ਅਣਜਾਣ ਵਾਹਨ ਚਾਲਕ ਵਧੇਰੇ ਖੱਜਲ-ਖੁਆਰ ਸਰਕਾਰ ਜੀ ਜਰਾ ਇੱਧਰ ਵੀ ਧਿਆਨ ਦਿਉ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਤੋਂ ਜਗਤੇਵਾਲ ਅਤੇ ਚਾਹਲ ਤੋਂ ਕਿਸ਼ਨਪੁਰ ਭਰਥਲਾ ਲਿੰਕ ਸੜਕਾਂ ਦਰਮਿਆਨ ਬਣੇ ਕਾਜਵਿਆਂ (ਰੈਂਪਾਂ) ਦੇ ਭਾਰੀ ਬਰਸਾਤ ਕਾਰਨ ਟੁੱਟ ਜਾਣ ਕਰਕੇ ਵੱਡੀ ਗਿਣਤੀ ਵਿੱਚ ਰਾਹਗੀਰਾਂ ਨੂੰ ਜਿੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਕੁੱਝ ਕਿਲੋਮੀਟਰ ਦੂਰੀ ਤੈਅ ਕਰਨ ਵਾਲਿਆਂ ਨੂੰ ਕਈ ਕਈ ਕਿਲੋਮੀਟਰ ਘੁੰਮ ਕੇ ਜਾਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2023 ਅਤੇ 24 ਦੀਆਂ ਬਾਰਿਸ਼ਾਂ ਕਾਰਨ ਕਾਠਗੜ੍ਹ ਤੋਂ ਜਗਤੇਵਾਲ ਅਤੇ ਪਿੰਡ ਚਾਹਲ ਤੋਂ ਕਿਸ਼ਨਪੁਰ ਭਰਥਲਾ ਦੀਆਂ ਲਿੰਕ ਸੜਕਾਂ ਦਰਮਿਆਨ ਪੈਂਦੀਆਂ ਖੱਡਾਂ ਵਿੱਚ ਬਣਾਏ ਗਏ ਕਾਜਵੇ (ਰੈਂਪ) ਰੁੜ ਚੁੱਕੇ ਸਨ ਜਿਸ ਨਾਲ ਇਹਨਾਂ ਸੜਕਾਂ ਰਾਹੀਂ ਕਾਠਗੜ ਵੱਲ ਅਤੇ ਹੋਰ ਦਰਜਨਾਂ ਪਿੰਡਾਂ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਨੂੰ ਆਉਣ ਜਾਣ ਵਾਲਿਆਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਗਿਆ। ਕਾਜਵੇ ਟੁੱਟਣ ਕਾਰਨ ਖੱਡਾਂ ਡੂੰਘੇ ਚੋਆਂ ਵਿੱਚ ਤਬਦੀਲ ਹੋ ਗਈਆਂ ਜਿੱਥੋਂ ਵਾਹਨਾਂ ਦਾ ਨਿਕਲਣਾ ਮੁਸੀਬਤ ਬਣਨ ਲੱਗਾ ਸਿਰਫ ਨਾ ਮਾਤਰ ਦੋਪਹੀਆ ਵਾਹਨਾਂ ਰਾਹੀਂ ਹੀ ਲੋਕ ਔਖੇ ਸੌਖੇ ਇਧਰੋਂ ਉਧਰ ਜਾਂਦੇ ਹਨ ਲੇਕਿਨ ਜਿਨ੍ਹਾਂ ਨੇ ਕਾਰਾਂ ਜਾਂ ਹੋਰ ਵਾਹਨਾਂ ਰਾਹੀਂ ਆਉਣਾ ਜਾਣਾ ਹੁੰਦਾ ਹੈ ਉਹ ਮੇਨ ਹਾਈਵੇ ਤੋਂ ਹੁੰਦੇ ਹੋਏ ਕਈ ਕਈ ਕਿਲੋਮੀਟਰ ਦਾ ਵਾਧੂ ਸਫਰ ਤੈਅ ਕਰਦੇ ਹਨ। ਜੀਪੀਐਸ ਲਗਾ ਕੇ ਜਾਣ ਵਾਲੇ ਅਣਜਾਣ ਵਾਹਨ ਚਾਲਕ ਵਧੇਰੇ ਖੱਜਲ ਖੁਆਰ ਜੋ ਵਾਹਨ ਚਾਲਕ ਜੀਪੀਐਸ ਲਗਾ ਕੇ ਆਪਣੀਆਂ ਮੰਜ਼ਿਲਾਂ ਵੱਲ ਜਾਣਾ ਚਾਹੁੰਦੇ ਹਨ ਉਹਨਾਂ ਵਿੱਚੋਂ ਕਈ ਅਣਜਾਣ ਅਜਿਹੇ ਹੁੰਦੇ ਹਨ ਜੋ ਉਕਤ ਟੁੱਟੇ ਕਾਜਵਿਆਂ ਵਿੱਚ ਜਿਆਦਾ ਖੱਜਲ- ਖੁਆਰ ਹੁੰਦੇ ਹਨ। ਅਜਿਹੇ ਵਾਹਨ ਚਾਲਕ ਜਦੋਂ ਆਪਣੇ ਵਾਹਨ ਨੂੰ ਟੁੱਟੇ ਕਾਜਬਿਆਂ ਚੋਂ ਲੰਘਾਉਣਾ ਚਾਹੁੰਦੇ ਹਨ ਤਾਂ ਖੱਡਾਂ ਦੀ ਰੇਤ ਵਿੱਚ ਉਹਨਾਂ ਦੇ ਵਾਹਨ ਅਜਿਹੇ ਫਸਦੇ ਹਨ ਕਿ ਨਾ ਉਹ ਅੱਗੇ ਜਾ ਸਕਦੇ ਹਨ ਤੇ ਨਾ ਹੀ ਪਿੱਛੇ ਲੇਕਿਨ ਅਜਿਹੀ ਸਥਿਤੀ ਵਿੱਚ ਉਹਨਾਂ ਨੂੰ ਟਰੈਕਟਰਾਂ ਜਾਂ ਹੋਰ ਵਾਹਨਾਂ ਦੀ ਮਦਦ ਲੈ ਕੇ ਉਥੋਂ ਨਿਕਲਣਾ ਪੈਂਦਾ ਹੈ। ਹਲਕੇ ਦੇ ਪਿੰਡਾਂ ਦੇ ਲੋਕਾਂ ਦੀ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਜਗਤੇਵਾਲ ਅਤੇ ਕਿਸ਼ਨਪੁਰ ਭਰਥਲਾ ਖੱਡਾਂ ਵਿੱਚ ਟੁੱਟੇ ਕਾਜਵਿਆਂ ਦੀ ਥਾਂ ਪੁੱਲ ਬਣਾਏ ਜਾਣ ਤਾਂ ਜੋ ਭਵਿੱਖ ਵਿੱਚ ਲੋਕ ਅਜਿਹੀਆਂ ਪਰੇਸ਼ਾਨੀਆਂ ਤੋਂ ਬਚੇ ਰਹਿਣਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



