(ਸਮਾਜ ਵੀਕਲੀ)
” ਕਹਿੰਦੇ ਹਨ ਕਿ ਰੱਬ ਕਲਾ ਪ੍ਰਦਾਨ ਕਰਨ ਲਈ ਇਨਸਾਨ ਨਾਲ ਕੋਈ ਭੇਦਭਾਵ ਨਹੀਂ ਕਰਦਾ,ਉਹ ਇਨਸਾਨ ਨੂੰ ਹਰ ਉਸ ਨਿਆਇਤ ਨਾਲ ਨਵਾਜ਼ਦਾ ਹੈ ਜਿਸਦਾ ਉਹ ਇਨਸਾਨ ਇੱਛੁਕ ਹੈ,ਜਾਂ ਹੱਕਦਾਰ ਹੈ ।ਕੁੱਝ ਲੋਕ ਸਿਰਫ ਇੱਕੋ ਖਾਸ ਕੰਮ ਕਰ ਸਕਦੇ ਹਨ,ਅਤੇ ਕੁੱਝ ਲੋਕ ਸਾਰੇ ਖਾਸ ਕੰਮ ਇੱਕੋ ਰੂਪ ਵਿੱਚ ਕਰ ਸਕਦੇ ਹਨ ।ਤੇ ਅਜਿਹੇ ਲੋਕ 16 ਕਲਾ ਸੰਪੰਨ ਹੁੰਦੇ ਹਨ।ਮੇਰੀ ਨਜ਼ਰ ਵਿੱਚ ਅਜਿਹੇ ਲੋਕਾਂ ਵਿੱਚੋਂ ਇੱਕ ਸੋਨੀਆ ਪਾਲ ,ਉਰਫ਼ ਸੰਤੋਸ਼ ਰਾਮ ।
ਜਿਨ੍ਹਾਂ ਦਾ ਜਨਮ 28 ਨਵੰਬਰ,1979 ਨੂੰ ਮੁਹੱਲਾ ਬੌਲੀ ਵਾਲਾ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਇੱਕ ਰਵਿਦਾਸੀਆ ਤਰਖਾਣ ਪਰਿਵਾਰ ਵਿੱਚ ਮਾਤਾ ਦਵਿੰਦਰ ਕੌਰ ਉਰਫ ਦ੍ਰੋਪਤੀ ਅਤੇ ਪਿਤਾ ਸ਼੍ਰੀ ਸੱਤਪਾਲ ਦੇ ਘਰ ਹੋਇਆ ।ਤਿੰਨ ਭੈਣਾਂ ਅਤੇ ਇੱਕ ਭਰਾ ਤੋਂ ਵੱਡੀ ਸੋਨੀਆ ਦੀ ਮੁੱਢਲੀ ਸਿੱਖਿਆ ਭਰਾਤਾ ਸਕੂਲ ਅਤੇ ਦਸਵੀ ਦੀ ਪੜ੍ਹਾਈ ਆਰੀਆ ਗਰਲਜ਼ ਹਾਈ ਸਕੂਲ ਕਰਤਾਰਪੁਰ ਤੋਂ ਹੋਈ ।ਦਸਵੀ ਕਲਾਸ ਦੂਸਰੇ ਨੰਬਰ ‘ਤੇ ਰਹਿਕੇ ਪਾਸ ਕੀਤੀ ,ਦਸਵੀ ਦੀ ਦੂਜੀ ਪੁਜੀਸ਼ਨ ਨੇ ਸੋਨੀਆ ਪਾਲ ਦਾ ਮਨੋਬਲ ਏਨਾ ਵਧਾਇਆ ਕਿ ਅਗਲੇਰੀ ਪੜ੍ਹਾਈ ਭਾਵ BA ‘ਚ ਤਿੰਨੇ ਸਾਲ ਉਹ ਕਾਲਜ ਦੀ ਟਾਪਰ ਰਹੀ।ਪੜ੍ਹਾਈ ਦੇ ਨਾਲ ਨਾਲ ਗਿੱਧਾ ,ਕਵਿਤਾ ਉਚਾਰਨ,NSS ਕੈੰਪ,ਭਾਸ਼ਣ ਕਲਾ ਆਦਿ ਹਰ ਸਭਿਆਚਾਰਕ ਅਤੇ ਸਮਾਜਿਕ ਖੇਤਰ ਵਿੱਚ ਮੱਲਾਂ ਮਾਰੀਆਂ।
ਜਲੰਧਰ ਦੇ ਡੀ.ਏ.ਵੀ ਕਾਲਜ ਤੋਂ ਐੱਮ.ਏ. ਅੰਗਰੇਜ਼ੀ ,ਅਤੇ ਐੱਨ.ਜੀ.ਐੱਨ ਕਾਲਜ ਜਲੰਧਰ ਤੋਂ ਬੀ.ਐੱਡ ਕਰਨ ਵਾਲੀ ਸੋਨੀਆਂ ਪਾਲ ਨੇ ਯੂ.ਜੀ.ਸੀ ਨੈੱਟ ਅੰਗਰੇਜ਼ੀ ਵਿਸ਼ਾ ‘ਤੇ ‘ਡਿਪਲੋਮਾ ਇਨ ਮੌਨਟੇਸਰੀ’ ਕੀਤਾ।ਕਾਲਜ ਦੇ ਦਿਨਾਂ ਤੋਂ ਹੀ ਸੋਨੀਆ ਨੂੰ ਗਿੱਧੇ,ਕਵਿਤਾ ਉਚਾਰਨ ਅਤੇ ਡਿਬੇਟ-ਮੁਕਾਬਲਿਆਂ ‘ਚ ਮੁਹਾਰਤ ਮਿਲਦੀ ਰਹੀ।ਪੜ੍ਹਾਈ ਵਿੱਚ ਪਰਿਵਾਰਕ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵੀ ਅਵੱਲ ਰਹੀ ਸੋਨੀਆਂ ਨੂੰ ਜਨਤਾ ਕਾਲਜ ਦੀ ‘ਬੈਸਟ ਸਟੂਡੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ।ਇਨ੍ਹਾਂ ਸਾਬਾਸ਼ੀਆਂ ਨੇ ਹੀ ਸੋਨੀਆਂ ਨੂੰ ਸਾਹਿਤਕ ਖੇਤਰ ਵਿੱਚ ਅਹਿਮ ਪਹਿਚਾਣ ਦਿੱਤੀ।
ਸਾਹਿਤਕ ਖੇਤਰ ਵਿੱਚ ਵੀ ਸੋਨੀਆਂ ਨੇ ਆਪਣੀ ਸ਼ੁਰੂਆਤ ਕਾਲਜ ਦੇ ਦਿਨਾਂ ਤੋਂ ਕੀਤੀ ,ਜਿੱਥੇ ਉਸਨੇ ਕਵਿਤਵਾਂ ,ਗੀਤ ਆਦਿ ਲਿਖਣੇ ਸ਼ੁਰੂ ਕੀਤੇ।ਉਸਦੀਆਂ ਲਿਖੀਆਂ ਕਵਿਤਾਵਾਂ ਪਰਿਵਾਰਿਕ ਰਿਸ਼ਤਿਆਂ ਨੂੰ ਦਰਸਾਉਂਦੀਆਂ।ਉਸ ਦੇ ਲਿਖੇ ਬੋਲ ਰਿਸ਼ਤਿਆਂ ਦੀ ਗੱਲ ਕਰਦੇ…
ਬੰਬਲ਼ ਵੱਟਦੀ , ਖੇਸੀ ਸਵਾਰਦੀ ਬੀਬੀ
ਅਪਣੇ ਸਹਿਜ ਅਤੇ ਸੁਹਜ ਨਾਲ
ਸ਼ਾਂਤ, ਅਡੋਲ ਬੈਠੀ
ਬੁੱਧ ਵਾਂਗ ……
ਚਾਰ-ਚਾਰ ਧਾਗੇ ਕੱਢ
ਦੋਹਾਂ ਹੱਥਾਂ ਨੂੰ ਰਗੜ-2 ਵਟਾ ਚਾੜ੍ਹਦੀ
ਬੰਬਲ਼ ਦੇ ਸਿਰੇ ਤੇ ਗੰਢ ਲਾਉਂਦੀ
ਹੱਥਾਂ ਦੀ ਬਰਕਤ ਖੇਸੀ ‘ਚ ਪਾਉਂਦੀ
ਕੁਛ ਨਾ ਬੋਲਦੀ…..
ਬੀਬੀ ਦੇ ਹੱਥਾਂ ‘ਚ ਕੋਈ ਐਸੀ ਹੀ ਭਾਵਪੂਰਤ ਸਤਰ ਸੀ ਬੀਬੀ ਕਵਿਤਾ ਅਤੇ ਬੁੱਧ ਜਿਹੀ ਸੁਹਜ ਅਤੇ ਸ਼ਹਿਜਰਤੀ ਸੀ…ਇਹ ਕਾਵਿ ਸਤਰਾਂ ਬੇਬੇ ਦੀ ਬੰਬਲਾਂ ਵੱਟੀ ਹੋਈ ਖੇਸੀ ਵਿੱਚੋਂ ਬੇਬੇ ਦੇ ਨਿੱਘ ਦਾ ਅਹਿਸਾਸ ਕਰਾਉਂਦੀ ਹੈ। ਸੋਨੀਆ ਪਾਲ ਨੇ ਐਨ. ਐੱਸ.ਐੱਸ ,ਗਿੱਧੇ ਅਤੇ ਭਾਸ਼ਣ ਕਲਾ ਵਿੱਚ ਵੀ ਕਈ ਇਨਾਮ ਜਿੱਤੇ,ਉਸਦੇ ਆਪਣੇ ਸ਼ਹਿਰ ਦੀ ‘ਨੀਲ ਕੰਠ’ ਕਮੇਟੀ ਵੱਲੋਂ ਵੀ ਉਸਦਾ ਸਨਮਾਨ ਕੀਤਾ ਗਿਆ।ਜਲੰਧਰ ਅਤੇ ਫਗਵਾੜੇ ਦੇ ਮੰਨੇ-ਪ੍ਰਮੰਨੇ ਕੁੜੀਆਂ ਦੇ ਕਾਲਜ ਵਿੱਚ ਅੰਗਰੇਜ਼ੀ ਵਿਸ਼ਾ 8ਸਾਲ ਪੜ੍ਹਾਇਆ ।ਉਨ੍ਹਾਂ ਅੱਠ ਸਾਲਾਂ ਵਿੱਚੋਂ ਇੱਕ ਸਾਲ ਥਾਈਲੈੰਡ ਅਤੇ ਚਾਰ ਸਾਲ ਬਤੌਰ ਅਸਿਸਟੈਂਟ ਪ੍ਰੋਫੈਸਰ ਅੰਗਰੇਜ਼ੀ ਵਿਭਾਗ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ।
ਅਤੇ ਨਾਲ ਨਾਲ ਹੀ ਐੱਨ.ਐੱਸ.ਐੱਸ ਕੈਂਪਾਂ ਨੂੰ ਵੀ ਅੱਗੇ ਹੋਕੇ ਨੇਪਰੇ ਚਾੜਿਆ।ਇਸ ਹੋਣਹਾਰ ਕਵਿੱਤਰੀ, ਪ੍ਰੋਫੈਸਰ ਦਾ ਵਿਆਹ ਇੰਗਲੈਂਡ ਵਾਸੀ ਰੰਜੀਵ ਕੁਮਾਰ ਨਾਲ ਹੋਇਆ ,ਜਿੱਥੇ ਉਹ ਆਪਣੇ ਪਤੀ ਨਾਲ ਸਾਲ 2012 ਤੋਂ ਵੋਲਵਰਹੈਂਪਟਨ ਵਿਖੇ ਰਹਿ ਰਹੀ ਹੈ।ਵਿਆਹ ਤੋਂ ਬਾਅਦ ਇੰਗਲੈਂਡ ਆਕੇ ਇੱਕ ਸਾਲ ਇੰਡੀਅਨ ਕਾਂਸੂਲੇਟ ,ਬਰਮਿੰਘਮ ਯੂ.ਕੇ ਵਿਖੇ ਕੰਮ ਕੀਤਾ।ਅਤੇ ਅੱਜ ਕੱਲ੍ਹ ਆਪਣੇ ਕੈਰੀਅਰ ਤੋਂ ਬਰੇਕ ਲੈਕੇ ਆਪਣੇ ਦੋ ਬੱਚਿਆਂ ਤ੍ਰਿਸ਼ਾ ਅਤੇ ਕਾਰਤਿਕ ਦੇ ਪਾਲਣ ਪੋਸ਼ਣ ਵਿੱਚ ਰੁੱਝੀ ਹੋਈ ਹੈ।ਪਰ! ਫਿਰ ਵੀ ਉਸ ਦੁਆਰਾ ਮਾਂ ਬੋਲੀ ਪੰਜਾਬੀ ਦੀ ਸਾਹਿਤਕ ਸੇਵਾ ਜਾਰੀ ਹੈ। ਉਸ ਦੁਆਰਾ ਅਕਸਰ ਅਖਬਾਰਾਂ ਵਿੱਚ ਆਪਣੀਆਂ ਲਿਖਤਾਂ ਭੇਜੀਆਂ ਜਾਂਦੀਆਂ ਹਨ…
ਕੋਈ ਪੀਰ ਸੱਚਾ ਜੇ ਕਿਤੇ ਮੈਨੂੰ ਥਿਆਵੇ,
ਦੁੱਧੀਂ ਧੋਵਾਂ ਬਰੂਹਾਂ, ਦਰ ਕਰਾਂ ਮੈਂ ਸੁੱਚੇ;
ਬਣਾਵਾਂ ਨਿਆਜ਼ਾਂ ,ਵਜ਼ਾਵਾਂ ਚਿਮਟੇ
ਖੇਲ੍ਹਦੀ ਮੇਰੀ ਰੂਹ ਵੀ ਬਿੰਦ ਨਾ ਥੱਕੇ,
ਬਾਲਾਂ ਚਿਰਾਗ ,ਚੜਾ ਦਿਆਂ ਚੁੰਨੀਆਂ
ਨੋਟਾਂ ਦੇ ਹਾਰ ਵੀ ਵੰਨ -ਸੁਵੰਨੇ;
ਰੂਹਾਨੀਅਤ ‘ਚ ਰੂਹ ਮੇਰੀ ਪਾਵੇ ਲੁੱਡੀਆਂ,
ਸੱਚੀ -ਸੁੱਚੀ ਲੋਰ ਨੂੰ ਪਾਂਵਾਂ ਘੁੱਟ ਘੁੱਟ ਜੱਫੇ;
ਡਾਹ ਦਿਆਂ ਮੰਜੇ ਨਾਲੇ ਮਖ਼ਮਲੀ ਬਿਸਤਰੇ,
ਕਸ਼ ਖਿੱਚਣੇ ਨੂੰ ਚਿਲਮਾਂ, ਸੁਲਫ਼ੇ, ਸੂਟੇ ;
ਪਰ!
ਐਸਾ ਪੀਰ ਮੁਰਸ਼ਦ ਤਾਂ ਮੈਂ ਮਿਲਦਾ ਵੇਖਿਆ, ਸਿਰਫ ਤੇ ਮੋਟੇ, ਮੋਟੇ ਸੰਗਲਾਂ ਦੀ ਹੀ ਸੱਟੇ, ਸੰਗਲਾਂ ਦੀ ਸੱਟੇ….!!” ਆਦਿ, ਜਿਹੜੀਆਂ ਕਿ ਅਕਸਰ ਇੰਗਲੈਂਡ ਦੇ ਪੰਜਾਬੀ ਅਤੇ ਅੰਗਰੇਜ਼ੀ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਉਨ੍ਹਾਂ ਨੇ ਰੁਝੇਵੇਂ ਭਰੀ ਜਿੰਦਗੀ ਦੇ ਬਾਵਜੂਦ ਵੀ ਦੋ ਕਿਤਾਬਾਂ ਲਿਖੀਆਂ,ਅਤੇ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਮੌਜੂਦ ਹਨ,ਜਿਨ੍ਹਾਂ ਵਿਚ ਪਹਿਲੀ ਕਿਤਾਬ ‘ਪੰਜਾਬੀ ਕਲਾਸਿਕਸ’ ਹੈ,ਜਿਸ ਵਿੱਚ ਮਸ਼ਹੂਰ 29 ਪੰਜਾਬੀ ਗਾਣਿਆਂ ਦਾ ਅੰਗਰੇਜ਼ੀ ਅਨੁਵਾਦ ਕੀਤਾ ਗਿਆ ਹੈ।ਅਤੇ ਦੂਸਰੀ ਕਿਤਾਬ ਹੈ ‘ਤ੍ਰਿਸ਼ਾ ਦੀ ਲਾਕਡਾਊਨ ਡਾਇਰੀ’ ।
ਇਸ ਤੋਂ ਇਲਾਵਾ ਉਨ੍ਹਾਂ ਦੀਆਂ ਲਿਖੀਆਂ ਪੰਜਾਬੀ ਕਵਿਤਵਾਂ ‘ਸੁਖਨ-ਸਾਂਝ’, ‘ਕਾਵਿ-ਲੋਕ’, ‘ਪ੍ਰੀਤਲੜੀ’, ‘ਪੰਜਾਬੀ ਜਾਗਰਣ’ ‘ਸਮਕਾਲੀ ਸਾਹਿਤ’ ,’ਸਾਹਿਤਕ-ਏਕਮ’ ,’ਪਰਵਾਸ’ ਅਤੇ ‘ਦੇਸ਼-ਪ੍ਰਦੇਸ਼’ ਡੇਲੀ ਹਮਦਰਦ,ਬੀ ਟੀ ਟੀ ਨਿਊਜ਼,ਸਾਂਝੀ ਸੋਚ, ਸਾਡੇ ਲੋਕ,ਪੰਜਾਬੀ ਟ੍ਰਿਬਿਊਨ ਇੰਟਰਨੈਸ਼ਨਲ ,ਵਰਲਡ ਪੰਜਾਬੀ ਟਾਈਮਜ਼,ਪ੍ਰੀਤਨਾਮਾ,ਮਾਲਵਾ ਬਾਣੀ, ਸਮਾਜ ਵੀਕਲੀ, ਪੰਜਾਬ ਟਾਈਮਜ਼ ਯੂ ਕੇ ਅਖ਼ਬਾਰਾਂ ਵਿੱਚ ਛੱਪ ਰਹੀਆਂ ਹਨ।ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਕਵਿਤਾਵਾਂ ਇੰਗਲੈਂਡ ਅਤੇ ਅਮਰੀਕਾ ‘ਚ ਛਪਦੇ ਅੰਤਰਰਾਸ਼ਟਰੀ ਮੈਗਜ਼ੀਨ ‘Open Door Magazine of Poetry’ ‘ਚ ਤਕਰੀਬਨ ਹਰ ਮਹੀਨੇ ਛਪਦੀ ਹੈ ।
ਅਤੇ ਇਸੇ ਮੈਗਜ਼ੀਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਕਾਵਿ ਸੰਗ੍ਰਹਿ ਕਿਤਾਬ ‘Anthology Of Poetry’ ਕਿਤਾਬ ਜਿਸ ਵਿੱਚ ਕਵਿਤਾਵਾਂ ਸੋਨੀਆ ਦੀਆਂ ਵੀ ਕਵਿਤਾਵਾਂ ਸ਼ਾਮਿਲ ਹਨ ।ਅਤੇ ਆਦਮਪੁਰ ਪੰਜਾਬ ਤੋਂ ਛਪਦੇ ਸਾਂਝੇ ਕਾਵਿ ਸੰਗ੍ਰਹਿ ਵਿੱਚ ਵੀ ਕਿਸਾਨੀ ਸੰਘਰਸ਼ ਨਾਲ ਜੁੜੀਆਂ ਉਨ੍ਹਾਂ ਦੀਆਂ ਪੰਜ ਕਵਿਤਵਾਂ ਛਪਣ ਵਾਸਤੇ ਪ੍ਰਵਾਨ ਹੋ ਚੁੱਕੀਆਂ ਹਨ।’ਸਮਕਾਲੀ ਸਾਹਿਤ ਮੈਗਜ਼ੀਨ’ ਅਤੇ ਪੰਜਾਬੀ ਜਾਗਰਣ ਵਿੱਚ ਆਪਦੇ ਲਿਖੇ ਲੇਖ ਵੀ ਛਪੇ ਹਨ,ਜੋ ਇਸ ਕਵਿਤਰੀ ਨੂੰ ਸੰਪੂਰਨ ਕਰਦੇ ਹਨ ।ਜਿੱਥੇ ਸੋਨੀਆਂ ਦਾ ਸਾਹਿਤਕ ਖੇਤਰ ਵਿੱਚ ਅਮੁੱਲਾ ਯੋਗਦਾਨ ਹੈ,ਉਥੇ ਹੀ ਸਿੱਖਿਆ ਦੇ ਖੇਤਰ ਵਿੱਚ ਵੀ ਉਨ੍ਹਾਂ ਦੀ ਦੇਣ ਬਹੁਤ ਵੱਡੀ ਹੈ।ਉਨ੍ਹਾਂ ਨੇ ਸਿੱਖਿਆ ਢਾਂਚੇ ਸਬੰਧੀ ਹੋਏ ਇੱਕ ਇੰਟਰਨੈਸ਼ਨਲ ਵੈੱਬੀਨਾਰ ‘ਚ ਆਧੁਨਿਕ ਸਿੱਖਿਆ ਪ੍ਰਣਾਲੀ 2020 ਦੇ ਸੰਦਰਭ ਵਿਚ ਭਾਰਤ ਅਤੇ ਬ੍ਰਿਟੇਨ ਦੀ ਪ੍ਰਾਇਮਰੀ ਸਿੱਖਿਆ ਦੀ ਤੁਲਨਾਤਮਕ ਰਿਪੋਰਟ ਦੀ ਪੇਸ਼ਕਾਰੀ ਕਰਦਿਆਂ ਆਪਣੇ ਸੁਝਾਅ ਬੁੱਧੀਜੀਵੀਆਂ ਤੱਕ ਪਹੁੰਚਾਏ।ਅੰਤਰ ਰਾਸ਼ਟਰੀ ਸੈਮੀਨਾਰਾਂ ਵਿੱਚ ਆਪਣੇ ਪੇਪਰ ਪੜ੍ਹਕੇ ਵਾਹ ਵਾਹ ਖੱਟੀ।
ਹਰ ਖੇਤਰ ਵਿੱਚ ਵਡਮੁੱਲੇ ਯੋਗਦਾਨ ਸਦਕਾ ਹੀ ਇੰਗਲੈਂਡ ਦੇ ਕੇ.ਟੀ.ਵੀ ਅਤੇ ਗੁਲਸ਼ਨ ਰੇਡੀਓ ਨੇ ਇਨ੍ਹਾਂ ਨੂੰ ਬਤੌਰ ਮਹਿਮਾਨ ਵੱਜੋਂ ਸੱਦਾ ਦਿੱਤਾ ਹੈ।ਅਤੇ ਇਨ੍ਹਾਂ ਦੀ ਵਸੋਂ ਖੇਤਰ ਦੇ ਇੰਗਲੈਂਡ ਦੇ ਅਖਬਾਰ ‘ਐਕਸਪ੍ਰੈਸ ਐਂਡ ਸਟਾਰ’ ਨੇ ਵੀ ਇਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਬਾਰੇ ਖਬਰ ਲਗਾਈ ਹੈ।ਜਿੱਥੇ ਵਿਦੇਸ਼ੀ ਮੁਲਕਾਂ ਵਿੱਚ ਇਨ੍ਹਾਂ ਦੀਆਂ ਲਿਖਤਾਂ ਛਪਦੀਆਂ ਹਨ,ਉੱਥੇ ਹੀ ਸਾਡੇ ਗੁਆਂਢੀ ਮੁਲਕ,ਭਾਵ ਲਹਿੰਦੇ ਪੰਜਾਬ ਪਾਕਿਸਤਾਨ ਦੇ ਛਪਦੇ ਮਸ਼ਹੂਰ ਰਸਾਲਿਆਂ ਦੇ ਪੰਨੇ ਵੀ ਸੋਨੀਆ ਦੀ ਕਲਮ ‘ਚੋਂ ਉੱਕਰੀਆਂ ਕਵਿਤਾਂਵਾਂ ਨੂੰ ਲਗਾਤਾਰ ਛਾਪ ਰਹੇ ਹਨ। ਵਿਦੇਸ਼ ਦੇ ਰੁਝੇਵੇਂ ਭਰੀ ਜਿੰਦਗੀ ਅਤੇ ਵੱਖਰੇ ਰਹਿਣ ਸਹਿਣ ਦੇ ਹੁੰਦਿਆਂ ਵੀ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੀ ਸੇਵਾ ਲਈ ਅਣਥੱਕ ਸੋਨੀਆ ਪਾਲ ਦੀ ਚੰਗੀ ਲਿਖਣੀ ,ਉਸਦੇ ਸਿੱਖਿਆ ਅਤੇ ਸਾਹਿਤਕ ਖੇਤਰ ਵਿੱਚ ਅਹਿਮ ਯੋਗਦਾਨ ਨੂੰ ਦੇਖਦਿਆਂ ਉਸਨੂੰ ਉਸਦੇ ਭਵਿੱਖ ਲਈ ਦੁਆਵਾਂ ਭੇਜਦੇ ਹਾਂ ਕਿ ਉਹ ਆਉਣ ਵਾਲੇ ਕਈ ਸਾਲਾਂ ਤੱਕ ਪੰਜਾਬੀ ਮਾਂ ਬੋਲੀ ਦਾ ਨਾਂ ਪੂਰੇ ਵਿਸ਼ਵ ਵਿੱਚ ਰੁਸ਼ਨਾਉਂਦੀ ਰਹੇ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ:- 9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly