ਨਵੀਂ ਦਿੱਲੀ (ਸਮਾਜ ਵੀਕਲੀ) : ਸਿੰਘੂ ਬਾਰਡਰ ਕੋਲ ਨਿਹੰਗ ਜਥੇਬੰਦੀ ਬਾਬਾ ਬਲਵਿੰਦਰ ਸਿੰਘ ਮੋਇਆਂ ਦੀ ਮੰਡੀ ਵਾਲੇ (ਮੁੱਖ ਸਥਾਨ ਸ੍ਰੀ ਫਤਹਿਗੜ੍ਹ ਸਾਹਿਬ) ਦੇ ਟੈਂਟ ਵਿੱਚੋਂ ‘ਸਰਬਲੋਹ ਗ੍ਰੰਥ’ ਦੀ ਬੇਅਦਬੀ ਕਰਕੇ ਭੱਜਣ ਵਾਲੇ ਨੌਜਵਾਨ ਦਾ ਘਿਨਾਉਣੇ ਅਤੇ ਭਿਆਨਕ ਤਰੀਕੇ ਨਾਲ ਕਤਲ ਕਰਕੇ ਉਸ ਦੀ ਵੱਢੀ-ਟੁੱਕੀ ਲਾਸ਼ ਪੁਲੀਸ ਬੈਰੀਕੇਡ ਨਾਲ ਲਟਕਾ ਦਿੱਤੀ ਗਈ। ਵਾਇਰਲ ਵੀਡੀਓ ਅਨੁਸਾਰ ਕੁੱਝ ਨਿਹੰਗ ਸਿੰਘਾਂ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਕੁੰਡਲੀ ਥਾਣਾ ਪੁਲੀਸ ਨੇ ਦਫ਼ਾ 302 ਤੇ 34 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਨਿਹੰਗ ਜਥੇਬੰਦੀ ਦੇ ਮੈਂਬਰ ਸਰਬਜੀਤ ਸਿੰਘ ਨੇ ਪੁਲੀਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।
ਸਰਬਜੀਤ ਦੇ ਮੈਡੀਕਲ ਟੈਸਟ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੇਰਵਿਆਂ ਅਨੁਸਾਰ ਉਸ ਨੂੰ ਸ਼ਨਿਚਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਾਇਰਲ ਹੋਈ ਵੀਡੀਓ ਕਲਿੱਪ ’ਚ ਕੁਝ ਨਿਹੰਗ ਸਿੰਘ ਖੂਨ ਨਾਲ ਲਥਪਥ ਵਿਅਕਤੀ ਦੀ ਲਾਸ਼ ਅਤੇ ਵੱਢੇ ਹੋਏ ਹੱਥ ਕੋਲ ਖੜ੍ਹੇ ਨਜ਼ਰ ਆ ਰਹੇ ਹਨ। ਨਿਹੰਗ ਇਹ ਆਖਦੇ ਸੁਣਾਈ ਦੇ ਰਹੇ ਹਨ ਕਿ ਵਿਅਕਤੀ ਨੂੰ ਪਵਿੱਤਰ ਗ੍ਰੰਥ ਦੀ ਬੇਅਦਬੀ ਦੀ ਸਜ਼ਾ ਦਿੱਤੀ ਗਈ ਹੈ। ਮਾਰੇ ਗਏ ਵਿਅਕਤੀ ਦੀ ਪਛਾਣ ਤਰਨ ਤਾਰਨ ਦੇ ਚੀਮਾ ਕਲਾਂ ਦੇ ਮਜ਼ਦੂਰ ਲਖਬੀਰ ਸਿੰਘ ਵਜੋਂ ਹੋਈ ਹੈ। ਰੋਹਤਕ ਰੇਂਜ ਦੇ ਏਡੀਜੀਪੀ ਸੰਦੀਪ ਖਿਰਵਾਰ ਨੇ ਦੱਸਿਆ ਕਿ ਪੁਲੀਸ ਨੂੰ ਸਵੇਰੇ ਕਰੀਬ 5 ਵਜੇ ਕਿਸਾਨਾਂ ਦੇ ਅੰਦੋਲਨ ਵਾਲੀ ਥਾਂ ਨੇੜੇ ਲਾਸ਼ ਲਟਕੇ ਹੋਣ ਦੀ ਜਾਣਕਾਰੀ ਮਿਲੀ ਸੀ। ਫੋਰੈਂਸਿਕ ਟੀਮ ਵੱਲੋਂ ਵਾਰਦਾਤ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਹੈ।
ਵਾਰਦਾਤ ਥਾਣੇ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਵਾਪਰੀ ਹੈ। ਲਖਬੀਰ ਸਿੰਘ ਨੂੰ ਬੇਅਦਬੀ ਕਰਦਿਆਂ ਫੜਨ ਦਾ ਦਾਅਵਾ ਕਰਨ ਵਾਲੇ ਇਕ ਨਿਹੰਗ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਪੌਣੇ 4 ਵਜੇ ਦੇ ਕਰੀਬ ‘ਸਰਬਲੋਹ ਗ੍ਰੰਥ’ ਚੁੱਕ ਕੇ ਸਿੰਘੂ ਦੀ ਸਟੇਜ ਵੱਲ ਭੱਜਿਆ ਸੀ ਜਿਸ ਨੂੰ ਰਾਹ ਵਿੱਚ ਡੱਕ ਲਿਆ ਗਿਆ ਅਤੇ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ। ਸ਼ੱਕ ਕੀਤਾ ਜਾ ਰਿਹਾ ਹੈ ਕਿ ਲਖਬੀਰ ਸਿੰਘ ਵੱਲੋਂ ਕਥਿਤ ਬੇਅਦਬੀ ਲਈ ਹੀ ਪਵਿੱਤਰ ਗ੍ਰੰਥ ਨੂੰ ਚੁੱਕਿਆ ਗਿਆ ਸੀ। ਲਖਬੀਰ ਸਿੰਘ ਨੂੰ ਵੱਢੇ ਹੋਏ ਹੱਥ ਨਾਲ ਕੁੱਝ ਦੇਰ ਤੱਕ ਸਟੇਜ ਦੇ ਕੋਲ ਲਟਕਾਈ ਵੀ ਰੱਖਿਆ ਗਿਆ ਅਤੇ ਉਦੋਂ ਉਸ ਦੇ ਸਾਹ ਚੱਲ ਰਹੇ ਸਨ। ਵੀਡੀਓ ਕਲਿੱਪ ’ਚ ਨਿਹੰਗ ਉਸ ਤੋਂ ਵਾਰ ਵਾਰ ਸਵਾਲ ਪੁੱਛ ਰਹੇ ਹਨ। ਇਕ ਨਿਹੰਗ ਨੇ ਕਿਹਾ ਕਿ ਇਹ ਵਿਅਕਤੀ ‘ਪੰਜਾਬੀ’ ਹੈ ਅਤੇ ਅਤੇ ਇਸ ਨੂੰ ਹਿੰਦੂ-ਸਿੱਖਾਂ ਦਾ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਨਿਹੰਗ ਸਿੰਘ ਜੈਕਾਰੇ ਛੱਡਦੇ ਵੀ ਸੁਣਾਈ ਦੇ ਰਹੇ ਹਨ। ਬਾਅਦ ਵਿੱਚ ਲਖਬੀਰ ਦੀ ਵੱਢੀ-ਟੁੱਕੀ ਲਾਸ਼ ਘੜੀਸ ਕੇ ਪੁਲੀਸ ਬੈਰੀਕੇਡ ਨਾਲ ਬੰਨ੍ਹ ਦਿੱਤੀ ਗਈ। ਉਸ ਦੀ ਲੱਤ ਵੀ ਵੱਢ ਦਿੱਤੀ ਗਈ ਸੀ।
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਘਟਨਾ ਦੀ ਰਿਪੋਰਟ ਮੰਗੀ
ਨਵੀਂ ਦਿੱਲੀ (ਸਮਾਜ ਵੀਕਲੀ):ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਿੰਘੂ ਬਾਰਡਰ ’ਤੇ ਨੌਜਵਾਨ ਦੀ ਹੱਤਿਆ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਹਰਿਆਣਾ ਪੁਲੀਸ ਨੂੰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਕਮਿਸ਼ਨ ਦੇ ਮੁਖੀ ਵਿਜੈ ਸਾਂਪਲਾ ਨੇ ਹਰਿਆਣਾ ਪੁਲੀਸ ਤੋਂ 24 ਘੰਟਿਆਂ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਮ੍ਰਿਤਕ ਲਖਬੀਰ ਸਿੰਘ ਅਨੁਸੂਚਿਤ ਜਾਤੀ ਭਾਈਚਾਰੇ ਤੋਂ ਸੀ ਅਤੇ ਉਸ ਦੀ ਹੱਤਿਆ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸ਼ਖਤ ਕਾਰਵਾਈ ਹੋਣੀ ਚਾਹੀਦੀ ਹੈ।
ਬਾਦਲ ਨੇ ਸਿੰਘੂ ਘਟਨਾ ਦੀ ਨਿਰਪੱਖ ਜਾਂਚ ਮੰਗੀ
ਚੰਡੀਗੜ੍ਹ (ਸਮਾਜ ਵੀਕਲੀ):ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੰਘੂ ਬਾਰਡਰ ’ਤੇ ਅੱਜ ਸਵੇਰੇ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੌਜਵਾਨ ਦੇ ਕਤਲ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਤ ਇਸ ਘਿਨਾਉਣੇ ਅਪਰਾਧ ਦੇ ਸਾਰੇ ਪਹਿਲੂਆਂ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਭਿਅਕ ਸਮਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਫਿਰ ਹਿੰਸਾ ਵਰਗੀਆਂ ਘਿਨਾਉਣੀਆਂ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ।
ਸ੍ਰੀ ਬਾਦਲ ਨੇ ਇਕ ਬਿਆਨ ਰਾਹੀਂ ਕਿਹਾ ਕਿ ਇਹ ਲੰਬੇ ਸਮੇਂ ਤੋਂ ਸ਼ਾਂਤੀਪੂਰਨ ਤੇ ਲੋਕਤੰਤਰੀ ਤਰੀਕੇ ਨਾਲ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਚਲਾਏ ਜਾ ਰਹੇ ਕਿਸਾਨੀ ਸੰਘਰਸ਼ ਖਿਲਾਫ਼ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ ਅਤੇ ਇਨ੍ਹਾਂ ਦੀ ਨਿਰਪੱਖ ਤੇ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਜ਼ਰੂਰਤ ਹੈ।
ਹਿੰਸਾ ਲਈ ਕੋਈ ਥਾਂ ਨਹੀਂ: ਕਾਂਗਰਸ
ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸ ਨੇ ਸਿੰਘੂ ਬਾਰਡਰ ’ਤੇ ਨੌਜਵਾਨ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਹਿੰਸਾ ਲਈ ਕਿਤੇ ਵੀ ਕੋਈ ਥਾਂ ਨਹੀਂ ਹੈ ਅਤੇ ਘਟਨਾ ਦੀ ਜਾਂਚ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਇਕ ਹੋਰ ਕਾਂਗਰਸ ਆਗੂ ਸਲਮਾਨ ਅਨੀਸ ਸੋਜ਼ ਨੇ ਆਸ ਜਤਾਈ ਕਿ ਹੱਤਿਆ ਦੇ ਸਾਜ਼ਿਸ਼ਕਾਰਾਂ ਦਾ ਤੁਰੰਤ ਪਰਦਾਫਾਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਹੁਣ ਕਾਤਲ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ਼ਿਵ ਸੈਨਾ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਵੀ ਟਵੀਟ ਕਰਕੇ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਸਾਬਕਾ ਕੂਟਨੀਤਕ ਕੇ ਸੀ ਸਿੰਘ ਨੇ ਕਿਹਾ ਕਿ ਇਸਲਾਮਿਕ ਸਟੇਟ, ਅਲ ਕਾਇਦਾ ਜਾਂ ਤਾਲਿਬਾਨ ਵਾਂਗ ਕਿਸੇ ਵਿਅਕਤੀ ਨੂੰ ਸਜ਼ਾ ਦੇਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly