ਅੰਦਰਲੀ ਸੰਵੇਦਨਾ ਨੂੰ ਜਗਾਓ !
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਇਹਨਾਂ ਸਮਿਆਂ ਵਿੱਚ ਸੋਲ੍ਹਵੀਂ ਸਦੀ ਵਿੱਚ ਦਸਵੇਂ ਪਾਤਸ਼ਾਹ ਨੇ ਭਾਰਤ ਦੇ ਲੋਕਾਂ ਦੀ ਸੁੱਤੀ ਹੋਈ ਜ਼ਮੀਰ ਨੂੰ ਜਗਾਉਣ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉਹਨਾਂ ਨੇ ਦੱਬੇ ਕੁੱਚਲੇ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਦੇ ਹੱਥ ਵਿੱਚ ਜ਼ੁਲਮ ਦੇ ਖਿਲਾਫ ਖੜ੍ਹਨ ਲਈ ਤਿਆਰ ਕੀਤਾ ਸੀ। ਕਿਉਂਕਿ ਹਰ ਮਨੁੱਖ ਅੰਦਰ ਬਹੁਤ ਸ਼ਕਤੀ ਹੁੰਦੀ ਹੈ ਜਿਸ ਨੂੰ ਉਹ ਵਰਤਦਾ ਨਹੀਂ। ਉਹ ਪਸ਼ੂਆਂ ਵਰਗੀ ਜ਼ਿੰਦਗੀ ਜਿਉਂਣ ਦਾ ਆਦੀ ਹੋ ਜਾਂਦਾ ਹੈ।ਮਨੁੱਖ ਪਸ਼ੂਆਂ ਦੇ ਨਾਲੋਂ ਇਸ ਕਰਕੇ ਵੱਖਰਾ ਹੈ ਕਿ ਉਹ ਸੰਵੇਦਨਸ਼ੀਲ ਹੈ। ਉਹ ਸੋਚਦਾ ਹੈ, ਸਮਝਦਾ ਹੈ ਤੇ ਉਸਨੂੰ ਵਿਚਾਰ ਕੇ ਚੰਗੇ ਤੇ ਮਾੜੇ ਦਾ ਵਿਸਲੇਸ਼ਣ ਕਰਦਾ ਹੈ। ਜਦੋਂ ਮਨੁੱਖ ਧਰਤੀ ਤੇ ਪੈਦਾ ਹੋਇਆ ਉਹ ਵੱਖ ਵੱਖ ਯੁੱਗਾਂ ਦੇ ਵਿਚੋਂ ਲੰਘਦਾ ਹੋਇਆ ਅਜੋਕੇ ਸਮਿਆਂ ਦੇ ਤੱਕ ਪੁਜਾ ਹੈ। ਵੱਖ ਵੱਖ ਯੁੱਗਾਂ ਦੇ ਵਿੱਚ ਸਮਾਜ ਨੂੰ ਹੋਰ ਵਧੀਆ ਤੇ ਸਾਫ ਸੁਥਰਾ ਬਨਾਉਣ ਲਈ ਵੱਖ ਵੱਖ ਧਰਮਾਂ ਦੇ ਦਾਰਸ਼ਨਿਕ ਗੁਰੂ ਤੇ ਸੰਤ ਪੈਦਾ ਹੋਏ। ਇਹਨਾਂ ਵੱਖ ਵੱਖ ਧਰਮਾਂ ਦੇ ਦਾਰਸ਼ਨਿਕਾਂ ਦਾ ਸਮਾਜ ਨੂੰ ਸੁਧਾਰਨ ਦੇ ਤਰੀਕੇ ਵੱਖਰੇ ਸਨ ਪਰ ਉਹਨਾਂ ਦਾ ਮਕਸਦ ਇਕੋ ਹੀ ਸੀ। ਹਰ ਯੁੱਗ ਦੇ ਵਿੱਚ ਜੇ ਦਾਰਸ਼ਨਿਕ ਗੁਰੂ ਤੇ ਸੰਤ ਤੇ ਸਮਾਜ ਸੁਧਾਰਕ ਹੋਏ ਤਾਂ ਸਮਾਜ ਤੇ ਰਾਜ ਕਰਨ ਵਾਲੇ ਰਾਜੇ ਵੀ ਪੈਦਾ ਹੋਏ । ਜਿਹੜੇ ਸਮਾਜ ਨੂੰ ਆਪਣੇ ਹਿੱਤਾਂ ਦੀ ਪੂਰਤੀ ਕਰਵਾਉਣ ਦੇ ਲਈ ਲੋਕਾਈ ਦੇ ਉਪਰ ਕਰ ਤੇ ਜਜ਼ੀਆ ਲਾਉਦੇ ਸਨ। ਕਿਰਤ ਲੋਕ ਕਰਦੇ ਪਰ ਕਰ ਸਰਕਾਰ ਨੂੰ ਅਦਾ ਕਰਦੇ । ਇਸ ਕਰ ਦੇ ਵਿਰੁੱਧ ਸਮੇਂ ਸਮੇਂ ਬਗਾਵਤਾਂ ਵੀ ਹੁੰਦੀਆਂ ਰਹੀਆਂ ਤੇ ਅਵਾਮ ਦੇ ਉਪਰ ਹਕੂਮਤਾਂ ਜਬਰ ਜੁਲਮ ਵੀ ਕਰਦੀਆਂ ਰਹੀਆਂ। ਇਸ ਧਰਤੀ ਉਤੇ ਰਾਜੇ ਤੇ ਪਰਜੇ ਆਉਦੇ ਗਏ ਤੇ ਤੁਰਦੇ ਗਏ। ਅੱਜ ਸਾਡੇ ਸਮਾਜ ਦੇ ਵਿੱਚ ਦੋ ਤਰ੍ਹਾਂ ਦਾ ਇਤਿਹਾਸ ਮਿਲਦਾ ਹੈ ਤੇ ਇਸ ਤੋਂ ਬਿਨਾਂ ਬਾਹਰਲੇ ਇਤਿਹਾਸਕਾਰਾਂ ਦਾ ਜੋ ਇਤਿਹਾਸਹ ਮਿਲਦਾ ਉਹ ਪਹਿਲੇ ਦੋਹਾਂ ਤੋਂ ਵੱਖਰਾ ਵੀ ਹੈ ਤੇ ਕੁੱਝ ਹੱਦ ਤੱਕ ਅਵਾਮ ਦੇ ਇਤਿਹਾਸ ਦੇ ਨਾਲ ਮਿਲਦਾ ਵੀ ਹੈ। ਹਰ ਸਮੇਂ ਦੇ ਹਾਕਮਾਂ ਨੇ ਆਪਣੀ ਮਰਜ਼ੀ ਦਾ ਇਤਿਹਾਸ ਲਿਖਵਾਇਆ। ਕਾਨੂੰਨ ਬਣਾਏ ਤੇ ਉਹਨਾਂ ਨੂੰ ਸਖ਼ਤੀ ਦੇ ਨਾਲ ਲਾਗੂ ਕਰਨ ਦੇ ਲਈ ਫੌਜ ਰੱਖੀ। ਹਰ ਯੁੱਗ ਦੇ ਵਿੱਚ ਹਾਕਮਾਂ ਦਾ ਵਿਰੋਧ ਕਰਨ ਸੂਰਮੇ ਤੇ ਯੋਧੇ ਪੈਦਾ ਹੁੰਦੇ ਰਹੇ। ਉਹ ਸਮੇਂ ਦੇ ਹਾਕਮਾਂ ਦੇ ਵਿਰੁੱਧ ਅਵੱਗਿਆ ਵੀ ਕਰਦੇ ਰਹੇ। ਦਸਵੀਂ ਸਦੀ ਵੇਲੇ ਦੇਸ਼ ਵਿੱਚ ਚੱਲੀ ਭਗਤੀ ਲਹਿਰ ਨੇ ਉਨ੍ਹਾਂ ਸਮਿਆਂ ਦੇ ਹਾਕਮਾਂ ਨੂੰ ਹੀ ਨਹੀਂ ਸਗੋਂ ਧਰਮਾਂ ਦੇ ਪੁਜਾਰੀਆਂ ਨੂੰ ਵੀ ਵੰਗਾਰਿਆ। ਹਾਕਮਾਂ ਤੇ ਧਰਮਾਂ ਦੇ ਪੁਜਾਰੀਆਂ ਨੇ ਰਲ ਕੇ ਅਵਾਮ ਦੇ ਉਪਰ ਜਬਰ ਤੇ ਜ਼ੁਲਮ ਵੀ ਕੀਤੇ। ਜਦੋਂ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਨੇ ਚਾਰ ਉਦਾਸੀਆਂ ਕੀਤੀਆਂ ਤਾਂ ਦੁਨੀਆਂ ਦੇ ਕੋਨੇ ਕੋਨੇ ਉਤੇ ਉਠੀਆਂ ਬਗਾਵਤਾਂ ਦੇ ਉਸ ਇਤਿਹਾਸ ਨੂੰ ਸੰਭਾਲਿਆ ਤੇ ਪੰਜਵੇਂ ਗੁਰੂ ਅਰਜਨ ਜੀ ਨੇ ਇਸ ਨੂੰ ਸੰਪਾਦਿਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ। ਭਗਤਾਂ ਤੇ ਗੁਰੂ ਸਾਹਿਬਾਨਾਂ ਨੇ ਹਾਕਮਾਂ ਤੇ ਅਖੌਤੀ ਧਰਮ ਦੇ ਠੇਕੇਦਾਰਾਂ ਨੂੰ ਸ਼ਬਦ ਤੇ ਸੰਗੀਤ ਦੇ ਰਾਹੀ ਘੇਰਿਆ। ਤੇ ਵੰਗਾਰਿਆ। ਹਰ ਸਮੇਂ ਦਾ ਹਾਕਮ ਸ਼ਬਦ ਤੇ ਸੰਗੀਤ ਤੋਂ ਡਰਦਾ ਸੀ। ਮੁਗਲ ਹਕੂਮਤਾਂ ਵੇਲੇ ਤਾਂ ਸੰਗੀਤ ਉਤੇ ਪਾਬੰਦੀ ਸੀ ਪਰ ਗੁਰੂ ਸਾਹਿਬਾਨਾਂ ਨੇ ਹਾਕਮਾਂ ਦੀ ਈਨ ਨਹੀਂ ਮੰਨੀ ਸਗੋਂ ਬਗਾਵਤ ਦਾ ਝੰਡਾ ਚੁਕਿਆ ਹੀ ਨਹੀਂ ਸਗੋਂ ਉਸ ਨੂੰ ਸਦਾ ਝੂਲਦਾ ਰੱਖਣ ਲਈ ਕੁਰਬਾਨੀਆਂ ਵੀ ਦਿੱਤੀਆਂ। ਅਵਾਮ ਦੇ ਅੰਦਰ ਗਈ ਸੰਵੇਦਨਾ ਨੂੰ ਜਗਾਈ ਰੱਖਿਆ। ਕੁਰਬਾਨੀਆਂ ਵੀ ਹੋਈਆਂ ਤੇ ਜੰਗਾਂ ਵੀ ਹੋਈਆਂ। ਸੂਰਮੇ ਤੇ ਯੋਧਿਆਂ ਨੇ ਵੀ ਸਮੇਂ ਦੇ ਹਾਕਮਾਂ ਦੇ ਨਾਲ ਟੱਕਰ ਲਈ ਪਰ ਈਨ ਨਹੀਂ ਮੰਨੀ ਪਰ ਇਤਿਹਾਸਕਾਰਾਂ ਨੇ ਇਹਨਾਂ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਬਾਗ਼ੀ ਤੇ ਬਗਾਵਤੀ ਗਰਦਾਨਿਆਂ ਪਰ ਇਹਨਾਂ ਸੂਰਮਿਆਂ ਤੇ ਯੋਧਿਆਂ ਨੇ ਆਪਣੀ ਸੰਵੇਦਨਾ ਨਹੀਂ ਮਰਨ ਦਿੱਤੀ। ਇਤਿਹਾਸ ਦੇ ਵਿੱਚ ਇਹਨਾਂ ਸੂਰਮਿਆਂ ਦਾ ਬਹੁਤ ਵੱਡਾ ਇਤਿਹਾਸ ਹੈ ਤੇ ਇਹਨਾਂ ਦੀ ਸੂਚੀ ਬਹੁਤ ਵੱਡੀ ਹੈ। ਹੁਣ ਜਦੋਂ ਅਸੀਂ ਇੱਕਵੀਂ ਸਦੀ ਵਿੱਚ ਪੁਜ ਕੇ ਆਪਣੇ ਵਿਰਸੇ ਤੇ ਜੜ੍ਹਾਂ ਵੱਲ ਦੇਖਦੇ ਹਾਂ ਤਾਂ ਬਹੁਤ ਮਾਣ ਮਹਿਸੂਸ ਕਰਦੇ ਹਾਂ । ਹੁਣ ਵੀ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਸੰਵੇਦਨਸ਼ੀਲ ਬਨਾਉਣ ਦੇ ਲਈ ਕਾਲੇ ਕਾਨੂੰਨ ਬਣਾ ਕੇ ਜਬਰ ਤੇ ਜ਼ੁਲਮ ਕੀਤਾ ਜਾ ਰਿਹਾ ਹੈ। ਸਮਾਜ ਨੂੰ ਸਾਧਨਹੀਣ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਕਾਨੂੰਨ ਜਬਰੀ ਲਾਗੂ ਕੀਤੇ ਜਾ ਰਹੇ ਹਨ। ਸਮਾਂ ਤੇ ਹਾਕਮ ਬਦਲੇ ਹਨ ਪਰ ਜਬਰ ਜ਼ੁਲਮ ਦੇ ਢੰਗ ਨਹੀਂ ਬਦਲੇ ਸਗੋਂ ਪਹਿਲਾਂ ਨਾਲੋਂ ਵੀ ਕਾਨੂੰਨ ਸਖ਼ਤ ਕਰ ਦਿੱਤੇ ਹਨ। ਜੋ ਵੀ ਵਿਰੋਧ ਕਰਦਾ ਉਨ੍ਹਾਂ ਨੂੰ ਦੇਸ਼ਧ੍ਰੋਈ ਗਰਦਾਨ ਕੇ ਜਲੀਲ ਕੀਤਾ ਜਾਂਦਾ ਤੇ ਫੇਰ ਝੂਠੇ ਕੇਸ ਬਣਾ ਕੇ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ ਹੈ ਤੇ ਫੇਰ ਉਸਦਾ ਫਤਵਾ ਵੱਢ ਦਿੱਤਾ ਜਾਂਦਾ ਹੈ। ਹੁਣ ਤੇ ਮਨੁੱਖਤਾ ਨੂੰ ਮਾਰਨ ਲਈ ਉਸਦੀ ਸੰਵੇਦਨਾ ਮਾਰੀ ਜਾ ਰਹੀ ਹੈ। ਮਾਨਸਿਕ ਤੌਰ ‘ਤੇ ਖਤਮ ਕੀਤਾ ਜਾ ਰਿਹਾ ਹੈ । ਆਪੇ ਹੀ ਅੱਗਾਂ ਲਾ ਕੇ ਆਪਣੇ ਆਪ ਨਿਰਦੋਸ਼ ਆਖਿਆ ਜਾ ਰਿਹਾ ਹੈ। ਭਾਰਤ ਦੇ ਹਰ ਸੂਬੇ ਨਵੇਂ ਤਜਰਬੇ ਹੋ ਰਹੇ ਹਨ । ਪੰਜਾਬ ਦੇ ਵਿੱਚ ਜਾਤ ਪਾਤ ਤੇ ਧਰਮ ਦਾ ਹੁਣੇ ਹੀ ਬਿਜਲੀ ਦਾ ਟੀਕਾ ਲਾ ਕੇ ਚੈਕ ਕੀਤਾ ਹੈ। ਇਸਦੇ ਨਤੀਜੇ ਭਵਿੱਖ ਦੇ ਗਰਭ ਵਿੱਚ ਹਨ। ਪੰਜਾਬੀਆਂ ਦੀ ਮਾਨਸਿਕਤਾ ਨੂੰ ਖਤਮ ਕਰਨ ਮੁਫਤ ਦੀ ਚਾਟ ਉਤੇ ਲਗਾਇਆ ਹੋਇਆ ਹੈ। ਪੰਜਾਬ ਦੇ ਲੋਕਾਂ ਨੂੰ ਫੇਰ ਜਾਤਪਾਤ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ । ਸਿੱਖ ਧਰਮ ਦੀ ਵਿਚਾਰਧਾਰਾ ਨੂੰ ਤਬਾਹ ਕਰਨ ਲਈ ਸਿੱਖਾਂ ਨੂੰ ਸਨਾਤਨੀ ਧਰਮ ਪ੍ਰਚਾਰਕਾਂ ਵਾਂਗੂੰ ਪ੍ਰਚਾਰ ਕਰਨ ਦੀ ਸਿਖਿਆ ਦਿੱਤੀ ਜਾਂਦੀ ਹੈ। ਸਿੱਖੀ ਦੇ ਭੇਸ ਤੇ ਭੇਖ ਦੇ ਵਿੱਚ ਇਹ ਸੰਘੀ ਹਨ ਤੇ ਸਿੱਖੀ ਦਾ ਗਲਾ ਘੁੱਟ ਰਹੇ ਹਨ। ਜਿਹੜੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਭਰਨ ਦੀਆਂ ਗੱਲਾਂ ਕਰਦੇ ਸੀ ਉਹੀ ਲੁੱਟਣ ਲੱਗੇ ਹੋਏ ਹਨ। ਨਹੀਂ ਪਤਾ ਲੱਗਾ ਉਹਨਾਂ ਦੇ ਦਾਅਵੇ ਕਿਧਰ ਗਏ ਹਨ? ਸੋ ਪੰਜਾਬੀ ਓ ਬਚੋ, ਇਹਨਾਂ ਭੇਖਧਾਰੀਆਂ ਤੋਂ। ਇਹਨਾਂ ਦੀ ਬੁੱਕਲ ਵਿੱਚ ਡੰਗ ਹੈ, ਇਹ ਦੋਮੂੰਹੇ ਸੱਪ ਹਨ। ਸੱਪ ਕਿਸੇ ਦੇ ਮਿੱਤ ਨਹੀਂ ਹੁੰਦੇ । ਜਾਗੋ ਹੁਣ ਬਹੁਤ ਗੂੜ੍ਹਾ ਹਨੇਰਾ ਹੋ ਰਿਹਾ ਹੈ। ਆਪਣੇ ਖੋਲ਼ ਵਿੱਚੋਂ ਬਾਹਰ ਆਵੋ । ਹੁਣ ਵੀ ਜੇ ਨਾ ਘੁਰਨਿਆਂ ਦੇ ਵਿਚੋਂ ਨਿਕਲੇ ਤੇ ਸਮਝੋ ਤੁਸੀਂ ਕੀ ਹੋ? ਤੁਸੀਂ ਆਪੋ ਆਪਣੇ ਗਿਰੇਵਾਨ ਵਿੱਚ ਝਾਤੀ ਮਾਰੋ, ਕਿਉਂਕਿ ਤੁਹਾਡੇ ਅੰਦਰੋਂ ਮਾਰੀ ਜਾ ਰਹੀ ਸੰਵੇਦਨਾ ਨੂੰ ਖਤਮ ਕਰਨ ਵਾਲੇ ਭੇਖਧਾਰੀ ਭੇਸਧਾਰੀ ਦੁਸ਼ਮਣ ਨੂੰ ਪਛਾਣੋ । ਬਹੁਤ ਹੋ ਗਏ ਵੇਬੀਨਾਰ ਤੇ ਸੈਮੀਨਾਰ ਕੀ ਖੱਟਿਆ ਹੈ ? ਸ਼ਬਦ ਜੁਗਾਲੀ ਕਰਕੇ ? ਆਪਣੀ ਮਰ ਰਹੀ ਮਾਰੀ ਜਾ ਰਹੀ ਸੰਵੇਦਨਾ ਦੇ ਕਾਤਲ ਪਛਾਣੋ। ਚਿਹਰਿਆਂ ਉਤੋਂ ਧਰਮ ਦਾ ਮਖੌਟੇ/ ਨਕਾਬ ਉਤਾਰੋ ਆਪਣੇ ਅੰਦਰ ਛੁਪੀ ਸ਼ਕਤੀ ਨੂੰ ਜਗਾਓ, ਹੁਣ ਜਾਗਣ ਦਾ ਵੇਲਾ ਆ ਗਿਆ ਹੈ।
—-
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly