ਪਿੰਡਾਂ ਦੀਆਂ ਸੜਕਾਂ ਤੇ ਮਾਰਦੀਆਂ ਬੜਕਾਂ!
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਪੰਜਾਬ ਪਿੰਡਾਂ ਵਿੱਚ ਵੱਸਦਾ ਹੈ। ਪਿੰਡਾਂ ਨੂੰ ਨੂੰ ਜਾਂਦੀਆਂ ਸੜਕਾਂ ਪਿੰਡਾਂ ਦੀ ਸ਼ਾਹ ਰਗ ਹਨ। ਇਸ ਸ਼ਾਹ ਰਗ ਦੇ ਸਹਾਰੇ ਪਿੰਡ ਸਾਹ ਲੈਂਦੇ ਹਨ ਤੇ ਜਿਉਂਦੇ ਹਨ। ਉਹਨਾਂ ਦੀ ਜਿਉਂਦੇ ਰਹਿਣ ਨਾਲ ਸੰਸਾਰ ਜਿਉਂਦਾ ਹੈ ਭਾਵੇਂ ਹਰ ਇੱਕ ਦਾ ਆਪੋ ਆਪਣਾ ਸੰਸਾਰ ਹੁੰਦਾ ਹੈ। ਇਸ ਸੰਸਾਰ ਅੰਦਰ ਅਸੀਂ ਧਰਤੀ ਹੇਠ ਰੁੱਖਾਂ ਦੀਆਂ ਜੜ੍ਹਾਂ ਵਾਂਗ ਇੱਕ ਦੂਜੇ ਵਿੱਚ ਮਿਲੇ ਤੇ ਉਲਝੇ ਹੋਏ ਹਾਂ। ਸਾਡੇ ਰਿਸ਼ਤਿਆਂ ਦੀ ਰਹਿਤਲ, ਸਾਡੀ ਭਾਈਚਾਰਕ ਸਾਂਝ ਬਣਾਈ ਰੱਖਦੀ ਹੈ। ਅਸੀਂ ਦੁੱਖ ਤੇ ਸੁੱਖ ਵਿੱਚ ਇੱਕ ਦੂਜੇ ਦੇ ਹਾਣੀ ਹਾਂ। ਦੁੱਖ ਦਰਦ ਗਮੀ ਤੇ ਖੁਸ਼ੀ ਸਾਡੀ ਸਭ ਦੀ ਸਾਂਝੀ ਹੈ। ਇਹੋ ਸਾਂਝ ਸਾਨੂੰ ਮਨੁੱਖ ਹੋਣ ਦਾ ਰੁਤਬਾ ਬਖਸ਼ਿਸ਼ ਕਰਦੀ ਹੈ। ਰਿਸ਼ਤਿਆਂ ਦੇ ਆਸਰੇ ਮਨੁੱਖ ਜਿਉਂਦਾ ਹੈ। ਜਿਉਂਦੇ ਮਨੁੱਖ ਦੇ ਸੁਪਨੇ ਤੇ ਚਾਅ ਹੁੰਦੇ ਹਨ। ਮਰ ਗਿਆਂ ਦੀ ਸਵਾਹ ਹਵਾ ਵਿੱਚ ਉੱਡਦੀ ਹੈ ਜਿਹੜੀ ਅੱਖਾਂ ਵਿੱਚ ਜ਼ਖ਼ਮ ਕਰਦੀ ਹੈ। ਪਿੰਡਾਂ ਦੀਆਂ ਸੜਕਾਂ ਅੱਜ ਕੱਲ੍ਹ ਬੜਕਾਂ ਮਾਰਦੀਆਂ ਹਨ। ਉਹਨਾਂ ਦੀਆਂ ਬੜਕਾਂ ਡਾਕਟਰਾਂ ਦੇ ਢਿੱਡ ਭਰਦੀਆਂ ਹਨ। ਮੋਟਰ ਵਰਕਸ਼ਾਪਾਂ ਦੇ ਵਿੱਚ ਉਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਬਣਦੀਆਂ ਹਨ। ਪਿੰਡਾਂ ਵੱਲ ਨੂੰ ਜਾਂਦਿਆਂ ਤੁਹਾਨੂੰ ਹਾਜ ਮੂਲੇ ਦੀ ਗੋਲੀਆਂ ਦੀ ਨਾ ਹੀ ਨੱਚਣ ਟੱਪਣ ਦੀ ਤੇ ਨਾ ਹੀ ਸੈਰ ਕਰਨ ਦੀ ਲੋੜ ਪੈਂਦੀ ਹੈ, ਪਿੰਡਾਂ ਦੀਆਂ ਸੜਕਾਂ ਕੈਬਰੇ ਡਾਂਸ ਭੰਗੜਾ ਗਿੱਧਾ ਤੇ ਗੀਤ ਸੰਗੀਤ ਸਭ ਕੁੱਝ ਵਿਖਾਉਂਦੀਆਂ ਤੇ ਸੁਣਾਉਂਦੀਆਂ ਹਨ। ਉਹਨਾਂ ਦਾ ਘਰਾਟ ਰਾਗ ਜਿਨ੍ਹਾਂ ਨੇ ਸੁਣਿਆ ਹੈ, ਉਹ ਆਪਣੀਆਂ ਵੱਖੀਆਂ ਫੜ ਕੇ ਘਰਾਂ ਵਿੱਚ ਪੁੱਜਦੇ ਹਨ ਤੇ ਆਪਣਿਆਂ ਤੋਂ ਉਹਨਾਂ ਦੀ ਮਸਾਜ ਕਰਵਾਉਂਦੇ ਹਨ। ਪਿੰਡਾਂ ਦੀਆਂ ਸੜਕਾਂ ਵਿੱਚੋਂ ਸੜਕ ਦੀ ਹੋਂਦ ਲੱਭਣੀ ਮੁਸ਼ਕਿਲ ਹੈ ਪਰ ਪਿੰਡਾਂ ਦੇ ਲੋਕ ਇਹਨਾਂ ਸੜਕਾਂ ਦੀ ਯਾਤਰਾ ਕਰਦੇ ਹੋਏ ਸ਼ਹਿਰਾਂ ਵਿੱਚ ਪੁੱਜਦੇ ਹਨ। ਉਹਨਾਂ ਦੀ ਜੀਵਨ ਦਾ ਹਿੱਸਾ ਬਣ ਗਈਆਂ ਹਨ। ਇਹ ਕਿਸੇ ਹੀਰੋਇਨ ਦੀਆਂ ਗੱਲਾਂ ਵਰਗੀਆਂ ਸੜਕਾਂ ਉਹਨਾਂ ਦੇ ਚੇਤਿਆਂ ਵਿੱਚ ਇੰਜ ਵਸਦੀਆਂ ਹਨ, ਜਿਵੇਂ ਧਰਤੀ ਉੱਤੇ ਜੰਗਲ ਵਸਦਾ ਹੈ। ਜੰਗਲ ਹੁਣ ਹਵਾ ਨਾਲ ਨਹੀਂ ਸ਼ਹਿਰ ਨਾਲ ਗੱਲਾਂ ਕਰਦਾ ਹੈ। ਜੰਗਲ ਦੇ ਵਿੱਚ ਹੁਣ ਜੀਵ ਨਹੀਂ, ਮਗਰਮੱਛ ਵੱਸਦੇ ਹਨ। ਇਹ ਮਗਰਮੱਛ ਇੱਕ ਦੂਜੇ ਨੂੰ ਮਾਰਦੇ ਤੇ ਖਾਂਦੇ ਹਨ। ਇਹਨਾਂ ਦਾ ਆਪਣਾ ਹੀ ਇੱਕ ਸੰਸਾਰ ਹੈ। ਇਸ ਸੰਸਾਰ ਵਿੱਚ ਰੁੱਖਾਂ ਤੇ ਜੀਵਨ ਅੰਦਰ ਪੱਥਰਾਂ ਦਾ ਇਹ ਉਗਾਇਆ ਉਹ ਜੰਗਲ ਹੈ, ਜਿੱਥੇ ਜੰਗਲ ਵਿੱਚ ਮੰਗਲ ਨਹੀਂ ਲੱਗਦਾ। ਸਗੋਂ ਪੁੰਨਿਆਂ ਤੇ ਮੱਸਿਆਂ ਨੂੰ ਦੀਵਾਨ ਲੱਗਦਾ ਹੈ, ਜਿੱਥੇ ਸ਼ਬਦ ਕੀਰਤਨ ਕਰਦੇ ਹਨ। ਕੰਨਾਂ ਤੋਂ ਬਹਿਰੇ, ਅੱਖਾਂ ਤੋਂ ਅੰਨ੍ਹੇ ਲੋਕ ਮਸਤੀ ਵਿੱਚ ਝੂਮਦੇ ਹਨ ਤੇ ਗਾਉਂਦੇ ਹਨ। ਭਵ ਸਾਗਰ ਪਾਰ ਜਾਣ ਦੀ ਧਾਰਨਾ ਲਾਉਂਦੇ ਹਨ। ਪਿੰਡਾਂ ਦੀਆਂ ਸੜਕਾਂ ਦੇ ਨਾਲ ਨਾਲ ਫਸਲਾਂ ਉਗਦੀਆਂ ਹਨ, ਪਿੰਡਾਂ ਦੀਆਂ ਸੜਕਾਂ ਸ਼ਹਿਰੋਂ ਆਉਣ ਵਾਲਿਆਂ ਦਾ ਸਵਾਗਤ ਕਰਦੀਆਂ ਹਨ । ਪਿੰਡ ਕਿਸੇ ਦੇ ਘਰ ਵਿੱਚ ਜਾਣ ਤੋਂ ਪਹਿਲਾਂ ਸੜਕਾਂ ਉੱਤੇ ਆਉਣ ਵਾਲੇ ਪਾਣੀ ਦੀ ਭਾਲ ਵਿੱਚ ਹੁੰਦੇ ਹਨ ਤਾਂ ਕਿ ਉਹ ਆਪਣਾ ਮੂੰਹ ਸਾਫ ਕਰ ਲੈਣ ਤਾਂ ਕਿ ਉਹਨਾਂ ਨੂੰ ਕੋਈ ਕਾਲੇ ਕੱਛਿਆਂ ਵਾਲੇ ਨਾ ਸਮਝ ਲਵੇ ਪਿੰਡਾਂ ਦੀਆਂ ਸੜਕਾਂ ਜਸਟਿਸ ਗੁਰਨਾਮ ਸਿੰਘ ਨੂੰ ਚੇਤੇ ਕਰਦੀਆਂ ਹਨ ਤੇ ਹਾਉਕੇ ਭਰਦੀਆਂ ਹਨ। ਉਹਨਾਂ ਦੇ ਅਸਮਾਨ ਜਿੱਡੇ ਤੇ ਉੱਚੇ ਹਾਉਂਕੇ ਉਹਨਾਂ ਦੇ ਕਾਲਜੇ ਨੂੰ ਧੂਅ ਪਾਉਂਦੇ ਹਨ। ਉਹ ਜਸਟਿਸ ਗੁਰਨਾਮ ਸਿੰਘ ਦੀ ਯਾਦ ਵਿੱਚ ਔਸੀਆਂ ਪਾਉਂਦੀਆਂ ਹਨ। ਘਰਾਂ ਦੇ ਬਨੇਰੇ ਉੱਤੇ ਘਿਓ ਦੇ ਦੀਵੇ ਜਗਾਉਂਦੀਆਂ ਹਨ ਤਾਂ ਕਿ ਉਹ ਭੁੱਲ ਭੁਲੇਖੇ ਕਿਧਰੇ ਅੱਗੇ ਨਾ ਲੰਘ ਜਾਵੇ। ਉਸ ਦੀ ਉਡੀਕ ਵਿੱਚ ਪਿੰਡਾਂ ਦੀਆਂ ਸੜਕਾਂ ਦੇਹਲੀਆਂ ਉੱਤੇ ਬਹਿ ਕੇ ਉਸ ਨੂੰ ਉਡੀਕਦੀਆਂ ਹਨ। ਉਹ ਬਿਰਹੋ ਦੇ ਗੀਤ ਗਾਉਂਦੀਆਂ ਹਨ ਤੇ ਪਿੰਡਾਂ ਦੀਆਂ ਸੜਕਾਂ ਹੁਣ ਸੁਹਾਗ ਤੇ ਵਿਆਹ ਦੇ ਗੀਤ ਨਹੀਂ ਸਗੋਂ ਆਲੁਣੀਆਂ ਗਾਉਂਦੀਆਂ ਹਨ। ਗੁਰਦੁਆਰੇ ਦਾ ਸਪੀਕਰ ਨਿੱਤ ਨਵੇਂ ਸੰਦੇਸ਼ ਸੁਣਾਉਂਦਾ ਹੈ। ਪਿੰਡ ਦੀਆਂ ਸੜਕਾਂ ਉੱਤੇ ਰੇਤ ਬਜਰੀ ਦੇ ਟਰਾਲੇ ਦਨਨਾਉਂਦੇ ਲੰਘਦੇ ਹਨ। ਇਹ ਟਰਾਲੇ ਪਿੰਡਾਂ ਦੀਆਂ ਸੜਕਾਂ ਉੱਤੇ ਮੂੰਗ ਦਲ ਦੇ ਹਨ। ਇਸ ਦੀ ਧੂੜ ਪਿੰਡਾਂ ਦੀਆਂ ਸੜਕਾਂ ਤੋਂ ਉੱਠ ਕੇ ਲੋਕਾਂ ਦੀਆਂ ਅੱਖਾਂ ਵਿੱਚ ਬਰੂਦ ਵਾਂਗੂ ਧੱਸਦੀ ਹੈ। ਉਹਨਾਂ ਦੇ ਨੈਣਾਂ ਵਿੱਚ ਕੋਕੜੂ ਵਾਂਗੂ ਚੁਬਦੀ ਹੈ। ਪਿੰਡਾਂ ਦੀਆਂ ਸੜਕਾਂ ਹੁਣ ਸੱਪ ਵਾਂਗ ਨਹੀਂ ਮੇਲਦੀਆਂ ਤੇ ਨਾ ਹੀ ਰੀਂਗ ਦੀਆਂ ਹਨ। ਉਹਨਾਂ ਨੂੰ ਆਪਣੀ ਤੋਰ ਭੁੱਲ ਗਈ ਹੈ। ਹੁਣ ਇਹ ਸੜਕਾਂ ਸਰਕਾਰੀ ਗਦਾਮ ਵਿੱਚਲੀ ਸੁਸਰੀ ਵਾਂਗ ਸੁੱਤੀਆਂ ਰਹਿੰਦੀਆਂ ਹਨ। ਪਿੰਡਾਂ ਦੀ ਇਹ ਸ਼ਾਹ ਰਾਗ ਥਾਂ-ਥਾਂ ਤੋਂ ਗਰੀਬ ਦੀ ਚਾਦਰ ਵਾਂਗ ਫਟ ਗਈ ਹੈ। ਅੱਧੀ ਰਾਤ ਅਸਮਾਨ ਦੇ ਤਾਰਿਆਂ ਵਾਂਗ ਚਮਕਦੀਆਂ ਸੜਕਾਂ ਉੱਤੇ ਹੁਣ ਵਾਹਨ ਨਹੀਂ ਸਗੋਂ ਮਨੁੱਖ ਸਫਰ ਕਰਦੇ ਹਨ। ਉਹ ਸਮੁੰਦਰ ਦੀਆਂ ਲਹਿਰਾਂ ਵਿਚਲੀ ਕਿਸ਼ਤੀ ਵਾਂਗ ਕਦੇ ਉੱਪਰ ਤੇ ਕਦੇ ਥੱਲੇ ਹੁੰਦੇ ਹੋਏ, ਆਪਣੇ ਘਰਾਂ ਵੱਲ ਪਰਤਦੇ ਹਨ। ਘਰ ਹੁਣ ਮਹਿਜ ਨਾਂ ਦੇ ਰਹਿ ਗਏ ਹਨ। ਘਰਾਂ ਵਿੱਚੋਂ ਜ਼ਿੰਦਗੀ ਮਨਫੀ ਹੋ ਗਈ ਹੈ। ਘਰਾਂ ਵਿੱਚ ਹੁਣ ਮਸ਼ੀਨਾਂ ਦਾ ਵਾਸਾ ਹੈ। ਇਹ ਮਸ਼ੀਨਾਂ ਇੱਕ ਦੂਜੇ ਦੇ ਸਹਾਰੇ ਨਹੀਂ, ਸਗੋਂ ਆਪੋ ਆਪਣੀ ਬੀਨ ਵਜਾਉਂਦੀਆਂ ਹਨ। ਪਿੰਡਾਂ ਦੀਆਂ ਸੜਕਾਂ ਹੁਣ ਬੜਕਾਂ ਨਹੀਂ ਸਗੋਂ ਧਾਹਾਂ ਮਾਰਦੀਆਂ ਹਨ। ਉਹਨਾਂ ਦੀਆਂ ਧਾਹਾਂ ਕਿਸੇ ਦੇ ਕੰਨਾਂ ਵਿੱਚ ਨਹੀਂ ਪੈਂਦੀਆਂ। ਸੜਕਾਂ ਦੀਆਂ ਚੀਕਾਂ ਤੇ ਉਹਨਾਂ ਦੀਆਂ ਲੇਰਾਂ ਕਿਸੇ ਨੂੰ ਸੁਣਾਈ ਨਹੀਂ ਦਿੰਦੀਆਂ। ਸੜਕਾਂ ਤੇ ਇਸ ਚੀਕ ਚਿਹਾੜੇ ਦੇ ਵਿੱਚੋਂ ਸ਼ਹਿਰ ਨਹੀਂ ਦਿਸਦਾ ਜੇ ਕਿਸੇ ਨੂੰ ਸ਼ਹਿਰ ਦੱਸਦਾ ਵੀ ਹੈ ਤਾਂ ਉਹ ਉਸ ਦਾ ਬਘਿਆੜ ਵਰਗਾ ਚਿਹਰਾ ਉਹਨਾਂ ਦੇ ਸਾਹ ਸੂਤ ਲੈਂਦਾ ਹੈ। ਸੜਕਾਂ ਹੁਣ ਪਿੰਡਾਂ ਦੀਆਂ ਉਹ ਸ਼ਾਹ ਰਾਗ ਨਹੀਂ ਸਗੋਂ ਦਮ ਘੋਟੂ ਬਣ ਗਈਆਂ ਹਨ। ਸੜਕਾਂ ਆਪਣੇ ਮਾਪਿਆਂ ਦੀ ਭਾਲ ਵਿੱਚ ਘੁੰਮਦੀਆਂ ਫਿਰਦੀਆਂ ਹਨ। ਉਹਨਾਂ ਦੀ ਹਾਲਤ ਕਮਲੀ ਦੇ ਝਾਟੇ ਵਰਗੀ ਹੋ ਗਈ ਹੈ, ਜਿਸ ਨੂੰ ਕੰਘੀ ਨਹੀਂ ਲੱਗਦੀ। ਪਿੰਡਾਂ ਦੀਆਂ ਸੜਕਾਂ ਆਪਣੀ ਮੌਤ ਖੁਦ ਮਰ ਰਹੀਆਂ ਹਨ। ਪਿੰਡਾਂ ਦੀਆਂ ਸੜਕਾਂ ਤੇ ਜਾਏ ਹਵਾਈ ਜਹਾਜ਼ ਦੇ ਝੂਟੇ ਲੈਣ ਲੱਗੇ ਹਨ। ਇਸੇ ਕਰਕੇ ਸੜਕਾਂ ਚੁੱਪ ਤੇ ਖਾਮੋਸ਼ ਹਨ। ਉਹਨਾਂ ਦੀ ਖਾਮੋਸ਼ੀ ਕਦੋਂ ਟੁੱਟੇਗੀ? ਇਹ ਤਾਂ ਕੋਈ ਨਹੀਂ ਜਾਣਦਾ ਕਿਉਂਕਿ ਪਿੰਡਾਂ ਦੀਆਂ ਸੜਕਾਂ ਨੇ ਜਿਉਂਦੇ ਰਹਿਣ ਨਾਲੋਂ ਖੁਦਕਸ਼ੀ ਕਰਨ ਨੂੰ ਪਹਿਲ ਦਿੱਤੀ ਹੋਈ ਹੈ। ਪਿੰਡਾਂ ਦੀਆਂ ਸੜਕਾਂ ਹੁਣ ਤਿਲ ਤਿਲ ਨਹੀਂ ਮਰਦੀਆਂ, ਸਗੋਂ ਪਲ ਵਿਚ ਆਪਣੀ ਜਾਨ ਖਤਮ ਕਰਦੀਆਂ ਹਨ। ਪਿੰਡਾਂ ਦੀਆਂ ਸੜਕਾਂ ਦੀ ਹੋਣੀ ਹਨੇਰ ਵੱਲ ਜਾਂਦੀ ਹੈ। ਪਿੰਡਾਂ ਦੀਆਂ ਸੜਕਾਂ ਉਦਾਸ ਹਨ। ਉਹਨਾਂ ਦੀ ਉਦਾਸੀ ਦਾ ਕੋਈ ਇੱਕ ਕਾਰਨ ਨਹੀਂ,ਅਨੇਕ ਦੁੱਖ, ਦਰਦ ਤੇ ਚੀਸਾਂ ਹਨ। ਉਹਨਾਂ ਦੀਆਂ ਇਹਨਾਂ ਚੀਸਾਂ, ਚੀਕਾਂ ਤੇ ਜ਼ਖਮਾਂ ਉਤੇ ਮੋਹ ਦੇ ਫਹੇ ਕੌਣ ਧਰੇਗਾ? ਸੜਕਾਂ ਉਡੀਕਦੀਆਂ ਹਨ ਆਪਣੇ ਉਹਨਾਂ ਦਰਦੀਆਂ ਨੂੰ ਜਿਨਾਂ ਨੇ ਉਹਨਾਂ ਨੂੰ ਜਨਮ ਦਿੱਤਾ ਸੀ।
—-
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj