ਬੜਾ ਮੁਸ਼ਕਿਲ ਹੈ ਬੁੱਕਲ ਦੇ ਸੱਪਾਂ ਤੋਂ ਬਚਣਾ!
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਜ਼ਿੰਦਗੀ ਦੇ ਵਿੱਚ ਜਦੋ ਮਸਲਾ ਕੌਮ ਤੇ ਪੰਥ ਦਾ ਹੋਵੇ ਤਾਂ ਕੋਈ ਵੀ ਇਨਸਾਨ ਬੁੱਕਲ ਦੇ ਸੱਪਾਂ ਦੇ ਡੰਗ ਤੋਂ ਨਹੀਂ ਬਚਿਆ। ਜਿਹੜੇ ਬਚੇ ਹਨ, ਉਹਨਾਂ ਦੀ ਜ਼ਿੰਦਗੀ ਕੋਹਲੂ ਦੇ ਬਲਦ ਤੋਂ ਵੱਧ ਕੁਝ ਨਹੀਂ। ਉਹ ਤਾਂ ਸਦਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਉਂਗਲ ਹੀ ਘੁਮਾਉਂਦੇ ਰਹਿੰਦੇ ਹਨ। ਉਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ, ਬੇਗਾਨੇ ਚੁੱਲ੍ਹੇ ਉਤੇ ਰੋਟੀਆਂ ਸੇਕਣੀਆਂ ਤੇ ਲੋਕਾਂ ਦੀਆਂ ਹੱਥਾਂ ਦੀਆਂ ਲਕੀਰਾਂ ਮੇਟਣੀਆਂ। ਇਹ ਉਹੀ ਹੁੰਦੇ ਹਨ ਜਿਹਨਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ । ਇਹਨਾਂ ਨੇ ਤਾਂ ਸ਼ਰਮ ਵੀ ਲਾਹ ਕੇ ਖੀਸੇ ਵਿੱਚ ਪਾਈ ਹੁੰਦੀ ਹੈ।ਉਹ ਸਦਾ ਨਾ ਸਿਰਫ ਆਪਣਾ ਉਲੂ ਸਿੱਧਾ ਕਰਦੇ ਹਨ ਬਲਕਿ ਉਹ ਦੂਜਿਆਂ ਨੂੰ ਆਪਣੇ ਤੋਂ ਛੋਟਾ ਉੱਲੂ ਹੀ ਸਮਝਦੇ ਹਨ। ਉਹ ਤਾਂ ਅਮਰੀਕਾ ਦੀ ਕਹਾਵਤ ਮੰਨਣ ਵਾਲੇ ਹੁੰਦੇ ਹਨ ” ਵਰਤੋ ਤੇ ਸੁੱਟੋ। ” ਮੌਕਾ ਲੱਗੇ ਤਾਂ ਕੁੱਟੋ, ਜੜ੍ਹਾਂ ਪੁੱਟੋ। ਪਿੱਠ ਉਤੇ ਛੁਰਾ ਮਾਰਨਾ ਮਨੁੱਖ ਦੀ ਫਿਤਰਤ ਹੈ ਪਰ ਸਭ ਮਨੁੱਖ ਇੱਕੋ ਜਿਹੇ ਨਹੀਂ ਹੁੰਦੇ। ਕੁੱਝ ਲੋਕ ਪੂਰੇ ਸਮਾਜ ਜਾਂ ਮਨੁੱਖਤਾ ਨੂੰ ਬਦਨਾਮ ਕਰ ਦੇਦੇ ਹਨ। ਜ਼ਿੰਦਗੀ ਦੇ ਵਿਚ ਜਦੋਂ ਵੀ ਕੋਈ ਅਰਸ਼ ਤੋਂ ਫ਼ਰਸ਼ ‘ਤੇ ਡਿੱਗਦਾ ਹੈ ਤਾਂ ਉਸ ਦਾ ਆਪਣਾ ਏਨਾਂ ਕਸੂਰ ਨਹੀਂ ਹੁੰਦਾ, ਜਿੰਨਾਂ ਦੇ ਉਹਨਾਂ ਸਲਾਹਕਾਰਾਂ ਦਾ ਹੁੰਦਾ ਹੈ, ਜਿਹੜੇ ‘ਸੱਚ’ ਨੂੰ ਝੂਠ ਤੇ ‘ਝੂਠ’ ਨੂੰ ਸੱਚ ਬਣਾ ਕੇ ਦੱਸਦੇ ਰਹਿੰਦੇ ਹਨ। ਅਸੀਂ ਅਕਸਰ ਹੀ ਆਪਣੇ ਦੁਸ਼ਮਣ ਦੀਆਂ ਚਾਲਾਂ ‘ਤੇ ਨਜ਼ਰ ਰੱਖਦੇ ਹਾਂ ਕਿ ਉਹ ਕੀ ਕਰਦਾ ਹੈ? ਅਸੀਂ ਉਸ ਦੇ ਖਿਲਾਫ਼ ਕੀ ਕਰਨਾ ਹੈ, ਇਸ ਦੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਾਂ ਪਰ ਸਾਨੂੰ ਉਸ ਵੇਲੇ ਹੀ ਪਤਾ ਲੱਗਦਾ ਜਦੋਂ ‘ ਧੋਬੀ ਪਲਟਾ ‘ਮਾਰ ਕੇ ਬੁੱਕਲ ਦੇ ਸੱਪ ਲਾਂਭੇ ਹੁੰਦੇ ਹਨ। ਅਸੀਂ ਬਾਅਦ ‘ਚ ‘ਹੱਥ ਮਲਦੇ’ ਹੀ ਰਹਿ ਜਾਂਦੇ ਹਾਂ। ਇਸ ਤਰ੍ਹਾਂ ਦਾ ਸਿਲਸਿਲਾ ਘਰ, ਪਰਿਵਾਰ, ਪਿੰਡ, ਰਾਜ ਤੇ ਦੇਸ਼ ਤੱਕ ਚੱਲਦਾ ਹੈ। ਦੇਸ਼ ਦਾ ਖੁਫੀਆ ਤੰਤਰ ਉਹ ਬੁੱਕਲ ਦੇ ਸੱਪ ਹੀ ਤਾਂ ਹਨ, ਜਿਹੜੇ ‘ਅੰਨ-ਪਾਣੀ’ ਮਾਲਕ ਦਾ ਛੱਕਦੇ ਹਨ ਪਰ ਖ਼ਬਰਾਂ ਹੋਰਾਂ ਨੂੰ ਦੇਂਦੇ ਹਨ। ਤੁਸੀਂ ਸੱਪ ਨੂੰ ਜਿੰਨਾਂ ਮਰਜ਼ੀ ਦੁੱਧ ਪਿਆ ਲਵੋ ਪਰ ਉਸ ਨੇ ਇੱਕ ਨਾ ਇੱਕ ਦਿਨ ਤੁਹਾਨੂੰ ਹੀ ਡੱਸਣਾ ਹੁੰਦਾ ਹੈ। ਇਤਿਹਾਸ ਦੇ ਵਿਚ ਇਹਨਾਂ ਬੁੱਕਲ ਦੇ ਸੱਪਾਂ ਦੀ ਲੰਮੀ ਲਿਸਟ ਹੈ। ਜਿਹਨਾਂ ਨੇ ਅਜਿਹੇ ਡੰਗ ਮਾਰੇ ਕਿ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ। ਪਰ ਬੁੱਕਲ ਦੇ ਸੱਪਾਂ ਦਾ ਕਦੇ ਵੀ ਪਤਾ ਨਹੀਂ ਲੱਗਦਾ ਕਿ ਇਹ ਕਿਹੜੇ ਬਣ ਜਾਂਦੇ ਹਨ ? ਤਾਂ ਹੀ ਕਿਹਾ ਜਾਂਦਾ ਹੈ ਕਿ ‘ਘਰ ਦਾ ਭੇਤੀ ਲੰਕਾ ਢਾਹੇ’। ਇਸ ਸਮੇਂ ਸਮਾਜ, ਧਰਮ ਤੇ ਰਾਜਨੀਤੀ ਦੇ ਵਿਚ ਜਿਹੜਾ ਖਲਾਰਾ ਪਿਆ ਹੋਇਆ ਹੈ, ਇਹ ਉਹਨਾਂ ‘ਬੁੱਕਲ ਦੇ ਸੱਪਾਂ’ ਦੀ ਮਿਹਰਬਾਨੀ ਹੈ, ਜਿਹੜੇ ਆਪਣੀ ਕਾਰਵਾਈ ਚੁੱਪ ਚੁਪੀਤੇ ਕਰਕੇ ਤਿੱਤਰ ਹੋ ਜਾਂਦੇ ਹਨ। ਸਿੱਖ ਇਤਿਹਾਸ ਦੇ ਅਜਿਹੇ ਸੱਪਾਂ ਦੀ ਗਿਣਤੀ ਬਹੁਤ ਹੈ ਪਰ ਅਸੀਂ ਨਾ ਤਾਂ ਇਤਿਹਾਸ ਪੜ੍ਹਦੇ ਹਾਂ ਤੇ ਨਾ ਹੀ ਸਾਹਿਤ ਪੜ੍ਹਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਿਰਫ਼ ਤੇ ਸਿਰਫ਼ ਮੱਥਾ ਟੇਕਦੇ ਹਾਂ। ਉਸ ਦੇ ਸ਼ਬਦਾਂ ਨੂੰ ਨਹੀਂ ਪੜ੍ਹਦੇ, ਇਸੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਜੀਵਨ ਦਾ ਅਸਲੀ ਸੱਚ ਕੀ ਹੈ ਤੇ ਅਸੀਂ ਤੀ ਕਰੀ ਜਾ ਰਹੇ ਹਾਂ? ‘ਚੰਦੂ ਤੇ ਗੰਗੂ’ ਅਜਿਹੇ ਬੁੱਕਲ ਦੇ ਸੱਪ ਹਨ, ਜਿਹਨਾਂ ਦੇ ਵਿੱਚੋਂ ਇੱਕ ਨੇ ਪੰਜਵੇਂ ਪਾਤਸ਼ਾਹ ਨੂੰ ‘ਤੱਤੀ ਤਵੀ’ ਤੇ ਦੂਜੇ ਨੇ ਛੋਟੇ ਸਾਹਿਬਜਾਦਿਆਂ ਨੂੰ ਨੀਂਹਾਂ ਦੇ ਵਿਚ ਚਿਣਵਾਇਆ। ਇਸੇ ਹੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਧਰਤੀ ‘ਤੇ ਮੁਗਲਾਂ ਦਾ ਕੈਦੀ ਬਣਾਉਣ ਦੇ ਵਿਚ ਜਿਹੜੀ ਭੂਮਿਕਾ ਬਾਬਾ ਵਿਨੋਦ ਸਿੰਘ ਤੇ ਬਾਬਾ ਕਾਹਨ ਸਿੰਘ ਨੇ ਨਿਭਾਈ ਇਸ ਤੋਂ ਕੌਮ ਜਾਣੂ ਹੈ। ਇਸੇ ਹੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਭੂਮਿਕਾ ਡੋਗਰਿਆਂ ਨੇ ਨਿਭਾਈ ਜਿਸ ਦੇ ਵਿਚ ਕਈ ਸਿੱਖ ਰਾਜੇ ਵੀ ਸ਼ਾਮਿਲ ਸਨ। ਇਹੋ ਹੀ ਹਾਲ ਅੰਗਰੇਜ਼ ਹਕੂਮਤ ਦੇ ਖਿਲਾਫ਼ ਪਹਿਲੇ ਵਿਦਰੋਹ ਵੇਲੇ ਹੋਂਇਆ ਸੀ, ਜਦੋਂ ਘਰ ਦੇ ਭੇਤੀਆਂ ਨੇ ਇਸ ਵਿਦਰੋਹ ਦੀ ਕਹਾਣੀ ਅੰਗਰੇਜ਼ਾਂ ਨੂੰ ਜਾ ਦੱਸੀ ਸੀ, ਉਸ ਵੇਲੇ ਸਾਰੀ ਸਕੀਮ ਧਰੀ ਦੀ ਧਰਾਈ ਰਹਿ ਰਹਿ ਗਈ ਸੀ। ਗਦਰ ਲਹਿਰ ਤੇ ਭਾਰਤ ਨੌਜਵਾਨ ਸਭਾ ਦੇ ਆਗੂਆਂ ਨੂੰ ਫੜਾਉਣ ਦੇ ਲਈ ਕਦੇ ਸਫੈਦਪੋਸ਼ਾਂ ਤੇ ਕਦੇ ਆਪਣਿਆਂ ਨੇ ਭੇਤ ਦੱਸ ਕੇ ਕਈ ਜੁਝਾਰੂ ਸ਼ਹੀਦ ਕਰਵਾਏ। 1857 ਦਾ ਵਿਦਰੋਹ ਇਹਨਾਂ ਘਰ ਦੇ ਭੇਤੀਆਂ ਦੇ ਕਾਰਨ ਪੂਰਾ 100 ਸਾਲ ਪਿੱਛੇ ਪਿਆ। ਹੁਣ ਦੀ ਤਾਜਾ ਖੋਜ ਇਹ ਦੱਸਦੀ ਹੈ ਕਿ ਚੰਦਰ ਸ਼ੇਖਰ ਆਜ਼ਾਦ ਆਖ਼ਿਰੀ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲ ਕੇ ਗਿਆ ਸੀ, ਜਦੋਂ ਉਸ ਨੂੰ ਅੰਗਰੇਜ਼ ਸਿਪਾਹੀਆਂ ਨੇ ਬਾਗ਼ ਦੇ ਵਿਚ ਘੇਰਾ ਪਾਇਆ ਸੀ। ਇਤਿਹਾਸ ਗਵਾਹ ਹੈ ਚੰਦਰ ਸ਼ੇਖਰ ਉਸ ਵੇਲੇ ਭਗਤ ਸਿੰਘ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲਿਆ ਸੀ, ਜਿਸ ਨੇ ਭਗਤ ਸਿੰਘ ਨੂੰ ਰਿਹਾ ਕਰਵਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਸਿਆਸਤ ਦੇ ਵਿਚ ਬੁੱਕਲ ਦੇ ਸੱਪਾਂ ਨੇ ਕਿਸ ਕਿਸ ਨੂੰ ਡੰਗਿਆ ਹੈ? ਇਸ ਦੀ ਲੰਮੀ ਕਥਾ ਹੈ। ਬਾਦਲਾਂ ਦੇ ਰਾਜ ਵੇਲੇ ਕੁੱਝ ਅਕਾਲੀ ਐਮ. ਐਲਏਜ਼ ਨੇ ਕਾਂਗਰਸ ਦੇ ਨਾਲ ਰਲ ਕੇ ਸਰਕਾਰ ਬਣਾਉਣ ਦੀ ਸਕੀਮ ਘੜੀ ਤਾਂ ਕਾਂਗਰਸ ਦੇ ਹੀ ਇੱਕ ਭੇਤੀ ਨੇ ਇਸ ਦੀ ਖ਼ਬਰ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਪੁੱਜਦੀ ਕਰ ਦਿੱਤੀ, ਜਿਸ ਦਾ ਖਮਿਆਜਾ ਕੈਪਟਨ ਕੰਵਲਜੀਤ ਸਿੰਘ ਨੂੰ ਭੁਗਤਣਾ ਪਿਆ ਸੀ। ਬਰਗਾੜੀ ਦੇ ਲੱਗੇ ਇਨਸਾਫ਼ ਮੋਰਚੇ ਨੂੰ ਕਿਸੇ ਤਣ ਪੱਤਣ ਲੱਗਣ ਦੇ ਲਈ ਜਦੋਂ ਵੀ ਕੋਈ ਰਾਇ ਬਣਦੀ ਹੈ ਤਾਂ ਬੁਕਲ ਦੇ ਸੱਪ ਆਪਣੀ ਕਾਰਵਾਈ ਪਾ ਕੇ ਇਸ ਮਸਲੇ ਨੂੰ ਉਲਟਾਅ ਦੇਂਦੇ ਹਨ । ਆਖਿਰ ਬਗੈਰ ਇਨਸਾਫ ਦੇ ਮੋਰਚਾ ਖੁਰਦ ਬੁਰਦ ਹੋ ਰਿਹਾ ਹੈ ਇਨ੍ਹਾਂ ਨੇ ਕੀ ਖੱਟਿਆ ਤੇ ਕੀ ਗਵਾਇਆ ਇਸ ਦਾ ਹਿਸਾਬ ਕੌਣ ਦੇਵੇਗਾ? ਕੌਣ ਸੀ ਇਹਨਾਂ ਚ ਬੁੱਕਲ ਦੇ ਸੱਪ ? ਇਸੇ ਕਰਕੇ ਸਿਆਣੇ ਆਖਦੇ ਹਨ ਕਿ ਘਰ ਦੇ ਭੇਤੀਆਂ ‘ਤੇ ਨਜ਼ਰ ਰੱਖੋ। ਪਰ ਇਹ ਭੇਤੀ ਹਰ ਥਾਂ ਮੌਜੂਦ ਹੁੰਦੇ ਹਨ। ਜਿਹੜੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ। ਮਾਮਲਾ ਸਮਾਜ, ਧਰਮ ਤੇ ਸਿਆਸਤ ਦਾ ਹੋਵੇ ਜਾਂ ਕਿਸੇ ਘਰ ਦਾ ਹੋਵੇ, ਬੁੱਕਲ ਦੇ ਸੱਪਾਂ ਤੋਂ ਬਚਣਾ ਬਹੁਤ ਹੀ ਔਖਾ ਹੁੰਦਾ ਹੈ। ਪਰ ਇਹ ਮੂੰਹ ਦੇ ਮਿੱਠੇ ਤੇ ਕੁੱਤੇ ਵਾਂਗ ਪੂਛ ਮਾਰਦੇ ਰਹਿੰਦੇ ਹਨ। ਇਹਨਾਂ ਦੋਮੂੰਹਿਆਂ ਤੋਂ ਬਚਣ ਦੀ ਲੋੜ ਹੈ, ਹੁਣ ਸਿੱਖ ਕੌਮ ਬੁੱਕਲ ਦੇ ਸੱਪਾਂ ਦੇ ਕਬਜ਼ੇ ਵਿਚ ਹੈ, ਜਿਹੜੇ ਖਾਂਦੇ ਤਾਂ ਗੁਰੂ ਘਰ ‘ਚੋਂ ਹਨ ਪਰ ਕੰਮ ਹੋਰਾਂ ਲਈ ਕਰਦੇ ਹਨ। ਆਓ! ਇਹਨਾਂ ਬੁੱਕਲ ਦੇ ਸੱਪਾਂ ਦੀ ਪਹਿਚਾਣ ਕਰੀਏ। ਪੰਥ ਦੀ ਹਿੱਕ ਉਤੇ ਹੋਏ ਜ਼ਖਮ ਨੂੰ ਛੱਤੀ ਵਰ੍ਹੇ ਬੀਤ ਗਏ ਹਨ। ਗੱਲ ਉਥੇ ਹੀ ਐ ਜਿਥੋਂ ਸ਼ੁਰੂ ਹੋਈ ਸੀ। ਖੱਟਿਆ ਕੁੱਝ ਨਹੀਂ। ਸਗੋਂ ਗਵਾਇਆ ਹੀ ਹੈ। ਹੋਰ ਕਿੰਨਾ ਗਵਾਉਣਾ ਹੈ ? ਕੋਈ ਹਿਸਾਬ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ, ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ, ਨਸ਼ਿਆਂ ਵੱਲ ਤੋਰਨ, ਕਾਤਲ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇਣੀਆਂ, ਸੌਦਾ ਸਾਧ ਨੂੰ ਮੁਆਫੀ ਦੇਣੀ, ਗੁਰੂ ਦੀ ਗੋਲਕ ਨੂੰ ਲੁੱਟਣਾ, ਕੋਟਕਪੂਰਾ, ਬਹਿਬਲਕਲਾਂ ਤੇ ਬਰਗਾੜੀ ਵਿੱਚ ਸਿੱਖ ਸੰਗਤਾਂ ਉੱਤੇ ਗੋਲੀਆਂ ਚਲਾਉਣੀਆਂ, ਦੋ ਸਿੰਘਾਂ ਨੂੰ ਸ਼ਹੀਦ ਕਰਨਾ, ਹਜ਼ਾਰਾਂ ਨੂੰ ਜ਼ਖ਼ਮੀ ਕਰਨਾ ਆਦਿ ਗੁਨਾਹਾਂ ਨੂੰ ਮੰਨਣ ਵਾਲਿਆਂ ਨੂੰ ਮੁਆਫੀ ਦੇਣ ਲਈ ਪੰਜ ਦਿਨ ਭਾਂਡੇ ਮਾਂਜਣੇ, ਝਾੜੂ ਪੋਚਾ ਲਾਉਣਾ, ਪਾਠ ਕਰਨਾ ਤੇ ਕੀਰਤਨ ਸੁਨਣਾ ਜਿਹੀ ਸਜ਼ਾ ਸੁਣਾਈ ਗਈ ਹੈ ਅਤੇ ਇਸਨੂੰ ਸ਼੍ਰੀ ਆਕਾਲ ਤਖ਼ਤ ਸਾਹਿਬ ਨੇ ਸੇਵਾ ਕਰਨੀ ਕਿਹਾ ਹੈ। ਦੂਜੇ ਪਾਸੇ ਜਦੋਂ ਅਤੀਤ ਵਿੱਚ ਜੱਥੇਦਾਰਾਂ ਨੇ ਲੱਖਾਂ ਰੁਪਏ ਲੈ ਕੇ ਇੱਕ ਬਲਾਤਕਾਰੀ ਨੂੰ ਮੁਆਫ਼ੀ ਦਿੱਤੀ ਸੀ, ਤਾਂ ਉਸ ਸਾਧ ਨੂੰ ਮਾਣਯੋਗ ਅਦਾਲਤ ਨੇ ਸਜ਼ਾ ਸੁਣਾਈ ਸੀ। ਐਨੇ ਗੁਨਾਹ ਕਰਨ ਵਾਲਿਆਂ ਨੂੰ ਮੁਆਫੀ ਦੇਣੀ ਤੇ ਸਜ਼ਾ ਨੂੰ ਸੇਵਾ ਬਣਾ ਦੇਣਾ ,ਇਹ ਸਿੱਖ ਸਿਧਾਂਤ ਤੇ ਗੁਰੂ ਨਾਨਕ ਜੀ ਦੇ ਦਰਬਾਰ ਨਾਲ ਬੇਇਨਸਾਫ਼ੀ ਹੈ। ਹੁਣ ਤਾਂ ਚੋਰ, ਕੁੱਤੀ ਤੇ ਸਰਕਾਰ ਸਭ ਰਲ਼ੇ ਹੋਏ ਹਨ। ਹੁਣ ਕੌਣ ਪਛਾਣ ਕਰੇਗਾ ਬੁੱਕਲ ਦੇ ਸੱਪਾਂ ਦੀ। ਕੁਦਰਤ ਦਾ ਨਿਯਮ ਹੈ, ਅੱਤ ਖ਼ੁਦ ਦਾ ਵੈਰੀ ਹੁੰਦਾ ਹੈ, ਪਾਪ ਦਾ ਘੜਾ ਭਰ ਕੇ ਡੁੱਬਦਾ ਹੈ।ਹੁਣ ਬੁੱਕਲ ਦੇ ਸੱਪ ਪਛਾਣੇ ਜਾ ਰਹੇ ਹਨ ਪਰ ਬਚੋ ਬੁੱਕਲ ਦੇ ਸੱਪਾਂ ਤੋਂ ! ਹੁਣ ਪੰਜਾਬ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਬਚਾਉਣ ਲਈ ਕੁੱਝ ਕਰਨਾ ਪਵੇਗਾ।
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly