ਚਰਖਾ ਰੋਂਦਾ ਐ, ਰੋਂਦਾ ਜ਼ਾਰੋ ਜਾਰ, ਚਰਖ਼ਾ!
ਬੁੱਧ ਸਿੰਘ ਨੀਲੋੰ
(ਸਮਾਜ ਵੀਕਲੀ) ਅਕਸਰ ਕੁੜੀਆਂ ਇਹ ਬੋਲੀ ਪਾ ਕੇ ਆਪਣੇ ਮਨ ਦੀ ਵੇਦਨ ਨੂੰ ਪ੍ਰਗਟ ਕਰਦੀਆਂ ਹਨ, ਮੇਰੇ ਚਰਖੇ ਦੀ ਟੁੱਟ ਗਈ ਮਾਲ, ਵੇ ਚੰਨਾ ਕੱਤਾਂ ਕੇ ਨਾ। ਇਹ ਸਮਾਂ ਵਿਆਹ ਤੋਂ ਬਾਅਦ ਆਉਂਦਾ ਹੈ। ਜਦੋਂ ਟੋਕਰੀ ਦੇ ਵਿੱਚ ਪਏ ਕੋਲੀ ਤੇ ਗਲਾਸ ਦਾ ਆਪਸ ਵਿੱਚ ਖੜਕਾ ਦੜਕਾ ਹੋ ਜਾਵੇ। ਫੇਰ ਕਿਸੇ ਵਿਆਹ ਉਤੇ ਗਿੱਧਾ ਪਾਉਂਦੀਆਂ ਕੁੜੀਆਂ ਤੇ ਚਿੜੀਆਂ ਗੀਤ ਰਾਹੀਂ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀਆਂ ਹੁੰਦੀਆਂ ਸੀ। ਸਿਆਣੀਆਂ ਤੇ ਸਮਝਦਾਰ ਮਾਵਾਂ ਇਹ ਸੰਕੇਤ ਨੂੰ ਸਮਝਦੀਆਂ ਸਨ ਤੇ ਫੇਰ ਚਰਖ਼ੇ ਦੀ ਮਾਲ ਨੂੰ ਗੰਢ ਦੇ ਕੇ ਆਖਦੀਆਂ ਸਨ। ਪੁੱਤ ਚਰਖਾ ਕੱਤਣ ਵੇਲੇ ਆ ਖਿਆਲ ਰੱਖਿਆ ਕਰ । ਫੇਰ ਉਹ ਮਾਲ ਕਦੇ ਵੀ ਨਹੀਂ ਟੁੱਟ ਦੀ ਸੀ। ਪਰ ਹੁਣ ਤਾਂ ਜੁੜਨ ਤੋਂ ਪਹਿਲਾਂ ਹੀ ਚਰਖ਼ੇ ਦੀਆਂ ਤੰਦਾਂ ਬਦਲ ਜਾਂਦੀਆਂ ਹਨ। ਹੁਣ ਤਾਂ ਜ਼ਮਾਨਾ ਹੀ ਬਦਲ ਗਿਆ। ਵਿਆਹ ਤੋਂ ਪਹਿਲਾਂ ਪ੍ਰੀ ਵੈਡਿੰਗ ਦਾ ਕੰਜ਼ਰ ਖਾਨਾ ਆਮ ਹੋ ਗਿਆ ਐ। ਮਾਪੇ ਤੇ ਰਿਸ਼ਤੇਦਾਰ ਵੀ ਸਿਰੇ ਦੇ ਕੰਜ਼ਰ ਹੋ ਗਏ ਹਨ। ਸੰਗ ਸ਼ਰਮ ਲਾ ਕੇ ਸੰਦੂਕ ਵਿੱਚ ਬੰਦ ਕਰਕੇ ਵਹਾਅ ਦਿੱਤੀ ਐ। ਕਹਿੰਦੇ ਜ਼ਮਾਨਾ ਬਦਲ ਗਿਆ ਹੈ, ਸਮਾਜ ਤਰੱਕੀ ਕਰ ਗਿਆ ਐ। ਪੱਛਮੀ ਸੱਭਿਆਚਾਰ ਦਾ ਗੰਦ ਅਸੀਂ ਅਪਣਾਇਆ ਹੈ ਤੇ ਉਹਨਾਂ ਦੀਆਂ ਚੰਗੀਆਂ ਗੱਲਾਂ ਨੂੰ ਛੱਡ ਦਿੱਤਾ ਹੈ। ਅਜੇ ਅੱਗੇ ਹੋਰ ਕੀ ਤਰੱਕੀ ਕਰਨੀ ਐ ਖ਼ੁਦਾ ਹੀ ਜਾਣਦਾ ਹੈ। ਗੱਲ ਜੇ ਚਰਖਾ ਟੁੱਟਣ ਦੇ ਨਾਲ ਮੁੱਕ ਜਾਂਦੀ ਤਾਂ ਚੰਗਾ ਹੋਣਾ ਸੀ । ਸਗੋਂ ਚਰਖੇ ਨੂੰ ਕੱਤਣ ਜੋਗਾ ਕਰਨ ਦਾ ਮੌਕਾ ਮਿਲ ਗਿਆ । ਨਹੀਂ ਤੇ ਜਿੰਦ ਮੁੱਕਦੀ ਜਾਂ ਕਿਸੇ ਦੀ ਮੁਕਾ ਕੇ ਕਿਸੇ ਅੰਨ੍ਹੀ ਗੁਫਾ ਵਿੱਚ ਪੈ ਜਾਂਦੀ। ਕਹਿੰਦੇ ਹਨ ਕਿ ਹਰਖ ਦਾ ਮਾਰਿਆ ਬੰਦਾ ਨਰਕ ਵਿੱਚ ਚਲੇ ਜਾਂਦਾ ਹੈ। ਇਥੇ ਜਿੰਨਾਂ ਨਰਕ ਕਿਥੇ ਹੋਵੇਗਾ ? ਜਿਹੜਾ ਅਸੀਂ ਭੋਗ ਰਹੇ ਹਾਂ। ਮਜ਼ਾਲ ਐ ਕਿ ਕਦੇ ਉਜ਼ਰ ਕੀਤਾ ਹੋਵੇ। ਕੋਹਲੂ ਦੇ ਬੈਲ ਵਾਂਗ ਭਾਰ ਢੋਈ ਜਾ ਰਹੇ ਹਾਂ। ਜੇ ਕਦੇ ਕੋਈ ਦੁੱਖ ਵਧੇਰੇ ਹੋ ਜਾਵੇ, ਫੇਰ ਪੰਜਾਬ ਦੇ ਵਿੱਚ ਡੇਰੇ ਬਹੁਤ ਹਨ। ਉਥੇ ਚਲੇ ਜਾਂਦੇ ਆਂ ਪਰ ਆਪਣੀ ਅਕਲ ਤੋਂ ਕੰਮ ਨਹੀਂ ਲੈਂਦੇ। ਪੰਜਾਬ ਦੇ ਵਿੱਚ ਸਾਧਾਂ ਦੇ ਡੇਰਿਆਂ ਦੀ ਗਿਣਤੀ ਸਵਾ ਲੱਖ ਤੋਂ ਟੱਪ ਗਈ ਐ। ਸੋਸ਼ਲ ਮੀਡੀਏ ਉਤੇ ਇਹਨਾਂ ਬਾਬਿਆਂ ਦੀਆਂ ਵੱਖ ਵੱਖ ਨਸਲਾਂ ਦੇਖੀਆਂ ਜਾ ਸਕਦੀਆਂ ਹਨ। ਇਹਨਾਂ ਦਾ ਤੋਰੀ ਫੁਲਕਾ ਵਧੀਆ ਚੱਲਦਾ ਹੈ। ਲੋਕ ਮਾਨਸਿਕ, ਸਰੀਰਿਕ ਤੇ ਆਰਥਿਕ ਤੌਰ ਤੇ ਰਗੜੇ ਜਾ ਰਹੇ ਹਨ। ਇਸ ਚੱਕਰ ਵਿੱਚ ਪੜ੍ਹੇ ਲਿਖੇ ਬਹੁਤੇ ਫਸੇ ਹਨ। ਅਨਪੜ੍ਹ ਅਜੇ ਬਚੇ ਹੋਏ ਨੇ। ਪਰ ਉਹਨਾਂ ਉੱਤੇ ਕੋਈ ਦੋਸ਼ ਲਗਾਇਆ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਐ ਪਰ ਪੜ੍ਹੇ ਲਿਖੇ ਚਰਖਾ ਕਿਉਂ ਬਣੇ ਹੋਏ ਹਨ, ਇਹ ਸੋਚਣ ਵਾਲੀ ਗੱਲ ਐ। ਸਾਰੇ ਸਾਧ, ਬਾਬੇ ਸਰਕਾਰ ਦੇ ਮਾਨਤਾ ਪ੍ਰਾਪਤ ਲੁੱਟ ਮਚਾਉਣ ਵਾਲੇ ਅੱਡੇ ਹਨ। ਇਹਨਾਂ ਬਾਬਿਆਂ ਦੇ ਡੇਰਿਆਂ ਦੇ ਵਿੱਚ ਹੋਰ ਵੀ ਬਹੁਤ ਕੁੱਝ ਹੁੰਦਾ ਹੈ, ਉਹ ਤੁਸੀਂ ਸਮਝਦੇ ਓ। ਆਪਾਂ ਕਿਉਂ ਦੱਸਣਾ ਐ। ਹੁਣ ਸਾਡੀ ਹਾਲਤ ਤਰਸਯੋਗ ਬਣੇਗੀ ਕਿਉਂਕਿ ਗਧਿਆਂ ਨੇ ਆਪਣੇ ਧੀ ਪੁੱਤ ਆਈ ਏ ਐਸ, ਆਈ ਪੀ ਐਸ ਬਣਾ ਲਏ ਹਨ। ਨੀਟ ਤੇ ਨੈੱਟ ਦੇ ਪੇਪਰ ਲੀਕ ਨੇ ਬਹੁਤ ਕੁੱਝ ਨੰਗਾ ਕਰ ਦਿੱਤਾ ਹੈ। ਹੁਣ ਤਾਂ ਸਿਰਾ ਹੀ ਲੱਗਦਾ ਜਾਂ ਰਿਹਾ ਲੋਕਤੰਤਰ ਦੇ ਸਪੀਕਰ ਦੀ ਧੀ ਆਈ ਏ ਐਸ ਦਾ ਪੇਪਰ ਪਾਸ ਕਰ ਗਈ ਹੈ। ਇਸ ਤੋਂ ਇਲਾਵਾ ਹੋਰ ਕਿੰਨੇ ਪਾਸ ਕੀਤੇ ਗਏ ਹਨ ਇਹ ਅਗਲੇ ਦਿਨਾਂ ਵਿੱਚ ਪਤਾ ਲੱਗੇਗਾ। ਭੇਡਾਂ ਬੱਕਰੀਆਂ ਦੀ ਅਗਵਾਈ ਹੁਣ ਗਧੇ ਕਰਨਗੇ। ਜਦੋਂ ਗਧੇ ਸ਼ੇਰ ਦੀ ਖੱਲ ਪਾ ਲੈਦਾ । ਉਹ ਰਹਿੰਦਾ ਗਧਾ ਹੀ ਹੈ ਪਰ ਗਧੇ ਨੂੰ ਕੌਣ ਸਮਝਾਵੇ ਕੇ ਢੋਣਾ ਤਾਂ ਤੇ ਭਾਰ ਹੀ ਹੈ । ਉਹ ਮਿੱਟੀ ਹੋਵੇ ਜਾਂ ਆਪ ਤੋਂ ਵੱਡਿਆਂ ਗੰਦ । ਪਰ ਹੁਣ ਉਲਟ ਗਈ ਮਰਿਆਦਾ। ਕਈ ਬਾਰ ਇਹੋ ਜਿਹਾ ਵੀ ਕੁੱਝ ਵਾਪਰ ਜਾਂਦਾ ਕਿ ਗਧਾ ਹੋਰ ਗਧਿਆਂ ਦੇ ਨਾਲ ਰਲ ਕੁਰਸੀ ਉਪਰ ਬਹਿ ਜਾਂਦਾ ਹੈ । ਫੇਰ ਉਹ ਸਮਝਦਾ ਕਿ ਹਮ ਹੀ ਹਮ ਹੈ ਹੋਰ ਕੌਣ ? ਚੱਲ ਛੱਡ ਭਲਾ ਆਪਾਂ ਕੀ ਲੈਣਾ ਹੈ ਗਧਿਆਂ ਤੋਂ। ਗੱਲ ਤਾਂ ਮਨੁੱਖੀ ਜ਼ਿੰਦਗੀ ਦੀ ਹੈ, ਜਿਹੜੀ ਘੂਕ ਸੁੱਤੀ ਹੈ । ਜਾਂ ਇਸਨੂੰ ਕਿਸੇ ਸੁਲਾਇਆ ਹੈ ? ਚਿੱਟੀ ਸਿਉਕ ਸਾਧਾਂ ਦੇ ਡੇਰਿਆਂ ਵਾਲੀ ਸਦੀਆਂ ਤੋਂ ਲੋਕਾਂ ਦੇ ਕੰਨਾਂ ਦੇ ਵਿੱਚ ਇਹ ਗੱਲ ਪਾ ਰਹੀ ਹੈ ਕਿ ਮਨੁੱਖਾ ਜਨਮ ਚਰਾਸੀ ਲੱਖ ਜੂਨਾਂ ਭੁਗਤਣ ਤੋਂ ਬਾਅਦ ਮਿਲਦਾ ਹੈ । ਇਹ ਗੱਲ ਨਾ ਵਿਗਿਆਨਕ ਤੌਰ ਸਹੀ ਹੈ ਤੇ ਨਾ ਹੀ ਹੋਰ ਕਿਸੇ ਪੱਧਰ ਉਤੇ। ਇਹ ਤਾਂ ਬ੍ਰਾਹਮਣੀ ਮਨੂਵਾਦੀ ਵੇਦਾਂ ਤੇ ਪੁਰਾਣਾ ਵੱਲੋਂ ਮਨੁੱਖ ਨੂੰ ਡਰਾਉਣ ਦੀ ਇਕ ਸਾਜਿਸ਼ ਤਹਿਤ ਬਣਾਈ ਗਈ ਗੱਪ ਹੈ । ਜਿਵੇਂ ਕਾਂ ਗੁਲੇਲ ਤੋਂ ਡਰਦਾ ਹੈ। ਮਨੁੱਖ ਮੌਤ ਤੋਂ ਡਰਦਾ ਹੈ । ਲੋਕ ਡਰਦੇ ਰਹਿਣ, ਪੁਜਾਰੀ ਤੇ ਚਿੱਟੀ ਸਿਉਂਕ ਦਾ ਇਸੇ ਦੇ ਨਾਲ ਤੋਰੀ ਫੁਲਕਾ ਚੱਲਦਾ ਹੈ । ਲੋਕਾਂ ਦੀ ਭਵਿੱਖ ਬਾਣੀ ਦੱਸਣ ਵਾਲੇ ਨੂੰ ਆਪ ਪਤਾ ਨਹੀਂ ਹੁੰਦਾ ਕਿ ਉਸਦਾ ਭਵਿੱਖ ਕੀ ਹੈ ? ਜੇਲਾਂ ਦੇ ਵਿੱਚ ਏਨੇ ਚੋਰ ਤੇ ਜੇਬ ਕਤਰੇ (ਅਸਲੀ) ਕੈਦ ਨਹੀਂ ਜਿੰਨੇ ਡੇਰੇਦਾਰ ਤੇ ਚਿੱਟੀ ਸਿਉਕ ਵਾਲੇ ਸਾਧ ਹਨ । ਕੀ ਉਨ੍ਹਾਂ ਨੂੰ ਆਪਣੇ ਭਵਿੱਖ ਦਾ ਗਿਆਨ ਨਹੀਂ ਸੀ ? ਚੱਲ ਛੱਡ ਪਰਾਂ ਆਪਾਂ ਸਾਧਾਂ ਤੇ ਸੰਤਾਂ ਤੋਂ ਕੀ ਲੈਣਾ ਹੈ ?
ਬੇਬੇ ਪੰਜਾਬੋ ਕਹਿੰਦੀ ਹੁੰਦੀ ਸੀ।
‘ ਭਾਈ ਜੋ ਕਰੂਗਾ ਸੋ ਭਰੂਗਾ ।
ਪਾਪ ਦਾ ਘੜਾ ਭਰ ਕੇ ਡੁੱਬਦਾ ਹੈ। ”
ਇਹ ਗੱਲ ਵੀ ਝੂਠ ਲੱਗਦੀ ਹੈ। ਹੁਣ ਪਾਪ ਦਾ ਘੜਾ ਤਰਦਾ ਹੀ ਨਹੀਂ ਸਗੋਂ ਹੋਰਨਾਂ ਨੂੰ ਵੀ ਤਾਰਦਾ ਐ।
ਪਾਪ ਦਾ ਘੜਾ ਜੇ ਭਰ ਕੇ ਡੁੱਬਦਾ ਹੁੰਦਾ ਤਾਂ ਹੁਣ ਨੂੰ ਚਿੱਟਾ, ਨਸ਼ਾ, ਰੇਤਾ-ਬਜਰੀ, ਜ਼ਮੀਨਾਂ, ਜ਼ਮੀਰਾਂ ਰਾਜ ਤੇ ਦੇਸ਼ ਵੇਚਣ ਵਾਲਿਆਂ ਨੇ ਕਦੋਂ ਦੇ ਰੱਬ ਨੂੰ ਪਿਆਰੇ ਹੋ ਜਾਣਾ ਸੀ । ਚਿੱਟਾ ਵੇਚਣ ਵਾਲਿਆਂ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ ਤੇ ਉਨ੍ਹਾਂ ਦੇ ਘਰ ਭਰ ਗਏ ਹਨ। ਜ਼ਮੀਨਾਂ ਤੇ ਜਾਇਦਾਦਾਂ ਕਈ ਸੌ ਗੁਣਾ ਵੱਧ ਗਈਆਂ ਹਨ। ਹੁਣ ਕੌਣ ਮੰਨੇਗਾ ਬੇਬੇ ਪੰਜਾਬੋ ਦੀਆਂ ਗੱਲਾਂ ਨੂੰ। ਹੁਣ ਕਹਿੰਦੇ ਕਿ ” ਦਾਰੂ ਗੱਲਾਂ ਨੂੰ ਤੇ ਘਿਓ ਮੱਲਾਂ ਨੂੰ !” ਹੁਣ ਤਾਂ ਦਾਰੂ ਕਲੇਸ਼ ਤੇ ਤਬਾਹੀ ਦਾ ਸਬੱਬ ਬਣ ਗਈ ਹੈ । ਘਰਾਂ ਦੇ ਵਿੱਚ ਮੱਝਾਂ ਤੇ ਗਾਵਾਂ ਨਹੀਂ ਰਹੀਆਂ ਤੇ ਦੁੱਧ ਘਿਓ ਕਿਹੜੇ ਮੱਲਾਂ ਨੇ ਖਾਣਾ ਹੈ ? ਪਰ ਜਿੰਨਾਂ ਦੁੱਧ, ਖੋਹਾ, ਪਨੀਰ ਤੇ ਹੋਰ ਇਹਨਾਂ ਤੋਂ ਬਨਣ ਵਾਲਾ ਸਮਾਨ ਜੋ ਬਜ਼ਾਰ ਵਿੱਚ ਦਿਨ ਨੂੰ ਵਿਕਦਾ ਹੈ ? ਉਹ ਹੀ ਜਾਣਦੇ ਹਨ ਕਿ ਉਹ ਕਿਹੜੀ ਦੁੱਧ ਦੀ ਨਹਿਰ ਤੋਂ ਦੁੱਧ ਭਰ ਕੇ ਲਿਆਉਦੇ ਹਨ ? ਹੁਣ ਪਿੰਡਾਂ ਵਿੱਚ ਸਬਜ਼ੀਆਂ ਤੇ ਦੁੱਧ ਵੇਚਣ ਵਾਲੇ ਜਾਂਦੇ ਹਨ । ਪਹਿਲਾਂ ਪਿੰਡਾਂ ਵਾਲੇ ਸ਼ਹਿਰੋਂ ਲੂਣ ਲੈਣ ਜਾਂਦੇ ਸੀ। ਉਦੋਂ ਸਭ ਕੁੱਝ ਪਿੰਡਾਂ ਦੇ ਵਿੱਚੋਂ ਹੀ ਮਿਲਦਾ ਸੀ। ਜੁਲਾਹੇ ਕੱਪੜਾ ਬੁਣਦੇ ਸੀ , ਮੋਚੀ ਜੁੱਤੀਆਂ ਬਣਾ ਦੇਦਾ ਸੀ, ਨਾਈ ਵਾਲ ਕੱਟ ਦੇਦਾ ਸੀ, ਦਰਜ਼ੀ ਕੱਪੜੇ ਸਿਉ ਦੇਦਾ ਸੀ, ਪੰਡਤ ਤੇ ਗਿਆਨੀ ਵਿਆਹ ਫੇਰੇ ਕਰਵਾ ਦੇਦੇ ਸੀ । ਖੇਤੀਬਾੜੀ ਨਾਲ ਖਾਣ ਜੋਗੇ ਦਾਣੇ ਹੋ ਜਾਂਦੇ ਸੀ । ਸਭ ਰਲ ਮਿਲ ਰਹਿੰਦੇ ਸੀ । ਹੁਣ ਦੋ ਭਾਈਆਂ ਦੀ ਆਪਸ ਵਿੱਚ ਨਹੀਂ ਬਣਦੀ । ਕਹਿੰਦੇ ਦੁਨੀਆਂ ਤਰੱਕੀ ਕਰਗੀ । ਜੇ ਇਹੋ ਤਰੱਕੀ ਹੈ ਕਿ ਲੋਕਾਂ ਦੇ ਵਿੱਚ ਕੋਈ ਭਾਈਚਾਰਕ ਸਾਂਝ ਨਹੀਂ। ਪਿੰਡਾਂ ਵਿੱਚ ਰੱਬ ਵਸਦਾ ਸੀ, ਹੁਣ ਭੂਤ ਵੱਸਦੇ ਹਨ ਜਿਹੜੇ ਸਾਰਾ ਦਿਨ ਭੂਸਰੇ ਰਹਿੰਦੇ ਹਨ। ਹਰ ਪਿੰਡ ਵਿੱਚ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ ਤੇ ਹੁਣ ਚਾਰ ਪੰਜ ਬਣ ਗਈਆਂ । ਪਿੰਡਾਂ ਦੇ ਲੋਕ ਆਪਸ ਵਿੱਚ ਸਿੰਗ ਫਸਾਈ ਫਿਰਦੇ ਹਨ । ਲੜ੍ਹਾਈ ਝਗੜੇ ਹੋ ਰਹੇ ਨੇ । ਸ਼ਰੇਆਮ ਗੋਲੀਆਂ ਚੱਲਦੀਆਂ ਹਨ, ਨੌਜਵਾਨ ਮਰ ਤੇ ਮਾਰੇ ਜਾ ਰਹੇ ਹਨ । ਇਹੋ ਜਿਹੀ ਤਰੱਕੀ ਤੋਂ ਭਲਾ ਆਪਾਂ ਕੀ ਖੱਟਿਆ ਹੈ ? ਚੱਲ ਆਪਾਂ ਕੀ ਲੈਣਾ ਹੈ। ਜਦ ਵੇਚਣ ਤੇ ਖਰੀਦਣ ਵਾਲਿਆਂ ਨੂੰ , ਮਰਨ ਤੇ ਮਾਰਨ ਵਾਲਿਆਂ ਨੂੰ ਕੋਈ ਤਕਲੀਫ਼ ਨਹੀਂ ਤੇਰਾ ਕਿਉਂ ਢਿੱਡ ਦੁੱਖਦਾ ਹੈ ? ਭਾਈ ਢਿੱਡ ਤਾਂ ਦੁੱਖੂ ਜੇ ਬੰਦਾ ਕੁੱਝ ਖਾਵੇਗਾ, ਬੰਦੇ ਦੇ ਤਾਂ ਮੂੰਹ ਵਿੱਚੋਂ ਬੁਰਕੀ ਖੋਹੀ ਜਾ ਰਹੀ ਹੈ । ਨਿੱਤ ਦੀ ਮਹਿੰਗਾਈ ਨੇ ਆਮ ਬੰਦੇ ਦੇ ਨੱਕ ਵਿੱਚ ਦਮ ਕੀਤਾ ਪਿਆ ਹੈ ਪਰ ਬੰਦਾ ਚੁਪ ਚਾਪ ਸੰਤਾਪ ਭੋਗ ਰਿਹਾ ਹੈ । ਹੁਣ ਫੇਰ ਬੇਬੇ ਪੰਜਾਬੋ ਬੋਲ ਪਈ ਕਹਿੰਦੀ ” ਲਿਖੀਆਂ ਲੇਖ ਦੀਆਂ ਭੋਗ ਮਨਾਂ ਚਿੱਤ ਲਾ ਕੇ ।” ਹੁਣ ਬੇਬੇ ਪੰਜਾਬੋ ਨੂੰ ਕੌਣ ਦੱਸੇ ਕਿ ਲੇਖ ਉਪਰ ਵਾਲਾ ਨਹੀਂ, ਇਥੇ ਵਾਲਾ ਲਿਖਦਾ ਹੈ । ਜੇ ਇਥੇ ਵਾਲਾ ਦਰੁਸਤ ਹੋਵੇ ਫੇਰ ਕੋਈ ਦੁੱਖ ਤੇ ਭੁੱਖ ਨਾਲ ਕਿਉਂ ਮਰੇ । ਹੁਣ ਕਹਿੰਦੇ ਹਨ ਕਿ ਬੰਦੇ ਦੇ ਮਰਨ ਦਾ ਪਤਾ ਨਹੀਂ ਪਰ ਜੰਮਣ ਪਤਾ ਵਿਗਿਆਨੀਆਂ ਨੂੰ ਲੱਗ ਜਾਂਦਾ। ਹੁਣ ਕਿਹੜੇ ਦਿਨ ਤੇ ਕਿਹੜੇ ਸਮੇਂ ਜੁਆਕ ਜੰਮਣਾ ਹੈ । ਡਾਕਟਰ ਢਿੱਡ ਪਾੜ ਕੇ ਕੱਢ ਲੈਂਦੇ ਹਨ। ਜਿਵੇਂ ਕੱਛ ਵਿੱਚੋਂ ਮੂਗਲੀ ਕੱਢ ਦੇ ਹੁੰਦੇ ਸੀ । ਜਿੱਥੇ ਬੋਲਣਾ ਹੁੰਦਾ ਉਥੇ ਪੰਜਾਬੀ ਚੁੱਪ ਹਨ ਤੇ ਹਵਾ ਵਿੱਚ ਤਲਵਾਰਾਂ ਲਹਿਰਾਉਣ ਲਈ ਸੱਤਾ ਦੇ ਦਲਾਲ ਬਣ ਜਾਂਦੇ ਹਨ। ਕਹਿੰਦੇ ਸੀ ਬੰਦਾ ਪੜ੍ਹ ਲਿਖ ਕੇ ਸਿਆਣਾ ਹੋ ਜਾਂਦਾ ਹੈ ਪਰ ਸਾਡੇ ਤਾਂ ਬਹੁਗਿਣਤੀ ਪੜ੍ਹੇ-ਲਿਖੇ ਅੰਧ ਵਿਸ਼ਵਾਸੀ ਹਨ । ਬਹੁਗਿਣਤੀ ਉਹ ਸਾਧਾਂ ਦੇ ਡੇਰਿਆਂ ਤੇ ਜੋਤਸ਼ੀਆਂ ਕੋਲ ਜਾਂਦੇ ਹਨ । ਜਦੋਂ ਬੰਦੇ ਅਨਪੜ੍ਹ ਸੀ ਕਹਿੰਦੇ ਰੱਬ ਵੀ ਅਨਪੜ੍ਹ ਸੀ ਤੇ ਹੁਣ ਵਿਗਿਆਨਿਕ ਯੁੱਗ ਆ ਗਿਆ ਤੇ ਰੱਬ ਵੀ ਪੜ੍ਹ ਲਿਖ ਕੇ ਮਹਿਲ ਵਿੱਚ ਬਹਿ ਗਿਆ ਹੈ । ਜਦ ਕਦੇ ਵਿਆਹ ਹੁੰਦਾ ਸੀ ਤਾਂ ਨਾਨਕੇ ਨਾਨਕ ਛੱਕ ਬੰਨ੍ਹਦੇ ਸੀ । ਨਾਨਕੇ ਦਾਦਕੇ ਬਹਿ ਕੇ ਮਿਲਣੀਆਂ ਕਰਦੇ ਸੀ ਜਦ ਕਿਸੇ ਨੇੜੇ ਦੇ ਰਿਸ਼ਤੇਦਾਰ ਦੀ ਮਿਲਣੀ ਨਹੀਂ ਸੀ ਹੁੰਦੀ ਤੇ ਗੁਲਾਬੋ ਭੂਆ ਕਹਿੰਦੀ ਹੁੰਦੀ ਸੀ ! ” ਨੀ ਭਾਈ ਜਿਹਨੇ ਖੜ੍ਹਾ ਨਹੀਂ ਦੇਖਿਆ ਉਹਨੇ ਬੈਠਾ ਕੀ ਦੇਖਣਾ ਹੈ ?” ਮਿਲਣੀ ਦੇ ਪਿੱਛੇ ਵਿਆਹ ਵਿੱਚ ਕਲੇਸ਼ ਪੈ ਜਾਂਦਾ ਸੀ । ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕਿ ਮੈਰਿਜ ਪੈਲਸ ਸੱਭਿਆਚਾਰ ਨੇ ਰੀਤੀ ਰਿਵਾਜ ਤੇ ਭਾਈਚਾਰਕ ਸਾਂਝ ਖਤਮ ਕਰ ਦਿੱਤੀ । ਅੱਧ ਨੰਗੀਆਂ ਕੁੜੀਆਂ ਦੇ ਨਾਲ ਬਾਬੇ ਨੱਚਦੇ ਹਨ । ਫੇਰ ਕੌਣ ਆਖੇ ਰਾਣੀਏ ਅੱਗਾ ਢਕ ! ਵਿਆਹ ਨਹੀਂ ਸੌਂਦੇ ਹੁੰਦੇ ਹਨ ਵਿਦੇਸ਼ ਵਿੱਚ ਪਰਵਾਰ ਸੈੱਟ ਕਰਨ ਦੇ। ਪਰ ਹੁੰਦੇ ਨਹੀਂ। ਬਾਅਦ ਵਿੱਚ ਕੀ ਕੰਜਰਖਾਨਾ ਹੁੰਦਾ ਐ ਪਿੰਡਾਂ ਵਾਲੇ ਸਭ ਜਾਣਦੇ ਹਨ। ਗੱਲ ਤਾਂ ਚਰਖੇ ਦੇ ਕਰਦੇ ਸੀ ਆ ਵਿੱਚ ਹੋਰ ਹੀ ਕੁੱਝ ਆ ਵੜਿਆ ਹੈ । ਜਿਵੇਂ ਹੱਡਾ ਰੋੜੀ ਦਾ ਕੁੱਤਾ ਭਖੇ ਮੁਜਰੇ ਵਿੱਚ ਆ ਵੜਿਆ ਹੋਵੇ । ਭਲਾ ਇਸ ਤਰ੍ਹਾਂ ਕੌਣ ਵੜਦਾ ਹੈ ਜਦ ਦਰ ਤੇ ਮੂੰਹ ਖੁੱਲ੍ਹਾ ਰੱਖੋਗੇ ਤਾਂ ਕੁਸ਼ ਵੀ ਵੜ ਸਕਦਾ । ਹੁਣ ਤੇ ਮੁੰਡਾ ਤੇ ਕੁੜੀ ਵਿਆਹ ਕਰਵਾ ਘਰ ਇਹੋ ਵੜਦਾ ਹੈ ਜਿਵੇਂ ਉਲਪਿੰਕ ਤੋਂ ਕੋਈ ਤਗਮਾ ਜਿੱਤ ਆਇਆ ਹੋਵੇ । ਹੁਣ ਤਾਂ ਬਿਨਾਂ ਸਿੱਖਿਆ ਦੇ ਰਾਜ ਪਹਿਲੇ ਸਥਾਨ ਉਤੇ ਆ ਸਕਦਾ ਹੈ, ਇਹ ਕਿਵੇਂ ਆਉਂਦਾ ਹੈ ? ਇਸ ਦਾ ਨੁਸਖਾ ਕੈਪਟਨ ਅਮਰਿੰਦਰ ਸਿੰਘ ਤੇ ਵੈਦ ਕ੍ਰਿਸ਼ਨ ਕੁਮਾਰ ਤੋਂ ਪੁੱਛਿਆ ਜਾ ਸਕਦਾ ਹੈ । ਜਿਹਨਾਂ ਪੰਜਾਬ ਦੋ ਵਾਰ ਦੇਸ਼ ਵਿੱਚ ਪਹਿਲੇ ਨੰਬਰ ਉਤੇ ਕਰਵਾਇਆ ਸੀ। ਜਾਅਲੀ ਅੰਕੜਿਆਂ ਦੇ ਨਾਲ। ਜੇ ਪੰਜਾਬ ਐਨਾ ਹੀ ਸਿਖਿਆ ਦੇ ਖੇਤਰ ਵਿੱਚ ਸੂਝਵਾਨ ਹੁੰਦਾ ਫੇਰ ਅਫਸਰ ਪੰਜਾਬੀ ਲੱਗਦੇ। ਇਹ ਲੱਗਦੇ ਹਨ, ਡਰਾਈਵਰ ਤੇ ਚੌਂਕੀਦਾਰ। ਹੈਂ ਨਾ ਕਮਾਲ ਦੀ ਤਰੱਕੀ। ਲੱਖ ਲਾਹਨਤ ਉਹਨਾਂ ਸਿੱਖਿਆ ਵਿਭਾਗ ਦੇ ਅਫਸਰਾਂ ਤੇ ਅਧਿਆਪਕਾਂ ਨੂੰ ਜਿਹਨਾਂ ਇਹ ਜਾਅਲੀ ਅੰਕੜੇ ਬਣਾਏ ਸਨ। ਪੰਜਾਬ ਦਾ ਕੋਈ ਅਫਸਰ ਤੇ ਅਧਿਆਪਕ ਸੂਰਮਾ ਨਹੀਂ ਬਣਿਆ। ਉਂਝ ਕਹਿੰਦੇ ਹਨ ਕਿ ਅਸੀਂ ਸ਼ੇਰਾਂ ਦੀ ਕੌਮ ਆਂ। ਇਹੋ ਜਿਹੇ ਹੁੰਦੇ ਹਨ ਸ਼ੇਰ,? ਪਰ ਪੁੱਛੇ ਕੌਣ ? ਜੇ ਕੋਈ ਪੁੱਛ ਸਕਦਾ ਤਾਂ ਹੱਥ ਖੜ੍ਹਾ ਕਰੋ । ਸਭ ਸੁਸਰੀ ਵਾਂਗੂੰ ਸੁੱਤੇ ਹਨ । ਜਿਵੇਂ ਵਪਾਰੀ ਘੋੜੇ ਵੇਚ ਕੇ ਸੁੱਤੇ ਹੁੰਦੇ ਨੇ। ਤਾਇਆ ਬਿਸ਼ਨਾ ਕਹਿੰਦਾ ਹੁੰਦਾ ਸੀ ” ਭਾਈ ਸੁੱਤਿਆ ਨੂੰ ਜਗਾਉਣਾ ਸੌਖਾ ਹੁੰਦਾ ਪਰ ਜਾਗਦਿਆਂ ਨੂੰ ਜਗਾਉਣਾ ਮੁਸ਼ਕਿਲ ਹੈ । ਹੁਣ ਤਾਂ ਪਾਗਲ ਘੋੜਿਆਂ ਦੀ ਫੌਜ ਮਾਰੋ ਮਾਰ ਕਰਦੀ ਆ ਰਹੀ ਹੈ । ਚੌਕੀਦਾਰ ਹੋਕਾ ਦੇ ਰਿਹਾ ” ਜਾਗਦੇ ਰਹੋ,ਜਾਗਦੇ ਬਈ। “ਹੁਣ ਘਰ ਤਾਂ ਚੋਰਾਂ ਤੇ ਡਾਕੂਆਂ ਤੋਂ ਘਰ ਵਾਲਿਆਂ ਤੇ ਪਿੰਡ ਵਾਲਿਆਂ ਨੇ ਰਲ ਕੇ ਆਪ ਬਚਾਉਣਾ ਹੈ । ਚੌਕੀਦਾਰ ਵਿਚਾਰਾ ਕੀ ਕਰੇ ? ਹੁਣ ਚਰਖਾ ਹੀ ਨਹੀਂ ਬਹੁਤ ਕੁੱਝ ਟੁੱਟੇਗਾ। ਕੀ ਕੀ ਟੁੱਟੇਗਾ ਇਹ ਤਾਂ ਉਹੀ ਜਾਣਦਾ ਹੈ। ਜਿਹੜਾ ਆਪਣੇ ਹੀ ਘਰ ਵਾਲਿਆਂ ਵਿਰੁੱਧ ਫੌਜਾਂ ਚਾੜ੍ਹੀ ਆਉਦਾ ਹੈ । ਕਦੇ ਡਾ. ਹਰਿਭਜਨ ਨੇ ਲਿਖਿਆ ਸੀ ” ਇਹ ਫੌਜਾਂ ਕਿਸ ਦੇਸ਼ ਤੋਂ ਆਈਆਂ ?” ਉਦੋਂ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਹੋਇਆ ਸੀ । ਹੁਣ ਲੱਕੜ ਦਾ ਚਰਖਾ ਦੱਸੋ ਕੀ ਕਰੇ ? ਗਾਇਕ ਜਸਵਿੰਦਰ ਧਨਾਨਸੂ ਗਾਈ ਜਾ ਰਿਹਾ ਹੈ !
” ਚਰਖਾ ਰੋਂਦਾ ਹੈ ਤੇ ਰੋਂਦਾ ਜਾਰੋ ਜਾਰ !”
ਮੈਂ ਵੀ ਰੋਵਾਂ ਤੂੰ ਵੀ ਰੋ…!
##
ਬੁੱਧ ਸਿੰਘ ਨੀਲੋੰ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly