ ਹੈ ਕਿ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਜਾਂਦਾ ਹੈ। ਜ਼ਿੰਦਗੀ ਤੁਰਦੀ ਰਹਿੰਦੀ ਹੈ। ਅਸੀਂ ਵਿਚਾਰਧਾਰਾ ਨੂੰ ਨਹੀਂ ਅਪਣਾਉਂਦੇ ਸਗੋਂ ਬੁੱਤਾਂ ਦੀ ਪੂਜਾ ਕਰਦੇ ਹਾਂ। ਮੂਰਤੀ ਪੂਜਾ ਆਦੀ ਹੋ ਗਏ ਹਾਂ। ਜਦੋਂ ਕਿਸੇ ਮੂਰਤੀ ਨੂੰ ਖੰਡਤ ਕਰਦਾ ਹੈ ਤਾਂ ਸਾਡੀਆਂ ਭਾਵਨਾਵਾਂ ਭੜਕ ਜਾਂਦੀਆਂ ਹਨ। ਅਸੀਂ ਮਰਨ ਮਾਰਨ ਤੇ ਉਤਰ ਆਉਂਦੇ ਹਾਂ।
ਤੁਰਦੀ ਜ਼ਿੰਦਗੀ ਨੂੰ ਜਦੋਂ ਕਦੇ ਝਟਕਾ ਲਗਦਾ ਹੈ ਤਾਂ ਜ਼ਿੰਦਗੀ ਅਰਸ਼ ਤੋਂ ਫਰਸ਼ ਉੱਤੇ ਸਿਰ ਭਾਰ ਡਿੱਗਦੀ ਹੈ, ਫਿਰ ਸਾਰੀ ਜ਼ਿੰਦਗੀ ਬੰਦੇ ਦੇ ਧਰਤੀ ਉੱਤੇ ਪੈਰ ਨਹੀਂ ਲੱਗਦੇ। ਫਿਰ ਜ਼ਿੰਦਗੀ ਹਰ ਤਰ੍ਹਾਂ ਦੇ ਯਤਨ ਕਰਦੀ ਹੈ, ਪਰ ਜ਼ਿੰਦਗੀ ਕਦੇ ਵੀ ਪੱਬਾਂ ਭਾਰ ਨਹੀਂ ਹੁੰਦੀ। ਉਸਨੂੰ ਜ਼ਿੰਦਗੀ ਦੇ ਲਗਾਤਾਰ ਝਟਕੇ ਲੱਗਦੇ ਰਹਿੰਦੇ ਹਨ। ਉਹ ਇਹਨਾਂ ਝਟਕਿਆਂ ਦਾ ਆਦੀ ਹੋ ਜਾਂਦਾ ਹੈ।
ਹੁਣ ਜਦੋਂ ਤੇਲ ਦੀਆਂ ਕੀਮਤਾਂ ਵਧੀਆਂ ਤਾਂ ਉਸਨੇ ਤੁਰੀ ਜਾਂਦੀ ਜ਼ਿੰਦਗੀ ਨੂੰ ਝਟਕਾ ਦਿੱਤਾ ਤਾਂ ਕੋਈ ਫ਼ਰਕ ਨਹੀਂ ਪਿਆ। ਨਾ ਤਾਂ ਜ਼ਿੰਦਗੀ ਹੀ ਰੁਕੀ ਹੈ ਤੇ ਨਾ ਕਿਸੇ ਕਿਸਮ ਦਾ ਕੋਈ ਹੋਰ ਨੁਕਸਾਨ ਹੋਇਆ। ਕਿਉਂ ਕਿ ਅਸੀਂ ਰੀਘਣ ਦੇ ਆਦੀ ਹੋ ਗਏ ਹਾਂ ।
ਪਹਿਲਾਂ ਪਹਿਲਾਂ ਤਾਂ ਜਦੋਂ ਸਵੇਰੇ ਉਠ ਕੇ ਅਖ਼ਬਾਰ ਪੜ੍ਹਦੇ ਸੀ ਕਿ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ, ਤਾਂ ਲੋਕਾਂ ਨੂੰ ਡਰ ਲੱਗਣ ਲੱਗਦਾ ਸੀ ਕਿ ਸ਼ਾਇਦ ਅਗਲੇ ਸਮੇਂ ਜ਼ਿੰਦਗੀ ਦਾ ਸਫ਼ਰ ਹੀ ਮੁੱਕ ਜਾਵੇ। ਪਰ ਇਸ ਵਾਰ ਤਾਂ ਇਹ ਝਟਕਾ ਸੁਨਾਮੀ ਲਹਿਰ ਤੋਂ ਵੀ ਵਧੇਰੇ ਖ਼ਤਰਨਾਕ ਤੇ ਨੁਸਾਨਦੇਹ ਸੀ, ਪਰ ਫ਼ਰਕ ਕੋਈ ਨਹੀਂ ਪਿਆ।ੜਉਂਝ ਭਾਵੇਂ ਇਹ ਕੋਈ ਪਹਿਲੀ ਵਾਰ ਝਟਕਾ ਨਹੀਂ ਲਾਇਆ, ਸਗੋਂ ਸਾਡੀ ਜ਼ਿੰਦਗੀ ਨੂੰ ਹਲੂਣਾ ਦੇਣ ਲਈ ਕਈ ਤਰ੍ਹਾਂ ਦੇ ਝਟਕੇ ਦੇ ਕੇ ਪਰਖਿਆ ਤੇ ਪੜਚੋਲਿਆ ਜਾਂਦਾ ਹੈ ਕਿ ਲੋਕ ਕਦੋਂ ਤੱਕ ਜਿਉਂਦੇ ਰਹਿ ਸਕਦੇ ਹਨ। ਜਿਉਂਦੇ ਰੱਖਣ ਲਈ ਤਾਂ ਇਹ ਝਟਕੇ ਦਿੱਤੇ ਜਾਂਦੇ ਹਨ। ਹੁਣ ਤਾਂ ਜਿਵੇਂ ਲੋਕ ਆਦੀ ਹੋ ਗਏ ਹੋਣ, ਝਟਕਾ ਵੱਡਾ ਹੋਵੇ ਜਾਂ ਭਾਵੇਂ ਛੋਟਾ। ਕੋਈ ਫ਼ਰਕ ਨਹੀਂ ਪੈਂਦਾ।
ਝਟਕਿਆਂ ਦੀ ਫਿਰ ਕੋਈ ਕਿਸਮਾਂ ਤੇ ਢੰਗ ਤਰੀਕੇ ਹਨ, ਇਹ ਸਭ ਇਲਾਕਾ , ਰਾਜ, ਮੌਸਮ ਤੇ ਤਾਕਤ ਵੇਖ ਲਗਾਇਆ ਜਾਂਦਾ ਹੈ। ਝਟਕਾ ਲਗਾਉਣ ਵਾਲਿਆਂ ਨੂੰ ਡਾਕਟਰ ਵਾਂਗ ਹਰ ਬੀਮਾਰੀ ਤੇ ਦਵਾਈ ਦਾ ਪਤਾ ਹੁੰਦਾ ਹੈ। ਇਸੇ ਕਰਕੇ ਆਮ ਬੰਦੇ ਨੂੰ ਸਦਾ ਹੀ ਬਲੀ ਦਾ ਬੱਕਰਾ ਸਮਝਿਆ ਜਾਂਦਾ ਹੈ। ਉਸ ਦੀ ਹਾਲਤ ਤਾਂ ਉਸ ਖਰਬੂਜੇ ਵਰਗੀ ਹੁੰਦੀ ਹੈ, ਜਿਹੜਾ ਛੁਰੀ ਤੇ ਡਿੱਗੇ, ਜਾਂ ਛੁਰੀ ਉਸ ਉੱਤੇ। ਵੱਢਿਆ ਆਮ ਬੰਦੇ ਨੇ ਹੁੰਦਾ ਹੈ।
ਆਮ ਲੋਕਾਂ ਨੇ ਤਾਂ ਜਿਉਣ ਲਈ ਜਿਉਣਾ ਹੁੰਦਾ ਹੈ, ਹੁਣ ਦੂਸਰਿਆਂ ਲਈ ਜਿਉਣ ਤੇ ਮਰਨ ਵਾਲਿਆਂ ਦਾ ਕਾਲ ਪੈ ਗਿਆ ਹੈ। ਹੁਣ ਤਾਂ ਹਰ ਕੋਈ ਇੱਕੋ ਗੱਲ ਆਖਦਾ ਹੈ, ”ਆਪਾਂ ਕੀ ਲੈਣਾ ਹੈ?”, ਨਾਲੇ ਇੱਥੇ ਕਿਸੇ ਦੀ ਆਈ ਕੋਣ ਮਰਦਾ ਹੈ ? ਮਰਕੇ ਕਿਹੜਾ ਬੰਦਾ ਜਿਉਂਦਾ ਰਹਿੰਦਾ ਹੈ। ਸਭ ਭੁਲ ਜਾਂਦੇ ਹਨ। ਅਸੀਂ ਤਾਂ ਉਹ ਝਟਕੇ ਵੀ ਭੁੱਲ ਜਾਂਦੇ ਹਨ, ਅਸੀਂ ਤਾਂ ਉਹ ਝਟਕੇ ਵੀ ਭੁੱਲ ਗਏ, ਜਿਨ੍ਹਾਂ ਨੇ ਸਾਡੇ ਪੁਰਖਿਆਂ ਨੂੰ ਹੱਸਦੇ ਵਸਦਿਆਂ ਨੂੰ ਘਰੋਂ ਬੇ ਘਰ ਕਰ ਦਿੱਤਾ ਸੀ।
ਅਸੀਂ ਤਾਂ ਅੱਜ ਦੀ ਗੱਲ ਕੱਲ੍ਹ ਭੁੱਲ ਜਾਂਦੇ ਹਾਂ ਤੇ ਪਿਛਲੀਆਂ ਗੱਲਾਂ ਨੂੰ ਕੌਣ ਯਾਦ ਕਰੇ। ਨਾਲੇ ਇੱਥੇ ਬੰਦਾ, ਯਾਦ ਕੀ ਕੀ ਰੱਖੇ ? ਜਿਨ੍ਹਾਂ ਨੇ ਯਾਦ ਰੱਖਣਾ ਹੈ, ਉਹ ਉਹ ਖੁੱਦ ਹੀ ਜਦੋਂ ਕੁਰਾਹੇ ਤੁਰ ਪੈਣ ਤਾਂ ਇਹੋ ਹੀ ਆਖਿਆ ਜਾ ਸਕਦਾ ਕਿ ਝੋਟਿਆਂ ਦੇ ਘਰੋਂ ਲੱਸੀ ਕੀ ਆਸ ਕਰਨੀ ਭਰਮ ਪਾਲਣਾ ਹੈ।
ਜਦੋਂ ਵੀ ਕਦੇ ਸਰਕਾਰੀ ਜਾਂ ਗੈਰ ਸਰਕਾਰੀ ਝਟਕਾ ਲੱਗਦਾ ਹੈ ਤਾਂ ਉਸ ਨਾਲ ਖਾਸ ਨੂੰ ਤਾਂ ਕੋਈ ਫ਼ਰਕ ਨਹੀਂ ਪੈਂਦਾ ਪਰ ਆਮ ਬੰਦਾ ਤਾਂ ਕਣਕ ਦੇ ਵਾਂਗ ਦੋ ਪੁੜਾਂ ਹੇਠ ਪੀਸਿਆ ਜਾਂਦਾ ਹੈ। ਜਦੋਂ ਬੰਦਾ ਪੀਸਿਆਂ ਜਾਂਦਾ ਹੈ ਤਾਂ ਇਸ ਨਾਲ ਕਿਸੇ ਨੂੰ ਕੀ ਫ਼ਰਕ ਪੈਂਦਾ ਹੈ।
ਹੁਣ ਜਦੋਂ ਪਿਛਲੇ ਕਈ ਵਰਿਆਂ ਤੋਂ ਝਟਕੇ ਤੇ ਝਟਕੇ ਲੱਗ ਰਹੇ ਹਨ ਤਾਂ ਵੀ ਅਜੇ ਲੋਕਾਂ ਵਿੱਚ ਜ਼ਿੰਦਗੀ ਜਿਉਣ ਦੀ ਤਮੰਨਾ ਬਾਕੀ ਹੈ। ਤਮੰਨਾ ਪੂਰੀ ਕਰਨ ਲਈ ਹੁਣ ਤਮੰਨਾ ਬੰਦ ਬੋਤਲਾਂ ‘ਚ ਮਿਲਣ ਲੱਗ ਪਈ ਹੈ। ਸਰਕਾਰ ਦਾ ਕੰਮ ਹੈ ਲੋਕਾਂ ਦੀ ‘ਸੇਵਾ’ ਕਰਨਾ। ਹੁਣ ਜੇ ਲੋਕ ਆਪ ਵੀ ਸੇਵਾ ਕਰਵਾਉਣ ਦੇ ਲਾਇਕ ਹੀ ਨਾ ਰਹਿਣ ਤਾਂ ਝਟਕੇ ਤਾਂ ਦੇਣੇ ਹੀ ਪੈਂਦੇ ਹਨ।
ਝਟਕੇ ਦਾ ਮੀਟ ਤੇ ਪਟੜੀ ਦੀ ਛਾਲ ਕਿਸੇ ਨੂੰ ਹੀ ਨਸੀਬ ਹੁੰਦੀ ਹੈ। ਸਰਕਾਰ ਨੇ ਤਾਂ ਹਰ ਥਾਂ ਉੱਤੇ ਝਟਕਾ ਲਗਾਉਣ ਵਾਲੇ ਵਿਭਾਗ ਖੋਲ ਰੱਖੇ ਹਨ, ਲੋਕਾਂ ਨੂੰ ਕਿਧਰੇ ਦੂਰ ਨਹੀਂ ਜਾਣਾ ਪੈਂਦਾ । ਇਨ੍ਹਾਂ ਵਿਭਾਗਾਂ ਵਿੱਚ ਤੁਸੀ ਇੱਕ ਵਾਰੀ ਪਹੁੰਚ ਜਾਓ, ਉਹ ਝਟਕਾ ਲਾ ਕੇ ਤੜਕਾ ਲਾਉਣ ਵਿੱਚ ਦੇਰ ਨਹੀਂ ਲਗਾਉਂਦੇ।
ਕਦੇ ਬਿਜਲੀ ਦਾ ਝਟਕਾ, ਪੁਲਿਸ ਦਾ ਝਟਕਾ, ਹਸਪਤਾਲ ਦਾ ਝਟਕਾ, ਸਕੂਲ-ਕਾਲਜ, ਦਫਤਰ ਦਾ ਝਟਕਾ। ਜੇ ਤੁਸੀ ਇਸ ਤੋਂ ਵੀ ਬਚ ਗਏ ਤਾਂ ਫਿਰ ਧਰਮ, ਜਾਤ, ਗੋਤ, ਇਲਾਕਾਈ ਝਟਕਾ ਤਾਂ ਤੁਹਾਨੂੰ ਹਰ ਹਾਲਤ ਸਹਿਣਾ ਹੀ ਪਵੇਗਾ।
ਸਹਿਣਾ ਹੁਣ ਸਾਡੀ ਆਦਤ ਬਣ ਗਿਆ ਹੈ। ਅਸੀਂ ਇੱਕ ਲੱਤ ਉੱਤੇ ਖੜੇ ਵੀ ਬੋਲਦੇ ਨਹੀਂ, ਸਗੋਂ ਚੁੱਪ ਰਹਿੰਦੇ ਹਾਂ। ਚੁੱਪ ਰਹਿਣਾ ਹੀ ਸਾਡਾ ਝਟਕਾ ਲਗਾਉਣ ਵਾਲਿਆਂ ਨੂੰ ਰਾਸ ਆਇਆ ਹੋਇਆ। ਇਸੇ ਕਰਕੇ ਜਦੋਂ ਕਦੇ ਅਸੀਂ ਰਾਮ ਲੀਲਾ ਦੇਖਦੇ ਸੀ ਤਾਂ ਚਲਦੀ ਕਹਾਣੀ ਵਿੱਚ ਮਸਖਰਾ ਆਉਂਦਾ ਸੀ ਤਾਂ ਉਹ ਲੋਕਾਂ ਦਾ ਅਕੇਵਾਂ ਤੇ ਥਕੇਵਾਂ ਲਾਉਣ ਲਈ ਹਾਸੇ ਦਾ ਝਟਕਾ ਦਿੰਦਾ ਸੀ, ਅਸੀਂ ਕੁੱਝ ਪਲ ਲਈ ਲੋਟ ਪੋਟ ਹੋ ਜਾਂਦੇ ਸੀ। ਸਾਥੀ ਅੱਗੇ ਤੁਰਦੀ ਸੀ।
ਹੁਣ ਅੱਗੇ ਤਾਂ ਦੇਸ਼ ਤੁਰ ਰਿਹਾ ਹੈ ਤੇ ਲੋਕ ਹੀ ਪਿੱਛੇ ਰਹਿ ਗਏ ਹਨ। ਚਾਰੇ ਪਾਸੇ ਦੇਸ਼ ਦੀ ਬੱਲੇ ਬੱਲੇ ਹੋ ਰਹੀ ਹੈ। ਮੰਤਰੀਆਂ ਲੀਡਰਾਂ ਦਾ ਕੀ ਕਹਿਣਾ ਹੁਣ ਤਾਂ ਸਾਧ ਹੀ ਮਾਣ ਨਹੀਂ। ਉਹ ਲੋਕਾਂ ਨੂੰ ਕ੍ਰਿਪਾ ਦੇ ਰਾਂਹੀ ਨਿੱਤ ਝਟਕੇ ਲਗਾ ਰਹੇ ਹਨ। ਲੋਕ ਉਨ੍ਹਾਂ ਦੇ ਇਹ ਝਟਕੇ ਝੱਲ ਵੀ ਰਹੇ ਹਨ।
ਝੱਲਣਾ ਤੇ ਜਿਉਂਦੇ ਰਹਿਣਾ ਹੀ ਤਾਂ ਲੋਕਾਂ ਨੂੰ ਸਿੱਖਿਆ ਹੈ। ਸਾਡੀ ਸਿੱਖਿਆ ਨੀਤੀ ਵੀ ਇਹੋ ਹੀ ਹੈ ਕਿ ਤੁਸੀ ਸਿੱਖਿਅਕ ਜਰੂਰਤ ਹੋਵੋ, ਪਰ ਤੁਹਾਨੂੰ ਜਿਉਣ ਤੋਂ ਬਿਨ੍ਹਾਂ ਕਿਵੇਂ ਜਿਉਣਾ ਹੈ, ਇਸ ਬਾਰੇ ਕੋਈ ਗਿਆਨ ਨਾ ਹੋਵੇ।
ਇਸੇ ਕਰਕੇ ਤਾਂ ਸਾਡੀ ਸਰਕਾਰ ਨੇ ਅੱਠਵੀਂ ਤੱਕ ਕਿਸੇ ਨੂੰ ਫੇਲ ਨਾ ਕਰਕੇ ਝਟਕੇ ਲਗਾਉਣੇ ਬੰਦ ਕਰ ਦਿੱਤੇ ਹਨ, ਅੱਗੇ ਪਹਿਲੀ ਤੋਂ ਹੀ ਝਟਕੇ ਲੱਗਣ ਲੱਗ ਪੈਦੇ ਸੀ। ਜਿਸ ਵਿੱਚ ਤਾਂ ਜਾਨ ਹੁੰਦੀ ਸੀ ਉਹ ਤਾਂ ਅੱਗੇ ਤੁਰਦਾ ਸੀ-ਨਹੀਂ ਤਾਂ-ਹੁਣ ਕਿਵੇਂ ਜਿਉਣਾ ਹੈ, ਤੇ ਆਪਣੇ ਹੱਕਾਂ ਦੀ ਰਾਖੀ ਕਿਵੇਂ ਕਰਨੀ ਹੈ, ਜੇ ਕੋਈ ਕਿਸੇ ਨੂੰ ਸਿਖਾਉਣ ਵੀ ਲਗਦਾ ਹੈ, ਅਗਲਾ ਉਠ ਕੇ ਤੁਰ ਪੈਂਦਾ ਹੈ। ਨਾ ਲੋਕਾਂ ਕੋਲ ਚੰਗੀਆਂ ਗੱਲਾਂ ਸੁਨਣ ਤੇ ਸਿੱਖਣ ਦੀ ਆਦਤ ਹੀ ਕਿੱਥੇ ਰਹਿ ਗਈ ਹੈ।
ਹੁਣ ਤਾਂ ਜਦੋਂ ਟੀ ਵੀ ਤੇ ਕੋਈ ਕ੍ਰਿਕਟ ਮੈਚ ਚਲਦਾ ਹੈ ਤਾਂ ਜਦੋਂ ਕੋਈ ਵਿਕਟ ਡਿੱਗਦੀ ਹੈ ਤਾਂ ਟੀਮ ਨੂੰ ਕਰਾਰਾ ਝਟਕਾ ਲਗਦਾ ਹੈ, ਉਸ ਦੇਸ਼ ਦਾ ਹਰ ਵਾਸੀ ਉਦਾਸ ਹੋ ਜਾਂਦਾ ਹੈ। ਕਈ ਤਾਂ ਇਸ ਉਦਾਸੀ ਵਿੱਚ ਲੱਖਾਂ ਕਰੋੜਾਂ ਝਟਕਾ ਮਾਰ ਲੈਂਦੇ ਹਨ ਜਾਂ ਸਹਿ ਲੈਂਦੇ ਹਨ।
ਝਟਕਾ ਸਾਡੇ ਜੀਵਨ ਦਾ ਅੰਗ ਬਣ ਗਿਆ ਹੈ, ਇਸੇ ਕਰਕੇ ਅਸੀਂ ਹੁਣ ਰੋਂਦੇ ਕਰਲਾਉਂਦੇ ਨਹੀਂ। ਸਗੋਂ ਤਾੜੀ ਮਾਰਕੇ ਹੱਸਦੇ ਹਾਂ। ਚੂਨਾ ਲਾਉਣਾ, ਲਗਾਉਣਾ ਹੁਣ ਸਾਡੇ ਹਿੱਸੇ ਹੀ ਰਹਿ ਗਿਆ। ਇਸੇ ਕਰਕੇ ਹੀ ਅਸੀਂ ਵਾਰ ਵਾਰ ਲਗਦੇ ਝਟਕੇ ਸਹਿ ਰਹੇ ਹਾਂ।
ਹੁਣ ਤਾਂ ਦੁੱਧ, ਖਾਣ-ਪੀਣ ਦੀ ਵਸਤੂਆਂ, ਬਿਜਲੀ, ਪਾਣੀ ਤੇ ਤੇਲ ਦਾ ਜਦੋਂ ਝਟਕਾ ਲਗਦਾ ਹੈ, ਤਾਂ ਕਿਧਰੇ ਵੀ ਕੋਈ ਸੁਨਾਮੀ ਨਹੀਂ ਉਠਦੀ, ਕੋਈ ਪੁਤਲੇ ਨਹੀਂ ਫੂਕਦਾ, ਧਰਨੇ ਮੁਜਾਹਰੇ ਨਹੀਂ ਕਰਦਾ। ਸਗੋਂ ਚੁੱਪ ਚਾਪ ਆਪੋ ਆਪਣੇ ਕੰਮਾਂਕਾਰਾਂ ਵਿੱਚ ਮਸਤ ਰਹਿੰਦੇ ਹਨ। ਮਸਤ ਰਹਿਣ ਦਾ ਹੀ ਝਟਕੇ ਲਗਾਉਣ ਵਾਲਿਆਂ ਨੂੰ ਲਾਭ ਹੈ।
ਉਹ ਇਸੇ ਲਾਭ ਦੇ ਨਾਲੋਂ ਦਿਨ-ਦਿਨ ਗਰੀਬ ਹੋਈ ਜਾ ਰਹੇ, ਉਨ੍ਹਾਂ ਤੋਂ ਕੋਠੀਆਂ , ਟੈਲੀਫੋਨ ਤੇ ਬਿਜਲੀ ਪਾਣੀ ਦਾ ਬਿੱਲ ਨਹੀਂ ਦਿੱਤਾ ਜਾਂਦਾ। ਇਸੇ ਹੀ ਕਰਕੇ ਉਹ ਚਰਚਾ ਵਿੱਚ ਰਹਿੰਦੇ ਹਨ। ਲੋਕ ਉਨ੍ਹਾਂ ਕਰਕੇ ਅਮੀਰ ਹੋਈ ਜਾਂਦੇ ਹਨ। ਉਹ ਹਰ ਤਰ੍ਹਾਂ ਦਾ ਬੋਝ ਝੱਲੀ ਜਾਂਦੇ ਹਨ। ਉਨ੍ਹਾਂ ਨੂੰ ਇਸ ਬੋਝ ਦਾ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਦਾ ਕੁੱਝ ਵਿਗੜਦਾ ਨਹੀਂ ਨਾਂ ਹੀ ਕੋਈ ਕਿਸਾਨ ਤੇ ਨਾ ਹੀ ਮਜ਼ਦੂਰ ਖੁਦਕਸ਼ੀ ਕਰਦਾ ਹੈ। ਲੋਕ ਆਪਣੀ ਆਈ ਮਰ ਰਹੇ ਹਨ।
ਗਰੀਬੀ, ਬੇਰੁਜ਼ਗਾਰੀ, ਬੀਮਾਰੀ, ਇਲਾਜ ਨਾ ਹੋਣ ਦੇ ਤਾਂ ਬਹਾਨੇ ਹਨ। ਜਦੋਂ ਵੀ ਕਿਸੇ ਦਾ ਅੰਨ-ਜਲ ਤੇ ਸੁਆਸ ਮੁੱਕ ਗਏ, ਅਗਲੇ ਨੇ ਮਰ ਜਾਣਾ ਹੈ। ਝਟਕੇ ਲਗਾਉਣ ਵਾਲਿਆਂ ਨੂੰ ਇਸ ਨਾਲ ਕੀ ਦੁੱਖ ਹੈ। ਉਹ ਤਾਂ ਆਪ ਦੁੱਖੀ ਹਨ, ਉਨ੍ਹਾਂ ਫਰਾਡ, ਬੈਂਕ ਬੈਲੇਂਸ ਤੇ ਹੋਰ ਪਤਾ ਨਹੀਂ ਕੀ ਕੀ ਜੱਗ ਨਸ਼ਰ ਹੋ ਰਹੇ ਹਨ। ਇਸੇ ਕਰਕੇ ਉਹ ਵਿਚਾਰੇ ਮਹਿੰਗਾਈ ‘ਤੇ ਕਾਬੂ ਪਾਉਣ ਲਈ ਮੀਟਿੰਗ ਤੇ ਮੀਟਿੰਗ ਕਰ ਰਹੇ ਹਨ। ਤਾਂ ਕਿ ਲੋਕਾਂ ਨੂੰ ਝਟਕਾ ਨਾ ਲੱਗੇ।
ਹੁਣ ਜਦੋਂ ਸਾਰਾ ਦੇਸ਼ ਹੀ ਅਫੀਮਚੀ ਵਾਂਗ ਝਟਕਿਆਂ ਉੱਤੇ ਲੱਗ ਗਿਆ ਹੋਵੇ, ਉਹ ਲੋਕਾਂ ਨੂੰ ਬਚਾਉਣ ਲਈ ਥੋੜ੍ਹੀ ਥੋੜ੍ਹੀ ਡੋਜ਼ ਤਾਂ ਦਿੰਦੇ ਰਹਿਦੇ ਹਨ। ਹੋਰ ਉਹ ਕੀ ਕਰਨ? ਜਦੋਂ ਲੋਕ ਹੀ ਖੁਸ਼ ਨੇ, ਫਿਰ ਉਨ੍ਹਾਂ ਨੂੰ ਰਗਾਉਣ ਕਿਵੇਂ। ਨਾਲੇ ਰੋਂਦੇ ਤਾਂ ਉਹ ਹੁੰਦੇ ਹਨ, ਜਿਨ੍ਹਾਂ ਦਾ ਕੋਈ ਨਫ਼ਾ ਨੁਕਸਾਨ ਹੋ ਗਿਆ ਹੋਵੇ। ਨੁਕਸਾਨ ਤਾਂ ਸਰਕਾਰ ਦਾ ਹੋ ਗਿਆ ਹੈ।
ਉਨ੍ਹਾਂ ਜਿਹੜੇ ਝਟਕੇ ਲਗਾਉਣ ਲਈ ਏਨਾ ਕੁੱਝ ਕਰਨਾ ਪੈਂਦਾ ਹੈ। ਇਹ ਝਟਕੇ ਤਾਂ ਉਦੋਂ ਤੱਕ ਜਾਰੀ ਰਹਿਣਗੇ, ਅਜੇ ਤਾਂ ਤੱਕ ਲੋਕ ਜਿਉਂਦੇ ਨੇ, ਜਦੋਂ ਮਰਨ ਲੱਗ ਪਏ ਤਾਂ ਸ਼ਾਇਦ ਕੋਈ ਵੱਡਾ ਝਟਕਾ ਲੱਗ ਜਾਵੇ। ਅਜੇ ਤੱਕ ਤਾਂ ”ਸਥਿਤੀ ਕਾਬੂ ਹੇਠ ਹੈ” ਝਟਕਿਆਂ ਦੇ ਤੜਕੇ ਲੱਗਦੇ ਰਹਿਣਗੇ।
##
ਬੁੱਧ ਸਿੰਘ ਨੀਲੋਂ
94643-70823

Previous articleਪੰਜਾਬ ਏਮੇਚਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੀ ਨਵੀਂ ਟੀਮ ਵਲੋਂ ਡਾ. ਐਮ. ਜਮੀਲ ਬਾਲੀ ਮੀਤ ਪ੍ਰਧਾਨ ਨਿਯੁਕਤ
Next articleਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀ ਦਾ ਵਿਸ਼ੇਸ਼ ਮਹੱਤਵ – ਰਾਜੇਸ਼ ਧੀਮਾਨ