ਬੁੱਧ ਬਾਣ

ਬਾਦਲ ਪਰਵਾਰ ਅਰਸ਼ ਤੋਂ ਫ਼ਰਸ਼ ਤੇ!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਸਿੱਖ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖ ਕੌਮ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਵਲੋਂ ਬੱਜਰ ਗੁਨਾਹਾਂ ਕਾਰਨ ਤਨਖਾਹੀਆ ਕਰਾਰ ਦਿੱਤਾ ਹੈ। ਸੁਖਬੀਰ ਬਾਦਲ ਸਿਆਸੀ ਤੇ ਇਖਲਾਕੀ ਤੌਰ ਉੱਤੇ ਖਤਮ ਹੋ ਗਿਆ ਹੈ। ਉਸਦਾ ਹੁਣ ਪੰਜਾਬ ਦੀ ਸਿਆਸਤ ਵਿੱਚ ਉਭਰਨਾ ਨਾਮੁਮਕਿਨ ਹੈ। ਕਿਉਂਕਿ ਉਨ੍ਹਾਂ ਨੇ ਇਕ ਦਿਨ ਇਹ ਆਖਿਆ ਸੀ ਕਿ ਜਿਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਾਰਵਾਈ ਹੈ, ਉਹਨਾਂ ਦਾ ਕੱਖ਼ ਨਾ ਰਹੇ। ਗੁਰੂ ਦਾ ਭਾਣਾ ਵਰਤ ਗਿਆ ਹੈ, ਇਸ ਸਮੇਂ ਬਾਦਲ ਕੰਪਨੀ ਅਰਸ਼ ਤੋਂ ਫਰਸ਼ ਉੱਤੇ ਆ ਗਈ ਹੈ। ਉਹਨਾਂ ਦੀ ਹਾਲਤ ਬੇਸ਼ਰਮ ਦੀ ਮਾਂ ਸੰਦੂਕ ਵਿੱਚ ਮੂੰਹ। ਬਾਦਲ ਕੰਪਨੀ ਦੇ ਸਲਾਹਕਾਰ ਵੀ ਇੱਕ ਦਿਨ ਨੰਗੇ ਹੋਣਗੇ। ਜਿਸ ਬਾਦਲ ਕੰਪਨੀ ਨੇ ਪੰਜਾਬ, ਸਿੱਖ ਕੌਮ, ਸਿੱਖ ਪੰਥ, ਸ਼੍ਰੀ ਆਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਹਿੱਤਾਂ ਲਈ ਵਰਤਿਆ ਉਸਦਾ ਨੰਗੇਜ਼ ਕਟਹਿਰੇ ਵਿੱਚ ਸਾਹਮਣੇ ਆਇਆ ਹੈ। ਸਿਆਣੇ ਆਖਦੇ ਹਨ ਕਿ ਪਾਪਾਂ ਦਾ ਘੜਾ ਭਰ ਕੇ ਡੁੱਬਦਾ ਹੈ। ਅੱਜ ਇਹ ਪਾਪਾਂ ਦਾ ਘੜਾ ਡੁੱਬ ਗਿਆ ਹੈ। ਸੁਖਬੀਰ ਬਾਦਲ ਦੀ ਹਾਲਤ ਰੱਸੀ ਜਲ਼ ਗਈ ਪਰ ਵੱਟ ਨ੍ਹੀ ਗਿਆ। ਹੰਕਾਰਿਆ ਸੋ ਮਾਰਿਆ। ਜਿਸ ਨੇ ਸ਼੍ਰੀ ਆਕਾਲ ਤਖ਼ਤ ਸਾਹਿਬ ਨਾ ਮੱਥਾ ਲਾਇਆ, ਉਸ ਦਾ ਹਸ਼ਰ ਮਾੜਾ ਹੋਇਆ ਹੈ। ਪਾਪਾਂ ਨਾਲ ਕੀਤੀ ਕਮਾਈ ਮਿੱਟੀ ਬਣ ਕੇ ਰਹਿ ਗਈ ਹੈ। ਪਿਛਲੇ ਪੰਜ ਦਹਾਕਿਆਂ ਤੋਂ ਜਿਸ ਤਰ੍ਹਾਂ ਬਾਦਲ ਕੰਪਨੀ ਨੇ ਸਿੱਖ ਕੌਮ ਦੇ ਅੱਖੀਂ ਘੱਟਾ ਪਾਇਆ ਉਹ ਹੁਣ ਇਹਨਾਂ ਦੀ ਇਖਲਾਕੀ ਮੌਤ ਦਾ ਕਾਰਨ ਬਣ ਗਿਆ ਹੈ। ਜਿਵੇਂ ਪਾਣੀ ਵਿੱਚ ਡੁੱਬਦਾ ਮਨੁੱਖ ਹੱਥ ਪੈਰ ਮਾਰਦਾ ਹੈ ਤਾਂ ਉਹ ਆਪਣੇ ਆਪ ਡੁੱਬ ਜਾਂਦਾ ਹੈ। ਸੁਖਬੀਰ ਬਾਦਲ ਨੇ ਵੀ ਬਹੁਤ ਹੱਥ ਪੈਰ ਮਾਰੇ। ਇਸਦੇ ਝੂਠ ਬੋਲਣ ਤੇ ਝੂਠ ਬੁਲਵਾਉਣ ਦੇ ਸਾਰੇ ਝੂਠ ਨੰਗੇ ਹੋ ਗਏ ਹਨ। ਅਮਰੀਕਾ ਵਾਲੇ ਦਰਸ਼ਨ ਸਿੰਘ ਰੱਖੜਾ ਤੇ ਸਾਬਕਾ ਐੱਮ ਪੀ ਤਰਲੋਚਨ ਸਿੰਘ ਨੇ ਇਸ ਕਿਰਦਾਰ ਨੰਗਾ ਕਰ ਦਿੱਤਾ ਹੈ। ਸਿੱਖ ਪੰਥ ਦੇ ਸਾਮ੍ਹਣੇ ਹੁਣ ਨਵਾਂ ਅਕਾਲੀ ਦਲ ਬਣਾਉਣ ਲਈ ਰਾਹ ਪੱਧਰਾ ਹੋ ਗਿਆ ਹੈ। ਬੁੱਢੀ ਲੀਡਰਸ਼ਿਪ ਨੂੰ ਘਰ ਬਹਿ ਜਾਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਨਵਾਂ ਇਤਿਹਾਸ ਸਿਰਜਣ ਲਈ ਸੁਚੇਤ ਤੇ ਸੁਹਿਰਦਤਾ ਨਾਲ ਕੋਈ ਸਿਆਸੀ ਆਗੂ ਚੁਣਨ ਦੀ ਲੋੜ ਹੈ।
ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲਾ ਸ਼੍ਰੌਮਣੀ ਅਕਾਲੀ ਦਲ ਬਾਦਲ ਤੇ ਪੰਜਾਬੀ ਦਲ ਬਣਿਆ, ਉਦੋਂ ਤੋਂ ਇਹ ਵਪਾਰੀਆਂ ਦੀ ਜੁੰਡਲੀ ਬਣ ਕੇ ਰਹਿ ਗਿਆ। ਇਸ ਬਾਦਲ ਕੰਪਨੀ ਦੇ ਪੰਜਾਬ ਵਿੱਚ ਕੀਤੇ ਗਏ ਗੁਨਾਹਾਂ ਨੂੰ ਕਲਮਬੱਧ ਕੀਤਾ ਹੈ।
ਬਾਦਲ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਆਖਣਾ ਜਾਇਜ਼ ਨਹੀਂ ਕਿਉਂਕਿ ਇਸ ਦੀ ਆਤਮਾ ਮਰ ਚੁੱਕੀ ਹੈ। ਮਰ ਚੁੱਕੀ ਆਤਮਾ ‘ਚ ਜ਼ਿੰਦਗੀ ਨਹੀਂ ਧੜਕਦੀ। ਇਸ ਲਈ ਇਸਨੂੰ ਮਰ ਚੁੱਕੀ ਜ਼ਮੀਰਾਂ ਵਾਲਿਆਂ ਦਾ ਦਲ ਆਖਿਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਮਾਣਮਤਾ ਇਤਿਹਾਸ ਹੈ, ਇਸਨੂੰ ਇਹ ਨਾਂ ਬਹੁਤ ਸਾਰੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਹਾਸਲ ਹੋਇਆ ਸੀ। ਇਸ ਦੀਆਂ ਜੜਾਂ ਦੇ ਵਿੱਚ ਸੂਰਬੀਰ ਯੋਧਿਆਂ ਦਾ ਲਹੂ ਹੈ। ਪਰ ਜਦੋਂ ਦਾ ਇਸ ਦੇ ਉਪਰ ਬਾਦਲ ਨੇ ਕਬਜ਼ਾ ਕੀਤਾ ਹੈ, ਉਦੋਂ ਤੋਂ ਹੀ ਬਾਦਲ ਨੇ ਆਪਣੇ ਹੀ ਨਾਲ ਦੇ ਸਾਥੀਆਂ ਨੂੰ ਖੁੱਡੇ ਲਾਉਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ । ਉਹਨਾਂ ਨੇ ਇੱਕ ਇੱਕ ਕਰਕੇ ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਜੱਥੇਦਾਰ ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ, ਕੁਲਦੀਪ ਸਿੰਘ ਵਡਾਡਾ, ਕੈਪਟਨ ਕੰਵਲਜੀਤ ਸਿੰਘ ਆਦਿ ਨੂੰ ਸਿੱਧੇ ਤੇ ਅਸਿੱਧੇ ਢੰਗ ਦੇ ਨਾਲ ਦੂਰ ਕੀਤਾ। ਇਸੇ ਕਰਕੇ ਬਾਦਲ ਪੰਜ ਵਾਰ ਮੁੱਖ ਮੰਤਰੀ ਤਿਕੜਮਬਾਜ਼ੀ ਦੇ ਨਾਲ ਬਣਿਆ।
ਬਾਦਲ ਨੇ ਘੱਟ ਬੋਲ ਕੇ ਕਈ ਅਜਿਹੇ ਕੰਮ ਕੀਤੇ ਜਿਹੜੇ ਬਹੁਤਾ ਬੋਲਣ ਵਾਲੇ ਵੀ ਨਾ ਕਰ ਸਕਦੇ ਸੀ। ਜਿਹਨਾਂ ‘ਚ ਨਕਸਬਾੜੀਏ ਖਤਮ ਕੀਤੇ, ਨਿਰੰਕਾਰੀ ਕਾਂਡ ਦੀ ਇਜ਼ਾਜਤ ਦਿੱਤੀ, ਨੀਲਾ ਤਾਰਾ ਅਪ੍ਰੇਸ਼ਨ, ਤਖ਼ਤਾਂ ‘ਤੇ ਕਬਜ਼ਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ਾ, ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ, ਦਰਿਆਈ ਪਾਣੀ, ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ ਤੇ ਹਾਈਕੋਰਟ ਤੇ ਚੰਡੀਗੜ ਦਾ ਰੇੜਕਾ, ਸੌਦਾ ਸਾਧ ਨੂੰ ਮਾਫ਼ੀ ਦਿਵਾਉਣੀ ਤੇ ਰੱਦ ਕਰਵਾਉਣੀ, ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦਵਾਉਣਾ ਆਦਿ ਇਹ ਕੁਝ ਚਰਚਿਤ ਮੁੱਦੇ ਹਨ ਜਿਹਨਾਂ ਦੇ ਸਿੱਧਾ ਹੱਥ ਬਾਦਲ ਦਾ ਹੀ ਮੰਨਿਆ ਗਿਆ ਹੈ। ਇਹ ਸਭ ਕੁਝ ਇਤਿਹਾਸ ਦੇ ਪੰਨਿਆਂ ਦੇ ੳੁਪਰ ਦਰਜ ਹੈ, ਜਿਸਨੂੰ ਕੋਈ ਵੀ ਮਾਈ ਦਾ ਲਾਲ ਸਾਫ਼ ਨਹੀਂ ਕਰ ਸਕਦਾ। ਜਦੋਂ ਦਾ ਬਾਦਲ ਇਹ ਲੱਗਿਆ ਕਿ ਉਹਨਾਂ ਦੇ ਥੱਲਿਓ ਕੁਰਸੀ ਜਾ ਸਕਦੀ ਹੈ, ਉਹਨਾਂ ਕਿਸੇ ਦੇ ਨਾਲ ਵੀ ਹੱਥ ਮਿਲਾਉਣ ਦੀ ਦੇਰੀ ਨਹੀ ਕੀਤੀ। ਸਿੱਖ ਪੰਥ ਦੀ ਪਿੱਠ ‘ਚ ਛੁਰਾ ਮਾਰਨ ਦੀ ਕਦੇ ਢਿੱਲ ਨਹੀਂ ਕੀਤੀ। ਤੇ ਨਾ ਹੀ ਮਾਵਾਂ ਮਰਵਾਉਣ ਦੀ ਕੋਈ ਕਸਰ ਛੱਡੀ।
ਉਹਨਾਂ ਪੰਜਾਬ ਦੇ ਲੋਕਾਂ ਨੂੰ ਵੋਟਾਂ ਤੋਂ ਵੱਧ ਕਦੇ ਕੁੱਝ ਨਹੀਂ ਸਮਝਿਆ। ਪੰਜਾਬ ਦੀ ਧਨੀ ਕਿਸਾਨੀ ਨੂੰ ਆਪਣੇ ਹੱਥ ਕਰਨ ਲਈ ਬਿਜਲੀ ਪਾਣੀ ਮੁਫ਼ਤ ਤੇ ਸ਼ਹਿਰੀਆਂ ਨੂੰ ਨੇੜੇ ਲਾਉਣ ਦੇ ਲਈ ਚੁੰਗੀ ਮੁਆਫ਼ ਕਰ ਦਿੱਤੀ। ਦਲਿਤਾਂ ਨੂੰ ਪਿਤਾਉਣ ਲਈ ਆਟਾ ਦਾਲ ਸਕੀਮ ਜਿਹੜੀ ਕੇ ਕੇਂਦਰ ਦੀ ਯੋਜਨਾ ਹੈ, ਅਪਣੇ ਨਾਂ ਕਰ ਲਈ। ਜਾਣੀ ਕੇ ਵੋਟਾਂ ਪੱਕੀਆਂ ਕਰਨ ਦੇ ਨਈ ਉਹਨਾਂ ਹਰ ਤਰ੍ਰਾਂ ਦਾ ਢੰਗ ਤਰੀਕਾ ਅਪਣਾਇਆ। ਪੰਜਾਬ ਦੇ ਲੋਕਾਂ ਦੇ ਹੱਥੋਂ ਵਿਚ ਕਿਰਤ ਖੋਹ ਕੇ ਉਹਨਾਂ ਨੂੰ ਮੰਗਤੇ ਵੀ ਬਣਾਇਆ ਹੈ। ਜਿਵੇਂ ਹੁਣ ਬਹਿਬਲ ਕਲਾਂ ਦੇ ਗੋਲੀ ਕਾਂਡ ਤੋਂ ਪੱਲੇ ਝਾੜ ਗਿਆ ਇਸ ਤਰ•ਾਂ ਉਹ ਅਕਸਰ ਹੀ ਕਰਦਾ ਏ, ਬੜਾ ਮੀਸ਼ਣਾਂ ਏ ਬਾਬਾ ਬਖਤੌਰਾ । ਇਹ ਅਕਸਰ ਆਖਦੈ ਕਿ ਮੈਂ ਤੇ ਕੁੱਝ ਨਹੀਂ ਕੀਤਾ, ਮੇਰਾ ਤੇ ਨਾਂ ਲੱਗਦੈ?
ਆਪਣੇ ਨਾਲਦਿਆਂ ਨੂੰ ਵੀ ਕਦੇ ਘੁਰਕੀ, ਬੁਰਕੀ ਤੇ ਕਦੇ ਕੁਰਸੀ ਦੇ ਕੇ ਨੀਵਾਂ ਕਰੀ ਰੱਖਿਆ। ਉਹਨਾਂ ਦੇ ਮੂੰਹ ‘ਤੇ ਛਿਕਲੀ ਬੰਨੀ ਰੱਖੀ, ਮੀਟਿੰਗ ਕਿਸੇ ਦੀ ਹੋਵੇ। ਸ਼੍ਰੋਮਣੀ ਕਮੇਟੀ ਦੀ ਜਾਂ ਪਾਰਟੀ ਦੀ ਕੋਰ ਕਮੇਟੀ ਦੀ ਕੋਈ ਉਹਨਾਂ ਦੇ ਸਾਹਮਣੇ ਕੋਈ ਬੋਲਦਾ। ਕੋਰ ਕਮੇਟੀ ਆੀ ਹੀ ਸਾਰੇ ਅਧਿਕਾਰ ਪ੍ਰਧਾਨ ਨੂੰ ਸੌਂਪ ਦੇਂਦੀ ਹੈ। ਉਹਨਾਂ ਨੇ ਹੌਲੀ ਹੌਲੀ ਟਕਸਾਲੀ ਅਕਾਲੀਆਂ ਨੂੰ ਲਾਂਭੇ ਕੀਤਾ । ਜਦੋਂ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਹੁਣ ਕੋਈ ਮੂਹਰੇ ਕੋਈ ਬੋਲਣ ਵਾਲਾ ਨਹੀਂ ਤਾਂ ਉਹਨਾਂ ਨੇ ਆਪਣੇ ਫ਼ਰਜੰਦ ਨੂੰ ਅੱਗੇ ਕਰ ਲਿਆ। ਪਹਿਲਾਂ ਆਪ ਹੀ ਪ੍ਰਧਾਨ ਤੇ ਮੁੱਖ ਮੰਤਰੀ ਫ਼ੇਰ ਆਪ ਅਕਾਲੀ ਦਲ ਦੇ ਸ੍ਰਪਰਸਤ ਤੇ ਮੁੱਖ ਮੰਤਰੀ ਪੁੱਤਰ ਪ੍ਰਧਾਨ ਤੇ ਉਪ ਮੁੱਖ ਮੰਤਰੀ, ਨੂੰਹ ਕੇਂਦਰੀ ਮੰਤਰੀ, ਪੁੱਤਰ ਦਾ ਸਾਲਾ ਕੈਬਨਿਟ ਮੰਤਰੀ ਤੇ ਰਿਸ਼ਤੇਦਾਰ ਕੈਬਨਿਟ ਮੰਤਰੀ ਬਣਾਏ। ਲੋਕ ਸਰਕਾਰ ਨੂੰ ਪੰਜਾਬ ਦੀ ਸਰਕਾਰ ਨਹੀਂ ਸਗੋਂ ‘ਕੁੱੜਮਾਂ ਦੀ ਸਰਕਾਰ’ ਕਹਿੰਦੇ ਸਨ। ਬਾਦਲ ਨੇ ਵੋਟਾਂ ਤੇ ਕੁਰਸੀ ਦੇ ਲਈ ਕਦੇ ਮੌਕਾ ਨਹੀਂ ਛੱਡਿਆ। ਉਹ ਕਿਸੇ ਦੇ ਕੋਲ ਜਾਣ ਦੀ ਸੰਗ ਸ਼ਰਮ ਨਹੀਂ ਕਰਦੇ ਸਨ।
ਚੋਣਾਂ ਵੇਲੇ ਤਾਂ ਉਹ ਗਧੇ ਨੂੰ ਵੀ ਬਾਪ ਬਣਾ ਲੈਂਦੇ ਸਨ। ਕਿਸੇ ਚੋਰ, ਸਾਧ ਤੇ ਸੰਤ ਦੇ ਪੈਂਰੀ ਡਿਗਣ ਦੀ ਕਦੇ ਘੋਲ ਨਹੀਂ ਸੀ ਕਰਦੇ। ਕਹਿੰਦੇ ਹਨ ਕਿ ਚੋਣਾਂ ਦਾ ਚਾਅ ਉਹਨਾਂ ਨੂੰ ਵਿਆਹ ਵਾਲੀ ਕੁੜੀ ਜਿੰਨਾਂ ਹੁੰਦਾ ਸੀ। ਉਹਨਾਂ ਦੇ ਦਿਲ ਵਿਚ ਕੀ ਹੈ, ਇਹ ਤਾਂ ਉਹ ਜਾਂ ਰੱਬ ਜਾਣਦਾ ਹੁੰਦਾ ਸੀ, ਹੁਣ ਉੇਸੇ ਰੱਬ ਦੀ ਬੇਅਦਬੀ ਉਹਨਾਂ ਦੇ ਗਲੇ ਦੀ ਹੱਡੀ ਬਣ ਗਈ ਹੈ।
ਜਦੋਂ ਦੀ ਅਕਾਲੀ ਦਲ ਦੀ ਵਾਂਗਡੋਰ ਉਹਨਾਂ ਦੇ ਫ਼ਰਜ਼ੰਦ ਕੋਲ ਆਈ ਹੈ, ਬਸ ਉਸ ਸਮੇਂ ਤੋਂ ਹੀ ਉਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਪੁੱਤਰ ਦੀਆਂ ਸ਼ੇਖਚਿਲੀ ਵਾਲੀ ਸਕੀਮਾਂ ਨੇ ਉਸਨੂੰ ਸਮਾਜ ਦੇ ਵਿਚ ਮਜ਼ਾਕ ਦਾ ਪਾਤਰ ਬਣਾ ਦਿਤਾ। ਪਿਛਲੇ ਪੱਚੀ ਸਾਲ ਤੋਂ ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ‘ਤੇ ਕਬਜ਼ਾ ਹੈ। ਕਮੇਟੀ ਦਾ ਪ੍ਰਧਾਨ ਤੇ ਪੰਜ ਹੀ ਤਖ਼ਤਾਂ ਦੇ ਜੱਥੇਦਾਰ ਉਹਨਾਂ ਦੇ ਵਲੋਂ ਭੇਜੇ ਗਏ ਲਿਫ਼ਾਫੇ ਦੇ ਵਿਚੋਂ ਨਿਕਲਦੇ ਹਨ। ਹੁਣ ਤੱਕ ਲਿਫਾਫੇ ਵਿਚ ਹੀ ਪ੍ਰਧਾਨ ਤੇ ਜੱਥੇਦਾ ਨਿਕਦੇ ਹਨ ਪਰ ਜਦੋਂ ਕੋਈ ਮਸਲਾ ਪੈਦਾ ਹੋ ਜਾਵੇ ਤਾਂ ਵਿਚਾਰਾ ਜਿਹਾ ਬਣਕੇ ਆਖਦਾ ਹੈ। ‘ ਮੈਨੂੰ ਕੋਈ ਪਤਾ ਨਹੀਂ ਕਮੇਟੀ ਦੇ ਕੰਮਕਾਜ ਵਿਚ ਉਹਨਾਂ ਦਾ ਕੋਈ ਦਖਲ ਨਹੀਂ।’
ਜਦੋਂ ਵੀ ਕਦੇ ਕੋਈ ਕੁਰਸੀ ਸੰਕਟ ਆ ਜਾਵੇ ਤਾਂ ਉਹ ‘ਪੰਥ ਨੂੰ ਖ਼ਤਰਾ’ ਦਾ ਨਾਅਰਾ ਲਾ ਕੇ ਪਾਸੇ ਹੋ ਕੇ ਤਮਾਸ਼ਾ ਦੇਖਣ ਲੱਗ ਪੈਂਦੇ ਰਹੇ ਹਨ। ਨਿਰੰਕਾਰੀ ਕਾਂਡ, ਨੀਲਾ ਤਾਰਾ ਅਪ੍ਰੇਸ਼ਨ, ਬਲੈਕ ਥੰਡਰ, ਸੌਦਾ ਸਾਧ ਨੂੰ ਮੁਆਫੀ ਦੇਣੀ ਤੇ ਵਾਪਸ ਲੈਣੀ ਤੇ ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਦੇ ਜੱਥੇਦਾਰਾਂ ਨੂੰ ਆਪਣੇ ਲਈ ਵਰਤਣਾ ਉਹਨਾਂ ਦਾ ਸ਼ੁਗਲ ਰਿਹਾ ਹੈ। ਆਪਣੇ ਰਾਜ ਦੌਰਾਨ ਚੁੱਪ ਕੀਤਿਆਂ ਟਕਸਾਲੀ ਤੇ ਅਪਣੇ ਪੁੱਤ ਤੋਂ ਸੀਨੀਅਰ ਆਗੂਆਂ ਤੋਂ ‘ਰਾਜ ਨਹੀਂ, ਸੇਵਾ’ ਦਾ ਨਾਅਰਾ ਲਵਾ ਕੇ ਉਹਨਾਂ ਨੂੰ ਪੰਜਾਬ ਦਾ ਦੋ ਵਾਰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਇਆ। ਪਰ ਕੁਰਸੀ ਦਾ ਨਸ਼ਾ ਉਸ ਦੇ ਪੁੱਤਰ ਨੂੰ ਚੜ ਗਿਆ। ਉਹ ਵੀ ਰੱਬ ਨੂੰ ਟੱਬ ਸਮਝਣ ਲੱਗ ਪਿਆ। ਉਹਨਾਂ ਆਪਣੇ ਵਿਰੋਧੀਆਂ ਨੂੰ ਤਾਂ ਟਿੱਚ ਸਮਝਣਾ ਸੀ ਸਗੋਂ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਲੱਗ ਪਿਆ। ਉਸ ਦੀ ‘ਮਿੱਠੀ ਬੋਲੀ’ ਬੋਲੀ ਦਾ ਅਸਰ ਏਨੀ ਤੇਜ਼ੀ ਦੇ ਨਾਲ ਹੋਇਆ ਕਿ ‘ਟਕਸਾਲੀ ਆਗੂ ਘਰ ਜਾ ਬੈਠੇ ਜਾਂ ਬੈਠਾਅ ਦਿੱਤੇ ਗਏ। ਜਿਹੜਾ ਵੀ ਕੋਈ ਬੋਲਿਆ ਉਸ ਦੀ ਛੁੱਟੀ ਹੀ ਕਰ ਦਿੱਤੀ। ਰੱਬ ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਕੈਪਟਨ ਕੰਵਲਜੀਤ ਸਿੰਘ ਤੇ ਗੁਰਮੀਤ ਸਿੰਘ ਖੁੱਡੀਆਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।
ਉਹਨਾਂ ਸਿੱਖ ਪੰਥ ਦੇ ਲਈ ਨਹੀਂ ਸਗੋਂ ਆਪਣੀ ਕੁਰਸੀ ਦੇ ਹਰ ਤਰਾਂ ਦਾ ਕਾਰਜ ਕੀਤਾ, ਇਸ ਦੀ ਲੰਮੀ ਲਿਸਟ ਹੈ ਪਰ ਸਭ ਤੋਂ ਵੱਡੀ ਗ਼ਲਤੀ ਤਾਂ ਉਹਨਾਂ ਤੋਂ ਉਸ ਵੇਲੇ ਹੋਈ ਜਦੋਂ ਸਰਸੇ ਵਾਲੇ ਸੌਦਾ ਸਾਧ ਨੇ ਸਲਾਬਤ ਪੁਰ ਡੇਰੇ ਦੇ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾ ਕੇ ‘ਇੰਸਾਂ ਜਾਮ’ ਛਕਾ ਦਿੱਤਾ ਤੇ ਇਸ ਦਾ ਇਸ਼ਤਿਹਾਰ ਬਾਦਲ ਪੱਖੀ ਜਲੰਧਰ ਦੇ ਇਕ ਅਖਬਾਰ ਵਿਚ ਛਾਪ ਦਿੱਤਾ। ਜਦੋਂ ਇਹ ਖ਼ਬਰ ਸਿੱਖ ਪੰਥ ਨੂੰ ਪਤਾ ਲੱਗੀ ਤਾਂ ਲੋਕ ਸੜਕਾਂ ਉਤੇ ਆ ਗਏ। ਬਾਦਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਦੋਂ ਕੁਰਸੀ ਥੱਲਿਓ ਖਿਸਕਦੀ ਦਿਖੀ ਤਾਂ ਉਹਨਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਉਸ ਨਾਲ ਕਿਸੇ ਵੀ ਕਿਸਮ ਦੀ ਸਾਂਝ ਨਾ ਰੱਖਣ ਦਾ’ ਹੁਕਮਨਾਮਾ ਜਾਰੀ ਕਰ ਦਿੱਤਾ। ਫੇਰ ਕੁੱਝ ਸਮੇਂ ਬਾਅਦ ਉਹੀ ‘ਹੁਕਮਨਾਮਾ’ ਮੁਆਫੀਨਾਮੇ ‘ਚ ਬਦਲਾ ਦਿੱਤਾ। ਉਸ ਵੇਲੇ ਵੀ ਸਿੱਖ ਕੌਮ ਸੜਕਾਂ ‘ਤੇ ਆ ਗਈ। ਪੂਰੀ ਦੁਨੀਆ ਦੇ ਵਿਚ ਇਸ ਹੁਕਮਨਾਮੇ ਦਾ ਵੱਡੇ ਪੱਧਰ ‘ਤੇ ਅਫਸੋਸ ਹੋਇਆ। ਉਹਨਾਂ ਫੇਰ ਪਲਟੀ ਮਾਰ ਦਿੱਤੀ। ਬਾਦਲਾਂ ਨੇ ਸਿੱਖ ਪੰਥ, ਸਿੱਖ ਕੌਮ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸਿੱਖ ਇਤਿਹਾਸ ਨੂੰ ਆਪਣੇ ਹਿੱਤਾਂ ਦੇ ਲਈ ਵਰਤਿਆ। ਤਖ਼ਤ ਸਾਹਿਬਾਨਾਂ ਦਾ ਕਿਸ ਨੂੰ ਜੱਥੇਦਾਰ ਲਾਉਣਾ ਤੇ ਕਿਸ ਨੂੰ ਹਟਾਉਣਾ ਇਹ ਬਾਦਲ ਨੂੰ ਹੀ ਪਤਾ ਹੁੰਦਾ ਹੈ।
ਉਹਨਾਂ ਹਮੇਸ਼ਾ ਹੀ ਆਪਣੇ ਨਿੱਜੀ ਮੁਫ਼ਾਦਾਂ ਦੇ ਲਈ ਸਿੱਖ ਧਰਮ, ਸਿੱਖ ਪੰਥ, ਤਖ਼ਤਾਂ, ਸ਼੍ਰੋਮਣੀ ਕਮੇਟੀ ਤੇ ਸਿੱਖਾਂ ਨੂੰ ਵਰਤਿਆ ਹੈ। ਬਾਦਲਾਂ ਦੇ ਰਾਜ ਵਿਚ ਹਰ ਤਰ੍ਰਾਂ ਦਾ ਮਾਫੀਆ ਪੈਂਦਾ ਕੀਤਾ ਗਿਆ ਤੇ ਉਸ ਦੀ ਅਗਵਾਈ ਕੀਤੀ ਜਦੋਂ ਕਦੇ ਕਿਸੇ ਚੋਰ ਦੀ ਪੈੜ ਉਹਨਾਂ ਵੱਲ ਆਉਂਦੀ ਦਿਖੀ ਤਾਂ ਪਾਸਾ ਪਰਤ ਲਿਆ। ਪੰਜਾਬ ਦੀਆਂ ਲੋਕ ਲਹਿਰਾਂ ਨੂੰ ਦਵਾਉਣ ਦੇ ਲਈ ਫੇਰ ਧਰਮ ਦਾ ਪੱਤਾ ਖੇਡਿਆ ਗਿਆ, ਪੰਜਾਬ ਦੇ ਵਿਚ ਲਗਾਤਾਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋਣ ਲੱਗੀਆਂ। ਦੋ ਸਾਲ ‘ਚ 195 ਦੇ ਕੁਰੀਬ ਘਟਨਾਵਾਂ ਬੇਅਦਬੀ ਦੀਆਂ ਵਾਪਰੀਆਂ। ਸਿਤਮ ਦੀ ਗੱਲ ਤਾਂ ਇਹ ਕਿ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦਾ ਕੋਈ ਦੋਸ਼ੀ ਵੀ ਫੜਿਆ ਗਿਆ। ਬਰਗਾੜੀ ਵਿਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦੀ ਦੀ ਘਟਨਾ ਨੇ ਹਰ ਪੰਜਾਬੀ ਦੇ ਹਿਰਦੇ ਵਲੂੰਦਰੇ ਗਏ। ਬਹਿਬਲ ਕਲਾਂ ਦੇ ਵਿਚ ਸ਼ਾਂਤ ਮਈ ਰੋਸ ਕਰ ਰਹੀਆਂ ਸਿੱਖ ਸੰਗਤਾਂ ਤੇ ‘ਤੇ ਲਾਠੀਚਾਰਜ ਤੇ ਗੋਲੀ ਪੁਲਸ ਨੇ ਚਲਾ ਦਿੱਤੀ, ਜਿਸ ਦੇ ਨਾਲ ਦੋ ਸਿੰਘ ਸ਼ਹੀਦ ਹੋ ਗਏ ਤੇ ਫੱਟੜ ਹੋ ਗਿਆ। ਸਿੱਖ ਸੰਗਤਾਂ ਨੇ ਸਰਕਾਰ ਦੇ ਨੱਕ ਵਿਚ ਦਮ ਲਿਆ ਦਿਤਾ। ਫੇਰ ਸਰਬਤ ਖਾਲਸਾ ਹੋਇਆ, ਕੌਮ ਨੇ ਤਖਤਾਂ ਦੇ ਜੱਥੇਦਾਰ ਬਦਲੇ ਗਏ। ਬਾਦਲਾਂ ਦੇ ਤਖਤਾਂ ਦੇ ਜੱਥੇਦਾਰਾਂ, ਅਕਾਲੀ ਮੰਤਰੀਆਂ, ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਅਕਾਲੀ ਆਗੂਆਂ ਦਾ ਸਿੱਖ ਕੌਮ ਨੇ ਘਰਾਂ ਦੇ ਵਿਚੋਂ ਨਿਕਲਣਾ ਬੰਦ ਕਰ ਦਿੱਤਾ। ਬਾਦਲ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਠਾ ਦਿੱਤਾ। ਉਸ ਨੇ ਪੜਤਾਲ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਪੀ। ਉਹਨਾਂ ਇਸ ਤੇ ਅਮਲ ਤਾਂ ਕੀ ਕਰਨਾ ਕਰਵਾਉਣਾ ਸੀ ਪੜ•ਨੀ ਵੀ ਮੁਨਾਸਿਫ਼ ਨਾ ਸਮਝੀ। ਜਦ ਨੂੰ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ। ਇਸੇ ਦੌਰਾਨ ਪੰਜਾਬ ਦੇ ਵਿਚ ਚਿੱਟਾ ਵੱਡੀ ਪੱਧਰ ਤੇ ਵਿਕਣ ਲੱਗਾ, ਚਿੱਟੀ ਮੱਖੀ ਨੇ ਮਾਲਵੇ ਦੇ ਕਿਸਾਨ ਖਾ ਲਏ, ਨਕਲੀ ਬੀਜ, ਨਕਲੀ ਖੇਤੀ ਦੀਆਂ ਦਵਾਈਆਂ, ਨਕਲੀ ਖਾਣ ਪੀਣ ਦਾ ਸਮਾਨ, ਨਕਲੀ ਦੁੱਧ ਵਿਕਣ ਲੱਗਾ ਪਰ ਬਾਦਲ ਸਰਕਾਰ ਦੇ ਕੰਨਾਂ ‘ਤੇ ਜੂੰ ਨਾ ਸਰਕੀ ਪਰ ਪੰਜਾਬ ਦੇ ਲੋਕਾਂ ਨੇ ਚੋਣਾਂ ਵਿਚ ਅਕਾਲੀਆਂ ਨੂੰ ਵਿਰੋਧੀ ਧਿਰ ‘ਚ ਬੈਠਣ ਜੋਗੇ ਵੀ ਨਾ ਛੱਡਿਆ। ਅਪਣੀ ਹਾਰ ਦੇਖਦਿਆਂ ਤੇ ਆਪ ਦੀ ਜਿੱਤ ਹੁੰਦੀ ਦਿਖੀ ਤਾਂ ਆਪਣੀਆਂ ਪੱਕੀਆਂ ਵੋਟਾਂ ਕਾਂਗਰਸ ਨੂੰ ਪਵਾ ਦਿੱਤੀਆਂ । ਆਪ ਦੀ ਸਰਕਾਰ ਬਣਦੀ ਬਣਦੀ ਵਿਰੋਧੀ ਧਿਰ ਤੱਕ ਸਮੇਟ ਦਿੱਤੀ।
ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣ ਗਈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ। ਉਹਨਾਂ ਬੇਅਦਬੀ ਦੀਆਂ ਘਟਨਾਵਾਂ ਪੈੜ ਲੱਭਣ ਦੇ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਡੇਢ ਸਾਲ ਲਾ ਕੇ ਰਿਪੋਟ ਪੇਸ਼ ਕਰ ਦਿੱਤੀ। ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਅੰਦਰਲਾ ਸੱਚ ਸਾਹਮਣੇ ਆ ਗਿਆ। ਜਦੋਂ ਇਹ ਰਿਪੋਟ ਵਿਧਾਨ ਸਭਾ ‘ਚ ਰੱਖੀ ਤੇ ਬਹਿਸ ਲਈ ਅਕਾਲੀ ਦਲ ਮੈਦਾਨ ਛੱਡ ਕੇ ਭੱਜ ਗਿਆ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਇਸ ਰਿਪੋਟ ਤੇ ਸਵਾਲ ਖੜੇ ਕੀਤੇ। ਵਿਧਾਨ ਸਭਾ ਵਿਚ ਰਿਪੋਟ ਪੇਸ਼ ਹੋਣ ਤੋਂ ਪਹਿਲਾਂ ਕਿਸ ਨੇ, ਕਿਸ ਲਈ ਤੇ ਕਿਸ ਕਾਰਨ ਇਹ ਲੀਕ ਕਰਵਾਈ ਇਹ ਤਾਂ ਪਤਾ ਨਹੀਂ ਪਰ ਵਿਧਾਨ ਸਭਾ ਦੇ ਵਿਚ ਜਿਹੜੀਆਂ ਧੱਜੀਆਂ ਅਕਾਲੀਆਂ ਤੇ ਖਾਸ ਕਰ ਬਾਦਲਾਂ ਤੇ ਤਖ਼ਤਾਂ ਦੇ ਜੱਥੇਦਾਰਾਂ ਦੀਆਂ ਉਡਾਈਆਂ ਗਈਆਂ। ਇਸ ਨੇ ਅਕਾਲੀ ਦਲ ਦੀ ਜੜਾਂ ਹਿਲਾ ਕੇ ਰੱਖ ਦਿੱਤੀਆਂ। ਭਾਂਵੇਂ ਇਸ ਰਿਪੋਟ ਦੇ ਵਿਚ ਸਿੱਧਾ ਕਿਸੇ ਦਾ ਨਾਂ ਨਹੀਂ ਪਰ ਬਾਦਲਾਂ ਦੀ ਮੈਦਾਨ ਛੱਡ ਕੇ ਭੱਜਣ ਦੀ ਨੀਤੀ ਨੇ ਅਕਾਲੀ ਦਲ ਨੂੰ ਅਰਸ਼ ਤੋਂ ਫ਼ਰਸ਼ ‘ਤੇ ਲਿਆ ਕੇ ਸੁਟਿਆ।
ਅਕਾਲੀ ਦਲ ਦੀ ਕੋਰ ਕਮੇਟੀ ‘ਚ ਹੁਣ ਤੱਕ ਚੁਪ ਬੈਠੇ ਜਾਂ ਚੁੱਪ ਕਰਾ ਕੇ ਰੱਖੇ ਆਗੂਆਂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਪ ਮੁਹਾਰੇ ਫ਼ੈਸਲਿਆਂ ‘ਤੇ ਕਿੰਤੂ ਕੀਤੇ। ਹੁਣ ਇਕ ਪਾਸੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਦੀ ਬੇਅਦਬੀ ਦਾ ਮਾਮਲਾ ਹੈ। ਅਕਾਲੀਆਂ ਨੇ 1 ਸਤੰਬਰ ਨੂੰ ਪੰਜਾਬ ਦੇ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕੇ। ਕਈ ਥਾਵਾਂ ਉਤੇ ਤਾਂ ਅਕਾਲੀਆਂ ਨੂੰ ਸਿੱਖਾਂ ਸਵਾਲ ਕੀਤੇ। ਪਿਉ ਪੁੱਤ ਪੰਜਾਬ ਦੇ ਲੋਕਾਂ ਤੇ ਕਾਂਗਰਸ ਦੀ ਸਰਕਾਰ ਨੂੰ ਲਲਕਾਰ ਰਹੇ ਹਨ ਕਿ ਜੇ ਤੁਸੀਂ ਅਕਾਲੀਆਂ ਤੇ ਖਾਸਕਰ ਬਾਦਲ ਨੂੰ ਬਦਨਾਮ ਕਰਨ ਤੋਂ ਨਾ ਹਟੇ ਤਾਂ ‘ਪੰਜਾਬ ਦਾ ਮਹੌਲ ਖਰਾਬ ਹੋ ਸਕਦਾ ਹੈ। ‘ ਅਕਾਲੀ ਦਲ ਦੇ ਵਿੱਚ ਬਗਾਵਤ ਹੋ ਗਈ ਹੈ। ਅਸਲੀ ਤੇ ਨਕਲੀ ਆਕਲੀ ਸਾਬਤ ਕਰਨ ਵਾਲੇ ਵੀ ਕਟਹਿਰੇ ਵਿੱਚ ਸਾਹਮਣੇ ਆ ਰਹੇ ਹਨ।
ਉਹਨਾਂ ਦੀ ਇਸ ਸਿੱਧੀ ਦਿੱਤੀ ਧਮਕੀ ਦਾ ਕਿਸੇ ਸਰਕਾਰ ਤੇ ਏਜੰਸੀਆਂ ਨੇ ਗੰਭੀਰਤਾਂ ਦੇ ਨਾਲ ਨੋਟਿਸ ਨਹੀਂ ਲਿਆ? ਇਸ ਦੇ ਕੀ ਅਰਥ ਹੇ ਸਕਦੇ ਹਨ ? ਜੋ ਕੁੱਝ ਪੰਜਾਬ ਦੇ ਵਿਚ ਬਾਦਲਾਂ ਦੇ ਰਾਜ ਦੌਰਾਨ ਹੋਇਆ ਇਸ ਕੌਣ ਜੁੰਮੇਵਾਰ ਹੈ ? ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਤੇ ਬਾਦਲਾਂ ਦੇ ਉਤੇ ਉਠੇ ਸਵਾਲਾਂ ਦਾ ਜਵਾਬ ਤਾਂ ਕੌਮ ਦੇਣਾ ਹੀ ਪਵੇਗਾ ਪਰ ਇਸ ਸਮੇਂ ਅਕਾਲੀ ਦਲ ਬਾਦਲਾਂ ਦੇ ਬੁਣੇ ਜਾਲ ਵਿਚ ਫਸ ਗਿਆ ਹੈ। ਕੀ ਸਿੱਖ ਕੌਮ, ਸਿੱਖ ਆਗੂ, ਕਮੇਟੀ ਪ੍ਰਧਾਨ ਤੇ ਤਖ਼ਤਾਂ ਦੇ ਜੱਥਦਾਰਾਂ ਕੋਲ ਪੰਥ ਵਿਚ ਪੈਦਾ ਹੋਏ ਸਵਾਲਾਂ ਕੋਈ ਜਵਾਬ ਹੈ? ਪੰਜਾਬ ਦੇ ਹੁਣ ਇਹ ਜ਼ਖਮੀ ਸਿਉ ਕਿਸ ਕਿਸ ਦੀ ਬਲੀ ਲੈਂਦਾ ਤੇ ਦੇਂਦਾ ਇਹ ਤਾਂ ਭਵਿਖ ਹੀ ਦੱਸੇਗਾ ਪਰ ਜਿਸ ਤਰ੍ਹਾਂ ਦੇ ਹਾਲਤ ਬਣ ਰਹੇ ਨੇ ਕੁਝ ਵੀ ਹੋ ਸਕਦਾ ਹੈ? ਪਰ ਬਾਜ਼ੀ ਪੁੱਠੀ ਪੈ ਗਈ ਹੈ ਸ਼੍ਰੀ ਆਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਨੇ ਰਹਿਤ ਮਰਿਆਦਾ ਦੇ ਉਲਟ ਉਸਨੂੰ ਤਨਖਾਹੀਆ ਕਰਾਰ ਦਿੱਤਾ ਹੈ। ਹੁਣ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੰਥ ਰਤਨ ਵਾਪਸ ਲੈਣ ਲਈ ਮੁਹਿੰਮ ਚਲਾਉਣ ਦੀ ਲੋੜ ਹੈ। ਉਂਝ ਬਾਦਲ ਕੰਪਨੀ ਅਰਸ਼ ਤੋਂ ਫਰਸ਼ ਉੱਤੇ ਆ ਗਈ ਹੈ। ਹੁਣ ਸਿੱਖ ਪੰਥ ਨੂੰ ਸਰਬੱਤ ਖਾਲਸਾ ਸੱਦਣ ਦੀ ਲੋੜ ਹੈ ਤਾਂ ਕਿ ਭਵਿੱਖ ਵਿੱਚ ਪੰਜਾਬ ਤੇ ਅਕਾਲੀ ਦਲ ਨੂੰ ਬਚਾਇਆ ਜਾ ਸਕੇ।

ਬੁੱਧ ਸਿੰਘ ਨੀਲੋਂ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSUNDAY SAMAJ WEEKLY = 01/09/2024
Next articleਯਾਦ