(ਸਮਾਜ ਵੀਕਲੀ)- ਰਿਸ਼ਤਾ ਇਕ ਬਹੁਤ ਹੀ ਗਹਿਰਾ ਅਤੇ ਵਜਨਦਾਰ ਸ਼ਬਦ ਹੋਣ ਦੇ ਨਾਲ-ਨਾਲ ਅਹਿਸਾਸ ਵੀ ਹੈ। ਮਨੁੱਖੀ ਜ਼ਿੰਦਗੀ ਵਿਚ ਮਨੁੱਖੀ ਜੀਵਨ ਜਿੰਨਾ ਹੀ ਮਹੱਤਵਪੂਰਨ ਹੈ ‘ ਰਿਸ਼ਤਾ ‘। ਇਹਨਾਂ ਰਿਸ਼ਤਿਆਂ ਨਾਲ ਜੀਵਨ ਸ਼ਿੰਗਾਰਿਆ-ਸ਼ਿੰਗਾਰਿਆ ਪ੍ਰਤੀਤ ਹੁੰਦਾ ਹੈ। ਅੱਜਕੱਲ੍ਹ ਰਿਸ਼ਤਿਆਂ ਉੱਤੇ ਅਨੇਕਾਂ ਟਿੱਪਣੀਆਂ ਅਤੇ ਵਿਚਾਰ ਪੜ੍ਹਨ-ਸੁਣਨ ਨੂੰ ਮਿਲਦੇ ਹਨ।
ਕਈ ਰਿਸ਼ਤੇ ਮਾਂ ਦੀ ਕੁੱਖੇ ਪੈਣ ਨਾਲ ਹੀ ਜੁੜ ਜਾਂਦੇ ਹਨ ਅਤੇ ਕੁਝ ਰਿਸ਼ਤੇ ਉਮਰ ਦੇ ਲਿਹਾਜ਼ ਨਾਲ ਵੀ ਜੁੜ ਜਾਂਦੇ ਹਨ , ਪਰ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਕਰਨ ਨਾਲ ਅਣਗਿਣਤ ਰਿਸ਼ਤੇ ਜੀਵਨ ਵਿੱਚ ਥਾਂ ਲੈਂਦੇ ਹਨ ; ਜਿਹੜੇ ਮਰਨ ਤੋਂ ਬਾਅਦ ਵੀ ਨਿਭਦੇ ਹਨ। ਜੇਕਰ ਕੋਈ ਮਾੜੇ ਵਿਵਹਾਰ ਕਾਰਨ ਅਲੱਗ ਵੀ ਹੋ ਜਾਏ, ਤਾਂ ਵੀ ਖ਼ੂਨ ਨਾਲ਼ ਸੰਬੰਧਿਤ ਰਿਸ਼ਤੇ ਬਣੇ ਹੀ ਰਹਿੰਦੇ ਹਨ ; ਕਿਉਂਕਿ ਉਨ੍ਹਾਂ ਦਾ ਕੋਈ ਬਦਲ ਨਹੀਂ ਹੁੰਦਾ।
ਅੱਜ ਦੀ ਪਦਾਰਥਵਾਦੀ ਦੁਨੀਆਂ ਵਿਚ ਰਿਸ਼ਤਿਆਂ ਵਿਚਲਾ ਨਿੱਘ ਦਿਨ ਪ੍ਰਤੀ ਦਿਨ ਘੱਟ ਹੀ ਨਹੀਂ ਰਿਹਾ ਬਲਕਿ ਖ਼ਤਮ ਹੁੰਦਾ ਜਾ ਰਿਹਾ ਹੈ। ਪੈਸੇ, ਬਰਾਬਰੀ ਅਤੇ ਪੱਧਰ ਦੀ ਦੌੜ ਨੂੰ ਮਨੁੱਖ ਜਿਵੇਂ-ਜਿਵੇਂ ਜਿੱਤੀ ਜਾ ਰਿਹਾ ਹੈ ਤਿਵੇਂ-ਤਿਵੇਂ ਹੀ ਉਹ ਰਿਸ਼ਤੇ ਹਾਰੀ ਜਾ ਰਿਹਾ ਹੈ। ਮਨੁੱਖ ਦਾ ਲਾਲਚ ਅਤੇ ਤ੍ਰਿਸ਼ਨਾ ਰਿਸ਼ਤਿਆਂ ਦੀ ਬਲੀ ਮੰਗੀ ਜਾ ਰਿਹਾ ਹੈ ਅਤੇ ਉਹ ਲਾਲਚ ਵੱਸ ਪ੍ਰਤਿਸ਼ਟਾ ਦੀ ਪੱਟੀ ਅੱਖਾਂ ‘ਤੇ ਬੰਨ੍ਹ ਕੇ ਇਹ ਬਲੀ ਦੇਣ ਲਈ ਤਿਆਰ ਹੋਈ ਜਾਂਦਾ ਹੈ। ਨਤੀਜੇ ਵਜੋਂ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਅੱਜ ਅਸੀਂ ਅਕਸਰ ਹੀ ਮਹਿਸੂਸ ਕਰਦੇ ਹਾਂ ਕਿ ਇਸ ਨਿੱਘ ਦੀ ਘਾਟ ਵਿੱਚ ਮਨੁੱਖ ਭੀੜ ਵਿੱਚ ਵੀ ਇਕੱਲਾ ਹੀ ਤੁਰਿਆ ਫਿਰਦਾ ਹੈ। ਉਸ ਦੀ ਹਾਲਤ ਸ਼ੱਕਰ ਰੋਗੀ ਵਰਗੀ ਹੁੰਦੀ ਹੈ। ਉਸ ਕੋਲ਼ ਧਨ-ਦੌਲਤ ਦੀ ਭਰਮਾਰ ਹੁੰਦੀ ਹੈ ਅਤੇ ਉਹ ਦੁਨੀਆਂ ਦੀ ਹਰ ਸਵਾਦਿਸ਼ਟ ਵਸਤੂ ਖਰੀਦਣ ਦੀ ਸਮਰੱਥਾ ਰੱਖਦਾ ਹੈ। ਪੈਸੇ ਨਾਲ਼ ਉਹ ਹਰ ਵਿਅੰਜਨ ਤਾਂ ਖਰੀਦ ਲੈਂਦਾ ਹੈ, ਪਰ ਖਾ ਨਹੀਂ ਸਕਦਾ। ਜੇ ਉਹ ਇਸ ਤਰ੍ਹਾਂ ਕਰੇਗਾ ਤਾਂ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ ਜਾਂ ਬਿਸਤਰ ਨਾਲ਼ ਯਾਰੀ ਨਿਭਾਉਣੀ ਪਵੇਗੀ।
ਅੱਜ ਪਤੀ-ਪਤਨੀ, ਮਾਂ-ਬਾਪ ਅਤੇ ਬੱਚੇ, ਭੈਣ-ਭਰਾ ਅਤੇ ਹੋਰ ਰਿਸ਼ਤਿਆਂ ਦੀਆਂ ਗੰਢਾਂ ਹੌਲ਼ੀਆਂ ਪੈ ਰਹੀਆਂ ਹਨ ਜਾਂ ਗਰ ਰਹੀਆਂ ਹਨ। ਆਖਰ ਕਦ ਤੱਕ ਇਹ ਚੱਲਦਾ ਰਹੇਗਾ। ਇਹਨਾਂ ਤਿੜਕਦਿਆਂ ਰਿਸ਼ਤਿਆਂ ਦਾ ਹਰਜਾਨਾ ਬੱਚਿਆਂ ‘ਤੇ ਬਜੁਰਗਾਂ ਨੂੰ ਭੁਗਤਣਾ ਪੈ ਰਿਹਾ ਹੈ।
ਰਿਸ਼ਤਿਆਂ ਵਿਚਲੀ ਤਰੇੜ ਦਿਨੋਂ ਦਿਨ ਨਾ ਕੇਵਲ ਵੱਧ ਹੀ ਰਹੀ ਹੈ ਬਲਕਿ ਮਨੁੱਖ ਨੂੰ ਇਕੱਲਾ ਕਰਨ ਦੇ ਨਾਲ਼-ਨਾਲ਼ ਕਈ ਬਿਮਾਰੀਆਂ ਵੀ ਭੇਂਟ ਕਰ ਰਹੀ ਹੈ। ਨਤੀਜੇ ਵਜੋਂ ਅੱਜ ਦਾ ਮਨੁੱਖ ਮਨੋਰੋਗਾਂ ਦਾ ਸ਼ਿਕਾਰ ਹੋਈ ਜਾ ਰਿਹਾ ਹੈ। ਉਸ ਕੋਲ ਪਦਾਰਥਵਾਦੀ ਵਸਤੂਆਂ ਵੱਧ ਰਹੀਆਂ ਹਨ ਪਰ ਮਨ ਦੀ ਸ਼ਾਂਤੀ ਘੱਟਦੀ ਜਾ ਰਹੀ ਹੈ। ਕੇਵਲ ਉਹੀ ਮਨੁੱਖ ਹੀ ਸੁਖੀ ਹੈ ਜੋ ਆਪਣੇ ਪਰਿਵਾਰ ਨਾਲ਼ ਇਤਫਾਕ ਬਣਾ ਕੇ ਰੱਖਦਾ ਹੈ। ਬਾਕੀ ਸਭ ਤਾਂ ਮ੍ਰਿਗ-ਤ੍ਰਿਸ਼ਨਾ ਦੀ ਨਿਆਈ ਹੀ ਹੈ।
ਵਿਗਿਆਨਕ ਤਰੱਕੀ ਨੇ ਜੀਵਨ-ਢੰਗ ਬਦਲ ਕੇ ਰੱਖ ਦਿੱਤਾ ਹੈ। ਮਨੁੱਖ ਹੁਣ ਅਜ਼ਾਦ ਪਰਿੰਦੇ ਦੀ ਤਰ੍ਹਾਂ ਰਹਿਣਾ ਲੋਚਦੇ ਹਨ। ਕਿਸੇ ਵੀ ਨਿਆਣੇ-ਸਿਆਣੇ ਦੀ ਕਿਸੇ ਵੀ ਕਿਸਮ ਦੀ ਦਖਲ-ਅੰਦਾਜ਼ੀ ਉਸ ਨੂੰ ਪਸੰਦ ਨਹੀਂ ਹੈ। ਜਿਸ ਨੂੰ ਵੇਖੋ ਉਹੀ ਆਪਣੇ ਆਪ ਵਿੱਚ ਮਸਤ ਹੁੰਦਾ ਹੈ। ਖੁਸ਼ੀ ਦੀ ਹਾਲਤ ਵਿਚ ਤਾਂ ਕੋਈ ਕਿਸੇ ਦੀ ਲੋੜ ਮਹਿਸੂਸ ਹੀ ਨਹੀਂ ਕਰਦਾ। ਜਦੋਂ ਕੋਈ ਮੁਸੀਬਤ ਪੈਂਦੀ ਹੈ ਫਿਰ ਹੀ ਲੋੜ ਮਹਿਸੂਸ ਕੀਤੀ ਜਾਂਦੀ ਹੈ। ਨਹੀਂ ਤਾਂ ਅੱਗੇ ਪਿੱਛੇ ਤੂੰ ਕੌਣ ਤੇ ਮੈਂ ਕੌਣ ਦਾ ਹੀ ਬੋਲਬਾਲਾ ਹੁੰਦਾ ਹੈ।
ਇਹਨਾਂ ਹਾਲਾਤਾਂ ਵਿਚ ਸਭ ਤੋਂ ਵੱਧ ਝੱਲਣਾ ਔਰਤ ਨੂੰ ਹੀ ਪੈ ਰਿਹਾ ਹੈ, ਕਿਉਂਕਿ ਬੱਚਿਆਂ ਅਤੇ ਘਰ ਦੀ ਰੱਖ-ਰਖਾਵ ਉਸ ਬਿਨਾਂ ਅਸੰਭਵ ਹੁੰਦਾ ਹੈ। ਮਨ-ਮਟਾਵ ਦੀ ਸਥਿਤੀ ਵਿਚ ਹੁਣ ਜੇਕਰ ਉਹ ਕਰਦੀ ਹੈ ਤਾਂ ਵੀ ਝੱਲਦੀ ਹੈ ਤੇ ਜੇ ਨਹੀਂ ਕਰਦੀ ਤਾਂ ਵੀ ਝੱਲਦੀ ਹੈ। ਜੀਵਨ ਸਾਥੀ ਵੱਲੋਂ ਕੀਤੀ ਜਾਂਦੀ ਬੇਪ੍ਰਵਾਹੀ ਉਸ ਨੂੰ ਜਿਉਂਦੇ ਜੀਅ ਮਾਰ ਦਿੰਦੀ ਹੈ।
ਅੱਜ ਲੋੜ ਹੈ ਕਿ ਘਰ ਦੇ ਬਜੁਰਗ ਆਪਣਾ ਨਿੱਜ ਤਿਆਗ ਕੇ ਬੱਚਿਆਂ ਦੇ ਰਾਹ-ਦਸੇਰੇ ਬਣਨ। ਉਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਬੇਲੋੜੀ ਦਖਲ-ਅੰਦਾਜ਼ੀ ਨਾ ਕਰਨ। ਉਹਨਾਂ ਨੂੰ ਇਹ ਸਮਝਣਾ ਹੀ ਪਵੇਗਾ ਕਿ ਜਿਹੋ ਜਿਹੇ ਹਾਲਾਤ ਉਹਨਾਂ ਦੀ ਜਵਾਨੀ ਦੇ ਸਮੇਂ ਸਨ ਉਹ ਹੁਣ ਬਦਲ ਚੁੱਕੇ ਹਨ। ਜੇਕਰ ਉਹ ਬੇਲੋੜੀ ਦਖਲ-ਅੰਦਾਜ਼ੀ ਅਤੇ ਟਿੱਪਣੀ ਕਰਨੋੋ ਬਾਝ ਨਾ ਆਏ ਤਾਂ ਨਾ ਕੇਵਲ ਉਹ ਆਪਣੇ ਨੂੰਹ-ਪੁੱਤ ਦਾ ਘਰ ਹੀ ਖ਼ਰਾਬ ਕਰਨਗੇ, ਬਲਕਿ ਆਉਣ ਵਾਲੀਆਂ ਨਸਲਾਂ ਨੂੰ ਵੀ ਬਰਬਾਦ ਕਰਨ ਤੋਂ ਬਚ ਨਹੀਂ ਸਕਦੇ। ਜੇਕਰ ਉਹ ਆਪਣੇ ਘਰ-ਪਰਿਵਾਰ ਨੂੰ ਵਧੀਆ ਸੁਣਾਵਾਂ ਮਾਹੌਲ ਦਿੰਦੇ ਹਨ ਤਾਂ ਆਉਣ ਵਾਲੀਆਂ ਨਸਲਾਂ ਆਪਣੇ ਆਪ ਹੀ ਪ੍ਰਫੁੱਲਿਤ ਹੋ ਜਾਣਗੀਆਂ।
ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly